1ਚੰਡੀਗੜ੍ਹ :  ਪੰਜਾਬ ਕਾਂਗਰਸ ਦੇ ਪ੍ਰਧਾਨ ਕੈ. ਅਮਰਿੰਦਰ ਸਿੰਘ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਵਰਗੇ ਅਨੁਸ਼ਾਸਨਹੀਣ ਵਿਅਕਤੀ ਨਾਲ ਕੋਈ ਗੱਲਬਾਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਬੜੀ ਮੁਸ਼ਕਲ ਨਾਲ ਜਗਮੀਤ ਬਰਾੜ ਤੋਂ ਪਿੱਛਾ ਛੁਡਾਇਆ ਹੈ। ਹੁਣ ਮੈਂ ਇਕ ਹੋਰ ਜਗਮੀਤ ਬਰਾੜ ਨੂੰ ਪਾਰਟੀ ‘ਚ ਵੜਨ ਨਹੀਂ ਦੇ ਸਕਦਾ। ਅਮਰਿੰਦਰ ਨੇ ਕਿਹਾ ਕਿ ਕਾਂਗਰਸ ਅਤੇ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਏ ਪੰਜਾਬ ਦੇ ਵਿਚਕਾਰ ਕਿਸੇ ਵੀ ਪੱਧਰ ‘ਤੇ ਕੋਈ ਗੱਲਬਾਤ ਨਹੀਂ ਹੋ ਰਹੀ। ਹਾਲਾਂਕਿ ਸਿੱਧੂ ਦੀ ਧਰਮਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਉਹ ਸਿੱਧਾ ਕਾਂਗਰਸ ਹਾਈਕਮਾਨ ਦੇ ਸੰਪਰਕ ‘ਚ ਹਨ ਪਰ ਇਹ ਗੱਲ ਬਿਲਕੁਲ ਝੂਠੀ ਹੈ। ਸਿੱਧੂ ਜੋੜੀ ਸਾਨੂੰ ਦੱਸੇ ਕਿ ਉਹ ਕਾਂਗਰਸ ਵਿਚ ਕਿਸ ਨਾਲ ਗੱਲਬਾਤ ਕਰ ਰਹੇ ਹਨ।
ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦਾ ਸੁੱਚਾ ਸਿੰਘ ਛੋਟੇਪੁਰ ਨਾਲ ਵੀ ਕੋਈ ਸੰਪਰਕ ਨਹੀਂ ਹੈ। ਜੇਕਰ ਉਹ ਕਾਂਗਰਸ ਨਾਲ ਕੋਈ ਸਮਝੌਤਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਾਂਗਰਸ ਵਰਗੀ ਪੁਰਾਣੀ ਅਤੇ ਵੱਡੀ ਪਾਰਟੀ ‘ਚ ਰਲੇਵਾਂ ਕਰਨਾ ਪਵੇਗਾ। ਇਸ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ ਅਤੇ ਅਕਾਲੀ ਦਲ ਲੌਂਗੋਵਾਲ ਦਾ ਵੀ ਕਾਂਗਰਸ ਪਾਰਟੀ ‘ਚ ਰਲੇਵਾਂ ਹੋ ਚੁੱਕਾ ਹੈ।
ਅਮਰਿੰਦਰ ਨੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਸਕੈਮ ‘ਚ ਪੰਜਾਬ ਵਿਜੀਲੈਂਸ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਕਲੀਨ ਚਿੱਟ ਦੀ ਵੀ ਵਿਸਥਾਰ ਨਾਲ ਚਰਚਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਖਿਲਾਫ ਇਹ ਕੇਸ ਪੰਜਾਬ ਵਿਧਾਨ ਸਭਾ ਦੀ ਇਕ ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਦਰਜ ਕੀਤਾ ਗਿਆ ਸੀ। ਇਸੇ ਰਿਪੋਰਟ ਦੇ ਆਧਾਰ ‘ਤੇ ਉਨ੍ਹਾਂ ਨੂੰ ਵਿਧਾਨ ਸਭਾ ਤੋਂ ਬਰਖਾਸਤ ਵੀ ਕਰ ਦਿੱਤਾ ਗਿਆ ਹੈ ਪਰ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਬਰਖਾਸਤਗੀ ਨੂੰ ਨਾਜਾਇਜ਼ ਕਰਾਰ ਦੇ ਦਿੱਤਾ ਸੀ। ਹੁਣ ਵਿਜੀਲੈਂਸ ਨੇ ਵੀ ਇਸ ਮਾਮਲੇ ‘ਚ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਪਰ ਇਸ ਦਾ ਅਰਥ ਇਹ ਨਹੀਂ ਕਿ ਉਨ੍ਹਾਂ ਦੀ ਬਾਦਲਾਂ ਦੇ ਨਾਲ ਅੰਦਰਖਾਤੇ ਕੋਈ ਮਿਲੀਭੁਗਤ ਹੈ। ‘ਆਪ’ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਕੁਝ ਹੋਰਨਾਂ ਵਲੋਂ ਇਸ ਸੰਬੰਧ ‘ਚ ਲਾਏ ਗਏ ਦੋਸ਼ ਬੇਬੁਨਿਆਦ ਹਨ। ਅਮਰਿੰਦਰ ਨੇ ਬਾਦਲ ਸਰਕਾਰ ਵਲੋਂ ਕੇਂਦਰ ਤੋਂ ਪ੍ਰਾਪਤ 32 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਨੂੰ ਲੋਨ ‘ਚ ਤਬਦੀਲ ਕਰਨ ਦੀ ਕਵਾਇਦ ਨੂੰ ਗਲਤ ਦੱਸਿਆ ਤੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਜਨਤਾ ਨੂੰ ਦੱਸਣ ਕਿ ਇਹ ਪੈਸਾ ਕਿਥੇ ਖੁਰਦ-ਬੁਰਦ ਕੀਤਾ ਗਿਆ ਹੈ। ਜੇਕਰ ਇਹ ਰਾਸ਼ੀ ਕਰਜ਼ ‘ਚ ਤਬਦੀਲ ਕੀਤੀ ਜਾਂਦੀ ਹੈ ਤਾਂ ਪੰਜਾਬ ਦੇ ਹਰ ਵਸਨੀਕ ਦੇ ਸਿਰ ਹੋਰ ਕਰਜ਼ਾ ਚੜ੍ਹੇਗਾ, ਜਿਸ ਨੂੰ ਉਹ ਹਰਗਿਜ ਬਰਦਾਸ਼ਤ ਨਹੀਂ ਕਰਨਗੇ।

LEAVE A REPLY