1ਅੰਮ੍ਰਿਤਸਰ – ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਸ੍ਰੀ ਦਰਬਾਰ ਸਾਹਿਬ ਨੂੰ ਆਉਣ ਵਾਲੇ ਸ਼ਹਿਰ ਦੇ ਸਾਰੇ ਰਸਤੇ ਮੁੱਖ ਰਸਤਿਆਂ ਦੀ ਤਰ੍ਹਾਂ ਪੁਰਾਤਨ ਦਿੱਖ ਨਾਲ ਸੁੰਦਰ ਬਣਾਏ ਜਾਣਗੇ ਅਤੇ ਇਹ ਕੰਮ ਛੇਤੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਅੱਜ ਟਾਊਨ ਹਾਲ ਤੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਦੇ ਸੁੰਦਰੀਕਰਨ ਦਾ ਜਾਇਜ਼ਾ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਵਿਸ਼ਵ ਭਰ ਤੋਂ ਸ਼ਰਧਾਲੂ ਆਉਂਦੇ ਹਨ ਅਤੇ ਅੰਮ੍ਰਿਤਸਰ ਦੇ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੀ ਸੁੰਦਰ ਦਿੱਖ ਅਤੇ ਚੰਗੀ ਸਾਂਭ ਸੰਭਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਥੇ ਆਉਣ ਵਾਲੇ ਯਾਤਰੀਆਂ ਅਤੇ ਸੈਲਾਨੀਆਂ ਨਾਲ ਸ਼ਹਿਰ ਦਾ ਅਰਥਚਾਰਾ ਜੁੜਿਆ ਹੋਇਆ ਹੈ ਅਤੇ ਸੁੰਦਰੀਕਰਨ ਦੇ ਇਸ ਪ੍ਰਾਜੈਕਟ ਦੇ ਪੂਰੇ ਹੋਣ ਨਾਲ ਸ਼ਹਿਰ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਵੇਗਾ।
ਸ. ਬਾਦਲ ਨੇ ਐਲਾਨ ਕੀਤਾ ਕਿ ਸ੍ਰੀ ਦਰਬਾਰ ਸਾਹਿਬ ਦੇ ਮੇਨ ਰਸਤੇ ਨੂੰ ਸੋਹਣਾ ਬਣਾਉਣ ਦੇ ਨਾਲ-ਨਾਲ ਇਥੇ ਰੋਜ਼ਾਨਾ ਗਤਕਾ ਸ਼ੋਅ, ਬੈਂਡ, ਸ੍ਰੀ ਦਰਬਾਰ ਸਾਹਿਬ ਦੇ ਇਤਿਹਾਸ ਨੂੰ ਦਰਸਾਉਂਦੀ ਦਸਤਾਵੇਜ਼ੀ ਫਿਲਮ, ਲੇਜ਼ਰ ਸ਼ੋਅ ਆਦਿ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਨਾਲ ਇਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਇਸ ਪਵਿੱਤਰ ਅਸਥਾਨ ਦੀ ਜਾਣਕਾਰੀ ਮਿਲਣ ਦੇ ਨਾਲ-ਨਾਲ ਸਿੱਖ ਇਤਿਹਾਸ ਦਾ ਵੀ ਵਰਣਨ ਮਿਲੇਗਾ। ਉਨ੍ਹਾਂ ਨੇ ਇਸ ਮੌਕੇ ਹਾਜ਼ਰ ਡੀ. ਜੀ. ਪੀ ਸੁਰੇਸ਼ ਅਰੋੜਾ ਨੂੰ ਹਦਾਇਤ ਕੀਤੀ ਕਿ ਉਹ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਵਿਸ਼ੇਸ਼ ਸੁਰੱਖਿਆ ਬਲ ਤਾਇਨਾਤ ਕਰਨ ਜੋ ਕਿ ਲੋਕਾਂ ਨਾਲ ਦੋਸਤਾਨਾ ਵਿਹਾਰ ਕਰਦੇ ਹੋਏ ਇਸ ਅਸਥਾਨ ਦੀ ਸੁਰੱਖਿਆ ਅਤੇ ਸ਼ਾਨ ਯਕੀਨੀ ਬਣਾਈ ਰੱਖਣ।
ਇਸ ਮੌਕੇ ਉਪ ਮੁੱਖ ਮੰਤਰੀ ਨੇ ਅਧਿਕਾਰੀਆਂ ਨਾਲ 23 ਅਕਤੂਬਰ ਦੇ ਵਾਰ ਮੈਮੋਰੀਅਲ ਉਦਘਾਟਨੀ ਸਮਾਗਮ ਅਤੇ 25 ਅਕਤੂਬਰ ਦੇ ਹੋਰ ਉਦਘਾਟਨਾਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਦੱਸਿਆ ਕਿ 1 ਨਵੰਬਰ ਨੂੰ ਪੰਜਾਬ ਦੀ ਸਥਾਪਤੀ ਦੀ 50ਵੀਂ ਵਰ੍ਹੇਗੰਢ ਸਬੰਧੀ ਮੁੱਖ ਸਮਾਗਮ ਟਾਊਨ ਹਾਲ ਵਿਖੇ ਕਰਵਾਇਆ ਜਾਵੇਗਾ ਜਿਸ ਵਿਚ ਵਿਸ਼ਵ ਭਰ ਵਿਚ ਪੰਜਾਬੀਅਤ ਦਾ ਨਾਂ ਰੌਸ਼ਨ ਕਰਨ ਵਾਲੇ ਪੰਜਾਬੀਆਂ ਨੂੰ ਸੱਦਿਆ ਜਾ ਰਿਹਾ ਹੈ।
ਇਸ ਮੌਕੇ ਉਪ ਮੁੱਖ ਮੰਤਰੀ ਦੇ ਓ. ਐੱਸ. ਡੀ. ਮਨਜਿੰਦਰ ਸਿੰਘ ਸਿਰਸਾ ਅਤੇ ਪਰਮਿੰਦਰ ਸਿੰਘ ਬਰਾੜ, ਮੁੱਖ ਸਕੱਤਰ ਸਰਵੇਸ਼ ਕੌਸ਼ਲ, ਡੀ. ਜੀ. ਪੀ. ਸੁਰੇਸ਼ ਅਰੋੜਾ, ਉਪ ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਜ਼ਿਲਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਮੇਅਰ ਬਖਸ਼ੀ ਰਾਮ ਅਰੋੜਾ, ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ ਅਤੇ ਹੋਰ ਅਧਿਕਾਰੀ ਅਤੇ ਅਕਾਲੀ ਭਾਜਪਾ ਆਗੂ ਹਾਜ਼ਰ ਸਨ। ]

LEAVE A REPLY