9ਜਲੰਧਰ — ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਅਤੇ ਉਸ ਦੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਵਿਚਲੀ ਵੱਧਦੀ ਖਿੱਚੋਤਾਣ ਅਤੇ ਮਨ-ਮੁਟਾਵ ‘ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਹੁਣ ਤਾਂ ਭਾਜਪਾ ਨੇ ਵੀ ਮਹਿਸੂਸ ਕਰ ਲਿਆ ਹੈ ਕਿ ਅਕਾਲੀ ਦਲ ਦੀ ਬੇੜੀ ਡੁੱਬ ਰਹੀ ਹੈ ਅਤੇ ਡੁੱਬਦੀ ਬੇੜੀ ‘ਚ ਭਾਜਪਾ ਸਵਾਰ ਹੋਣਾ ਨਹੀਂ ਚਾਹੁੰਦੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਨੇ ਇਹ ਸਮਝਣਾ ਸ਼ੁਰੂ ਕਰ ਦਿੱਤਾ ਹੈ ਕਿ ਜੇਕਰ ਉਹ ਅਕਾਲੀ ਦਲ ਦਾ ਹੱਥ ਫੜ ਕੇ ਚਲਦੀ ਹੈ ਤਾਂ ਇਹ ਉਸ ਲਈ ਆਤਮਘਾਤੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਸਲ ‘ਚ ਦੋਵੇਂ ਪਾਰਟੀਆਂ ਦੇ ਦਰਮਿਆਨ ਸਮਝੌਤਾ ਸਿਧਾਂਤਾਂ ‘ਤੇ ਆਧਾਰਿਤ ਨਹੀਂ ਸੀ, ਸਗੋਂ ਦੋਵਾਂ ਨੇ ਸਿਆਸੀ ਲਾਭ ਲੈਣ ਲਈ ਇਕ ਦੂਜੇ ਦਾ ਹੱਥ ਧੰਮਿਆ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਚਾਹੇ ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਜਾਰੀ ਵੀ ਰਹਿੰਦਾ ਹੈ ਤਾਂ ਵੀ ਭਾਜਪਾ ਨੇ ਅਕਾਲੀ ਦਲ ਦੇ ਮਾੜੇ ਸ਼ਾਸਨ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਅਕਾਲੀ ਦਲ ਤੋਂ ਵੱਧਦੀ ਦੂਰੀ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਲੁਧਿਆਣਾ ਫੇਰੀ ਦੌਰਾਨ ਕੇਂਦਰੀ ਸਹਾਇਤਾ ਦੀ ਅਪੀਲ ਨੂੰ ਠੁਕਰਾ ਦਿੱਤਾ। ਪ੍ਰਧਾਨ ਮੰਤਰੀ ਨੇ ਅਕਾਲੀ ਲੀਡਰਸ਼ਿਪ ਨੂੰ ਸਪੱਸ਼ਟ ਕਰ ਦਿੱਤਾ ਕਿ ਭਾਜਪਾ ਦਾ ਬਾਦਲ ਸਰਕਾਰ ਦੀਆਂ ਨੀਤੀਆਂ ‘ਚ ਭਰੋਸਾ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਹੁਣ ਤਾਂ ਅਕਾਲੀ ਦਲ ਨੇ ਵੀ ਆਪਣੀ ਸਰਕਾਰ ਦੀ ਬਣਾਈ ਬੁਕਲੇਟ ‘ਚ ਭਾਜਪਾ ਨੇਤਾਵਾਂ ਦੀਆਂ ਤਸਵੀਰਾਂ ਨਹੀਂ ਲਗਾਈਆਂ, ਜਿਸ ਨੂੰ ਲੈ ਕੇ ਭਾਜਪਾ ਮੰਤਰੀਆਂ ਨੇ ਵੀ ਆਪਣਾ ਵਿਰੋਧ ਪ੍ਰਗਟ ਕੀਤਾ ਹੈ।
ਸੂਬਾ ਪ੍ਰਧਾਨ ਨੇ ਕਿਹਾ ਕਿ ਅਕਾਲੀ ਸਰਕਾਰ ਵਲੋਂ ਸੂਬੇ ‘ਚ ਲਗਾਏ ਗਏ ਹੋਰਡਿੰਗਸ ‘ਚ ਭਾਜਪਾ ਨੇਤਾਵਾਂ ਦੀਆਂ ਤਸਵੀਰਾਂ ਨਹੀਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਅਕਾਲੀ ਨੇਤਾ ਵੀ ਆਪਣੀ ਨਿਸ਼ਠਾ ਭਾਜਪਾ ਤੋਂ ਬਦਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਥੋਂ ਤਕ ਕਿ ਦੋ ਵਾਰ ਰਹੇ ਸਾਬਕਾ ਵਿਧਾਇਕ ਚੌਧਰੀ ਮੋਹਨ ਲਾਲ ਨੇ ਵੀ ਫਗਵਾੜਾ ਤੋਂ ਚੋਣ ਲੜਣ ਦੀ ਇੱਛਾ ਜ਼ਾਹਿਰ ਕੀਤੀ ਹੈ। ਭਾਜਪਾ ਆਪਣਾ ਵੱਖਰਾ ਚੋਣ ਪੱਤਰ ਲੈ ਕੇ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 2015 ‘ਚ ਅਕਾਲੀ ਦਲ ਅਤੇ ਭਾਜਪਾ ਦੇ ਕਈ ਉਮੀਦਵਾਰਾਂ ਨੇ ਇਕ-ਦੂਜੇ ਖਿਲਾਫ ਨਗਰ ਕੌਂਸਲ ਚੋਣਾਂ ‘ਚ ਚੋਣਾਂ ਲੜੀਆਂ ਸਨ। ਤਰਨਤਾਰਨ ਇਸ ਦੀ ਜਿਊਂਦੀ-ਜਾਗਦੀ ਉਦਾਹਰਣ ਹੈ।
ਮੁਕਤਸਰ ਗੁਰਦੁਆਰਾ ਸਾਹਿਬ ਦੇ ਝਗੜੇ ਦੀ ਉੱਚ ਪੱਧਰੀ ਜਾਂਚ ਦੀ ਮੰਗ
ਪੰਜਾਬ ਕਾਂਗਰਸ ਨੇ ਬਾਦਲ ਸਰਕਾਰ ਵਲੋਂ ਧਾਰਮਿਕ ਸਥਾਨਾਂ ਨੂੰ ਉਚਿਤ ਸੁਰੱਖਿਆ ਮੁਹੱਈਆ ਨਾ ਕਰਵਾਏ ਜਾਣ ‘ਤੇ ਰੋਸ ਜਤਾਉਂਦੇ ਹੋਏ ਕਿਹਾ ਹੈ ਕਿ ਮੁਕਤਸਰ ਜ਼ਿਲੇ ਦੇ ਪਿੰਡ ਮੱਲ੍ਹਾਂ ਦੇ ਗੁਰਦੁਆਰੇ ‘ਚ ਹੋਏ ਲੜਾਈ-ਝਗੜੇ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਦੀ ਕਾਨੂੰਨ ਵਿਵਸਥਾ ਦੀ ਸਥਿਤੀ ‘ਤੇ ਕੰਟਰੋਲ ਨਹੀਂ ਹੈ। ਇਸ ਝਗੜੇ ‘ਚ 3 ਲੋਕ ਮਾਰੇ ਗਏ ਅਤੇ ਅੱਧਾ ਦਰਜਨ ਲੋਕ ਜ਼ਖਮੀ ਹੋ ਗਏ ਸਨ। ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾਵਾਂ ਕਰਣ ਕੌਰ ਬਰਾੜ, ਭਰਾ ਹਰਨਿਰਪਾਲ ਸਿੰਘ ਕੁੱਕੂ, ਹਰਚਰਨ ਸਿੰਘ ਅਤੇ ਨੱਥੂ ਰਾਮ ਨੇ ਇਕ ਸਾਂਝੇ ਬਿਆਨ ‘ਚ ਕਿਹਾ ਕਿ ਮੌਕੇ ‘ਤੇ ਹਾਜ਼ਰ ਪੁਲਸ ਵੀ ਹਿੰਸਾ ਨੂੰ ਰੋਕ ਨਹੀਂ ਸਕੀ। 45 ਮਿੰਟ ‘ਚ ਹੀ 70 ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਬੀਤੇ ਕਈ ਸਾਲਾਂ ਤੋਂ ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਰਹੇ ਮੱਖਣ ਸਿੰਘ ਨੂੰ ਨਾਇਬ ਸਿੰਘ ਦੇ ਵਿਰੋਧੀ ਗੁੱਟ ਵਲੋਂ ਜਬਰਨ ਪਰਿਸਰ ‘ਚੋਂ ਬਾਹਰ ਕੀਤੇ ਜਾਣ ਤੋਂ ਬਾਅਦ ਬੁੱਧਵਾਰ ਰਾਤ ਤੋਂ ਹੀ ਗੁਰਦੁਆਰਾ ਸਾਹਿਬ ‘ਚ ਤਣਾਅਪੂਰਨ ਹਾਲਾਤ ਬਣੇ ਹੋਏ ਸਨ ਪਰ ਫਿਰ ਵੀ ਅਧਿਕਾਰੀ ਉਚਿਤ ਸੁਰੱਖਿਆ ਪ੍ਰਬੰਧ ਕਰਨ ‘ਚ ਨਾਕਾਮ ਰਹੇ। ਉਨ੍ਹਾਂ ਨੇ ਅੰਕੜਿਆਂ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਦਲਿਤਾਂ ਖਿਲਾਫ ਅਪਰਾਧੀਆਂ ਦੀ ਗਿਣਤੀ 2007 ‘ਚ 651 ਸੀ, ਜੋ 2015 ‘ਚ ਵੱਧ ਕੇ 12834 ਤਕ ਪਹੁੰਚ ਗਈ। ਔਰਤਾਂ ਖਿਲਾਫ ਅਪਰਾਧੀਆਂ ਦਾ ਅੰਕੜਾ 2007 ਤੋਂ 2014 ਦਰਮਿਆਨ ਦੁੱਗਣਾ ਹੋ ਗਿਆ। ਸੂਬੇ ‘ਚ ਹਰ ਘੰਟੇ 4 ਅਪਰਾਧ ਸਾਹਮਣੇ ਆ ਰਹੇ ਹਨ।

LEAVE A REPLY