4ਚੰਡੀਗੜ੍ਹ :  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਬਾਦਲਾਂ ਵੱਲੋਂ ਵਾਪਸ ਲਏ ਜਾਣ ਅਤੇ ਕੈਪਟਨ ਵੱਲੋਂ ਆਪਣੇ-ਆਪ ਨੂੰ ਬਰੀ ਹੋਣ ਦਾ ਦਾਅਵਾ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਅੱਜ ਸਵਾਲ ਕੀਤਾ ਕਿ ਕੀ ਇਹ ‘ਸਿਆਸੀ ਬਦਲਾਖੋਰੀ’ ਸੀ ਜਾਂ ਇਹ ਬਾਦਲ ਤੇ ਅਮਰਿੰਦਰ ਵਿਚਾਲੇ ਅੰਦਰਖਾਤੇ ਹੋਇਆ ਕੋਈ ਸਮਝੌਤਾ ਸੀ?
ਵੜੈਚ ਨੇ ਕਿਹਾ ਕਿ ਜਿਸ ਤਰੀਕੇ ਨਾਲ 8 ਸਾਲ ਪੁਰਾਣਾ ਭ੍ਰਿਸ਼ਟਾਚਾਰ ਦਾ ਕੇਸ ਬਾਦਲਾਂ ਵੱਲੋਂ ਵਾਪਸ ਲਿਆ ਜਾ ਰਿਹਾ ਹੈ, ਉਸ ਤੋਂ ਤਾਂ ਬਾਦਲਾਂ ਅਤੇ ਅਮਰਿੰਦਰ ਸਿੰਘ ਵਿਚਾਲੇ ਮਜ਼ਬੂਤ ਮਿਲੀਭੁਗਤ ਦੇ ਹੀ ਸੰਕੇਤ ਮਿਲਦੇ ਹਨ। ਇਨ੍ਹਾਂ ਦੋਵਾਂ ਨੇ ਇਸ ਲਈ ‘ਲੈ ਅਤੇ ਦੇ’ ਦੀ ਖੇਡ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਉਨ੍ਹਾਂ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੀ ਅਪਮਾਨਜਨਕ ਹਾਰ ਵਿਖਾਈ ਦੇਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਦੋਵੇਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਸਾਰੇ ਮਾਮਲੇ ਆਪਣੇ ਤਰਕਪੂਰਨ ਨਤੀਜੇ ਤੱਕ ਜ਼ਰੂਰ ਪੁੱਜਣਗੇ।
ਉਨ੍ਹਾਂ ਕਿਹਾ ਕਿ ਅਮਰਿੰਦਰ ਵੱਲੋਂ ਅਜਿਹਾ ਦਾਅਵਾ ਕੀਤਾ ਜਾਣਾ ਕਿ ਉਨ੍ਹਾਂ ਨੂੰ ਸੁਪਰੀਮ ਕੋਰਟ ਵੱਲੋਂ ਬਰੀ ਕੀਤਾ ਗਿਆ ਸੀ, ਇਹ ਕੇਵਲ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਦਾ ਇਕ ਯਤਨ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਕਿਹਾ,”ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਤਾਂ ਇਸ ਮਾਮਲੇ ਦੀ ਮੁੜ ਜਾਂਚ ਦੇ ਹੁਕਮ ਦਿੱਤੇ ਸਨ, ਜੋ ਬਾਦਲ ਸਰਕਾਰ ਬੜੇ ਸਪੱਸ਼ਟ ਕਾਰਨਾਂ ਦੇ ਚਲਦਿਆਂ ਮੁਕੰਮਲ ਨਹੀਂ ਕਰ ਸਕੀ ਸੀ।”

LEAVE A REPLY