8-copyਚੰਡੀਗੜ੍ਹ: ‘ਸਰਬੱਤ ਖ਼ਾਲਸਾ’ ਦੀ ਵਾਗਡੋਰ ਜੇਲ੍ਹ ਵਿੱਚ ਨਜ਼ਰਬੰਦ ਜਗਤਾਰ ਸਿੰਘ ਹਵਾਰਾ ਦੇ ਹੱਥ ਹੈ। ‘ਸਰਬੱਤ ਖ਼ਾਲਸਾ’ ਨੂੰ ਲੈ ਕੇ ਪੰਥਕ ਧਿਰਾਂ ’ਚ ਮਤਭੇਦ ਖ਼ਤਮ ਕਰਨ ਲਈ ਪੰਥਕ ਆਗੂਆਂ ਨੇ ਹਵਾਰਾ ਨਾਲ ਮੁਲਾਕਾਤ ਦਾ ਫ਼ੈਸਲਾ ਲਿਆ ਹੈ। ਇਸ ਲਈ ਹੁਣ ਜਥੇਦਾਰ ਹਵਾਰਾ ਸਿਰ ਹੀ ਸਾਰੀਆਂ ਧਿਰਾਂ ਨੂੰ ਇੱਕਜੁੱਟ ਕਰਨ ਦੀ ਜ਼ਿੰਮੇਵਾਰੀ ਹੈ।
ਕਾਬਲੇਗੌਰ ਹੈ ਕਿ 10 ਨਵੰਬਰ ਨੂੰ ਹੋਣ ਜਾ ਰਹੇ ਸਰਬੱਤ ਖਾਲਸਾ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਪੰਜ ਪਿਆਰਿਆਂ ਨੇ ਮੰਗਲਵਾਰ ਨੂੰ ਮੀਟਿੰਗ ਬੁਲਾਈ ਸੀ। ਇਸ ਮੀਟਿੰਗ ਵਿੱਚ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਹਾਜ਼ਰ ਨਹੀਂ ਹੋਏ ਸੀ। ਇਸ ਲਈ ਚਰਚਾ ਹੈ ਕਿ ਸਰਬੱਤ ਖਾਲਸਾ ਦੇ ਪ੍ਰਬੰਧਕ ਇੱਕਜੁੱਟ ਨਹੀਂ।
ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਬੀਤੇ ਦਿਨ ਪਿੰਡ ਬਰਗਾੜੀ ਵਿੱਚ ਪੰਜ ਪਿਆਰਿਆਂ ਨਾਲ ਹੋਈ ਮੀਟਿੰਗ ਸਮੇਂ ਸਪੱਸ਼ਟ ਕੀਤਾ ਗਿਆ ਸੀ ਕਿ ਪੰਜ ਪਿਆਰੇ ਆਪਸੀ ਰਲੇਵੇਂ ਤੋਂ ਪਹਿਲਾਂ ਨਵੰਬਰ 2015 ਵਿੱਚ ਕੀਤੇ ਸਰਬੱਤ ਖ਼ਾਲਸਾ ਨੂੰ ਮਾਨਤਾ ਦੇਣ। ਸਰਬੱਤ ਖ਼ਾਲਸਾ ਵਿੱਚ ਚੁਣੇ ਜਥੇਦਾਰਾਂ ਤੇ ਪਾਸ ਕੀਤੇ ਮਤਿਆਂ ਨੂੰ ਵੀ ਪ੍ਰਵਾਨ ਕਰਨ ਪਰ ਫਿਲਹਾਲ ਉਨ੍ਹਾਂ ਨੇ ਇਸ ਬਾਰੇ ਕੋਈ ਸਹਿਮਤੀ ਨਹੀਂ ਦਿੱਤੀ।
ਉਨ੍ਹਾਂ ਦੱਸਿਆ ਕਿ ਪ੍ਰਬੰਧਕੀ ਧਿਰਾਂ ਵਿੱਚ ਸ਼ਾਮਲ ਸਿਮਰਨਜੀਤ ਸਿੰਘ ਮਾਨ, ਭਾਈ ਮੋਹਕਮ ਸਿੰਘ ਸਮੇਤ ਮੁਤਵਾਜ਼ੀ ਜਥੇਦਾਰ ਤੇ ਹੋਰ ਕੋਈ ਵੀ ਮੰਗਲਵਾਰ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਤੇ ਤਾਲਮੇਲ ’ਚ ਆਈ ਖੜੋਤ ਨੂੰ ਤੋੜਣ ਲਈ ਜਲਦੀ ਹੀ ਜਗਤਾਰ ਸਿੰਘ ਹਵਾਰਾ ਨਾਲ ਮੀਟਿੰਗ ਕੀਤੀ ਜਾਵੇਗੀ।

LEAVE A REPLY