6ਨਵੀਂ ਦਿੱਲੀ  ;  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੱਸ਼ਟ ਕਿਹਾ ਹੈ ਕਿ ਭਾਰਤ ਦੀ ਵਧਦੀ ਤਾਕਤ ਤੋਂ ਪਾਕਿਸਤਾਨ ਨੂੰ ਡਰਨਾ ਨਹੀਂ ਚਾਹੀਦਾ ਕਿਉਂਕਿ ਜੇ ਸਾਡੀ ਫੌਜ ਮਜ਼ਬੂਤ ਹੋਵੇਗੀ ਤਾਂ ਦੇਸ਼ ਵੀ ਮਜ਼ਬੂਤ ਹੋਵੇਗਾ।
ਐਤਵਾਰ ਇਥੇ ਵਿਗਿਆਨ ਭਵਨ ‘ਚ ਆਯੋਜਿਤ ਇਕ ਸਮਾਰੋਹ ‘ਚ ਬੋਲਦਿਆਂ ਮੋਦੀ ਨੇ ਕਿਹਾ ਕਿ ਭਾਰਤ ਗੁਆਂਢੀ ਦੇਸ਼ਾਂ ਨਾਲ ਸ਼ਾਂਤਮਈ ਸੰਬੰਧ ਚਾਹੁੰਦਾ ਹੈ। ਜੇ ਕੋਈ ਸਾਡੀ ਸੁਰੱਖਿਆ ਨੂੰ ਚੁਣੌਤੀ ਦੇਵੇਗਾ ਤਾਂ ਅਸੀਂ ਅੱਖਾਂ ਬੰਦ ਕਰ ਕੇ ਨਹੀਂ ਬੈਠ ਸਕਦੇ।
ਉਨ੍ਹਾਂ ਸਪੱਸ਼ਟ ਤੌਰ ‘ਤੇ ਕੰਟਰੋਲ ਰੇਖਾ ਦੇ ਪਾਰ ਅੱਤਵਾਦੀ ਟਿਕਾਣਿਆਂ ‘ਤੇ ਭਾਰਤੀ ਫੌਜ ਦੀ ਸਰਜੀਕਲ ਸਟ੍ਰਾਈਕ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਸ ਸਾਲ ਦੁਸਹਿਰਾ ਦੇਸ਼ ਲਈ ਬਹੁਤ ਖਾਸ ਹੈ। ਦੁਸਹਿਰਾ ਬਦੀ ‘ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ।
ਮੋਦੀ ਨੇ ਜਨਸੰਘ ਦੇ ਵਿਚਾਰਕ ਪੰਡਤ ਦੀਨਦਿਆਲ ਉਪਾਧਿਆਏ ਨੂੰ ਦੇਸ਼ ‘ਚ ਸਿਆਸੀ ਬਦਲ ਦਾ ਮੂਲ ਆਧਾਰ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੀ ਦੂਰ ਦ੍ਰਿਸ਼ਟੀ ਦਾ ਹੀ ਇਹ ਫਲ ਹੈ ਕਿ ਦੇਸ਼ ਦੀ ਸਿਆਸਤ ‘ਚ ਜਨਸੰਘ ਦੇ ਰੂਪ ‘ਚ ਕਾਂਗਰਸ ਦਾ ਇਕ ਮਜ਼ਬੂਤ ਬਦਲ ਤਿਆਰ ਹੋ ਸਕਿਆ।
ਮੋਦੀ ਨੇ ਕਿਹਾ ਕਿ 1962 ਤੋਂ 1967 ਦਰਮਿਆਨ ਦੇਸ਼ ਦੀ ਸਿਆਸਤ ‘ਚ ਇਕ ਵੱਡਾ ਖਲਾਅ ਪੈਦਾ ਹੋ ਚੁੱਕਾ ਸੀ। ਉਦੋਂ ਪੰਡਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਦੇਸ਼ ਦੀ ਵਾਂਗਡੋਰ ਕੌਣ ਸੰਭਾਲੇਗਾ, ਇਹ ਹੀ ਸਵਾਲ ਸਭ ਦੀ ਜ਼ੁਬਾਨ ‘ਤੇ ਸੀ। ਇਸ ਮੌਕੇ ਦੇਸ਼ ‘ਚ ਕਾਂਗਰਸ ਦੀ ਇਕ ਵੱਖਰੀ ਸਿਆਸੀ ਵਿਚਾਰਧਾਰਾ ਨੂੰ ਪੈਦਾ ਹੋਣ ਦਾ ਮੌਕਾ ਦੇਣਾ ਪੰਡਤ ਜੀ ਦੇ ਯਤਨਾਂ ਕਾਰਨ ਹੀ ਸੰਭਵ ਹੋ ਸਕਿਆ। ਜਨਸੰਘ ਤੋਂ ਲੈ ਕੇ ਭਾਰਤੀ ਜਨਤਾ ਪਾਰਟੀ ਤਕ ਸੰਗਠਨ ਆਧਾਰਿਤ ਸਿਆਸੀ ਪਾਰਟੀ ਨੂੰ ਖੜ੍ਹਾ ਕਰਨ ‘ਚ ਪੰਡਤ ਜੀ ਦੀ ਵੱਡੀ ਤੇ ਅਹਿਮ ਭੂਮਿਕਾ ਰਹੀ। ਉਨ੍ਹਾਂ ਜੋ ਬੀਜ ਬੀਜੇ ਉਸ ਦਾ ਫਲ ਅੱਜ ਤਕ ਮਿਲ ਰਿਹਾ ਹੈ। ਉਨ੍ਹਾਂ ਦੇ ਯਤਨਾਂ ਨਾਲ ਦੇਸ਼ ਦੀ ਸਿਆਸਤ ‘ਚ ਅੱਜ ਇਕ ਅਜਿਹਾ ਮਜ਼ਬੂਤ ਸਿਆਸੀ ਬਦਲ ਹੋਂਦ ‘ਚ ਆ ਚੁੱਕਾ ਹੈ ਜੋ ਸੰਗਠਨ ਆਧਾਰਿਤ ਹੈ ਅਤੇ ਇਹ ਸੰਗਠਨ ਦੇਸ਼ ਨੂੰ ਸਮਰਪਿਤ ਹੈ।

LEAVE A REPLY