8ਇਸਲਾਮਾਬਾਦ :  ਪਾਕਿਸਤਾਨ ਫੌਜ ਦੇ ਮੌਜੂਦਾ ਮੁਖੀ ਜਨਰਲ ਰਾਹੀਲ ਸ਼ਰੀਫ ਨਵੰਬਰ ‘ਚ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਦੇ ਉੱਤਰਾਧਿਕਾਰ ਲਈ ਕੁਝ ਨਾਂਵਾਂ ਦੀ ਚਰਚਾ ਹੋ ਰਹੀ ਹੈ, ਜੋ ਇਸ ਸਮੇਂ ਪਾਕਿਸਤਾਨੀ ਫੌਜ ‘ਚ ਲੈਫਟੀਨੈਂਟ ਜਨਰਲ ਦੇ ਅਹੁਦਿਆਂ ‘ਤੇ ਹਨ। ਹਾਲਾਂਕਿ ਭਾਰਤ ਨਾਲ ਹਾਲ ‘ਚ ਪੈਦਾ ਹੋਏ ਤਣਾਅ ਕਾਰਨ ਫੌਜ ਮੁਖੀ ਨੂੰ ਬਦਲ ਸਕਣਾ ਸੰਭਵ ਹੋਵੇਗਾ ਜਾਂ ਨਹੀਂ ਇਹ ਚਰਚਾ ਦਾ ਮੁੱਦਾ ਹੈ ਪਰ ਮੌਜੂਦਾ ਹਾਲਾਤ ‘ਚ ਸਰਕਾਰ ਨੇ ਜ਼ਾਹਰ ਤੌਰ ‘ਤੇ ਨਵੇਂ ਫੌਜ ਮੁਖੀ ਦੀ ਨਿਯੁਕਤੀ ‘ਤੇ ਵਿਚਾਰ ਸ਼ੁਰੂ ਨਹੀਂ ਕੀਤਾ ਹੈ।
ਫਿਰ ਵੀ ਨਵੇਂ ਫੌਜ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਚਰਚਾ ਦਾ ਬਾਜ਼ਾਰ ਗਰਮ ਹੈ। ਆਓ ਜਾਣਦੇ ਹਾਂ ਕਿਹੜੇ ਨੇ ਓਹ ਨਾਂ ਅਤੇ ਕੌਣ ਹੋ ਸਕਦਾ ਇਸ ਅਹੁਦੇ ਦੇ ਕਾਬਲ—
ਸੀਨੀਅਰਤਾ ਦੀ ਸੂਚੀ ਮੁਤਾਬਕ ਪਹਿਲਾ ਨਾਂ ਲੈਫਟੀਨੈਂਟ ਜਨਰਲ ਜੁਬੈਰ ਮੁਹੰਮਦ ਹਯਾਤ ਦਾ ਹੈ, ਜੋ ਫਿਲਹਾਲ ਫੌਜ ਹੈੱਡਕੁਆਰਟਰ ‘ਚ ਚੀਫ ਆਫ ਜਨਰਲ ਸਟਾਫ ਦੇ ਅਹੁਦੇ ‘ਤੇ ਹਨ। ਇਸ ਅਹੁਦੇ ਦੀ ਮੁੱਖ ਜ਼ਿੰਮੇਵਾਰੀ ਦੇਸ਼ ਦੇ ਪਰਮਾਣੂ ਹਥਿਆਰਾਂ ਦੀ ਸੁਰੱਖਿਆ ਕਰਨਾ ਹੈ।
ਇਸ ਤੋਂ ਬਾਅਦ ਦੂਜਾ ਨਾਂ ਲੈਫਟੀਨੈਂਟ ਜਨਰਲ ਅਸ਼ਫਾਕ ਨਦੀਮ ਅਹਿਮਦ ਦਾ ਹੈ, ਜੋ ਕਿ ਮੁਲਤਾਨ ਦੇ ਕੋਰ ਕਮਾਂਡਰ ਹਨ ਅਤੇ ਇਸ ਤੋਂ ਪਹਿਲਾਂ ਚੀਫ ਆਫ ਜਨਰਲ ਸਟਾਫ ਰਹਿ ਚੁੱਕੇ ਹਨ। ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਫੌਜ ਮੁਖੀ ਬਣਨ ਦੀ ਸਾਰੀ ਸਮਰੱਥਾ ਉਨ੍ਹਾਂ ਕੋਲ ਹੈ। ਅਖੀਰ ਵਿਚ ਲੈਫਟੀਨੈਂਟ ਜਰਨਲ ਕਮਰ ਜਾਵੇਦ ਬਾਜਵਾ ਹਨ, ਜਿਨ੍ਹਾਂ ਨੇ ਹਾਲ ਹੀ ‘ਚ ਉਸ ਟ੍ਰੇਨਿੰਗ ਅਭਿਆਸ ਦੀ ਖੁਦ ਨਿਗਰਾਨੀ ਕੀਤੀ ਹੈ, ਜੋ ਕਿ ਕੰਟਰੋਲ ਰੇਖਾ ‘ਤੇ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਦੀ ਵਜ੍ਹਾ ਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਅਭਿਆਸਾਂ ਦਾ ਨਿਰੀਖਣ ਮੌਜੂਦਾ ਫੌਜ ਮੁਖੀ ਜਨਰਲ ਰਾਹੀਲ ਸ਼ਰੀਫ ਨੇ ਖੁਦ ਕੀਤਾ ਸੀ।
ਇਹ ਜ਼ਰੂਰੀ ਨਹੀਂ ਕਿ ਪਾਕਿਸਤਾਨੀ ਫੌਜ ਦਾ ਨਵਾਂ ਮੁਖੀ ਉਨ੍ਹਾਂ ‘ਚੋਂ ਕੋਈ ਹੋਵੇ। ਨਵੇਂ ਫੌਜ ਮੁਖੀ ਦੀ ਨਿਯੁਕਤੀ ਦੀ ਪ੍ਰਕਿਰਿਆ ਅਜੇ ਸਪੱਸ਼ਟ ਨਹੀਂ ਹੈ। ਇਸ ਲਈ ਪ੍ਰਧਾਨ ਮੰਤਰੀ ਦਫਤਰ ਰੱਖਿਆ ਮੰਤਰਾਲੇ ਦੇ ਜ਼ਰੀਏ ਫੌਜ ਹੈੱਡਕੁਆਰਟਰ ਤੋਂ ਸਭ ਤੋਂ ਸੀਨੀਅਰ ਜਨਰਲਾਂ ਦੇ ਨਾਵਾਂ ਦੀ ਸੂਚੀ ਮੰਗਦਾ ਹੈ, ਜੋ ਕਿ ਫੌਜ ਮੁਖੀ ਦੇ ਲਾਇਕ ਹੋਵੇ।
ਜ਼ਿਕਰਯੋਗ ਹੈ ਕਿ ਨਵੇਂ ਫੌਜ ਮੁਖੀ ਦੀ ਨਿਯੁਕਤੀ ਦਾ ਅਧਿਕਾਰ ਤਾਂ ਪ੍ਰਧਾਨ ਮੰਤਰੀ ਕੋਲ ਹੈ ਪਰ ਫੌਜ ਨੂੰ ਪਾਕਿਸਤਾਨ ‘ਚ ਸਭ ਤੋਂ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਹ ਪ੍ਰਧਾਨ ਮੰਤਰੀ ‘ਤੇ ਨਿਰਭਰ ਕਰਦਾ ਹੈ ਕਿ ਉਹ ਸੇਵਾਮੁਕਤ ਹੋਣ ਵਾਲੇ ਫੌਜ ਮੁਖੀ ਨਾਲ ਉਨ੍ਹਾਂ ਦੇ ਉੱਤਰਾਧਿਕਾਰੀ ਬਾਰੇ ਰਾਏ ਮੰਗਣ। ਇਸ ਮਾਮਲੇ ‘ਚ ਪ੍ਰਧਾਨ ਮੰਤਰੀ ਆਪਣੇ ਮੰਤਰੀਆਂ ਅਤੇ ਸਲਾਹਕਾਰਾਂ ਨਾਲ ਵੀ ਸਲਾਹ-ਮਸ਼ਵਰਾ ਕਰ ਸਕਦੇ ਹਨ, ਅਖੀਰ ‘ਚ ਇਹ ਐਲਾਨ ਖੁਦ ਪ੍ਰਧਾਨ ਮੰਤਰੀ ਨੂੰ ਹੀ ਕਰਨਾ ਹੁੰਦਾ ਹੈ। ਇਸ ਲਈ ਇਸ ਵਾਰ ਵੀ ਪਹਿਲਾਂ ਵਾਂਗ ਸਾਰੀਆਂ ਦੀਆਂ ਨਜ਼ਰਾਂ ਨਵੇਂ ਫੌਜ ਮੁਖੀ ਦੀ ਨਿਯੁਕਤੀ ‘ਤੇ ਟਿਕੀਆਂ ਹਨ।

LEAVE A REPLY