3ਅੰਮ੍ਰਿਤਸਰ : ਪੰਜਾਬ ਦੇ ਡਾਇਰੈਕਰਟ ਜਨਰਲ ਆਫ ਪੁਲਸ (ਡੀ. ਜੀ. ਪੀ.) ਸੁਰੇਸ਼ ਅਰੋੜਾ ਨੇ ਅੱਜ ਮੰਨਿਆ ਕਿ ਨਸ਼ਾ ਅਤੇ ਗੈਂਗਵਾਰ ਪੰਜਾਬ ‘ਚ ਚਿੰਤਾ ਦਾ ਵਿਸ਼ਾ ਹੈ। ਡੀ. ਜੀ. ਪੀ. ਅਰੋੜਾ ਸ਼ਹਿਰ ‘ਚ ਪੰਜਾਬ ਪੁਲਸ ਵਲੋਂ ਵੱਖ-ਵੱਖ ਮਾਮਲਿਆਂ ‘ਚ ਬਰਾਮਦ ਕੀਤੇ ਗਏ ਨਸ਼ਿਆਂ ਨੂੰ ਨਸ਼ਟ ਕਰਨ ਲਈ ਪੁੱਜੇ ਸਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸੂਬੇ ‘ਚ ਵਧ ਰਹੀਆਂ ਗੈਂਗਵਾਰਾਂ ਚਿੰਤਾ ਦਾ ਵਿਸ਼ਾ ਹਨ ਅਤੇ ਪੰਜਾਬ ਪੁਲਸ ਇਨ੍ਹਾਂ ‘ਤੇ ਕਾਬੂ ਪਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ੇ ਅਤੇ ਗੈਂਗਵਾਰ ਵਰਗੇ ਮਾਮਲਿਆਂ ‘ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਨ੍ਹਾਂ ਦੇ ਕਰਤਾ-ਧਰਤਾ ਜੇਲਾਂ ‘ਚ ਬੈਠ ਕੇ ਸਭ ਕੁਝ ਕਰਦੇ ਹਨ। ਇਸ ਲਈ ਇਨ੍ਹਾਂ ਨੂੰ ਰੋਕਣ ਲਈ ਜੇਲ ਵਿਭਾਗ ਨੂੰ ਜੇਲਾਂ ‘ਚ ਜੈਮਰ ਲਗਾਉਣ ਲਈ ਵੀ ਲਿਖਿਆ ਜਾ ਚੁੱਕਾ ਹੈ। ਡੀ. ਜੀ. ਪੀ. ਅਰੋੜਾ ਨੇ ਕਿਹਾ ਕਿ ਪੰਜਾਬ ‘ਚ ਲਗਾਤਾਰ ਵਧ ਰਹੀਆਂ ਅਪਰਾਧਿਕ ਘਟਨਾਵਾਂ ‘ਤੇ ਕਾਬੂ ਪਾਉਣ ਲਈ ਪੰਜਾਬ ਪੁਲਸ ਹਮੇਸ਼ਾ ਮਿਹਨਤ ਨਾਲ ਕੰਮ ਕਰਦੀ ਰਹੀ ਹੈ। ਪੁਲਸ ਮੁਲਾਜ਼ਮਾਂ ਦੀ ਕਮੀ ਕਾਰਨ ਕਈ ਮਾਮਲਿਆਂ ਨੂੰ ਸੁਲਝਾਉਣ ‘ਚ ਸਮਾਂ ਲੱਗਦਾ ਹੈ ਪਰ ਹੁਣ ਪੁਲਸ ‘ਚ ਭਰਤੀ ਕੀਤੇ ਗਏ 7000 ਜਵਾਨਾਂ ਵਲੋਂ ਆਪਣੀ ਡਿਊਟੀ ਸੰਭਾਲਣ ਤੋਂ ਬਾਅਦ ਅਪਰਾਧ ‘ਤੇ ਕਾਬੂ ਪਾਉਣ ‘ਚ ਮਦਦ ਮਿਲੇਗੀ। ਡੀ. ਜੀ. ਪੀ. ਵਲੋਂ ਅੰਮ੍ਰਿਤਸਰ ਬਾਰਡਰ ਰੇਂਜ ਪੁਲਸ ਵਲੋਂ ਵੱਖ-ਵੱਖ ਮਾਮਲਿਆਂ ‘ਚ ਬਰਾਮਦ ਕੀਤੇ ਗਏ ਨਸ਼ਿਆਂ ਦੇ ਪੈਕਟਾਂ ਨੂੰ ਪ੍ਰਾਈਵੇਟ ਫੈਕਟਰੀ ਹਵਾਲੇ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ 26 ਕਿਲੋ ਦੇ ਕਰੀਬ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ ਹੈ। ਡੀ. ਜੀ. ਪੀ. ਨੇ ਕਿਹਾ ਕਿ ਪੰਜਾਬ ‘ਚ ਕਿਸੇ ਵੀ ਅੱਤਵਾਦੀ ਹਮਲੇ ਵਰਗੀ ਘਟਨਾ ਨਾ ਹੋਵੇ, ਇਸ ਦੇ ਲਈ ਵੀ ਪੁਲਸ ਪੂਰੀ ਤਰ੍ਹਾਂ ਮੁਸਤੈਦ ਹੈ।

LEAVE A REPLY