ਅਕਾਲੀ ਦਲ ਦੇ ਦੋ ਮੌਜੂਦਾ ਗੁਰਦੁਆਰਾ ਕਮੇਟੀ ਮੈਂਬਰ ਸਰਨਾ ਧੜੇ ‘ਚ ਸ਼ਾਮਲ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਦੋ ਮੌਜੂਦਾ ਮੈਂਬਰ ਪਾਰਟੀ ਛੱਡ ਕੇ ਪਰਮਜੀਤ ਸਿੰਘ ਸਰਨਾ ਦੇ ਧੜੇ ਵਿੱਚ ਸ਼ਾਮਲ ਹੋ ਗਏ ਹਨ। ਗੁਰਦੁਆਰਾ ਚੋਣ ਹਲਕਾ ਪ੍ਰੀਤ ਵਿਹਾਰ ਤੋਂ ਮੈਂਬਰ ਦਰਸ਼ਨ ਸਿੰਘ ਤੇ ਗੀਤਾ ਕਾਲੋਨੀ ਹਲਕੇ ਤੋਂ ਮੈਂਬਰ ਮਨਮੋਹਨ ਸਿੰਘ ਮਿੰਟੂ ਵੱਲੋਂ ਗੁਰਦੁਆਰਾ ਚੋਣਾਂ ਤੋਂ ਐਨ ਪਹਿਲਾਂ ਪਾਰਟੀ ਨੂੰ ਅਲਵਿਦਾ ਕਹਿਣਾ, ਬਾਦਲ ਦਲ ਦਿੱਲੀ ਪ੍ਰਦੇਸ਼ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਇਸ ਦੌਰਾਨ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਬਾਦਲ ਦਲ ਦੀ ਸੱਤਾ ਵਾਲੀ ਕਮੇਟੀ ਨੇ ਪਿਛਲੇ 4 ਸਾਲਾਂ ਵਿਚ ਰੱਜ ਕੇ ਭ੍ਰਿਸ਼ਟਾਚਾਰ ਕੀਤਾ। ਉਨ੍ਹਾਂ ਆਖਿਆ ਕਿ ਬਾਦਲ ਦਲ ਦੀਆਂ ਨੀਤੀਆਂ ਬਾਰੇ ਦਿੱਲੀ ਦੇ ਲੋਕ ਜਾਣੂ ਹੋ ਚੁੱਕੇ ਹਨ ਅਤੇ ਇਸ ਲਈ ਮੁੜ ਕੇ ਇਹਨਾਂ ਨੂੰ ਕੋਈ ਮੌਕਾ ਨਹੀਂ ਮਿਲੇਗਾ। ਇਸ ਦੌਰਾਨ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਬਾਦਲ ਦਲ ਦੇ ਸਾਬਕਾ ਮੈਂਬਰਾਂ ਨੇ ਮੌਜੂਦ ਕਮੇਟੀ ਦੀਆਂ ਨੀਤੀਆਂ ‘ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਮੌਜੂਦਾ ਮੈਂਬਰਾਂ ਨੇ ਦਾਅਵਾ ਕੀਤਾ ਹੈ ਬਾਦਲ ਦਲ ਆਗੂਆਂ ਦੇ ਬਾਕੀ ਗ਼ਲਤ ਕੰਮਾਂ ਦਾ ਖ਼ੁਲਾਸਾ ਨੇੜਲੇ ਭਵਿੱਖ ਵਿਚ ਕੀਤਾ ਜਾਵੇਗਾ।