1ਚੰਡੀਗਡ਼ : ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਮਾਨਸਾ ਜਿਲੇ ਦੇ ਪਿੰਡ ਘਰਾਂਗਣਾ ਵਿਚ 21 ਸਾਲਾ ਦਲਿਤ ਨੌਜਵਾਨ ਸੁਖਚੈਨ ਸਿੰਘ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਅਤੇ ਸਰੀਰਕ ਅੰਗਾਂ ਨੂੰ ਵੱਢੇ ਜਾਣ ਦੇ ਮੁੱਦੇ ‘ਤੇ ਪੰਜਾਬ ਸਰਕਾਰ ਅਤੇ ਪੁਲਿਸ ਦੀ ਕਰਡ਼ੇ ਸ਼ਬਦਾਂ ਵਿਚ ਨਿਖੇਦੀ ਕੀਤੀ। ਅਕਾਲੀ ਸਰਕਾਰ ਦੁਆਰਾ ਸੂਬੇ ਦੇ ਲੋਕਾਂ ਨੂੰ ਸੁਰੱਖਿਆ ਮੁਹੱਇਆ ਕਰਵਾਉਣ ਵਿਚ ਅਸਫਲ ਰਹਿਣ ‘ਤੇ ਉਨਾਂ ਨੂੰ ਕਰਡ਼ੇ ਹੱਥੀ ਲੈਂਦਿਆਂ ਆਪ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ ਨੇ ਕਿਹਾ ਕਿ ਮੌਜੂਦਾ ਅਕਾਲੀ-ਬੀਜੇਪੀ ਸਰਕਾਰ ਦੇ ਦੌਰਾਨ ਪੰਜਾਬ ਵਿਚ ਕਾਨੂੰਨ ਅਤੇ ਨਿਆ ਦੀ ਵਿਵਸਥਾ ਬਦ ਤੋਂ ਬਦੱਤਰ ਹੋ ਚੁੱਕੀ ਹੈ।
ਵਡ਼ੈਚ ਨੇ ਕਿਹਾ, ‘‘ਇਹ ਦਿਲ ਕੰਬਾਉ ਘਟਨਾ ਪਿਛਲੇ ਸਾਲ ਅਬੋਹਰ ਵਿਚ ਹੋਏ ਭੀਮ ਟਾਂਕ ਹੱਤਿਆ ਕੇਸ ਦੀ ਯਾਦ ਦਿਵਾਉਦੀ ਹੈ ਅਤੇ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬ ਵਿਚ ਨਸ਼ੇ ਅਤੇ ਸ਼ਰਾਬ ਦੇ ਕਾਰੋਬਾਰੀ ਅਕਾਲੀ ਆਗੂਆਂ ਦੀ ਸਰਪ੍ਰਸਤੀ ਹੇਠ ਹੋਰ ਰੋਜ ਬਿਨਾ ਪੁਲਿਸ ਦੇ ਡਰ ਤੋਂ ਲੋਕਾਂ ਨੂੰ ਮਾਰ ਰਹੇ ਹਨ।’’ ਮਿ੍ਰਤਕ ਨੌਜਵਾਨ ਦੇ  ਰਿਸ਼ਤੇਦਾਰਾਂ ਨੇ ਦੱਸਿਆ ਕਿ ਕਾਤਲ ਉਸੇ ਪਿੰਡ ਦੇ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਡਰਾਈਵਰ ਨਿਰੰਜਣ ਸਿੰਘ ਦੇ ਨਜਦੀਕੀ ਰਿਸ਼ਤੇਦਾਰ ਹਨ।
ਵਡ਼ੈਚ ਨੇ ਕਿਹਾ ਕਿ ਅਕਾਲੀ-ਬੀਜੇਪੀ ਰਾਜ ਵਿਚ ਦਲਿਤਾਂ ਅਤੇ ਗਰੀਬਾਂ ਦੀਆਂ ਜਾਨਾਂ ਸੁਰੱਖਿਅਤ ਨਹੀਂ ਕਿਉ ਜੋ ਅਕਾਲੀ ਖੁਦ ਹੀ ਉਨਾਂ ਉਤੇ ਹੋ ਰਹੇ ਅਤਿਆਚਾਰਾਂ ਲਈ ਜਿੰਮੇਵਾਰ ਹਨ। ਉਨਾਂ ਕਿਹਾ ਕਿ ਅਜਿਹਾ ਹੀ ਅਬੋਹਰ ਦੇ ਦਲਿਤ ਨੌਜਵਾਨ ਭੀਮ ਟਾਂਕ ਦੀ ਹੱਤਿਆ ਕੇਸ ਵਿਚ ਹੋਇਆ ਸੀ। ਜਿੱਥੇ ਕਿ ਅਕਾਲੀ ਦਲ ਦਾ ਹਲਕਾ ਇੰਚਾਰਜ ਸ਼ਿਵ ਲਾਲ ਢੋਡਾ ਸਿੱਧੇ ਤੌਰ ‘ਤੇ ਦਲਿਤ ਨੌਜਵਾਨ ਦੇ ਕਤਲ ਲਈ ਜਿੰਮੇਵਾਰ ਸੀ ਅਤੇ ਹੁਣ ਇਸ ਕੇਸ ਵਿਚ ਵੀ ਕਾਤਲਾਂ ਦੇ ਵੀਆਈਪੀ ਲਿੰਕ ਸਾਹਮਣੇ ਆਏ ਹਨ।
ਵਡ਼ੈਚ ਨੇ ਸੰਗਰੂਰ ਜਿਲੇ ਦੇ ਪਿੰਡ ਝਲੂਰ ਵਿਚ ਅਕਾਲੀ ਸਮਰੱਥਕਾਂ ਦੁਆਰਾ ਦਲਿਤਾਂ ਉਤੇ ਕੀਤੇ ਗਏ ਅਤਿਆਚਾਰਾਂ ਦੀ ਵੀ ਨਿਖੇਧੀ ਕੀਤੀ। 20 ਤੋਂ ਵੱਧ ਦਲਿਤ ਪਰਿਵਾਰ ਅਪਣੀ ਜਾਨ ਜੋਖਿਮ ਵਿਚ ਦੇ ਕੇ ਪਿੰਡ ਛੱਡਣ ਲਈ ਮਜਬੂਰ ਹੋ ਗਏ ਹਨ। ਵਡ਼ੈਚ ਨੇ ਕਿਹਾ ਕਿ ਸੱਤਾ ਦੇ ਨਸ਼ਾ ਵਿਚ ਚੂਰ ਅਕਾਲੀ ਆਗੂ ਪੰਜਾਬ ਦੇ ਸਾਰੇ ਕੁਦਰਤੀ ਸੋਮਿਆਂ ਅਤੇ ਵਪਾਰ ਨੂੰ ਹੱਥਿਆਉਣਾ ਚਾਹੁੰਦੇ ਹਨ ਅਤੇ ਪਿੰਡਾਂ ਵਿਚ ਦਲਿਤਾਂ ਲਈ ਰਾਖਵੀਂ ਜਮੀਨ ‘ਤੇ ਵੀ ਕਬਜਾ ਕਰਨ ਤੇ ਉਤਾਰੂ ਹੋ ਗਏ ਹਨ।

LEAVE A REPLY