ਪੰਜਾਬ ਨੂੰ ਮਿਲੇ ਦੋ ਨਵੇਂ ਐਸਕਪ੍ਰੈਸ ਹਾਈਵੇਜ਼ ਵਿਕਾਸ ਤੇ ਖੁਸ਼ਹਾਲੀ ਨੂੰ ਦੇਣਗੇ ਨਵੀਂ ਦਿਸ਼ਾ : ਮੁੱਖ ਮੰਤਰੀ

3ਤਰਮਾਲਾ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਲਈ ਦੋ ਨਵੇਂ ਐਕਸਪ੍ਰੈਸ ਹਾਈਵੇ ਮੰਜੂਰ ਕਰਨ ਲਈ ਭਾਰਤ ਸਰਕਾਰ ਦੀ ਸਲਾਘਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਐਕਸਪ੍ਰੈਸ ਹਾਈਵੇ ਲੋਕਾਂ ਨੂੰ ਵਧੀਆ ਸੜਕੀ ਸਹੂਲਤਾਂ ਉਪਲਬੱਧ ਕਰਵਾਉਣ ਦੇ ਨਾਲ-ਨਾਲ ਰਾਜ ਦੇ ਵਿਕਾਸ ਅਤੇ ਖੁਸ਼ਹਾਲੀ ਨੂੰ ਨਵੀਂ ਦਿਸ਼ਾ ਦੇਣਗੇ।
ਅੱਜ ਇੱਥੇ ਲੰਬੀ ਵਿਧਾਨ ਸਭਾ ਹਲਕੇ ਵਿਚ ਸੰਗਤ ਦਰਸ਼ਨ ਸਮਾਗਮਾਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਇੱਕ ਤੱਥ ਹੈ ਕਿ ਕੇਂਦਰ ਦੀ ਵਰਤਮਾਨ ਐਨ.ਡੀ.ਏ. ਸਰਕਾਰ ਨੇ ਵਿਕਾਸ ਪ੍ਰੋਜੈਕਟਾਂ ਵਿਚ ਪੰਜਾਬ ਨੂੰ ਵੱਡਾ ਹਿੱਸਾ ਦਿੱਤਾ ਹੈ ਜਦ ਕਿ ਅਤੀਤ ਵਿਚ ਪਿੱਛਲੀਆਂ ਕੇਂਦਰ ਸਰਕਾਰਾਂ ਨੇ ਸੂਬੇ ਦੇ ਵਿਕਾਸ ਨੂੰ ਕਦੇ ਵੀ ਇੰਨ੍ਹਾਂ ਮਹੱਤਵ ਨਹੀਂ ਸੀ ਦਿੱਤਾ। ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ ਦੇ ਪੰਜਾਬ ਪ੍ਰਤੀ ਲਗਾਓ ਦਾ ਹੀ ਝਲਕਾਰਾ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਪ੍ਰੋਜੈਕਟਾਂ ਦਾ ਪੰਜਾਬ ਦੇ ਅਵਾਮ ਨੂੰ ਵੱਡਾ ਲਾਭ ਹੋਵੇਗਾ ਕਿਉਂਕਿ ਇੰਨ੍ਹਾਂ ਰਾਜਮਾਰਗਾਂ ਦੇ ਬਣਨ ਨਾਲ ਲੋਕਾਂ ਦਾ ਸਫਰ ਸੌਖਾ ਹੋਵੇਗਾ ਅਤੇ ਉਨ੍ਹਾਂ ਦਾ ਸਮਾਂ, ਧਨ ਅਤੇ ਊਰਜਾ ਬਚੇਗੀ।
ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਝੋਨੇ ਦੀ ਫਸਲ ਦਾ ਦਾਣਾ ਦਾਣਾ ਮੰਡੀਆਂ ਵਿਚੋਂ ਚੁੱਕੇ ਜਾਣ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ  ਸੂਬਾ ਸਰਕਾਰ ਨੇ ਝੋਨੇ ਦੀ ਨਿਰਵਿਘਨ ਅਤੇ ਤੇਜੀ ਨਾਲ ਖਰੀਦ ਲਈ ਢੁੱਕਵੇਂ ਪ੍ਰਬੰਧ ਕੀਤੇ ਹਨ। ਉਨ੍ਹਾਂ ਕਿਹਾ ਕਿ ਖਰੀਦ ਪ੍ਰਬੰਧਾਂ ਤੇ ਸੂਬਾ ਸਰਕਾਰ ਦੀ ਤਿੱਖੀ ਨਜ਼ਰ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਝੋਨੇ ਦੇ ਮੰਡੀਕਰਨ ਵਿਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ।
ਕਾਂਗਰਸ ਪਾਰਟੀ ਵੱਲੋਂ ਅਨਾਜ ਖਰੀਦ ਫੰਡਾਂ ਸੰਬਧੀ ਲਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਮੁੱਖ ਮੰਤਰੀ ਨੇ ਇਸ ਨੂੰ ਕਾਂਗਰਸੀ ਆਗੂਆਂ ਦੀ ‘ਕੋਰੀ ਕਲਪਨਾ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਾਰੀ ਖਰੀਦ ਪ੍ਰਕ੍ਰਿਆ ਦੀ ਰਿਜਰਵ ਬੈਂਕ ਆਫ ਇੰਡੀਆ ਵਰਗੀਆਂ ਸੰਸਥਾਵਾਂ ਵੱਲੋਂ ਨਿਗਰਾਨੀ ਹੁੰਦੀ ਹੈ ਅਤੇ ਫੰਡਾਂ ਵਿਚ ਗਬਨ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਮੁੱਦੇ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਜਦ ਕਿ ਜਿਸ 30 ਹਜਾਰ ਕਰੋੜ ਰੁਪਏ ਦੀ ਉਹ ਗੱਲ ਕਰਦੇ ਹਨ ਉਸ ਵਿਚ ਪਿੱਛਲੀਆਂ ਸਰਕਾਰਾਂ ਦੇ ਸਮੇਂ ਹੋਈ ਖਰੀਦ ਵੀ ਸ਼ਾਮਿਲ ਹੈ।
ਮੁੱਖ ਮੰਤਰੀ ਨੇ ਇਕ ਹੋਰ ਸਵਾਲ ਦੇ ਜਵਾਬ ਵਿਚ ਗੱਲ ਕਰਦਿਆਂ ਭਾਰਤ ਸਰਕਾਰ ਨੂੰ ਭਾਰਤ ਪਾਕਿ ਸਰਹੱਦ ਤੇ ਸੁਰੱਖਿਆ ਹੋਰ ਮਜਬੂਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਘੁਸਪੈਠ ਦੀਆਂ ਘਟਨਾਵਾਂ ਰੋਕਣ ਲਈ ਭਾਰਤ ਸਰਕਾਰ ਨੂੰ ਉਚਿਤ ਕਦਮ ਲੈਣੇ ਚਾਹੀਦੇ ਹਨ। ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਅੰਤਰ ਰਾਸ਼ਟਰੀ ਸਰਹੱਦ ਨੇੜਿਓ 10 ਕਿਲੋਮੀਟਰ ਦੇ ਖੇਤਰ ਵਿਚੋਂ ਹਟਾਏ ਗਏ ਲੋਕਾਂ ਨੂੰ ਵਾਪਸ ਘਰਾਂ ਵਿਚ ਭੇਜਣ ਦਾ ਫੈਸਲਾ ਕਰਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਇਸੇ ਤਰਾਂ ਕੈਲੀਫੋਰਨੀਆਂ ਵਿਚ ਸਿੱਖਾਂ ਤੇ ਹੋਈ ਹਮਲੇ ਦੀ ਨਖੇਧੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਇਸ ਮਸਲੇ ਨੂੰ ਸਬੰਧਤ ਦੇਸ ਦੀ ਸਰਕਾਰ ਨਾਲ ਯੋਗ ਤਰੀਕੇ ਨਾਲ ਉਠਾਏਗੀ ਤਾਂ ਜੋ ਅਜਿਹੀਆਂ ਘਟਨਾਵਾਂ ਦੇ ਦੁਹਰਾਓ ਤੇ ਠੱਲ ਪਾਈ ਜਾ ਸਕੇ।
ਇਸ ਤੋਂ ਪਹਿਲਾਂ ਪਿੰਡ ਡੱਬਵਾਲੀ ਮਲਕੋ ਕੀ, ਕੰਗਣ ਖੇੜਾ, ਖੇਮਾ ਖੇੜਾ, ਤਰਮਾਲਾ, ਢਾਣੀ ਤੇਲੀਆਂ ਵਾਲੀ, ਕੰਦੂ ਖੇੜਾ ਵਿਚ ਸੰਗਤ ਦਰਸ਼ਨ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿੱਛਲੇ ਇਕ ਦਹਾਕੇ ਵਿਚ ਸੂਬੇ ਵਿਚ ਲਾਮਿਸ਼ਾਲ ਵਿਕਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿਚ ਵਿਕਾਸ ਲਈ ਵੱਡੇ ਯਤਨ ਕੀਤੇ ਹਨ। ਸਰਕਾਰ ਦੇ ਇੰਨ੍ਹਾਂ ਹੀ ਯਤਨਾਂ ਕਾਰਨ ਪੰਜਾਬ ਵੱਖ ਵੱਖ ਖੇਤਰਾਂ ਵਿਚ ਦੇਸ਼ ਦਾ ਮੋਹਰੀ ਸੂਬਾ ਬਣ ਕੇ ਉਭਰਿਆ ਹੈ।
ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਦੀਆਂ ਸਕੀਮਾਂ ਦਾ ਜਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀ ਲਈ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ ਜਿਸ ਤੇ ਪਿੱਛਲੇ 10 ਸਾਲ ਵਿਚ ਕੋਈ 50 ਹਜਾਰ ਕਰੋੜ ਰੁਪਏ ਖਰਚ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਇਕੋ ਇਕ ਅਜਿਹਾ ਸੂਬਾ ਹੈ ਜਿਸ ਨੇ ਸਭ ਤੋਂ ਪਹਿਲਾਂ ਆਟਾ ਦਾਲ ਸਕੀਮ ਬਣਾ ਕੇ ਲਾਗੂ ਕੀਤੀ ਸੀ ਅਤੇ ਕੈਂਸਰ ਅਤੇ ਕਾਲੇ ਪੀਲੀਏ ਦੇ ਮੁਫ਼ਤ ਇਲਾਜ ਦੀ ਸਹੂਲਤ ਦੇਣ ਵਾਲਾ ਵੀ ਪੰਜਾਬ ਦੇਸ਼ ਦਾ ਪਹਿਲਾਂ ਸੂਬਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਛੋਟੇ ਕਿਸਾਨਾਂ ਨੂੰ 50 ਹਜਾਰ ਰੁਪਏ ਤੱਕ ਦੇ ਖੇਤੀ ਕਰਜ ਵਿਆਜ ਮੁਕਤ ਕਰਨ ਦਾ ਫੈਸਲਾ ਕੀਤਾ ਹੈ ਜਦ ਕਿ ਕਿਸਾਨਾਂ, ਆਟਾ ਦਾਲ ਸਕੀਮ ਦੇ ਲਾਭਪਾਤਰੀਆਂ, ਛੋਟੇ ਵਪਾਰੀਆਂ ਅਤੇਠ ਉਸਾਰੀ ਕਿਰਤੀਆਂ ਲਈ 50 ਹਜਾਰ ਰੁਪਏ ਤੱਕ ਦੇ ਸਿਹਤ ਬੀਮੇ ਦੇ ਸਕੀਮ ਵੀ ਪੰਜਾਬ ਸਰਕਾਰ ਨੇ ਲਾਗੂ ਕੀਤੀ ਹੈ ਜਿਸ ਤਹਿਤ ਕਿਸੇ ਦੁਰਘਟਨਾ ਵਿਚ ਪਰਿਵਾਰ ਦੇ ਮੁੱਖੀ ਦੀ ਮੌਤ ਹੋ ਜਾਣ ਤੇ ਪਰਿਵਾਰ ਨੂੰ 5 ਲੱਖ ਰੁਪਏ ਦਾ ਦੁਰਘਟਨਾ ਬੀਮਾ ਵੀ ਮਿਲਦਾ ਹੈ।
ਇਸ ਮੌਕੇ ਮੁੱਖ ਮੰਤਰੀ ਨਾਲ ਪੰਜਾਬ ਐਗਰੋ ਦੇ ਚੇਅਰਮੈਨ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਕੋਆਰਡੀਨੇਟਰ ਸ: ਅਵਤਾਰ ਸਿੰਘ ਵਨਵਾਲਾ, ਚੇਅਰਮੈਨ ਪਨਕੋਫੈਡ ਸ: ਕੁਲਵਿੰਦਰ ਸਿੰਘ ਭਾਈਕਾ ਕੇਰਾ, ਪੰਜਾਬ ਮੰਡੀ ਬੋਰਡ ਦੇ ਵਾਈਸ ਚੇਅਰਮੈਨ ਸ: ਮਨਦੀਪ ਸਿੰਘ ਪੱਪੀ ਤਰਮਾਲਾ, ਚੇਅਰਮੈਨ ਬਲਾਕ ਸੰਮਤੀ ਸ: ਗੁਰਬਖਸ਼ੀਸ ਸਿੰਘ ਵਿੱਕੀ ਮਿੱਡੂਖੇੜਾ, ਪੰਜਾਬ ਮਹਿਲਾ ਕਮਿਸ਼ਨ ਦੇ ਮੈਂਬਰ ਬੀਬੀ ਵੀਰਪਾਲ ਕੌਰ ਤਰਮਾਲਾ, ਟਿਊਬਵੇਲ ਕਾਰਪੋਰੇਸ਼ਨ ਦੇ ਡਾਇਰੈਕਟਰ ਸ: ਹਰਮੇਸ਼ ਸਿੰਘ ਖੁੱਡੀਆਂ, ਸ: ਅਕਾਸ਼ ਦੀਪ ਸਿੰਘ ਮਿੱਡੂਖੇੜਾ, ਸ: ਰਣਜੋਧ ਸਿੰਘ ਲੰਬੀ, ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ: ਕੇ.ਜੇ.ਐਸ. ਚੀਮਾ, ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ ਅਤੇ ਐਸ.ਐਸ.ਪੀ. ਸ: ਗੁਰਪ੍ਰੀਤ ਸਿੰਘ ਗਿੱਲ ਆਦਿ ਵੀ ਹਾਜਰ ਸਨ।

LEAVE A REPLY