sports-news-300x150-2ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਹਲਫ਼ਨਾਮਾ ਦਾਇਰ ਕਰ ਕੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੂੰ ਇਹ ਕਹਿਣ ਨੂੰ ਕਿਹਾ ਸੀ ਕਿ ਲੋਢਾ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਬੋਰਡ ਮਾਮਲੇ ‘ਚ ਸਰਕਾਰ ਵੱਲੋਂ ਦਖਲਅੰਦਾਜ਼ੀ ਮੰਨਿਆ ਜਾਵੇ। ਸੁਪਰੀਮ ਕੋਰਟ ਦੇ 7 ਅਕਤੂਬਰ ਨੂੰ ਦਿੱਤੇ ਗਏ ਅੰਤਰਿਮ ਹੁਕਮ ਦੇ ਬਾਅਦ ਠਾਕੁਰ ਨੇ ਅਦਾਲਤ ‘ਚ ਆਪਣਾ ਹਲਫ਼ਨਾਮਾ ਦਾਇਰ ਕੀਤਾ। ਉਨ੍ਹਾਂ ਇਸ ‘ਚ ਕਿਹਾ ਕਿ ਮੈਂ ਇਸ ਗੱਲ ਤੋਂ ਇਨਕਾਰ ਕਰਦਾ ਹਾਂ ਕਿ ਮੈਂ ਆਈ.ਸੀ.ਸੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਡੇਵ ਰਿਚਰਡਸਨ ਨੂੰ ਇਹ ਕਹਿਣ ਦੇ ਲਈ ਕਿਹਾ ਸੀ ਕਿ ਜੱਜ ਆਰ. ਐੱਸ. ਲੋਢਾ ਦੀ ਪ੍ਰਧਾਨਗੀ ਵਾਲੀ ਕਮੇਟੀ ਬੀ.ਸੀ.ਸੀ.ਆਈ. ਦੇ ਕੰਮਕਾਜ ‘ਚ ਇੱਕ ਤਰ੍ਹਾਂ ਨਾਲ ਸਰਕਾਰੀ ਦਖਲਅੰਦਾਜ਼ੀ ਹੈ। ਚੋਟੀ ਦੀ ਅਦਾਲਤ ਬੀ.ਸੀ.ਸੀ.ਆਈ. ‘ਚ ਲੋਢਾ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ‘ਚ ਹੋ ਰਹੀ ਦੇਰੀ ਦੇ ਮਾਮਲੇ ‘ਚ ਸੁਣਵਾਈ ਕਰ ਰਹੀ ਹੈ। ਇਸ ਸਾਲ ਜੁਲਾਈ ‘ਚ ਸੁਪਰੀਮ ਕੋਰਟ ਨੇ ਲੋਢਾ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਹਰੀ ਝੰਡੀ ਦਿੱਤੀ ਸੀ ਪਰ ਭਾਰਤੀ ਬੋਰਡ ਨੇ ਇਸ ਦੀਆਂ ਕਈ ਅਹਿਮ ਸਿਫ਼ਾਰਸ਼ਾਂ ‘ਤੇ ਸਵਾਲ ਉਠਾਉਂਦੇ ਹੋਏ ਇਸ ਨੂੰ ਗੈਰ ਵਿਵਹਾਰਕ ਦੱਸਿਆ ਸੀ। ਬੋਰਡ ਨੂੰ ਇੱਕ ਰਾਜ ਇੱਕ ਵੋਟ ਅਤੇ ਅਧਿਕਾਰੀਆਂ ਦੀ ਉਮਰ ਅਤੇ ਕਾਰਜਕਾਲ ਦੀ ਹੱਦ ਤੈਅ ਕੀਤੇ ਜਾਣ ਦੀਆਂ ਕਈ ਸਿਫ਼ਾਰਸ਼ਾਂ ‘ਤੇ ਕਾਫ਼ੀ ਇਤਰਾਜ਼ ਹੈ।

LEAVE A REPLY