7ਪਟਿਆਲਾ\ਨਾਭਾ : ਇਥੇ ਹੋਈ ਇਕ ਮੌਤ ਦੇ ਮਾਮਲੇ ਵਿਚ ਉਸ ਸਮੇਂ ਸਨਸਨੀਖੇਜ਼ ਖੁਲਾਸਾ ਹੋਇਆ ਜਦੋਂ ਸਸਕਾਰ ‘ਤੇ ਪਹੁੰਚ ਕੇ ਪੁਲਸ ਨੇ ਸਸਕਾਰ ਰੁਕਵਾ ਕੇ ਲਾਸ਼ ਨੂੰ ਅਰਥੀ ‘ਚੋਂ ਚੁੱਕ ਕੇ ਕਬਜ਼ੇ ‘ਚ ਲੈ ਲਿਆ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਵਿਅਕਤੀ ਆਪਣੇ ਧੀ-ਜਵਾਈ ਦੇ ਵਿਚਕਾਰ ਸੁਲ੍ਹਾ ਕਰਵਾਉਣ ਗਿਆ ਸੀ, ਇਸ ਦੌਰਾਨ ਦਾਮਾਦ ਨੇ ਗੋਲੀ ਮਾਰ ਕੇ ਸਹੁਰੇ ਦਾ ਕਤਲ ਕਰ ਦਿੱਤਾ। ਵਾਰਦਾਤ ਨੂੰ ਲੁਕਾਉਣ ਲਈ ਦੋਸ਼ੀ ਆਪਣੇ ਸਹੁਰੇ ਦੀ ਲਾਸ਼ ਲੈ ਕੇ ਸਹੁਰੇ ਪਹੁੰਚਿਆ ਅਤੇ ਹਾਦਸੇ ਨੂੰ ਮੌਤ ਦਾ ਕਾਰਨ ਦੱਸਿਆ। ਜਵਾਈ ਦੀ ਗੱਲ ਨੂੰ ਸੱਚ ਮੰਨ ਕੇ ਪਰਿਵਾਰ ਵਾਲੇ ਮ੍ਰਿਤਕ ਦਾ ਅੰਤਿਮ ਸੰਸਕਾਰ ਕਰਨ ‘ਚ ਜੁਟ ਗਏ।
ਇਸ ਦੌਰਾਨ ਪਿੰਡ ਦੇ ਕਿਸੇ ਵਿਅਕਤੀ ਨੇ ਪੁਲਸ ਨੂੰ ਸੂਚਨਾ ਦੇ ਕੇ ਘਟਨਾ ‘ਤੇ ਸ਼ੱਕ ਜ਼ਾਹਰ ਕੀਤਾ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਬਖਸ਼ੀਵਾਲਾ ਦੇ ਇੰਚਾਰਜ ਐਸ. ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ ਕਿਸੇ ਨੇ ਸੂਚਨੀ ਦਿੱਤੀ ਕਿ ਪਿੰਡ ਹਿਆਣਾ ਖੁਰਦ ਦੇ ਸ਼ਮਸ਼ਾਨਘਾਟ ‘ਚ ਬਜ਼ੁਰਗ ਹਰਭਜਨ ਸਿੰਘ ਦਾ ਸ਼ੱਕੀ ਹਾਲਾਤ ‘ਚ ਸਸਕਾਰ ਕੀਤਾ ਜਾ ਰਿਹਾ ਹੈ। ਪੁਲਸ ਨੇ ਤੁਰੰਤ ਸ਼ਮਸ਼ਾਨਘਾਟ ਪਹੁੰਚ ਕੇ ਸਸਕਾਰ ਰੁਕਵਾਇਆ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ।
ਪੁਲਸ ਮੁਤਾਬਕ ਜਾਂਚ ‘ਚ ਪਤਾ ਲੱਗਾ ਹੈ ਕਿ ਹਰਭਜਨ ਸਿੰਘ ਦੀ ਮੌਤ ਹਾਦਸੇ ਵਿਚ ਨਹੀਂ ਸਗੋਂ ਸਿਰ ‘ਚ ਗੋਲੀ ਲੱਗਣ ਕਾਰਨ ਹੋਈ ਸੀ। ਘਟਨਾ ਸ਼ਨੀਵਾਰ ਰਾਤ ਦੀ ਹੈ ਅਤੇ ਗੋਲੀ ਮੱਥੇ ‘ਚ ਮਾਰੀ ਗਈ ਸੀ। ਐਸ. ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਧੰਗੇੜਾ ਨਿਵਾਸੀ ਗੁਰਜੰਟ ਸਿੰਘ ਦਾ ਵਿਆਹ ਹਰਭਜਨ ਸਿੰਘ ਦੀ ਬੇਟੀ ਨਾਲ ਹੋਇਆ ਸੀ। ਗੁਰਜੰਟ ਸਿੰਘ ਅਕਸਰ ਆਪਣੀ ਪਤਨੀ ਨੂੰ ਪ੍ਰੇਸ਼ਾਨ ਕਰਦਾ ਸੀ, ਜਿਸ ਕਾਰਨ ਹਰਭਜਨ ਸਿੰਘ ਉਸ ਦੇ ਪਿੰਡ ਧੰਗੇੜਾ ‘ਚ ਸਮਝਾਉਣ ਗਿਆ ਸੀ। ਇਸ ਦੌਰਾਨ ਉਥੇ ਇਨ੍ਹਾਂ ਦਾ ਆਪਸ ਵਿਚ ਝਗੜਾ ਹੋ ਗਿਆ ਅਤੇ ਗੁਰਜੰਟ ਨੇ ਗੁੱਸੇ ‘ਚ ਆ ਕੇ ਹਰਭਜਨ ਨੂੰ ਗੋਲੀ ਮਾਰ ਦਿੱਤੀ। ਕਤਲ ਤੋਂ ਬਾਅਦ ਜਵਾਈ ਨੇ ਅਫਵਾ ਫੈਲਾਅ ਦਿੱਤੀ ਕਿ ਹਰਭਜਨ ਸਿੰਘ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ ਅਤੇ ਕਾਰ ਵਿਚ ਹਰਭਜਨ ਸਿੰਘ ਦੀ ਲਾਸ਼ ਲੈ ਕੇ ਪਿੰਡ ਪਹੁੰਚ ਗਿਆ। ਪੁਲਸ ਨੇ ਦੋਸ਼ੀ ਗੁਰਜੰਟ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਫਰਾਰ ਹੈ ਅਤੇ ਪੁਲਸ ਵਲੋਂ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰਨ ਦੀ ਗੱਲ ਆਖੀ ਜਾ ਰਹੀ ਹੈ।

LEAVE A REPLY