1ਚੰਡੀਗਡ਼   : ਸੱਤਾਧਾਰੀ ਅਕਾਲੀਆਂ ਵੱਲੋਂ ਪੰਜਾਬ ’ਚ ਆਉਦੀਆਂ ਚੋਣਾਂ ਦੌਰਾਨ ਜਾਣਬੁੱਝ ਕੇ ਹਿੰਸਕ ਕਾਰਵਾਈਆਂ ਨੂੰ ਅੰਜਾਮ ਦਿੱਤੇ ਜਾਣ ਦਾ ਖ਼ਦਸ਼ਾ ਪ੍ਰਗਟਾਉਦਿਆਂ ਆਮ ਆਦਮੀ ਪਾਰਟੀ (ਆਪ) ਨੇ ਅੱਜ ਕਿਹਾ ਕਿ ਸੂਬੇ ਵਿੱਚ ਨਿੱਤ ਵਧਦੇ ਜਾ ਰਹੇ ਅਪਰਾਧ, ਰਾਜ ਅੰਦਰ 52 ਖ਼ਤਰਨਾਕ ਅਪਰਾਧਕ ਗਿਰੋਹਾਂ ਦਾ ਸਰਗਰਮ ਹੋਣਾ ਅਤੇ 20,000 ਤੋਂ ਵੱਧ ਅਪਰਾਧੀਆਂ ਦਾ ਭਗੌਡ਼ੇ ਹੋਣਾ ਆਦਿ ਸਭ ਇਸ ਖ਼ਦਸ਼ੇ ਦੇ ਬਡ਼ੇ ਸਪੱਸ਼ਟ ਸੰਕੇਤ ਹਨ।
ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ ਨੇ ਕਿਹਾ,‘‘ਹੁਣ ਅਕਾਲੀਆਂ ਨੂੰ ਕਿਉਕਿ ਆਉਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪਣੀ ਅਪਮਾਨਜਨਕ ਹਾਰ ਦਾ ਅਹਿਸਾਸ ਹੋ ਗਿਆ ਹੈ, ਇਸੇ ਲਈ ਹੁਣ ਉਹ ਆਪਣੇ ਗੁੰਡਿਆਂ ਦੀ ਵਰਤੋਂ ਕਰ ਕੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਲਈ ਕਿਸੇ ਵੀ ਨੀਵੇਂ ਤੋਂ ਨੀਵੇਂ ਪੱਧਰ ਤੱਕ ਜਾ ਸਕਦੇ ਹਨ, ਤਾਂ ਜੋ ਪੰਜਾਬ ਦੀ ਅਮਨ-ਪਸੰਦ ਜਨਤਾ ’ਚ ਡਰ ਪੈਦਾ ਕੀਤਾ ਜਾ ਸਕੇ।’’
ਡਾਇਰੈਕਟਰ ਜਨਰਲ ਆੱਫ਼ ਪੁਲਿਸ (ਡੀ.ਜੀ.ਪੀ.) ਸੁਰੇਸ਼ ਅਰੋਡ਼ਾ ਨੇ ਖ਼ੁਦ ਕਬੂਲ ਕੀਤਾ ਹੈ ਕਿ ਪੰਜਾਬ ਵਿੱਚ ਇਸ ਵੇਲੇ 52 ਖ਼ਤਰਨਾਕ ਅਪਰਾਧਕ ਗਿਰੋਹ ਸਰਗਰਮ ਹਨ ਅਤੇ ਇਸ ਸਬੰਧੀ ਇੱਕ ਰਿਪੋਰਟ ਚੋਣ ਕਮਿਸ਼ਨਰ ਕੋਲ ਵੀ ਪੇਸ਼ ਕੀਤੀ ਜਾ ਚੁੱਕੀ ਹੈ, ਜਿਸ ਵਿੱਚ ਪੁਲਿਸ ਨੇ ਇਹ ਵੀ ਮੰਨਿਆ ਹੈ ਕਿ ਪੰਜਾਬ ਵਿੱਚ 20,000 ਤੋਂ ਵੀ ਵੱਧ ਅਪਰਾਧੀ ਇਸ ਵੇਲੇ ਭਗੌਡ਼ੇ ਹਨ। ਵਡ਼ੈਚ ਨੇ ਕਿਹਾ ਕਿ ਪੁਲਿਸ ਇਨਾਂ ਅਪਰਾਧੀਆਂ ਤੇ ਭਗੌਡ਼ੇ ਅਪਰਾਧੀਆਂ ਵਿਰੁੱਧ ਸੁਖਬੀਰ ਬਾਦਲ ਦੀ ਅਗਵਾਈ ਹੇਠਲੇ ਗ੍ਰਹਿ ਵਿਭਾਗ ਦੀ ਕੋਈ ਕਾਰਵਾਈ ਰਿਪੋਰਟ ਪੇਸ਼ ਕਰਨ ਤੋਂ ਨਾਕਾਮ ਰਹੀ ਹੈ।
ਵਡ਼ੈਚ ਨੇ ਕਿਹਾ ਕਿ ਪੰਜਾਬ ਵਿੱਚ ਅਪਰਾਧੀਆਂ ਖ਼ਿਲਾਫ਼ ਕੋਈ ਕਾਰਵਾਈ ਕਰਨ ਦੀ ਥਾਂ ਸੁਖਬੀਰ ਬਾਦਲ ਨੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਦਾ ਸ਼ੋਸ਼ਾ ਛੱਡਣ ਨੂੰ ਤਰਜੀਹ ਦਿੰਦਿਆਂ ਆਖਿਆ ਹੈ ਕਿ ਇਹ ਪਾਕਿਸਤਾਨੀ ਏਜੰਸੀ ਚੋਣਾਂ ਦੌਰਾਨ ਪੰਜਾਬ ਵਿੱਚ ਹਿੰਸਕ ਕਾਰਵਾਈਆਂ ਨੂੰ ਅੰਜਾਮ ਦੇ ਸਕਦੀ ਹੈ। ਉਨਾਂ ਕਿਹਾ ਕਿ ਆਈ.ਐਸ.ਆਈ. ਦਾ ਖ਼ਤਰਾ ਹੋਰ ਕੁਝ ਨਹੀਂ, ਸਗੋਂ ਕੇਵਲ ਅਕਾਲੀ ਗੁੰਡਿਆਂ ਵੱਲੋਂ ਹਿੰਸਾ ਫੈਲਾਉਣ ਲਈ ਕੋਈ ਆਧਾਰ ਬਣਾਉਣ ਦਾ ਇੱਕ ਜਤਨ ਹੈ।
ਵਡ਼ੈਚ ਨੇ ਪਾਰਟੀ ਦੀ ਮੰਗ ਦੁਹਰਾਉਦਿਆਂ ਕਿਹਾ ਕਿ ਪੰਜਾਬ ਵਿੱਚ ਕੇਂਦਰੀ ਫ਼ੌਜੀ ਬਲਾਂ ਭਾਰੀ ਗਿਣਤੀ ਵਿੱਚ ਤਾਇਨੀਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਤਾਂ ਜੋ ਚੋਣਾਂ ਬਿਲਕੁਲ ਸਹੀ ਤੇ ਨਿਆਂਪੂਰਨ ਢੰਗ ਨਾਲ ਨੇਪਰੇ ਚਡ਼ ਸਕਣ ਕਿਉਕਿ ਰਾਜ ਦੀ ਜਨਤਾ ਦਾ ਭਰੋਸਾ ਹੁਣ ਅਕਾਲੀਆਂ ਅਤੇ ਉਨਾਂ ਦੀ ਪੁਲਿਸ ਦੋਵਾਂ ਤੋਂ ਹੀ ਉੱਠ ਚੁੱਕਾ ਹੈ।
ਮੁਕਤਸਰ ਵਿਖੇ ਦੋ ਸਮੂਹਾਂ ਵਿਚਾਲੇ ਹਿੰਸਾ, ਜਿੱਥੇ ਤਿੰਨ ਵਿਅਕਤੀ ਮਾਰੇ ਗਏ ਸਨ ਅਤੇ ਸ਼ਰਾਬ ਮਾਫ਼ੀਆ ਵੱਲੋਂ ਪੰਜਾਬ ਵਿੱਚ ਲਗਾਤਾਰ ਹੋ ਰਹੇ ਕਤਲਾਂ ਦੀਆਂ ਘਟਨਾਵਾਂ ਇਹੋ ਦਰਸਾਉਦੀਆਂ ਹਨ ਕਿ ਅਕਾਲੀਆਂ ਨੇ ਹਿੰਸਕ ਗਤੀਵਿਧੀਆਂ ਲਈ ਤਿਆਰੀਆਂ ਕਰ ਲਈਆਂ ਹਨ ਕਿਉਕਿ ਹੁਣ ਅਪਰਾਧੀਆਂ ਨੂੰ ਪੁਲਿਸ ਦਾ ਤਾਂ ਕੋਈ ਡਰ ਰਿਹਾ ਹੀ ਨਹੀਂ ਹੈ। ਇਸੇ ਲਈ ਤਾਂ ਸ਼ਰਾਬ ਮਾਫ਼ੀਆ ਵੱਲੋਂ ਵਹਿਸ਼ੀਆਨਾ ਢੰਗ ਨਾਲ ਕਤਲ ਕੀਤੇ ਜਾ ਰਹੇ ਹਨ, ਜੋ ਨਾ ਕੇਵਲ ਨਿਰਦੋਸ਼ ਨੌਜਵਾਨਾਂ ਦੀਆਂ ਜਾਨਾਂ ਲੈ ਰਹੇ ਹਨ, ਸਗੋਂ ਉਨਾਂ ਦੇ ਅੰਗ ਤੱਕ ਵੱਢ ਕੇ ਲੈ ਜਾਂਦੇ ਹਨ।

LEAVE A REPLY