6ਵਾਸ਼ਿੰਗਟਨ : ਭਾਰਤ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਸ਼ਿਵ ਸ਼ੰਕਰ ਮੈਨਨ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਪ੍ਰਮਾਣੂੰ ਹਥਿਆਰਾਂ ਨੂੰ ਅਸਲ ਖਤਰਾ ਅੱਤਵਾਦੀ ਸੰਗਠਨਾਂ ਤੋਂ ਨਹੀਂ, ਸਗੋਂ ਉਸ ਦੀ ਫੌਜ ਦੇ ਅੰਦਰ ਮੌਜੂਦ ਅਸਥਿਰ ਅਨਸਰਾਂ ਕੋਲੋਂ ਹੈ। ਮੈਨਨ ਨੇ ਆਪਣੀ ਇਕ ਪੁਸਤਕ ‘ਚ ਲਿਖਿਆ ਹੈ ਕਿ ਅੱਤਵਾਦੀਆਂ ਕੋਲ ਤਬਾਹੀ ਮਚਾਉਣ ਲਈ ਤੁਲਨਾ ‘ਚ ਸਸਤੇ ਅਤੇ ਸੌਖੇ ਮਾਧਿਅਮ ਹਨ। ਪ੍ਰਮਾਣੂੰ ਹਥਿਆਰ ਇਕ ਗੁੰਝਲਦਾਰ ਉਪਕਰਨ ਹੈ ਜਿਸ ਦਾ ਪ੍ਰਬੰਧ ਕਰਨਾ, ਵਰਤੋਂ ਕਰਨੀ ਅਤੇ ਉਸ ਨਾਲ ਤਬਾਹੀ ਮਚਾਉਣੀ ਬਹੁਤ ਔਖਾ ਕੰਮ ਹੈ। ਇਸ ਲਈ ਉੱਚ ਪੱਧਰ ‘ਤੇ ਹੁਨਰ ਦੀ ਲੋੜ ਹੁੰਦੀ ਹੈ।
ਪੁਸਤਕ ਮੁਤਾਬਕ ਪ੍ਰਮਾਣੂੰ ਹਥਿਆਰਾਂ ਦਾ ਅਸਲ ਖਤਰਾ ਪਾਕਿਸਤਾਨ ਨੂੰ ਆਪਣੇ ਹੀ ਅੰਦਰਲੇ ਲੋਕਾਂ ਕੋਲੋਂ ਹੈ। ਇਨ੍ਹਾਂ ਲੋਕਾਂ ‘ਚ ਕੋਈ ਪਾਕਿਸਤਾਨੀ ਪਾਇਲਟ, ਬ੍ਰਿਗੇਡੀਅਰ ਜਾਂ ਕੋਈ ਹੋਰ ਵਿਅਕਤੀ ਹੋ ਸਕਦਾ ਹੈ। ਦੁਨੀਆ ‘ਚ ਪਾਕਿਸਤਾਨ ਇਕੋ-ਇਕ ਅਜਿਹਾ ਦੇਸ਼ ਹੈ ਜਿੱਥੇ ਫੌਜ ਕੋਲ ਪ੍ਰਮਾਣੂੰ ਹਥਿਆਰਾਂ ਦਾ ਕੰਟਰੋਲ ਹੈ ਜਦਕਿ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ‘ਚ ਫੌਜ ਕੋਲ ਇਹ ਕੰਟਰੋਲ ਨਹੀਂ ਹੈ। ਮੈਨਨ ਨੇ ਲਿਖਿਆ ਹੈ ਕਿ ਭਾਰਤ ਕੋਲ ਮੌਜੂਦ ਪ੍ਰਮਾਣੂੰ ਹਥਿਆਰ ਉਸ ਦੇ ਕੰਟਰੋਲ ਵਿਚ ਹਨ ਅਤੇ ਰਾਸ਼ਟਰੀ ਸੁਰੱਖਿਆ ‘ਚ ਉਨ੍ਹਾਂ ਦਾ ਆਪਣਾ ਯੋਗਦਾਨ ਹੈ। ਭਾਰਤ ਨੂੰ ਪ੍ਰਮਾਣੂੰ ਹਥਿਆਰਾਂ ਨੂੰ ਲੈ ਕੇ ਬਲੈਕਮੇਲ ਨਹੀਂ ਕੀਤਾ ਜਾ ਸਕਦਾ।
ਸ਼ਿਵ ਸ਼ੰਕਰ ਮੈਨਨ ਨੇ ਕਿਤਾਬ ਵਿਚ ਇਹ ਵੀ ਕਿਹਾ ਹੈ ਕਿ ਭਾਰਤ ਨੂੰ ਪਾਕਿਸਤਾਨ ਜਾਂ ਚੀਨ ਵਰਗੀਆਂ ਬਾਹਰੀ ਤਾਕਤਾਂ ਤੋਂ ਓਨਾ ਖਤਰਾ ਨਹੀਂ, ਜਿੰਨਾ ਅੰਦਰੂਨੀ ਤਾਕਤਾਂ ਤੋਂ ਹੈ।
ਇਹ ਖਤਰੇ ਫਿਰਕੂ ਅਤੇ ਸਮਾਜਿਕ ਹਿੰਸਾ ਦੇ ਰੂਪ ਵਿਚ ਪੈਦਾ ਹੁੰਦੇ ਹਨ। ਭਾਰਤ ਦੀ ਹੋਂਦ ‘ਤੇ ਇਸ ਸਮੇਂ ਕੋਈ ਬਾਹਰੀ ਖਤਰਾ ਨਹੀਂ। 1950 ਦੇ ਦਹਾਕੇ ਵਿਚ ਇਹ ਖਤਰਾ ਮੌਜੂਦ ਸੀ। ਜਨਵਰੀ 2010 ਤੋਂ ਮਈ 2014 ਤੱਕ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਰਹੇ ਮੈਨਨ ਨੇ ਕਿਹਾ ਕਿ 1960 ਦੇ ਦਹਾਕੇ ਦੇ ਅੰਤਿਮ ਸਾਲਾਂ ਤੱਕ ਵੱਖਵਾਦ ਦੇ ਜਿਹੜੇ ਅੰਦਰੂਨੀ ਖਤਰੇ ਸਨ, ਉਹ ਹੁਣ ਨਹੀਂ ਹਨ।

LEAVE A REPLY