3ਚੰਡੀਗੜ੍ਹ : ਕਾਂਗਰਸ ਵਿਧਾਈ ਪਾਰਟੀ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਂਗਨਾ ਵਿਖੇ 21 ਸਾਲਾਂ ਦਲਿਤ ਨੌਜ਼ਵਾਨ ਸੁਖਚੈਨ ਸਿੰਘ ਦੀ ਬੇਰਹਮੀ ਨਾਲ ਹੱਤਿਆ ‘ਚ ਸ਼ਾਮਿਲ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਦੋਸ਼ੀਆਂ ਨੂੰ ਅਜ਼ਾਦ ਨਹੀਂ ਛੱਡਿਆ ਜਾਣਾ ਚਾਹੀਦਾ ਹੈ, ਕਿਉਂਕਿ ਦੋਸ਼ੀਆਂ ਨਾਲ ਸਮਝੌਤਾ ਕਰਨਾ ਅਤੇ ਬਾਅਦ ‘ਚ ਉਨ੍ਹਾਂ ਨੂੰ ਅਜ਼ਾਦ ਛੱਡ ਦੇਣਾ ਇਸ ਸਰਕਾਰ ਦੀ ਆਦਤ ਹੈ। ਵਰਤਮਾਨ ਸ਼ਾਸਨ ਵੱਲੋਂ ਨਿਰਪੱਖ ਜਾਂਚ ਲਈ ਬਣਾਈ ਹਰੇਕ ਐਸ.ਆਈ.ਟੀ ‘ਚ ਇਹੋ ਹੋਇਆ ਹੈ, ਲੇਕਿਨ ਕਿਸੇ ਵੀ ਪਰਿਵਾਰ ਨੂੰ ਨਿਆਂ ਨਹੀਂ ਮਿੱਲਿਆ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਇਸ ਦੁੱਖ ਦੀ ਘੜੀ ‘ਚ ਦਲਿਤ ਸਮਾਜ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਲਈ ਨਿਆਂ ਵਾਸਤੇ ਲੜੇਗੀ। ਚੰਨੀ ਨੇ ਕਿਹਾ ਕਿ ਇਸ ਬੇਰਹਮੀਪੂਰਨ ਘਟਨਾ ਨੇ ਇਕ ਵਾਰ ਫਿਰ ਤੋਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਭਾਜਪਾ ਪ੍ਰਸ਼ਾਸਨ ਦਾ ਦਲਿਤ ਵਿਰੋਧੀ ਚੇਹਰਾ ਸਾਹਮਣੇ ਲਿਆ ਦਿੱਤਾ ਹੈ, ਜਿਸਨੇ ਸੂਬੇ ਨੂੰ ਮਾਫੀਆ ਰਾਜ ਬਣਾ ਦਿੱਤਾ ਹੈ।
ਇਸ ਲੜੀ ਹੇਠ ਬੀਤੀ ਰਾਤ ਸ਼ਰਾਬ ਮਾਫੀਆ ਵੱਲੋਂ ਪਿੰਡ ਘਰਾਂਗਨਾ ਸਥਿਤ ਦਲਿਤ ਨੌਜ਼ਵਾਨ ਸੁਖਚੈਨ ਦੀ ਬੇਰਹਮੀ ਨਾਲ ਹੱਤਿਆ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਚੰਨੀ ਨੇ ਕਿਹਾ ਕਿ ਹੱਤਿਆਰੇ ਉਸਦੀ ਇਕ ਲੱਤ ਵੱਢ ਕੇ ਕਿਥੇ ਹੋਰ ਸੁੱਟ ਗਏ। ਇਕ ਦਲਿਤ ਦੀ ਇੰਨੀ ਬੇਰਹਮੀ ਨਾਲ ਹੱਤਿਆ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ, ਇਕ ਦਲਿਤ ਨੌਜ਼ਵਾਨ ਭੀਮ ਟਾਂਕ ਨੂੰ ਵੀ ਅਬੋਹਰ ‘ਚ ਅਕਾਲੀ ਆਗੂ ਤੇ ਹਲਕਾ ਇੰਚਾਰਜ਼ ਸ਼ਿਵ ਲਾਲ ਡੋਡਾ ਨਾਲ ਜੁੜੇ ਸ਼ਰਾਬ ਮਾਫੀਆ ਵੱਲੋਂ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ।
ਉਨ੍ਹਾ ਨੇ ਕਿਹਾ ਕਿ ਸੂਬੇ ‘ਚ ਬਿਗੜ ਰਹੀ ਕਾਨੂੰਨ ਤੇ ਵਿਵਸਥਾ ਦੀ ਹਾਲਤ ਤੋਂ ਪ੍ਰਤੀਤ ਹੁੰਦਾ ਹੈ ਕਿ ਬਾਦਲ ਸਿਰਫ ਨਾਂਮ ਦੇ ਮੁੱਖ ਮੰਤਰੀ ਹਨ। ਜਦਕਿ ਗ੍ਰਹਿ ਮੰਤਰੀ ਦਾ ਚਾਰਜ਼ ਵੀ ਸੰਭਾਲਣ ਵਾਲੇ ਉਨ੍ਹਾਂ ਦੇ ਡਿਪਟੀ ਮੁੱਖ ਮੰਤਰੀ ਪੁੱਤਰ ਸੁਖਬੀਰ ਸਿੰਘ ਬਾਦਲ ਦਾ ਇਕੋਮਾਤਰ ਯੋਗਦਾਨ ਮਾਫੀਆ ਤੇ ਗੈਂਗਾਂ ਨੂੰ ਬਣਾਉਣਾ ਹੈ, ਜਿਨ੍ਹਾਂ ਨੇ ਪੰਜਾਬ ਨੂੰ ਸੱਭ ਤੋਂ ਅਸੁਰੱਖਿਅਤ ਸੂਬਿਆਂ ‘ਚ ਸ਼ਾਮਿਲ ਕਰ ਦਿੱਤਾ ਹੈ। ਇਨ੍ਹਾਂ ਸੱਤਾਧਾਰੀ ਆਗੂਆਂ ਨੂੰ ਕਾਨੂੰਨ ਵਿਵਸਥਾ ਦੀ ਬਿਗੜ ਰਹੀ ਹਾਲਤ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਸਿਰਫ ਸੂਬੇ ਨੂੰ ਲੁੱਟਣ ਲੱਗੇ ਹੋਏ ਹਨ।
ਚੰਨੀ ਨੇ ਕਿਹਾ ਕਿ ਅਜਿਹੇ ਵੱਧ ਰਹੇ ਅੱਤਿਆਚਾਰਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਜਾਂ ਡਿਪਟੀ ਮੁੱਖ ਮੰਤਰੀ ਦਾ ਅਸਤੀਫਾ ਮੰਗਣਾ ਹੁਣ ਅਰਥਹੀਣ ਬਣ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਫਰਵਰੀ 2017 ‘ਚ ਚੋਣਾਂ ਹੋਣੀਆਂ ਹਨ, ਅਹਿਜੇ ‘ਚ ਜ਼ਲਦੀ ਚੋਣਾਂ ਕਰਵਾਉਣਾ ਹੀ ਕਾਨੂੰਨੀ ਹੱਲ ਹੈ, ਜਿਨ੍ਹਾਂ ਨੂੰ ਛੇ ਮਹੀਨਿਆਂ ਤੋਂ ਘੱਟ ਸਮਾਂ ਰਹਿ ਗਿਆ ਹੈ।
ਉਨ੍ਹਾਂ ਕਿਹਾ ਕਿ ਦਲਿਤ ਸੱਭ ਤੋਂ ਮਾੜੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਸ਼ਾਮਲਾਟ ਜ਼ਮੀਨ ਦੀ ਅਲਾਟਮੇਂਟ ਨੂੰ ਲੈ ਕੇ ਸੰਗਰੂਰ ਦੇ ਪਿੰਡ ਝਲੂਰ ‘ਚ ਦਲਿਤਾਂ ਤੇ ਜਮੀਦਾਰਾਂ ‘ਚ ਟਕਰਾਅ ਦਾ ਜ਼ਿਕਰ ਵੀ ਕੀਤਾ। ਜਿਸ ਤਨਾਅ ਦੇ ਚਲਦਿਆਂ 20 ਦਲਿਤ ਪਰਿਵਾਰਾਂ ਨੂੰ ਪਿੰਡ ਛੱਡਣ ਲਈ ਮਜ਼ਬੂਰ ਹੋਣਾ ਪਿਆ ਹੈ। ਜਿਹੜੇ ਦਲਿਤ ਖੇਤੀ ਲਈ ਸ਼ਾਮਲਾਟ ਜ਼ਮੀਨ ਤੋਂ ਆਪਣਾ ਹਿੱਸਾ ਮੰਗ ਰਹੇ ਸਨ।
ਉਨ੍ਹਾਂ ਨੇ ਭਰੋਸਾ ਦਿੱਤਾ ਕਿ ਕਾਂਗਰਸ ਦੀ ਸਰਕਾਰ ਬਣਨ ‘ਤੇ ਅਜਿਹੇ ਮੁੱਦਿਆਂ ਉਪਰ ਦਲਿਤਾਂ ਦੇ ਹਿੱਤਾਂ ਦੀ ਪੂਰੀ ਰਾਖੀ ਕੀਤੀ ਜਾਵੇਗੀ।

LEAVE A REPLY