5ਜਲੰਧਰ — ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸ਼ਹਿਰਾਂ ਵਿਚ ਵੱਡੇ-ਵੱਡੇ ਹੋਰਡਿੰਗਜ਼ ਲਾ ਕੇ ਆਪਣੀਆਂ ਉਪਲਬਧੀਆਂ ਗਿਣਾਉਂਦਿਆਂ ਲਿਖਿਆ ਹੈ ਕਿ ਉਸ ਨੇ ਲੋਕਾਂ ਨੂੰ ਬਿਹਤਰੀਨ ਸੜਕ ਨੈੱਟਵਰਕ ਦਿੱਤਾ ਹੈ ਪਰ ਜੇਕਰ ਜਲੰਧਰ-ਕਪੂਰਥਲਾ ਰੋਡ ਨੂੰ ਦੇਖਿਆ ਜਾਵੇ ਤਾਂ ਬਿਹਤਰੀਨ ਨੈੱਟਵਰਕ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਜਾਂਦੀ ਹੈ। ਪਿਛਲੇ 5 ਸਾਲਾਂ ਤੋਂ ਜਲੰਧਰ-ਕਪੂਰਥਲਾ ਰੋਡ ਦੀ ਹਾਲਤ ਬੇਹੱਦ ਖਸਤਾ ਹੈ। ਕਦੀ ਇਸ ਰੋਡ ‘ਤੇ ਐਲੀਵੇਟਿਡ ਰੋਡ ਬਣਾਉਣ ਦਾ ਐਲਾਨ ਸਰਕਾਰ ਵੱਲੋਂ ਕੀਤਾ ਗਿਆ ਸੀ। ਫਿਰ ਸਰਕਾਰ ਨੇ ਫੋਰਲੇਨ ਬਣਾਉਣ ਦੀ ਗੱਲ ਕਹੀ। ਕੁਝ ਸਮਾਂ ਪਹਿਲਾਂ ਫੋਰਲੇਨ ਪ੍ਰਾਜੈਕਟ ਰੱਦ ਕਰਨ ਦਾ ਹੁਕਮ ਆ ਗਿਆ ਪਰ ਲੋਕਾਂ ਦੇ ਗੁੱਸੇ ਨੂੰ ਦੇਖਦਿਆਂ ਸਰਕਾਰ ਨੇ ਦੁਬਾਰਾ ਫੋਰਲੇਨ ਪ੍ਰਾਜੈਕਟ ਬਣਾਉਣ ਦਾ ਐਲਾਨ ਕਰ ਦਿੱਤਾ।
ਇਸ ਰੋਡ ‘ਤੇ ਸਟ੍ਰਾਮਸ ਸੀਵਰੇਜ ਪਾਇਆ ਗਿਆ ਸੀ ਪਰ ਇਹ ਕੰਮ ਵੀ ਬੇਹੱਦ ਹੌਲੀ ਰਫਤਾਰ ਨਾਲ ਚਲਦਾ ਰਿਹਾ। ਕਦੀ ਸਰਕਾਰ ਨੇ ਫੰਡ ਨਹੀਂ ਭੇਜੇ ਤੇ ਕਦੀ ਕੋਈ ਹੋਰ ਰੇੜਕਾ ਪੈ ਗਿਆ। ਕੁਲ ਮਿਲਾ ਕੇ ਨਰਕ ਜਿਹੇ ਹਾਲਾਤ ਲੋਕਾਂ ਨੂੰ 5 ਸਾਲ ਤੱਕ ਝੱਲਣੇ ਪਏ, ਜਿਸ ਕਾਰਨ ਉਨ੍ਹਾਂ ਵਿਚ ਭਾਰੀ ਗੁੱਸਾ ਸਰਕਾਰ ਤੇ ਕਾਰਪੋਰੇਸ਼ਨ ਲਈ ਪਾਇਆ ਜਾ ਰਿਹਾ ਹੈ।
ਇਸ ਰੋਡ ਨੂੰ ਲੈ ਕੇ ਕਈ ਵਾਰ ਪ੍ਰਦਰਸ਼ਨ ਹੋ ਚੁੱਕੇ ਹਨ। ਇਥੋਂ ਤੱਕ ਕਿ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਰੋਡ ‘ਤੇ ਆ ਕੇ ਕਾਂਗਰਸੀਆਂ ਵੱਲੋਂ ਦਿੱਤੇ ਗਏ ਧਰਨੇ ਵਿਚ ਭਾਗ ਲਿਆ ਸੀ। ਉਸ ਤੋਂ ਬਾਅਦ ਸਰਕਾਰ ਦੀਆਂ ਅੱਖਾਂ ਖੁੱਲ੍ਹੀਆਂ ਸਨ ਤੇ ਉਸ ਨੇ ਫੋਰਲੇਨ ਪ੍ਰਾਜੈਕਟ ਨੂੰ ਦੁਬਾਰਾ ਮਨਜ਼ੂਰੀ ਦੇ ਦਿੱਤੀ।
ਅਜੇ ਵੀ ਪਤਾ ਨਹੀਂ ਕਦੋਂ ਫੋਰਲੇਨ ਪ੍ਰਾਜੈਕਟ ਪੂਰਾ ਹੋਵੇਗਾ ਤੇ ਲੋਕਾਂ ਨੂੰ ਸੁੱਖ ਦਾ ਸਾਹ ਆਵੇਗਾ ਪਰ ਇੰਨਾ ਜ਼ਰੂਰ ਹੈ ਕਿ ਅਜੇ ਕਈ ਮਹੀਨਿਆਂ ਤੱਕ ਲੋਕਾਂ ਨੂੰ ਨਰਕ ਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪਵੇਗਾ। ਲੋਕ ਤਾਂ ਸ਼ਹਿਰਾਂ ਵਿਚ ਲੱਗੇ ਸਰਕਾਰੀ ਹੋਰਡਿੰਗਜ਼ ਨੂੰ ਵੀ ਘੂਰੀ ਵੱਟ ਕੇ ਦੇਖ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਬਿਹਤਰੀਨ ਸੜਕ ਨੈੱਟਵਰਕ ਤਾਂ ਅੱਜ ਤੱਕ ਨਹੀਂ ਮਿਲ ਸਕਿਆ।

LEAVE A REPLY