5ਚੰਡੀਗਡ਼੍ਹ – ਆਮ ਆਦਮੀ ਪਾਰਟੀ ਦੂਜੀਆਂ ਸਿਆਸੀ ਪਾਰਟੀਆਂ ਦੇ ‘ਭਗੌਡ਼ੇ’ ਆਗੂਆਂ ਉੱਪਰ ਨਵੇਂ ਲੇਬਲ ਲਗਾ ਕੇ ਚੋਣ ਮੈਦਾਨ ਵਿਚ ਉਤਾਰ ਰਹੀ ਹੈ। ਇਹ ਸ਼ਬਦ ਸ਼੍ਰੌਮਣੀ ਅਕਾਲੀ ਦਲ ਦੇ ਤਰਜਮਾਨ ਸ਼ ਵਿਰਸਾ ਸਿੰਘ ਵਲਟੋਹਾ ਨੇ ‘ਆਪ’ ਦੁਆਰਾ ਸ਼ੁੱਕਰਵਾਰ ਨੂੰ ਜਾਰੀ ਕੀਤੀ ਉਮੀਦਵਾਰਾਂ ਦੀ ਤੀਜੀ ਸੂਚੀ ਉੱਤੇ ਟਿੱਪਣੀ ਕਰਦਿਆਂ ਕਹੇ।
ਸ਼ ਵਲਟੋਹਾ ਨੇ ਕਿਹਾ ਕਿ ਸਾਫ ਸੁਥਰੀ ਅਤੇ ਈਮਾਨਦਾਰੀ ਵਾਲੀ ਰਾਜਨੀਤੀ ਕਰਨ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਅਜਿਹੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ , ਜਿਹਨਾਂ ਦਾ ਪਿਛੋਕਡ਼ ਗੰਧਲਾ ਅਤੇ ਦਾਗੀ ਹੈ। ਹੁਣ ਤਕ ਜਾਰੀ ਕੀਤੇ 61 ਉਮੀਦਵਾਰਾਂ ਦੇ ਨਾਵਾਂ ਵਿਚੋਂ 14 ਉਮੀਦਵਾਰ ਅਜਿਹੇ ਹਨ, ਜਿਹਡ਼ੇ ਦੂਜੀਆਂ ਪਾਰਟੀਆਂ ਵਿਚੋਂ ‘ਭਗੌਡ਼ੇ’ ਹੋ ਕੇ ਆਏ ਹਨ। ‘ਸਾਡਾ ਖਾਬ ਨਵਾਂ ਪੰਜਾਬ’ ਦੇ ਨਾਅਰੇ ਦੀ ਆਡ਼ ‘ਚ ਆਪ ਲੀਡਰਸ਼ਿਪ ਦੁਆਰਾ ਪੁਰਾਣੇ ਆਗੂਆਂ ਨੂੰ ਨਵੇਂ ਲੇਬਲ ਲਾ ਕੇ ਪੰਜਾਬ ਦੇ ਲੋਕਾਂ ਅੱਗੇ ਪਰੋਸਿਆ ਜਾ ਰਿਹਾ ਹੈ
ਉਹਨਾਂ ਕਿਹਾ ਕਿ ‘ਆਪ’ ਆਗੂ ਸਿਆਸਤ ਵਿਚ ਨਕਾਰੇ ਹੋਏ ਜਾਂ ਅਕਾਲੀ ਦਲ, ਕਾਂਗਰਸ, ਬਸਪਾ ਜਾਂ ਹੋਰ ਪਾਰਟੀਆਂ ਵਿਚੋਂ ਕੱਢੇ ਗਏ ਆਗੂਆਂ ਦਾ ਮੋਟੀਆਂ ਰਕਮਾਂ ਲੈ ਕੇ ‘ਸ਼ੁੱਧੀਕਰਨ’ ਕਰ ਰਹੇ ਹਨ। ਜਿਸ ਕਰਕੇ ਸਿਰਫ ਇੱਕ ਮਹੀਨਾ ਪਹਿਲਾਂ ‘ਆਪ’ ‘ਚ ਸ਼ਾਮਿਲ ਹੋਏ ਵਿਅਕਤੀ ਵੀ ਪੈਸੇ ਦੇ ਜ਼ੋਰ ਨਾਲ ਟਿਕਟਾਂ ਲੈਣ ਵਿਚ ਕਾਮਯਾਬ ਹੋ ਗਏ ਹਨ।
ਦੱਸਣਯੋਗ  ਹੈ ਕਿ ਆਪ ਆਗੂਆਂ ਵੱਲੋਂ ਪੈਸਿਆਂ ਬਦਲੇ ਟਿਕਟਾਂ ਵੇਚਣ ਦਾ ਮਾਮਲਾ ਪਹਿਲਾਂ ਵੀ ਕਈ ਵਾਰੀ ਉੱਠ ਚੁੱਕਿਆ ਹੈ। ਆਪ ਦੇ ਸਾਬਕਾ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਸਮੇਤ ਬਹੁਤ ਸਾਰੇ ਮੈਂਬਰ ਪਾਰਟੀ ਦੇ ਸੀਨੀਅਰ ਆਗੂਆਂ  ਉੱਤੇ ਮੋਟੀਆਂ ਰਕਮਾਂ ਲੈ ਕੇ ਟਿਕਟਾਂ ਵੇਚਣ ਦੇ ਇਲਜ਼ਾਮ ਲਾ ਚੁੱਕੇ ਹਨ। ਤਾਨਾਸ਼ਾਹੀ ਅਤੇ ਭ੍ਰਿਸ਼ਟਾਚਾਰ ਦੇ ਅਜਿਹੇ ਦੋਸ਼ਾਂ ਦੇ ਚੱਲਦਿਆਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ ਕਈ ਧਡ਼ੇ ਬਣ ਚੁੱਕੇ ਹਨ, ਜਿਹਨਾਂ ਦੀ ਅਗਵਾਈ ਸ਼ ਸੁੱਚਾ ਸਿੰਘ ਛੋਟੇਪੁਰ, ਡਾ. ਧਰਮਵੀਰ ਗਾਂਧੀ ਅਤੇ ਪ੍ਰੋਫੈਸਰ ਮਨਜੀਤ ਸਿੰਘ ਜਿਹੇ ਆਗੂਆਂ ਵੱਲੋਂ ਕੀਤੀ ਜਾ ਰਹੀ ਹੈ।
ਵਲਟੋਹਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਚਾਲਾਂ ਤੋਂ ਵਾਕਿਫ ਹੋ ਚੁੱਕੇ ਹਨ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਭਾਜਪਾ ਨੂੰ ਤੀਜੀ ਵਾਰ ਸੱਤਾਂ ਵਿਚ ਲਿਆ ਕੇ ਉਹ ‘ਆਪ’ ਦਾ ਪੰਜਾਬ ਵਿਚੋਂ ਹਮੇਸ਼ਾਂ ਲਈ ਬਿਸਤਰਾ ਗੋਲ ਕਰ ਦੇਣਗੇ।

LEAVE A REPLY