1ਚੰਡੀਗੜ੍ਹ : 10 ਨਵੰਬਰ ਨੂੰ ਹੋਣ ਜਾ ਰਹੇ ਸਰਬੱਤ ਖਾਲਸਾ ਬਾਰੇ ਪੰਥਕ ਧਿਰਾਂ ਵਿੱਚ ਤਰੇੜਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਪੰਜ ਪਿਆਰਿਆਂ ਵੱਲੋਂ ਸਰਬੱਤ ਖ਼ਾਲਸਾ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਮੰਗਲਵਾਰ ਨੂੰ ਮੀਟਿੰਗ ਬੁਲਾਈ ਸੀ। ਇਸ ਮੀਟਿੰਗ ਵਿੱਚ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਹਾਜ਼ਰ ਨਹੀਂ ਹੋਏ। ਇਸ ਲਈ ਚਰਚਾ ਹੈ ਕਿ ਸਰਬੱਤ ਖਾਲਸਾ ਦੇ ਪ੍ਰਬੰਧਕ ਇੱਕਜੁੱਟ ਨਹੀਂ ਹਨ।
ਪੰਜ ਪਿਆਰਿਆਂ ਵੱਲੋਂ ਮੁਤਵਾਜ਼ੀ ਜਥੇਦਾਰਾਂ ਨੂੰ ਮੰਗਲਵਾਰ ਦੀ ਮੀਟਿੰਗ ਵਾਸਤੇ ਸੱਦਾ ਦੇਣ ਲਈ 16 ਅਕਤੂਬਰ ਨੂੰ ਬਰਗਾੜੀ ਵਿੱਚ ਮਿਲਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਬਰਗਾੜੀ ਵਿੱਚ ਰੱਖੀ ਗਈ ਮੀਟਿੰਗ ਲਈ ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਜਥੇਦਾਰ ਧਿਆਨ ਸਿੰਘ ਮੰਡ, ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਜਥੇਦਾਰ ਅਮਰੀਕ ਸਿੰਘ ਅਜਨਾਲਾ ਪੁੱਜ ਤਾਂ ਗਏ ਸਨ ਪਰ ਉਨ੍ਹਾਂ ਨੇ ਪੰਜ ਪਿਆਰਿਆਂ ਨਾਲ ਮੁਲਾਕਾਤ ਕਰਨ ਤੋਂ ਟਾਲਾ ਵੱਟੀ ਰੱਖਿਆ ਸੀ। ਕਾਫ਼ੀ ਯਤਨਾਂ ਤੋਂ ਬਾਅਦ ਸੰਤ ਦਾਦੂਵਾਲ ਨੇ ਪੰਜ ਪਿਆਰਿਆਂ ਨੂੰ ਮਿਲ ਕੇ ਸੱਦਾ ਪੱਤਰ ਕਬੂਲ ਕਰ ਲਿਆ ਸੀ ਪਰ ਆਉਣ ਲਈ ਹਾਮੀ ਨਹੀਂ ਭਰੀ ਸੀ।
ਇਸੇ ਦੌਰਾਨ ਪੰਜ ਪਿਆਰਿਆਂ ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਖ਼ਾਲਸਾ, ਭਾਈ ਮੇਜਰ ਸਿੰਘ, ਭਾਈ ਮੰਗਲ ਸਿੰਘ ਤੇ ਭਾਈ ਮੁਖ਼ਤਿਆਰ ਸਿੰਘ ਵੱਲੋਂ ਸੱਦੀ ਗਈ ਮੰਗਲਵਾਰ ਦੀ ਮੀਟਿੰਗ ਵਿੱਚ ਤਖ਼ਤ ਦਮਦਮਾ ਸਾਹਿਬ ਦੇ ਦੋ ਸਾਬਕਾ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ ਤੇ ਭਾਈ ਕੇਵਲ ਸਿੰਘ ਸ਼ਾਮਲ ਹੋਏ ਹਨ। ਭਾਈ ਸਤਨਾਮ ਸਿੰਘ ਖੰਡਾ ਨੇ ਦੱਸਿਆ ਕਿ ਸਰਬੱਤ ਖ਼ਾਲਸਾ ਦੇ ਵਿਧੀ ਵਿਧਾਨ ਸਮੇਤ ਹੋਰ ਫ਼ੈਸਲੇ ਲੈਣ ਲਈ ਗਿਆਰਾਂ ਮੈਂਬਰੀ ਕਮੇਟੀ ਬਣਾਈ ਗਈ ਹੈ।
ਸਰਬੱਤ ਖ਼ਾਲਸਾ ਵੱਲੋਂ ਅਕਾਲ ਤਖ਼ਤ ਤੇ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਬੁਲਾਰੇ ਵਕੀਲ ਅਮਰ ਸਿੰਘ ਚਾਹਲ ਨੇ ਕਿਹਾ ਹੈ ਕਿ ਤਿੰਨ ਮੁਤਵਾਜ਼ੀ ਜਥੇਦਾਰਾਂ ਦੇ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਤੋਂ ਸਪੱਸ਼ਟ ਹੋ ਗਿਆ ਹੈ ਕਿ ਉਹ ਸਰਬੱਤ ਖ਼ਾਲਸਾ ਲਈ ਸਹਿਮਤ ਨਹੀਂ ਹਨ।

LEAVE A REPLY