ਪਿੰਡ ਦੀ ਸੱਥ ਵਿੱਚੋਂ (ਕਿਸ਼ਤ-216 )

main-news-300x150ਸੱਥ ਕੋਲ ਦੀ ਲੰਘੇ ਜਾਂਦੇ ਭੱਜਲਾਂ ਦੇ ਰੁਲਦੂ ਬਾਵੇ ਵੱਲ ਵੇਖ ਕੇ ਬਾਬੇ ਸੁਰਜਨ ਸਿਉਂ ਨੇ ਮਾਹਲੇ ਨੰਬਰਦਾਰ ਨੂੰ ਪੁੱਛਿਆ, ”ਕਿਉਂ ਬਈ ਨੰਬਰਦਾਰਾ! ਆਹ ਰੁਲਦੂ ਬਾਵੇ ਦਾ ਹੁਣੇ ਹੁਣੇ ਚੌਥਾ ਪੰਜਮਾਂ ਗੇੜਾ ਲਗਦਾ ਯਾਰ। ਅੱਗੇ ਤਾਂ ਸੱਥ ‘ਚ ਵੀ ਦੋ ਘੜੀਆਂ ਬਹਿ ਬੂਹ ਜਾਂਦਾ ਸੀ, ਹੁਣ ਮਹੀਨਾ ਸਾਰਾ ਹੋ ਗਿਆ ਸੱਥ ‘ਚ ਮਨ੍ਹੀ ਆਇਆ। ਕਿਹੜਿਆਂ ਰੰਗਾਂ ‘ਚ ਫ਼ਿਰਦੈ ਇਹੇ?”
ਬਾਬੇ ਦੇ ਕੋਲ ਬੈਠਾ ਸੀਤਾ ਮਰਾਸੀ ਕਹਿੰਦਾ, ”ਇਹ ਕੋਈ ਬਾਬਾ ਅੱਜ ਦਾ ਕੰਮ ਐ ਇਹਦਾ। ਤੈਨੂੰ ਈ ਅੱਜ ਦਿਸਿਐ। ਇਹ ਤਾਂ ਨਿੱਤ ਈ ਪਿੰਡ ‘ਚ ਇਉਂ ਤੁਰਿਆ ਫ਼ਿਰਦਾ ਰਹਿੰਦਾ ਜਿਮੇਂ ਰਾਤ ਦੀ ਖੁੱਲ੍ਹੀ ਵੀ ਮੱਝ ਦਪਹਿਰ ਤਕ ਔਟਲੀ ਤੁਰੀ ਫ਼ਿਰਦੀ ਹੁੰਦੀ ਐ।”
ਏਨੇ ਚਿਰ ਨੂੰ ਨਾਥਾ ਅਮਲੀ ਸੱਥ ‘ਚ ਆ ਕੇ ਕਹਿੰਦਾ, ”ਆਹ ਭੱਜਲਾਂ ਦਾ ਰੁਲਦੂ ਬਾਵਾ ਅੱਜ ਬਾਹਲ਼ਾ ਈ ਤੇਜ ਹੋਇਆ ਫ਼ਿਰਦਾ ਜਿਮੇਂ ਇੰਜਨ ਨਮਾਂ ਨਿੳਜਲ ਪਲੰਜਰ ਪਾਏ ਤੋਂ ਵੱਘਾਂ ਮਾਰਦਾ ਹੁੰਦੈ।”
ਸੀਤਾ ਮਰਾਸੀ ਕਹਿੰਦਾ, ”ਉਹੀ ਤਾਂ ਅਸੀਂ ਗੱਲ ਕਰੀ ਜਾਨੇ ਆਂ ਬਈ ਨਿੱਤ ਈ ਗੇੜੇ ‘ਤੇ ਗੇੜਾ ਹੁੰਦਾ ਇਹਦਾ ਪਿੰਡ ‘ਚ।”
ਨਾਥਾ ਅਮਲੀ ਕਹਿੰਦਾ, ”ਅੱਜ ਤਾਂ ਪਤੰਦਰ ਇਉਂ ਭੱਜਿਆ ਫ਼ਿਰਦਾ ਜਿਮੇਂ ਰੇਲੋ ਮਾਈ ਵਿਆਹਾਂ ਦੇ ਦਿਨਾਂ ‘ਚ ਇੱਕ ਵਿਆਹ ‘ਚੋਂ ਦੂਜੇ ਵਿਆਹ ‘ਚ ਟਟੀਹਰੀ ਬਣੀ ਫ਼ਿਰਦੀ ਹੁੰਦੀ ਐ।
ਬੁੱਘਰ ਦਖਾਣ ਨੇ ਪੁੱਛਿਆ, ”ਇਨ੍ਹਾਂ ਨੂੰ ਭੱਜਲਾਂ ਦੇ ਕਿਉਂ ਕਹਿੰਦੇ ਐ ਬਈ। ਤੈਨੂੰ ਤਾਂ ਪਤਾ ਹੋਣੈ ਬਾਬਾ ਕੁ ਨਹੀਂ?”
ਬੁੱਘਰ ਦਾ ਸੁਆਲ ਸੁਣ ਕੇ ਬਾਬਾ ਤਾਂ ਬੋਲਿਆ ਨਾ, ਨਾਥੇ ਅਮਲੀ ਨੇ ਪਹਿਲਾਂ ਹੀ ਤੂੰਬਾ ਖੜਕਾ ‘ਤਾ, ”ਮੈਂ ਦਸਦਾਂ ਤੈਨੂੰ ਬਈ ਇਹ ਭੱਜਲ ਕਿਉਂ ਵਜਦੇ ਐ। ਕੰਮ ਹੋਵੇ ਚਾਹੇ ਨਾ ਹੋਵੇ, ਇਨ੍ਹਾਂ ਦਾ ਸਾਰਾ ਟੱਬਰ ਜਿੱਧਰ ਵੀ ਜਾਂਦੈ, ਹਰਲ ਹਰਲ ਕਰਦਾ ਭੱਜਿਆ ਈ ਫ਼ਿਰਦਾ ਰਹਿੰਦਾ। ਤਿੰਨ ਚਾਰ ਸਾਲ ਦੀ ਗੱਲ ਐ, ਇਹ ਰੁਲਦੂ ਬਾਵਾ ਕਿਤੇ ਇੱਕ ਦਿਨ ਅੱਜ ਆਂਗੂੰ ਸੱਥ ਕੋਲ ਦੀ ਕਈ ਗੇੜੇ ਮਾਰ ਗਿਆ। ਜਦੋਂ ਅਠਮੇਂ ਸਤਮੇਂ ਗੇੜੇ ਕਿਤੇ ਸੱਥ ਕੋਲ ਦੀ ਨੰਘਣ ਲਗਿਆ ਤਾਂ ਝਾਫ਼ਿਆਂ ਦਾ ਬਿਸ਼ਨਾ ਬੁੜ੍ਹਾ ਰੁਲਦੂ ਦੇ ਮੂਹਰੇ ਝਾਫ਼ਾ ਬਣ ਕੇ ਖੜ੍ਹ ਗਿਆ। ਕਹਿੰਦਾ ‘ਕਿੱਧਰ ਭੱਜਿਆ ਫ਼ਿਰਦੈਂ ਓਏ ਭੱਜਲਾ’? ਓਦੇਂ ਸੱਥ ਵੀ ਪੂਰੀ ਫ਼ੁੱਲ ਭਰੀ ਵੀ ਸੀ। ਜਦੋਂ ਬਿਸ਼ਨੇ ਬੁੜ੍ਹੇ ਨੇ ਇਹ ਗੱਲ ਆਖੀ ਤਾਂ ਸਾਰੀ ਸੱਥ ਬੁੜ੍ਹੇ ਦੀ ਗੱਲ ‘ਤੇ ਹੱਸ ਪੀ। ਆਪਣੇ ਪਿੰਡ ਆਲਿਆਂ ਦਾ ਤਾਂ ਬਾਬਾ ਤੈਨੂੰ ਪਤਾ ਈ ਐ ਬਈ ਕੋਈ ਗੱਲ ਥਿਆ ਜੇ ਸਹੀ ਫ਼ੇਰ ਤਾਂ ਬੱਦਲਾਂ ਨਾਲ ਰਲਾ ਦਿੰਦੇ ਐ ਗੱਲ ਨੂੰ। ਹੁਣ ਸਾਰਾ ਪਿੰਡ ਇਨ੍ਹਾਂ ਦੇ ਲਾਣੇ ਨੂੰ ਭੱਜਲ ਕਹਿੰਦਾ। ਆਹ ਗੱਲ ਐ ਬਾਬਾ।”
ਸੀਤਾ ਮਰਾਸੀ ਕਹਿੰਦਾ, ”ਹੁਣ ਕਿਹੜਾ ਇਨ੍ਹਾਂ ਦੀ ਸ਼ਪੀਟ ਘਟ ਗੀ। ਹੁਣ ਵੀ ਓਨਾਂ ਈ ਭੱਜਦੇ ਐ।”
ਬਾਬਾ ਸੁਰਜਨ ਸਿਉਂ ਕਹਿੰਦਾ, ”ਆਹ ਜੁਆਕ ਜੇ ਤਾਂ ਇਨ੍ਹਾਂ ਦੇ ਇਨ੍ਹਾਂ ਤੋਂ ਵੀ ਵੱਧ ਭਜਦੇ ਹੋਣਗੇ ਨਮੀਂ ਪੀੜ੍ਹੀ ਕਰ ਕੇ ਕੁ ਨਹੀਂ?”
ਨਾਥਾ ਅਮਲੀ ਕਹਿੰਦਾ, ”ਭੱਜਦੇ ਛੱਡ ਇਹ ਤਾਂ ਉਡਦੇ ਐ।”
ਸੀਤਾ ਮਰਾਸੀ ਕਹਿੰਦਾ, ”ਭੱਜਲਾਂ ਤੋਂ ਉੱਡਣਿਆਂ ਦੇ ਕਹਿਣ ਲੱਗ ਜੋ ਫ਼ਿਰ ਹੁਣ। ਕਿਉਂ ਬਾਬਾ ਠੀਕ ਐ ਕੁ ਨਹੀਂ?”
ਬਾਬੇ ਨੇ ਫ਼ੇਰ ਅਮਲੀ ਨੂੰ ਹਲੂਣਿਆਂ, ”ਕਿਉਂ ਅਮਲੀਆ! ਆਹ ਇੱਕ ਹੋਰ ਗੱਲ ਕਹੀ ਸੀ ਤੂੰ। ਅਕੇ ਰੁਲਦੂ ਬਾਵੇ ਨੂੰ ਝਾਫ਼ਿਆਂ ਦਾ ਬਿਸ਼ਨਾ ਬੁੜ੍ਹਾ ਘੇਰ ਕੇ ਖੜ੍ਹ ਗਿਆ ਸੀ। ਇਹ ਬਿਸ਼ਨੇ ਬੁੜ੍ਹੇ ਕਿਆਂ ਨੂੰ ਝਾਫ਼ਿਆਂ ਦੇ ਕਾਹਤੋਂ ਕਹਿੰਦੇ ਐ ਬਈ?”
ਅਮਲੀ ਕਹਿੰਦਾ, ”ਬਿਸ਼ਨੇ ਬੁੜ੍ਹੇ ਕਿਆਂ ਨੂੰ ਹਰੇਕ ਨੂੰ ਈ ਘੇਰ-ਘੇਰ ਕੇ ਮੂਹਰੇ ਖੜ੍ਹ ਕੇ ਗੱਲਾਂ ਕਰਨ ਦੀ ਆਦਤ ਐ। ਜੇ ਲੜਣਾ ਹੋਊ ਫ਼ੇਰ ਵੀ ਮੂਹਰੇ ਇਉਂ ਅੜ ਕੇ ਖੜ੍ਹ ਜਾਣਗੇ ਜਿਮੇਂ ਕਾਲਜਾਂ ਆਲੇ ਪਾੜ੍ਹੇ ਹੜਤਾਲ ਵੇਲੇ ਬੱਸ ਦੇ ਮੂਹਰੇ ਖੁੰਢ ਸਿੱਟ ਕੇ ਖੜ੍ਹ ਜਾਂਦੇ ਐ। ਤਾਂ ਕਰ ਕੇ ਆਪਣੇ ਪਿੰਡ ਆਲੇ ਬਿਸ਼ਨੇ ਬੁੜ੍ਹੇ ਕਿਆਂ ਨੂੰ ਝਾਫ਼ੇ ਕਹਿਣ ਲੱਗ ਗੇ।”
ਮਾਹਲਾ ਨੰਬਰਦਾਰ ਬਾਬੇ ਸੁਰਜਨ ਸਿਉਂ ਨੂੰ ਕਹਿੰਦਾ, ”ਇਹ ਸਾਰੇ ਪੁੱਠੇ ਸਿੱਧੇ ਨਾਂਅ ਸੁਰਜਨ ਸਿਆਂ ਸੱਥ ‘ਚੋਂ ਈ ਟਿਕਦੇ ਐ। ਮੈਨੂੰ ਤਾਂ ਲੱਗਦਾ ਆਪਣੇ ਪਿੰਡ ‘ਚ ਕੋਈਉ ਈ ਘਰ ਹੋਊ ਜੀਹਦਾ ਕੋਈ ਨਾਂਅ ਨਾ ਟਿਕਿਆ ਹੋਵੇ।”
ਬਾਬਾ ਸੁਰਜਨ ਸਿਉਂ ਨਾਥੇ ਅਮਲੀ ਨੂੰ ਕਹਿੰਦਾ, ”ਕਿਉਂ ਬਈ ਨਾਥਾ ਸਿਆਂ! ਪਹਿਲਾਂ ਤਾਂ ਆਪਣੇ ਗੁਆੜ ‘ਚ ਦੱਸ ਕੀਹਨੂੰ-ਕੀਹਨੂੰ ਕੀ ਕਹਿੰਦੇ ਐ?”
ਪੈਰਾਂ ਭਾਰ ਤਾਸ਼ ਖੇਡੀ ਜਾਂਦਿਆਂ ਕੋਲ ਬੈਠਾ ਨਾਥਾ ਅਮਲੀ ਮੋਢੇ ਤੋਂ ਸਾਫ਼ਾ ਲਾਹ ਕੇ ਸੱਥ ਵਾਲੇ ਥੜ੍ਹੇ ‘ਤੇ ਰੱਖ ਕੇ ਸਾਫ਼ੇ ਉੱਤੇ ਬਹਿੰਦਾ ਬਾਬੇ ਨੂੰ ਟਿੱਚਰ ‘ਚ ਕਹਿੰਦਾ, ”ਪਹਿਲਾਂ ਸੋਡੇ ਘਰ ਤੋਂ ਈ ਨਾ ਬਾਬਾ ਸ਼ੁਰੂ ਕਰਦਿਆਂ ਬਈ ਸੋਡਾ ਲਾਣਾ ਕਿਨ੍ਹਾਂ ਦਾ ਵਜਦੈ?”
ਮਾਹਲਾ ਨੰਬਰਦਾਰ ਗੱਲ ਟਾਲਦਾ ਬੋਲਿਆ, ”ਐਧਰੋਂ ਖੀਵੇ ਕੀ ਪੱਤੀ ਅੱਲੋਂ ਲੱਗ ਪਹਿਲਾਂ।”
ਅਮਲੀ ਕਹਿੰਦਾ, ”ਲੈ ਫ਼ਿਰ ਪਹਿਲਾਂ ਤਾਂ ਆਪਣੇ ਗੁਆੜ ਆਲਿਆਂ ਦੀ ਪੱਤਰੀ ਖੋਲ੍ਹਦੇ ਆਂ। ਤਾਰੇ ਮੋਹਰੇ ਕਿਆਂ ਨੂੰ ਪਿਚਕਿਆਂ ਦੇ ਕਹਿੰਦੇ ਐ। ਬੱਗੜ ਕੇ ਚੰਦ ਦਾ ਨਾਂਅ ਚੰਦ ਠੇਡਾ ਧਰਿਆ ਵਿਆ।”
ਅਮਲੀ ਦੀ ਗੱਲ ਵਿੱਚੋਂ ਟੋਕ ਕੇ ਬਾਬਾ ਸੁਰਜਨ ਸਿਉਂ ਕਹਿੰਦਾ, ”ਇਉਂ ਨ੍ਹੀ ਨਾਥਾ ਸਿਆਂ। ਜਿਮੇਂ ਕਥਾ ਕਰਨ ਆਲਾ ਭਾਈ ਜੀ ਗੱਲ ਦਾ ਨਚੋੜ ਕੱਢ-ਕੱਢ ਦਸਦਾ ਹੁੰਦਾ ਓਮੇਂ ਦੱਸ ਬਈ ਅੱਲ ਪਈ ਕਿੱਥੋਂ ਐ ਇਨ੍ਹਾਂ ਨੂੰ?”
ਨਾਥਾ ਅਮਲੀ ਕਹਿੰਦਾ, ”ਬੱਗੜ ਕੇ ਚੰਦ ਨੂੰ ਤਾਂ ਚੰਦ ਠੇਡਾ ਇਉਂ ਕਹਿੰਦੇ ਐ ਬਈ ਉਹ ਜਦੋਂ ਵੀ ਮੰਡੀ ਮੁੰਡੀ ਕੋਈ ਚੀਜ਼ ਵਸਤ ਖਰੀਦਣ ਜਾਊ ਪਤੰਦਰ ਪਹਿਲਾਂ ਠੇਡਾ ਮਾਰੂ ਜਾ ਕੇ। ਤੁਰਿਆ ਫ਼ਿਰਦਾ ਵੀ ਐਮੇਂ ਈ ਹਰੇਕ ਚੀਜ ਦੇ ਠੇਡੇ ਮਾਰਦਾ ਫ਼ਿਰੂ। ਜਿਹੋ ਜਾ ਕਾਮ, ਓਹੋ ਜਾ ਨਾਮ। ਪਿੰਡ ਆਲੇ ਚੰਦ ਠੇਡਾ ਕਹਿਣ ਲੱਗ ਗੇ।”
ਸੀਤਾ ਮਰਾਸੀ ਅਮਲੀ ਦੀ ਗੱਲ ਦੇ ਵਿੱਚ ਬੋਲ ਕੇ ਹੱਸ ਕੇ ਕਹਿੰਦਾ, ”ਕੇਰਾਂ ਘੁੱਲੇ ਸਰਪੈਂਚ ਕੇ ਸੁੱਤੇ ਪਏ ਖਾਖੀ ਜੇ ਕੁੱਤੇ ਦੇ ਬੋਰੀ ਦੇ ਭਲੇਖੇ ਕਿਤੇ ਠੇਡਾ ਮਾਰ ਬੈਠਾ। ਕੁੱਤੇ ਨੇ ਚੰਦ ਦਾ ਸੁੱਥੂ ਵਿਆਹ ‘ਚ ਲੱਗੀ ਚਾਨਣੀ ਦੀ ਝਾਲਰ ਅਰਗਾ ਕਰ ‘ਤਾ ਪਾੜ ਕੇ।”
ਬਾਬਾ ਸੁਰਜਨ ਸਿਉਂ ਸੀਤੇ ਮਰਾਸੀ ਨੂੰ ਘੂਰ ਕੇ ਬੋਲਿਆ, ”ਚੁੱਪ ਕਰ ਓਏ ਮੀਰ। ਗੱਲ ਗਾਹਾਂ ਤੁਰਨ ਦੇ। ਹਾਂ ਬਈ ਨਾਥਾ ਸਿਆਂ! ਅੱਗੇ ਦੱਸ। ਤਾਰੇ ਮੋਹਰੇ ਕੇ ਪਿਚਕੇ ਕਿਉਂ ਵਜਦੇ ਐ?”
ਅਮਲੀ ਕਹਿੰਦਾ, ”ਤਾਰੇ ਮੋਹਰੇ ਕੇ ਸਣੇ ਬੁੜ੍ਹੀਆਂ ਤੋਂ ਸਾਰੇ ਟੱਬਰ ਦੇ ਸਰੀਰ ਤਾਂ ਵੇਖ ਬਾਬਾ ਜਿਮੇਂ ਕੇਲੇ ਦੀਆਂ ਛੱਲੀਆਂ ਮਿੱਧ ਕੇ ਸਿੱਟੀਆਂ ਹੁੰਦੀਐਂ। ਪਤਾ ਨ੍ਹੀ ਪਤੰਦਰ ਕੁਸ ਖਾਂਦੇ ਨ੍ਹੀ, ਸੁੱਕ ਕੇ ਕੁੱਤੇ ਦੀ ਗਲੱਛੀ ਲੀਰ ਅਰਗੇ ਹੋਏ ਪਏ ਐ। ਵੀਹ ਸੇਰ ਤੋਂ ਵੱਧ ਟੱਬਰ ਦੇ ਕਿਸੇ ਵੀ ਜੀਅ ਦਾ ਭਾਰ ਨ੍ਹੀ ਹੋਣਾ। ਲੋਕਾਂ ਨੇ ਪਿਚਕੇ ਨਾਂਅ ਧਰ ਲਿਆ। ਪਿੱਚਕੇ ਤਾਂ ਪਏ ਐ ਹੋਰ ਕੀ ਐ।”
ਬੁੱਘਰ ਦਖਾਣ ਅਮਲੀ ਨੂੰ ਕਹਿੰਦਾ, ”ਅਮਲੀਆ ਸੋਡੇ ਗੁਆਂਢੀ ਭਜਨੇ ਕਿਆਂ ਨੂੰ ਪਤਲੀ ਆਲੇ ਕਾਹਤੋਂ ਕਹਿੰਦੇ ਐ?”
ਮਾਹਲਾ ਨੰਬਰਦਾਰ ਟਿੱਚਰ ‘ਚ ਕਹਿੰਦਾ, ”ਮੁੱਦਕੀ ਕੋਲੋਂ ਪਤਲੀ ਪਿੰਡੋਂ ਉੱਠ ਕੇ ਆਏ ਹੋਣੇ ਐਂ ਆਪਣੇ ਪਿੰਡ ਨਾਨਕੇ ਢੇਰੀ ‘ਤੇ ਕੁ ਨ੍ਹੀਂ?”
ਭਜਨਿਆਂ ਕਿਆਂ ਨੂੰ ਪਤਲੀ ਆਲੇ ਕਹਿੰਦੇ ਸੁਣ ਕੇ ਨਾਥਾ ਅਮਲੀ ਬਾਬੇ ਨੂੰ ਕਹਿੰਦਾ, ”ਇਨ੍ਹਾਂ ਬਾਰੇ ਨਾ ਪੁੱਛ ਬਾਬਾ। ਇਨ੍ਹਾਂ ਦੀ ਗੱਲ ਨ੍ਹੀ ਮੈਂ ਕਰਨੀ।”
ਬਾਬਾ ਕਹਿੰਦਾ, ”ਪੁੱਛਣਾ ਤਾਂ ਸ਼ੇਰ ਬੱਗਿਆ ਇਨ੍ਹਾਂ ਬਾਰੇ ਈ ਐ। ਦੱਸਦੇ-ਦੱਸਦੇ ਯਾਰ ਇਉਂ ਕਿਉਂ ਕਰਦੈਂ।”
ਬਾਬੇ ਦਾ ਪਲੋਸਿਆ ਨਾਥਾ ਅਮਲੀ ਗਲੋਟੇ ਵਾਂਗੂੰ ਉੱਧੜ ਪਿਆ। ਕਹਿੰਦਾ ”ਲੈ ਸੁਣ ਲਾ ਫ਼ਿਰ ਬਾਬਾ ਭਜਨੇ ਕਿਆਂ ਨੂੰ ਪਤਲੀ ਆਲੇ ਕਿਉਂ ਕਹਿੰਦੇ ਐਂ।”
ਗੱਲ ਸੁਣਾਉਣ ਤੋਂ ਪਹਿਲਾਂ ਨਾਥਾ ਅਮਲੀ ਨੀਵੀਂ ਪਾ ਕੇ ਐਧਰ ਓਧਰ ਸਿਰ ਜਾ ਫ਼ੇਰ ਦਾ ਹੱਸ ਕੇ ਕਹਿੰਦਾ, ”ਕਿਉਂ ਬਾਬਾ ਯਾਰ ਛੇੜਦੈਂ ਭਜਨੇ ਕਿਆਂ ਦੀ ਗੱਲ। ਕਿਸੇ ਚੱਜ ਦੇ ਲਾਣੇ ਦਾ ਪੁੱਛ ਲੋ ਖਾਂ।”
ਸੀਤਾ ਮਰਾਸੀ ਨਾਥੇ ਅਮਲੀ ਨੂੰ ਕੁੜੈਣ ਖਾਧੀ ਮੱਝ ਵਾਂਗੂੰ ਕਤਾੜ ਕੇ ਪੈ ਗਿਆ, ”ਦੱਸਦਾ ਕਿਉਂ ਨ੍ਹੀ ਓਏ। ਤੇਰੇ ਕੀ ਭੂਆ ਦੇ ਪੁੱਤ ਲੱਗਦੇ ਐ ਭਜਨੇ ਕੇ। ਛੇਤੀ ਛੇਤੀ ਦੱਸ ਨਹੀਂ ਫ਼ਿਰ ਅਸੀਂ ਤੇਰੀ ਪੱਤਰੀ ਖੋਲ੍ਹੀਏ।”
ਅਮਲੀ ਨੇ ਸੋਚਿਆ ਬਈ ਜੇ ਭਜਨੇ ਕਿਆਂ ਨੂੰ ਪੈਂਦੀ ਅੱਲ ਬਾਰੇ ਨਾ ਦੱਸਿਆ ਤਾਂ ਸਾਡੇ ਟੱਬਰ ਆਲਾ ਮੱਕੂ ਬੰਨ੍ਹਣਗੇ ਹੁਣ ਇਹੇ।
ਅਮਲੀ ਕਹਿੰਦਾ, ”ਭਜਨੇ ਕਿਆਂ ਨੂੰ ਪਤਲੀ ਆਲਿਆਂ ਦਾ ਲਾਣਾ ਇਉਂ ਕਰ ਕੇ ਕਹਿੰਦੇ ਐ, ਉਹ ਡਰਪੋਕ ਬਾਹਲ਼ੇ ਐ। ਲੜਾਈ ਤਾਂ ਪਿੰਡ ਦੇ ਦੂਜੇ ਪਾਸੇ ਹੋਊ, ਇਹ ਭਜਨੇ ਕੇ ਡੂਢ ਮੀਲ ਦੂਰ ਬੈਠੇ ਈ ਡਰੀ ਜਾਣਗੇ। ਕੇਰਾਂ ਇਨ੍ਹਾਂ ਦੇ ਦਰਾਂ ‘ਚ ਭੜਾਕਾ ਤਾਂ ਛਨੱਤਰ ਬਿੰਬਰ ਕੀ ਟਰੈਲੀ ਦੇ ਟੈਰ ਦਾ ਪਿਆ, ਇਹ ਪਤੰਦਰ ਸਾਰਾ ਟੱਬਰ ਡੱਬੇ ਚੱਕੀ ਫ਼ਿਰਦਾ ਰਿਹਾ।”
ਨਾਥੇ ਅਮਲੀ ਦੀ ਗੱਲ ਵਿੱਚੋਂ ਟੋਕ ਕੇ ਬਾਬਾ ਸੁਰਜਨ ਸਿਉਂ ਕਹਿੰਦਾ, ”ਅਮਲੀਆ! ਯਾਰ ਸਮਝ ਨ੍ਹੀ ਆਈ ਤੇਰੀ ਗੱਲ ਦੀ। ਡਰਪੋਕ ਨਾਲ ਟਰੈਲੀ ਦੇ ਟੈਰ ਦੀ ਜਾਂ ਆਹ ਜਿਹੜਾ ਤੁਸੀਂ ਪਤਲੀ ਆਲੇ ਕਹਿਨੇ ਐਂ ਇਹਦਾ ਕੀ ਤੱਲਕ ਐ ਯਾਰ। ਪੁੱਛਦੇ ਤਾਂ ਤੈਨੂੰ ਇਉਂ ਐ ਬਈ ਇਨ੍ਹਾਂ ਨੂੰ ਪਤਲੀ ਆਲੇ ਕਿਉਂ ਕਹਿੰਦੇ ਐ, ਤੂੰ ਹੋਰ ਈ ਬਤੌਲੇ ਬਤਾਈ ਜਾਨੈ। ਇਹ ਕੀ ਗੱਲ ਬਣੀ ਬਈ। ਅਕੇ ਟਰੈਲੀ ਦੇ ਟੈਰ ਦਾ ਭੜਾਕਾ ਪਏ ਤੋਂ ਡੱਬੇ ਚੱਲੀ ਫ਼ਿਰਦੇ ਸੀ। ਕੀ ਯਾਰ ਬਲਦ ਮੂਤਣੇ ਜੇ ਪਾਈ ਜਾਨੈ।”
ਅਮਲੀ ਕਹਿੰਦਾ, ”ਹਜੇ ਗਾਹਾਂ ਤਾਂ ਸੁਣ ਬਾਬਾ। ਇਹ ਪਤਲੀ ਆਲੇ ਡਰਪੋਕ ਕਰ ਕੇ ਈ ਵਜਦੇ ਐ। ਜਿਹੜੀ ਟਰੈਲੀ ਦੇ ਟੈਰ ਦੇ ਭੜਾਕਾ ਪਏ ਤੋਂ ਡੱਬੇ ਚੱਕਣ ਆਲੀ ਗੱਲ ਐ ਉਹ ਇਉਂ ਐਂ। ਜਦੋਂ ਭੜਾਕਾ ਪਿਆ ਤਾਂ ਇਨ੍ਹਾਂ ਨੇ ਸੋਚਿਆ ਬਈ ਬਈ ਕਿਤੇ ਗੋਲੀ ਚੱਲ ਗੀ। ਇਨ੍ਹਾਂ ਦੀ ਡਰਦਿਆਂ ਦੀ ਮੋਕ ਨਿੱਕਲਗੀ। ਜਦੋਂ ਮੋਕ ਪੈ ਗੀ ਤਾਂ ਇਨ੍ਹਾਂ ਨੇ ਜੰਗਲ ਪਾਣੀ ਨੂੰ ਡੱਬੇ ਚੱਕ ਲੇ। ਡਰਪੋਕ ਕਰ ਕੇ ਇਨ੍ਹਾਂ ਦੀ ਮੋਕ ਪੈ ਜਾਂਦੀ ਐ। ਮੋਕ ਪਤਲੀ ਕਰ ਜਾਂਦੇ ਐ ਡਰਦੇ। ਤਾਂ ਕਰ ਕੇ ਪਤਲੀ ਆਲੇ ਵਜਦੇ ਐ। ਬਈ ਮੋਕ ਮਾਰ ਗੇ।”
ਬਾਬੇ ਨੇ ਪੁੱਛਿਆ, ”ਹੋਰ ਕਿਸੇ ਨੂੰ ਕਿਹੜੀ ਅੱਲ ਪੈਂਦੀ ਐ ਬਈ?”
ਅਮਲੀ ਕਹਿੰਦਾ, ”ਜਿਹੜਾ ਆਪਣੇ ਗੁਆੜ ਆਲਾ ਨਾਜਰ ਕੂਕਾ। ਕਿੱਡਾ ਜਰਵਾਣਾ ਬੰਦਾ ਬਾਬਾ ਉਹੋ। ਲੈ ਉਹਨੂੰ ਪਿੰਡ ਆਲੇ ਪੱਦਲ ਈ ਦੱਸਣਗੇ।”
ਮਾਹਲਾ ਨੰਬਰਦਾਰ ਕਹਿੰਦਾ, ”ਅਮਲੀਆ ਜਰਵਾਣਾ ਕਿਹੜੇ ਪਾਸਿਉਂ ਐਂ ਓਏ ਉਹੋ। ਪੋਲਾ ਭੂਕ ਈ ਐ। ਊਈਂ ਮੋਟਾ ਹੋਇਆ ਵਿਆ। ਚਾਰ ਕਰਮ ਤੁਰਿਆ ਤਾਂ ਜਾਂਦਾ ਨ੍ਹੀ। ਜੇ ਕਿਤੇ ਤੁਰ ਪੂ ਤਾਂ ਇਉਂ ਹੌਂਕਣ ਲੱਗ ਜਾਂਦੈ ਜਿਮੇਂ ਗਰਮੀਆਂ ਦੀ ਰੁੱਤ ‘ਚ ਕੁੱਤਾ ਹੌਂਕਦਾ ਹੁੰਦਾ। ਕੰਮ ਦਾ ਉਹਤੋਂ ਡੱਕਾ ਦੂਹਰਾ ਨ੍ਹੀ ਹੁੰਦਾ। ਪੱਦਲ ਨਾ ਕਹਿਣ ਤਾਂ ਹੋਰ ਕੀ ਕਹਿਣ ਲੋਕ।”
ਥੜ੍ਹੇ ਕੋਲ ਸਾਇਕਲ ਲਈ ਖੜ੍ਹਾ ਗੱਲਾਂ ਸੁਣੀ ਜਾਂਦਾ ਕੜ੍ਹੀ ਖਾਣਿਆਂ ਦਾ ਬਿੱਲੂ ਅਮਲੀ ਨੂੰ ਕਹਿੰਦਾ, ”ਅਮਲੀਆ ਬਾਬੇ ਸੁਰਜਨ ਸਿਉਂ ਕੇ ਲਾਣੇ ਨੂੰ ਕੀ ਕਹਿੰਦੇ ਐ ਉਹ ਵੀ ਦਸਦੇ ਹੁਣ।”
ਜਦੋਂ ਬਿੱਲੂ ਨੇ ਇਹ ਗੱਲ ਕਹੀ ਤਾਂ ਬਾਬਾ ਵੀ ਸਮਝ ਗਿਆ ਬਈ ਅਮਲੀ ਹੁਣ ਮੇਰੇ ਆਲੇ ਵੀ ਚੌਂਹਟੇ ਚੱਕੂ। ਬਾਬਾ ਮੁਸ਼ਕਣੀਆਂ ਹੱਸਕੇ ਜੇਬ੍ਹ ਵਾਲੀ ਘੜੀ ਤੋਂ ਟਾਇਮ ਵੇਖਦਾ ਬੋਲਿਆ, ”ਨਾਥਾ ਸਿਆਂ ਪੰਜ ਵੱਜ ਗੇ ਓਏ। ਹੁਣ ਤਾਂ ਸਮੁੰਦਰ ਵੀ ਖੜ੍ਹ ਗੇ, ਚੱਲੋ ਘਰਾਂ ਨੂੰ ਚਲੀਏ। ਉੱਠੋ-ਉੱਠੋ।”
ਬਾਬੇ ਨੇ ਮੱਲੋ ਮੱਲੀ ਸਾਰੇ ਸੱਥ ‘ਚੋਂ ਉਠਾਅ ਲਏ ਬਈ ਅਮਲੀ ਕਿਤੇ ਸਾਡੇ ਘਰ ਦੀ ਕਹਾਣੀ ਨਾ ਛੇੜ ਕੇ ਬਹਿ ਜੇ। ਬਾਬੇ ਦੇ ਸੱਥ ‘ਚੋਂ ਉੱਠਣ ਨਾਲ ਬਾਕੀ ਦੀ ਸੱਥ ਵੀ ਉੱਠ ਕੇ ਆਪੋ ਆਪਣੇ ਘਰਾਂ ਨੂੰ ਚੱਲ ਪਈ।

LEAVE A REPLY