_e76dfb4e-fd62-11e5-bced-6695953481e2ਚੰਡੀਗੜ੍ਹ -ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਲੁਧਿਆਣਾ ਦੌਰੇ ਮੌਕੇ ਚਰਖਾ ਕੱਤਣ ਦੀ ਨਿਖੇਧੀ ਕਰਨ ਵਾਲੇ ਕਾਂਗਰਸੀ ਆਪਣੀ ਮਾਂ ਪਾਰਟੀ ਦੀ ਵਿਚਾਰਧਾਰਾ ਦੇ ਮੁੱਲ ਅਤੇ ਮਹਾਤਮਾ ਗਾਂਧੀ ਦੀਆਂ ਕਦਰਾਂ ਕੀਮਤਾਂ ਦਾ ਮਜਾਕ ਉੜ੍ਹਾ ਰਹੇ ਹਨ। ਉਨ੍ਹਾਂ ਕਿਹਾ, ‘ਮੈਨੂੰ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਕੁੱਝ ਸਾਥੀਆਂ ਦੀ ਬੁੱਧੀ ਉਤੇ ਤਰਸ ਆ ਰਿਹਾ ਹੈ। ਕੈਪਟਨ ਦੇ ਇਸ ਬਿਆਨ ਤੋਂ ਲੱਗਦਾ ਹੈ ਕਿ ਉਸ ਉਤੇ ਪੰਜਾਬੀ ਦਾ ਇਹ ਅਖਾਣ ਪੂਰਾ ਢੁੱਕਦਾ ਹੈ ‘ਅਖੇ ਉਮਰ ਹੋਈ ਸੱਤਰ ਗਿਆ ਬੁੜਾ ਬਹੱਤਰ।’
ਵਿਜੇ ਸਾਂਪਲਾ ਨੇ ਆਪਣੇ ਬਲੌਗ ਦੇ ਜ਼ਰੀਏ ਟਿੱਪਣੀ ਕਰਦਿਆਂ ਕਿਹਾ ਕਿ ਸ਼੍ਰੀ ਮੋਦੀ ਖਿਲਾਫ ਟਿੱਪਣੀ ਕਰਨ ਵਾਲੇ ਇਹ ਵੀ ਨਹੀਂ ਜਾਣਦੇ ਕਿ ਚਰਖਾ ਕੱਤਣ ਨੂੰ ਪਿੱਛੜੇਪਣ ਦੀ ਨਿਸ਼ਾਨੀ ਦੱਸਕੇ ਇਨ੍ਹਾਂ ਨੇ ਉਸੇ ਵਿਚਾਰਧਾਰਾ ਦੀ ਬੇਅਦਬੀ ਕੀਤੀ ਹੈ, ਜਿਸ ਉਤੇ ਚੱਲਣ ਦਾ ਕਾਂਗਰਸ ਲੀਡਰਸ਼ਿਪ ਦਾਅਵਾ ਕਰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਚਰਖਾ ਕੱਤਣ ਨੂੰ 50 ਸਾਲ ਪਿਛੜਾ ਕਹਿਕੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਹਜ਼ਾਰਾਂ ਦੇਸ਼ ਭਗਤਾਂ ਦੀ ਵੀ ਬੇਇਜੱਤੀ ਕੀਤੀ ਹੈ, ਜਿਨ੍ਹਾਂ ਮਹਾਤਮਾ ਗਾਂਧੀ ਦੇ ਚਰਖੇ ਨੂੰ ਤਿਆਗ ਅਤੇ ਕੁਰਬਾਨੀ ਦਾ ਪ੍ਰਤੀਕ ਮੰਨਕੇ ਜੰਗ-ਏ-ਆਜ਼ਾਦੀ ਦੇ ਮੈਦਾਨ ਵਿਚ ਕੁੱਦੇ ਸਨ। ਇਹ ਬਿਆਨ ਦੇਸ਼ ਵਿਚ ਚਰਖਾ ਕੱਤ ਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੀਆਂ ਅਤੇ ਖਾਦੀ ਉਦਯੋਗ ਤੇ ਕੱਪੜਾ ਸਨਅਤ ਵਿਚ ਆਪਣਾ ਯੋਗਦਾਨ ਦੇਣ ਵਾਲੀਆਂ ਕਰੋੜਾਂ ਬੀਬੀਆਂ ਨਾਲ ਵੀ ਕੋਝਾ ਮਜ਼ਾਕ ਹੈ।
ਸ੍ਰੀ ਸਾਂਪਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਚਰਖਾ ਕੱਤਣ ਦਾ ਅਰਥ ਕੈਪਟਨ ਸਾਹਿਬ ਦੀ ਬੁੱਢੀ ਸੋਚ ਨੂੰ ਸਮਝ ਨਹੀਂ ਆ ਸਕਦਾ, ਕਿਉਂਕਿ ਉਹ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਨੂੰ ਛਿੱਕੇ ਟੰਗ ਚੁੱਕੇ ਹਨ। ਅਸਲ ਵਿਚ ਪ੍ਰਧਾਨ ਮੰਤਰੀ ਨੇ ਚਰਖਾ ਕੱਤਕੇ ਦੇਸ਼ ਨੂੰ ਵਿਕਾਸ ਦੇ ਨਾਲ-ਨਾਲ ਆਪਣੀਆਂ ਜੜ੍ਹਾਂ ਨਾਲ ਜੁੜ ਕੇ ਰਹਿਣ ਅਤੇ ਛੋਟੇ-ਛੋਟੇ ਰਿਵਾਇਤੀ ਟਿੱਪਿਆਂ ਦੀ ਸ਼ਾਨ ਨੂੰ ਮੁੜ ਬਹਾਲ ਕੀਤਾ ਹੈ। ਇਸਦਾ ਮਕਸਦ ਕਤਾਰ ਵਿਚ ਖੜੇ ਆਖਿਰੀ ਵਿਅਕਤੀ ਨੂੰ ਦੇਸ਼ ਦੀ ਤਰੱਕੀ ਵਿਚ ਭਾਈਵਾਲ ਬਣਾਉਣਾ ਹੈ, ਜਿਸ ਨੂੰ ਕਾਂਗਰਸੀ ਸਰਕਾਰਾਂ ਨੇ ਆਜ਼ਾਦੀ ਤੋਂ ਬਾਅਦ ਅੱਖੋ-ਪਰੋਖੇ ਕਰੀ ਰਖਿਆ ਹੈ।

LEAVE A REPLY