9-copyਚੰਡੀਗੜ੍ਹ -ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਮਨਾਏ ਜਾ ਰਹੀ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 10 ਅਕਤੂਬਰ ਨੂੰ ਫਤਹਿਗੜ੍ਹ ਸਾਹਿਬ ਵਿਖੇ ਪੰਜਾਬੀ ਸੂਬੇ ਨੂੰ ਸਮਰਪਿਤ ਰਾਜ ਪੱਧਰੀ ਭਾਸ਼ਣ ਮੁਕਾਬਲਿਆਂ ਨਾਲ ਸਮਾਗਮਾਂ ਦੀ ਸ਼ੁਰੂਆਤ ਹੋਵੇਗੀ ਅਤੇ ਸਮਾਗਮਾਂ ਦੀ ਸਮਾਪਤੀ 1 ਨਵੰਬਰ ਨੂੰ ਅੰਮ੍ਰਿਤਸਰ ਵਿਖੇ ਵਿਸ਼ਾਲ ਕਾਨਫਰੰਸ ਨਾਲ ਹੋਵੇਗੀ। ਇਹ ਐਲਾਨ ਪੰਜਾਬੀ ਸੂਬੇ ਦੇ ਸਮਾਗਮਾਂ ਦੀ ਰੂਪ ਰੇਖਾ ਉਲੀਕਣ ਲਈ ਬਣਾਈ ਗਈ ਕਮੇਟੀ ਦੇ ਪ੍ਰਧਾਨ ਅਤੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਮੀਟਿੰਗ ਵਿੱਚ ਪ੍ਰੋਗਰਾਮਾਂ ਨੂੰ ਅੰਤਿਮ ਰੂਪ ਦੇਣ ਉਪਰੰਤ ਕੀਤਾ।
ਪੰਜਾਬ ਭਵਨ ਵਿਖੇ ਸਮਾਗਮਾਂ ਦੀ ਰੂਪ-ਰੇਖਾ ਉਲੀਕਣ ਲਈ ਬਣਾਈ ਗਈ ਕਮੇਟੀ ਦੀ ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਵਿੱਚ ਡਾ.ਚੀਮਾ ਨੇ ਕਿਹਾ ਕਿ ਤਿੰਨ ਹਫਤੇ ਚੱਲਣ ਵਾਲੇ ਸਮਾਗਮਾਂ ਵਿੱਚ ਸਮੂਹ ਪੰਜਾਬੀਆਂ ਦੀ ਸ਼ਮੂਲੀਅਤ ਹੋਵੇਗੀ। ਸੱਭਿਆਚਾਰ, ਸਕੂਲ ਸਿੱਖਿਆ, ਉਚੇਰੀ ਸਿੱਖਿਆ ਤੇ ਭਾਸ਼ਾਵਾਂ, ਖੇਡਾਂ, ਸੂਚਨਾ ਤੇ ਲੋਕ ਸੰਪਰਕ, ਪੇਂਡੂ ਵਿਕਾਸ ਤੇ ਪੰਚਾਇਤ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ, ਪਰਵਾਸੀ ਭਾਰਤੀ ਮਾਮਲੇ, ਸੁਤੰਤਰਤਾ ਸੰਗਰਾਮੀ ਵਿਭਾਗਾਂ ਵੱਲੋਂ ਇਨ੍ਹਾਂ ਤਿੰਨ ਹਫਤਿਆਂ ਦੌਰਾਨ ਪੰਜਾਬ ਦੀਆਂ ਵੱਖ-ਵੱਖ ਥਾਵਾਂ ‘ਤੇ 80 ਦੇ ਕਰੀਬ ਸਮਾਗਮ ਕਰਵਾਏ ਜਾਣਗੇ। ਇਨ੍ਹਾਂ ਸਮਾਗਮਾਂ ਵਿੱਚ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ ਅਤੇ ਕੌਮੀ ਆਗੂਆਂ ਨੂੰ ਵੀ ਵਿਸ਼ੇਸ਼ ਸੱਦਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬੀ ਸੂਬੇ ਦੇ ਸੰਘਰਸ਼ ਲਈ ਕੁਰਬਾਨੀਆਂ ਦੇਣ ਵਾਲੇ ਸੰਘਰਸ਼ੀ ਯੋਧੇ ਅਤੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਪੰਜਾਬ ਨਾਲ ਸਬੰਧਤ ਸਖਸ਼ੀਅਤਾਂ ਇਨ੍ਹਾਂ ਸਮਾਗਮਾਂ ਦੀ ਸ਼ੋਭਾ ਵਧਾਉਣਗੇ ਅਤੇ ਇਨ੍ਹਾਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ।
ਡਾ.ਚੀਮਾ ਨੇ ਦੱਸਿਆ ਕਿ 20 ਅਕਤੂਬਰ ਨੂੰ ਲੁਧਿਆਣਾ ਵਿਖੇ ਪੰਜਾਬੀ ਸੂਬਾ ਵਿਦਿਆਰਥੀ ਉਤਸਵ ਹੋਵੇਗਾ ਜਿਸ ਵਿੱਚ 30 ਹਜ਼ਾਰ ਤੋਂ ਵੱਧ ਵਿਦਿਆਰਥੀ ਸ਼ਾਮਲ ਹੋਣਗੇ। ਸਮਾਗਮਾਂ ਦੌਰਾਨ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਿੰਘ ਨੂੰ ਜਾਂਦੀ ਸੜਕ ਜਿਸ ਨੂੰ ਵਿਰਾਸਤੀ ਦਿੱਖ ਕੇ ਬਹੁਤ ਸੁੰਦਰ ਬਣਾਇਆ ਜਾ ਰਿਹਾ ਹੈ, ਦਾ ਉਦਘਾਟਨ ਵੀ ਹੋਵੇਗਾ। 27 ਅਕਤੂਬਰ ਨੂੰ ਸੰਤ ਫਤਿਹ ਸਿੰਘ ਦੇ ਜਨਮ ਦਿਵਸ ਮੌਕੇ ਬਦਿਆਲਾ (ਬਠਿੰਡਾ) ਵਿਖੇ ਢਾਡੀ ਵਾਰ ਗਾਇਨ ਦਾ ਸਮਾਗਮ ਕਰਵਾਇਆ ਜਾਵੇਗਾ। 31 ਅਕਤੂਬਰ ਦੀ ਰਾਤ ਨੂੰ ਅੰਮ੍ਰਿਤਸਰ ਵਿਖੇ ਰੰਗਾਰੰਗ ਸਮਾਗਮ ਹੋਵੇਗਾ ਅਤੇ 1 ਨਵੰਬਰ ਨੂੰ ਅੰਮ੍ਰਿਤਸਰ ਵਿਖੇ ਵਿਸ਼ਾਲ ਕਾਨਫਰੰਸ ਨਾਲ ਸਮਾਗਮਾਂ ਦੀ ਸਮਾਪਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬੀ ਸੂਬੇ ਦੇ ਨਿਰਮਾਣ ਲਈ ਪੰਜਾਬੀਆਂ ਨੇ ਅਣਥੱਕ ਯਤਨ ਕਰਦੇ ਹੋਏ ਵੱਡੀਆਂ ਕੁਰਬਾਨੀਆਂ ਦਿੱਤੀਆਂ। ਡਾ. ਚੀਮਾ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਰਾਹੀਂ ਪੰਜਾਬ ਦੇ ਬੱਚਿਆਂ ਤੇ ਨੌਜਵਾਨੀ ਨੂੰ ਪੰਜਾਬ ਦੇ ਅਮੀਰ ਵਿਰਸੇ, ਮਾਂ-ਬੋਲੀ, ਸਾਹਿਤ, ਸੱਭਿਆਚਾਰ ਨਾਲ ਜੋੜਿਆ ਜਾਵੇਗਾ ਅਤੇ ਇਨ੍ਹਾਂ ਨੂੰ ਪੰਜਾਬੀਆਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਮਾਰੀਆਂ ਮੱਲਾਂ ਬਾਰੇ ਜਾਣੂੰ ਕਰਵਾਇਆ ਜਾਵੇਗਾ।
ਪ੍ਰੋਗਰਾਮਾਂ ਦੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਡਾ.ਚੀਮਾ ਨੇ ਦੱਸਿਆ ਕਿ ਸਕੂਲ ਸਿੱਖਿਆ ਅਤੇ ਉਚੇਰੀ ਸਿੱਖਿਆ ਵਿਭਾਗ ਵੱਲੋਂ ਹਰ ਜ਼ਿਲੇ ਵਿੱਚ ਵੱਖ-ਵੱਖ ਮੁਕਾਬਲਿਆਂ ਦੇ ਰਾਜ ਪੱਧਰੀ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਵਿਰਾਸਤੀ ਖੇਡਾਂ, ਭਾਸ਼ਣ ਮੁਕਾਬਲੇ, ਲੋਕ ਨਾਚ, ਲੋਕ ਸਾਜ਼, ਸੁੰਦਰ ਲਿਖਾਈ, ਪਹਿਰਾਵਾ ਪ੍ਰਦਰਸ਼ਨੀ, ਵਿਰਾਸਤੀ ਮੇਲੇ, ਕੁਇਜ਼, ਸੈਮੀਨਾਰ, ਸਾਹਿਤ ਗੋਸ਼ਟੀਆਂ, ਪੁਸਤਕ ਪ੍ਰਦਰਸ਼ਨੀ ਆਦਿ ਸ਼ਾਮਲ ਹੋਣਗੇ। ਭਾਸ਼ਾ ਵਿਭਾਗ ਸਾਹਿਤ ਗੋਸ਼ਟੀ ਤੇ ਕਵੀ ਦਰਬਾਰ ਕਰਵਾਏਗਾ। ਇਸ ਦੇ ਨਾਲ ਹੀ ਪੰਜਾਬੀਆਂ ਦੀਆਂ ਵੱਖ-ਵੱਖ ਖੇਤਰ ਵਿੱਚ ਪ੍ਰਾਪਤੀਆਂ ਅਤੇ ਆਧੁਨਿਕ ਪੰਜਾਬ ਬਾਰੇ ਇਕ ਕਿਤਾਬ ਵੀ ਪ੍ਰਕਾਸ਼ਤ ਕੀਤੀ ਜਾਵੇਗੀ।  ਪੰਜਾਬ ਤੋਂ ਬਾਹਰ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੇ ਪਰਵਾਸੀ ਪੰਜਾਬੀਆਂ ਨੂੰ ਆਨਲਾਈਨ ਪੰਜਾਬੀ ਸਿਖਾਉਣ ਲਈ ਪੰਜਾਬੀ ਪੋਰਟਲ ਬਣਾਇਆ ਜਾ ਰਿਹਾ ਹੈ ਤਾਂ ਜੋ ਪਰਵਾਸੀ ਪੰਜਾਬੀ ਘਰ ਬੈਠਿਆਂ ਪੰਜਾਬੀ ਕੋਰਸ ਦੀ ਸਿਖਲਾਈ ਲੈ ਸਕਣ ਅਤੇ ਪ੍ਰੀਖਿਆ ਵੀ ਦੇ ਸਕਣ।
ਸੱਭਿਆਚਾਰ ਵਿਭਾਗ ਵੱਲੋਂ ਚੱਪੜਚਿੜੀ (ਮੁਹਾਲੀ), ਗੁਰਦਾਸਪੁਰ, ਜਲੰਧਰ, ਬਠਿੰਡਾ ਵਿਖੇ ਸੰਗੀਤ ਸਮਾਗਮ ਕਰਵਾਏ ਜਾਣਗੇ ਅਤੇ ਖੇਡ ਵਿਭਾਗ ਵੱਲੋਂ ਹਰ ਜ਼ਿਲੇ ਵਿੱਚ ਅੰਡਰ-14 ਤੇ 17 ਵਰਗ ਵਿੱਚ ਪੰਜ-ਪੰਜ ਖੇਡਾਂ ਦੇ ਜ਼ਿਲਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਦੇ ਜੇਤੂਆਂ ਨੂੰ ਨਗਦ ਇਨਾਮ ਵੀ ਦਿੱਤੇ ਜਾਣਗੇ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਵਿਭਾਗ ਵੱਲੋਂ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਵਸਤਾਂ ਦੀਆਂ ਹਰ ਜ਼ਿਲ੍ਹੇ ਵਿੱਚ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ।
ਮੀਟਿੰਗ ਦੌਰਾਨ ਸ੍ਰੀ ਸੰਜੇ ਕੁਮਾਰ, ਪ੍ਰਮੁੱਖ ਸਕੱਤਰ, ਪਰਵਾਸੀ ਭਾਰਤੀ ਮਾਮਲੇ, ਸ੍ਰੀ ਰਾਹੁਲ ਤਿਵਾੜੀ, ਸਕੱਤਰ, ਸੂਚਨਾ ਤੇ ਲੋਕ ਸੰਪਰਕ ਵਿਭਾਗ, ਸ੍ਰੀ ਰਾਹੁਲ ਗੁਪਤਾ, ਡਾਇਰੈਕਟਰ, ਖੇਡ  ਵਿਭਾਗ, ਸ੍ਰੀ ਸੁਖਵਿੰਦਰ ਸਿੰਘ, ਵਿਸ਼ੇਸ਼ ਸਕੱਤਰ ਵਿੱਤ, ਸ੍ਰੀ ਉਮਾ ਸ਼ੰਕਰ, ਸੰਯੁਕਤ ਸਕੱਤਰ, ਸੂਚਨਾ ਤੇ ਲੋਕ ਸੰਪਰਕ ਵਿਭਾਗ, ਡਾ.ਸੇਨੂੰ ਦੁੱਗਲ, ਡਾਇਰੈਕਟਰ, ਸੂਚਨਾ ਤੇ ਲੋਕ ਸੰਪਰਕ ਵਿਭਾਗ, ਸ੍ਰੀ ਬਲਬੀਰ ਸਿੰਘ ਢੋਲ, ਡੀ.ਪੀ.ਆਈ. (ਸੈਕੰਡਰੀ ਸਿੱਖਿਆ), ਸ੍ਰੀ ਟੀ.ਕੇ.ਗੋਇਲ, ਡੀ.ਪੀ.ਆਈ. (ਕਾਲਜਾਂ), ਸ੍ਰੀ ਐਮ.ਐਸ.ਕੰਗ, ਪ੍ਰੋਗਰਾਮ ਮੈਨੇਜਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ, ਸ੍ਰੀ ਕੇ.ਐਲ.ਮਲੋਹਤਰਾ, ਐਫ.ਸੀ.ਐਸ., ਸੈਰ ਸਪਾਟਾ ਤੇ ਸੱਭਿਆਚਾਰ ਮਾਮਲੇ, ਸ੍ਰੀ ਸੁਰਿੰਦਰ ਮਲਿਕ, ਜੁਆਇੰਟ ਡਾਇਰੈਕਟਰ, ਸੂਚਨਾ ਤੇ ਲੋਕ ਸੰਪਰਕ ਵਿਭਾਗ, ਸ੍ਰੀ ਰੁਪਿੰਦਰ ਰਵੀ, ਡਿਪਟੀ ਡਾਇਰੈਕਟਰ, ਖੇਡ ਵਿਭਾਗ ਸ੍ਰੀ ਮੇਵਾ ਸਿੰਘ, ਡਿਪਟੀ ਡਾਇਰੈਕਟਰ (ਫਿਜ਼ੀਕਲ ਐਜੂਕੇਸ਼ਨ), ਡਾ.ਗਿੰਨੀ ਦੁੱਗਲ, ਡਿਪਟੀ ਡਾਇਰੈਕਟਰ, ਐਸ.ਸੀ.ਈ.ਆਰ.ਟੀ. ਵੀ ਹਾਜ਼ਰ ਹੋਏ।

LEAVE A REPLY