ਇਲਾਹਾਬਾਦ : ਪ੍ਰਿਯੰਕਾ ਗਾਂਧੀ ਨੂੰ ਸਿਆਸਤ ਵਿਚ ਲਿਆਉਣ ਦੀ ਮੰਗ ਕਰਨ ਅਤੇ ਉਨ੍ਹਾਂ ਨੂੰ ਦੁਰਗਾ ਦਾ ਅਵਤਾਰ ਦੱਸਣ ਵਾਲੇ ਕਾਂਗਰਸੀ ਆਗੂਆਂ ਹਸੀਬ ਅਹਿਮਦ ਅਤੇ ਸ਼੍ਰੀਚੰਦਰ ਦੁਬੇ ਨੇ ਹੁਣ ਇਕ ਵਾਦ-ਵਿਵਾਦ ਵਾਲਾ ਪੋਸਟਰ ਜਾਰੀ ਕਰਕੇ ਸਿਆਸੀ ਹਲਕਿਆਂ ਵਿਚ ਹਲਚਲ ਮਚਾ ਦਿੱਤੀ ਹੈ।
ਦੁਸਹਿਰੇ ਤੋਂ ਇਕ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਜਾਰੀ ਕੀਤੇ ਗਏ ਇਸ ਪੋਸਟਰ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ‘ਰਾਵਣ’ ਅਤੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਨੂੰ ‘ਰਾਮ’ ਵਜੋਂ ਵਿਖਾਇਆ ਗਿਆ ਹੈ। ਪੋਸਟਰ ਵਿਚ ‘ਰਾਮ’ ਵਲੋਂ ‘ਰਾਵਣ’ ਦਾ ਖਾਤਮਾ ਕਰਦਿਆਂ ਵੀ ਦਿਖਾਇਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਇਸ ਪੋਸਟਰ ਕਾਰਨ ਭਾਜਪਾ ਆਗੂਆਂ ਵਿਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ।