walia-bigਮੈਂ 26 ਸਤੰਬਰ 2016 ਨੂੰ ਕੈਨੇਡਾ ਪਹੁੰਚਿਆ। ਇਸ ਵਾਰ ਮੈਂ ਇਕੱਲਾ ਨਹੀਂ ਸੀ। ਮੇਰੇ ਨਾਲ ਮੇਰੀ ਧਰਮ ਪਤਨੀ ਵੀ ਸੀ। ਪੋਤੇ ਨੂੰ ਪਹਿਲੀ ਵਾਰ ਵੇਖਣ ਦਾ ਚਾਅ ਸੀ। ਖੁਸ਼ੀ-ਖੁਸ਼ੀ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਤੋਂ ਜੈਟ ਏਅਰਵੇਜ਼ ਦੇ ਜਹਾਜ਼ ਵਿੱਚ ਸਵਾਰ ਹੋ ਕੇ ਉਡਾਣ ਭਰੀ। ”ਆਹ ਕੀ, ਆਹ ਕੋਈ ਚਾਹ ਹੈ।” ਮੇਰੀ ਪਤਨੀ ਨੱਕ ਬੁੱਲ੍ਹ ਮਾਰ ਰਹੀ ਹੈ।
”ਭਾਗਵਾਨੇ ਜਹਾਜ਼ ਵਿੱਚ ਤਾਂ ਅਜਿਹਾ ਕੁਝ ਹੀ ਮਿਲਦਾ ਹੁੰਦਾ ਹੈ” ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ।
ਉਹ ਨਾ ਕੁਝ ਖਾਂਦੀ ਹੈ ਅਤੇ ਨਾ ਕੁਝ ਪੀਂਦੀ ਹੈ। ਸਿਰਫ਼ ਕੋਕ ਤੋਂ ਬਿਨਾਂ। ਖਾਣੇ ਤੋਂ ਬਾਅਦ ਉਸਦੀ ਦੂਜੀ ਸ਼ਿਕਾਇਤ ਸੌਣ ਦੀ ਆ ਗਈ।
”ਭਲਾ ਆਹ ਕੁਰਸੀ ‘ਤੇ ਵੀ ਕੋਈ ਸੌਂ ਸਕਦਾ ਹੈ।”
”ਹੋਰ, ਤੈਨੂੰ ਪਲੰਘ ਨਾ ਡਾਹ ਦੇਈਏ। ਜਹਾਜ਼ ਵਿੱਚ”। ਮੈਂ ਜ਼ਰਾ ਸਖਤੀ ਨਾਲੀ ਬੋਲਦਾ ਹਾਂ। ਉਂਝ ਬੇਟੇ ਨੇ ਵਿਸ਼ੇਸ਼ ਬੇਨਤੀ ਕਰਕੇ ਸਾਨੂੰ ਮੂਹਰਲੀਆਂ ਕਾਰਨਰ ਸੀਟਾਂ ਦਿਵਾਈਆਂ ਸਨ ਪਰ ਸਾਡੇ ਗੁਆਂਢ ਵਿੱਚ ਇਕ ਨੇਪਾਲੀ ਔਰਤ ਆਪਣੇ ਛੋਟੇ-ਛੋਟੇ ਦੋ ਬੱਚਿਆਂ ਨੂੰ ਲੈ ਕੇ ਬੈਠੀ ਸੀ। ਬੱਚਿਆਂ ਦੇ ਚੀਂਘ ਚਿਹਾੜੇ ਵਿੱਚ ਮੇਰੀ ਪਤਨੀ ਨੀਂਦ ਭਾਲਦੀ ਸੀ। ਬੱਚਿਆਂ ਨਾਲ ਇਕੱਲੀ ਔਰਤ ਦਾ ਇੰਨਾ ਲੰਮਾ ਸਫ਼ਰ ਸੱਚਮੁਚ ਹੀ ਤਕਲੀਫ਼ ਭਰਿਆ ਹੁੰਦਾ ਹੈ ਪਰ ਕੀ ਕਰੇ ਕੋਈ। ਮਜਬੂਰੀ ਦਾ ਨਾਂ ਮਹਾਤਮਾ ਗਾਂਧੀ। ਖੈਰ, ਇਉਂ ਅੱਠ-ਸਾਢੇ ਅੱਠ ਘੰਟੇ ਦੇ ਸਫ਼ਰ ਤੋਂ ਬਾਅਦ ਜਹਾਜ਼ ਐਮਸਟਰਡਮ ਹਵਾਈ ਅੱਡੇ ‘ਤੇ ਉਤਰਿਆ। ਠੰਡ ਤਾਂ ਜਹਾਜ਼ ਵਿੱਚ ਹੀ ਮਹਿਸੂਸ ਹੋਣੀ ਸ਼ੁਰੂ ਹੋ ਗਈ ਸੀ। ਅਸੀਂ ਉਥੇ ਆਪਣੇ ਆਪਣੇ ਗਰਮ ਕੋਟ ਪਾ ਲਏ ਸਨ ਜੋ ਅਸੀਂ ਆਪਣੇ ਆਪਣੇ ਹੈਂਡਬੈਗਾਂ ਵਿੱਚ ਰੱਖੇ ਹੋਏ ਸਨ। ਜਹਾਜ਼ ਤੋਂ ਬਾਹਰ ਆ ਕੇ ਪਤਾ ਹੀ ਨਾ ਲੱਗੇ, ਕਿੱਧਰ ਜਾਣਾ ਹੈ। ਸਵਾਰੀਆਂ ਨਾਲ ਅਸੀਂ ਵੀ ਤੁਰ ਪਏ, ਪਰ ਆਹ ਕੀ, ਇਹ ਤਾਂ ਬਾਹਰ ਵੱਲ ਜਾ ਰਹੇ ਸਨ, ਅਸੀਂ ਤਾਂ ਪੰਜ ਘੰਟੇ ਬਾਅਦ ਇੱਥੋਂ ਟਰਾਂਟੋ ਲਈ ਜਹਾਜ਼ ਫ਼ੜਨਾ ਸੀ। ਉਥੇ ਇਕ ਗੋਰੀ ਸੀ, ਉਹਨੂੰ ਵੇਖ ਕੇ ਮੇਰੀ ਬੀਵੀ ਕਹਿਣ ਲੱਗੀ ਚਲੋ, ਬੋਲੋ ਅੰਗਰੇਜ਼ ਅਤੇ ਪੁੱਛੋ ਇਹਨੂੰ। ਉਸ ਗੋਰੀ ਦੇ ਦੱਸਣ ਮੁਤਾਬਕ ਅਸੀਂ ਮੁੜ ਸਕਿਊਰਟੀ ਚੈਕ ਵਿੱਚੋਂ ਦੀ ਗੁਜ਼ਰੇ ਅਤੇ ਬੋਰਡਿੰਗ ਪਾਸ ਉਤੇ ਦੱਸੇ ਗੇਟ ਵੱਲ ਵਧਣ ਲੱਗੇ। ਆਹ ਫ਼ੜੋ, ਮੇਰੇ ਵਾਲਾ ਬੈਗ ਵੀ, ਮੈਥੋਂ ਨੀ ਇਹ ਤੁਰੀਆਂ ਜਾਂਦੀਆਂ ਪੌੜੀਆਂ ਤੇ ਚੱਲਿਆ ਜਾਂਦਾ ਹੈ। ਐਮਸਟਰਡਮ ਏਅਰਪੋਰਟ ਦੇ ਗੇਟ ਨੰਬਰ ਤਿੰਨ ‘ਤੇ ਖੂਬ ਰੌਣਕਾਂ ਸਨ। ਇੱਥੋਂ ਮੈਂ ਕਨੇਡੀਅਨ ਡਾਲਰ ਨਾਲ ਜੋ ਕਿ ਯੂਰੋ ਤਾਂ ਲੱਗਭੱਞ ਅੱਧੀ ਕੀਮਤ ਦਾ ਸੀ, ਕੁਝ ਕੇਲੇ ਅਤੇ ਕੌਫ਼ੀ ਖਰੀਦੀ।
”ਆਹ ਕਿੰਨੇ ਦਾ ਆਇਆ ਸਮਾਨ” ਮੇਰੀ ਪਤਨੀ ਨੇ ਪੁੱਛਿਆ
”ਮੈਂ ਕਿਹਾ, ਡਾਲਰ ਦਾ”
”ਹੈਂ, ਆਹ ਕੇਲੇ ਪੰਜ ਸੌ ਰੁਪਏ ਦੇ, ਕਮਾਲ ਹੈ ਇੰਨੀ ਮਹਿੰਗਾਈ ਹੈ।” ਬੀਵੀ ਦੀ ਟਿੱਪਣੀ ਸੀ। ਉਂਝ ਜਦੋਂ ਵੀ ਕੋਈ ਵਿਜ਼ਟਰ ਕੋਈ ਚੀਜ਼ ਖਰੀਦਦਾ ਹੈ ਤਾਂ ਉਸਨੂੰ ਚੀਜ਼ ਦੀ ਕੀਮਤ ਰੁਪਿਆਂ ‘ਚ ਦੇਖਣ ਦੀ ਆਦਤ ਹੁੰਦੀ ਹੈ। ਸ਼ਾਇਦ ਇਸੇ ਕਾਰਨ ਬਹੁਤ ਵਾਰ ਨਵੇਂ ਗਏ ਯਾਤਰੀ ਬਹੁਤੀ ਖਰੀਦ ਕਰਨ ਤੋਂ ਕੰਨੀ ਕਤਰਾਉਂਦੇ ਹਨ। ਮੇਰੀ ਪਤਨੀ ਨੇ ਥੋੜ੍ਹੀ ਦੂਰ ਖਾਲੀ ਕੁਰਸੀਆਂ ਲੱਭ ਕੇ ਪਹਿਲਾਂ ਬੈਠ ਗਈ, ਫ਼ਿਰ ਪੈ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗੀ। ਮੈਂ ਮੋਬਾਇਲ ‘ਤੇ ਆਪਣਾ ਵਕਤ ਟਪਾਉਣ ਲੱਗਾ। ਆਖਿਰ ਵਕਤ ਟੱਪਿਆ, ਅਸੀਂ ਜਹਾਜ਼ ਵਿੱਚ ਸਵਾਰ ਹੋਏ। ਆਪਣੀ-ਆਪਣੀ ਮੰਜ਼ਿਲ ਵੱਲ ਵਧਣ ਲੱਗੇ। ਸਾਡੀ ਅਗਲੀ ਮੰਜ਼ਿਲ ਟਰਾਂਟੋ ਸੀ। ਅੱਠ ਨੌ ਘੰਟੇ ਟਰਾਂਟੋ ਦੇ ਹਵਾਈ ਅੱਡੇ ‘ਤੇ ਉਤਰੇ। ਉਤਰਨ ਤੋਂ ਬਾਅਦ ਇੰਮੀਗ੍ਰੇਸ਼ਨ ਚੈਕ ਅਤੇ ਫ਼ਿਰ ਜਾ ਕੇ ਸਮਾਨ ਚੁੱਕਿਆ। ਫ਼ਿਰ ਪੁੱਛਦੇ-ਪਛਾਉਂਦੇ ਉਹ ਥਾਂ ਲੱਭੀ, ਜਿੱਕੇ ਅਗਲੇ ਪੜਾਅ ਲਈ ਸਮਾਨ ਜਮ੍ਹਾ ਕਰਾਉਣਾ ਸੀ। ਟਰਾਂਟੋ ਤੋਂ ਅਸੀਂ ਜਹਾਜ਼ ਬਦਲ ਕੇ ਸੈਕਸਟਾਟੂਨ ਲਈ ਏਅਰ ਕੈਨੇਡਾ ਦੇ ਜਹਾਜ਼ ਵਿੱਚ ਚੜ੍ਹਨਾ ਸੀ। ਜਿਸ ਲਈ ਸਾਨੂੰ ਸਕਾਈ ਟਰੇਨ ਵਿੱਚ ਚੜ੍ਹ ਕੇ ਹਵਾਈ ਅੱਡੇ ਦੇ ਦੂਜੇ ਸਿਰੇ ਜਾਣਾ ਪੈਣਾ ਸੀ। ਅੰਗਰੇਜ਼ੀ ਬੋਲਦੇ ਮਤਲਬ ਪੁੱਛਦੇ-ਪਛਾਉਂਦੇ ਸਕਾਈ ਟਰੇਨ ਤੱਕ ਪਹੁੰਚੇ ਅਤੇ ਫ਼ਿਰ ਅਗਲੇ ਪੜਾਅ ਤੱਕ। ਇੱਥੇ ਵੀ ਲੰਮੀ ਇੰਤਜ਼ਾਰ। ਮੁੜ ਸਕਿਊਰਟੀ ਚੈਕ। ਸੱਚਮੁਚ ਮੁਸਾਫ਼ਰ ਦੁਖੀ ਹੋ ਜਾਂਦਾ ਹੈ।
”ਮੈਂ ਤਾਂ ਨਹੀਂ ਮੁੜ ਕੇ ਆਉਂਦੀ, ਮੈਨੂੰ ਤਾਂ ਪੋਤੇ ਦਾ ਮੋਹ ਖਿੱਚ ਲਿਆਇਆ।” ਏਅਰਪੋਰਟ ‘ਤੇ ਹੋ ਰਹੀ ਖੱਜਲ ਖੁਆਰੀ ਤੋਂ ਤੰਗ ਆ ਕੇ ਮੇਰੀ ਪਤਨੀ ਕਹਿ ਰਹੀ ਸੀ।
”ਸਿੱਧੀ ਫ਼ਲਾਈਟ ਲੈਣੀ ਸੀ, ਆਹ ਤਾਂ ਬੋਰਿੰਗ ਕੰਮ ਐ” ਉਸਨੇ ਫ਼ਿਰ ਕਿਹਾ। ਮੈਂ ਸੋਚ ਰਿਹਾ ਸੀ ਕਹਿ ਤਾਂ ਉਹ ਠੀਕ ਹੀ ਰਹੀ ਹੈ, ਅਸੀਂ ਚਾਰ ਪੈਸੇ ਬਚਾਉਣ ਲਈ ਅਜਿਹੀਆਂ ਟਿਕਟਾਂ ਨੂੰ ਤਰਜੀਹ ਦਿੰਦੇ ਹਾਂ ਜੋ ਲੰਮੀ ਲੰਮੀ ਇੰਤਜ਼ਾਰ ਕਰਵਾਉਂਦੀਆਂ ਹਨ। ਖੈਰ, ਅਸੀਂ ਟਰਾਂਟੋ ਚੱਲ ਕੇ ਸੈਕਸਟੂਨ ਪਹੁੰਚ ਕੇ ਸੁੱਖ ਦਾ ਸਾਹ ਲਿਆ।
ਕੈਨੇਡਾ ਦੇ ਸੈਕਚੂਆਨ ਪ੍ਰਾਂਤ ਦਾ ਵੱਡਾ ਸ਼ਹਿਰ ਸੈਕਸਟੂਨ ਹੈ। ਇੱਥੋਂ ਦੇ ਮੌਸਮ ਕਾਰਨ ਜ਼ਿਆਦਾ ਲੋਕਾਂ ਦੀ ਇਹ ਤਰਜੀਹ ਨਹੀਂ। ਇੱਥੇ ਪੰਜਾਬੀਆਂ ਦੀ ਗਿਣਤੀ ਕੋਈ ਜ਼ਿਆਦਾ ਨਹੀਂ। ਬਾਹਰਲੀਆਂ ਕੌਮਾਂ ਵਿੱਚੋਂ ਪਾਕਿਸਤਾਨੀ ਅਤੇ ਬੰਗਲਾਦੇਸ਼ੀ ਮੁਸਲਮਾਨ, ਚੀਨ ਤੋਂ ਆਏ ਲੋਕ ਅਤੇ ਭਾਰਤ ਦੇ ਗੁਜਰਾਤ, ਬੰਗਾਲ ਅਤੇ ਪੰਜਾਬ ਤੋਂ ਆਏ ਲੋਕ ਸ਼ਾਮਲ ਹਨ। ਸਰਦੀਆਂ ਵਿੱਚ ਮੌਸਮ ਮਨਫ਼ੀ ਚਾਲੀ ਤੱਕ ਵੀ ਪਹੁੰਚ ਜਾਂਦਾ ਹੈ। ਮੈਂ ਦੇਖਿਆ ਅੱਜਕਲ੍ਹ ਇੱਕੇ ਦਿਨੇ ਧੁੱਪ ਵਿੱਚ ਗਰਮੀ ਮਹਿਸੂਸ ਹੁੰਦੀ ਸੀ। ਚਲਦੀ ਹਵਾ ਵਿੱਚ ਠੰਡ ਅਤੇ ਰਾਤ ਨੂੰ ਤਾਂ ਪਾਰਾ ਕਾਫ਼ੀ ਥੱਲੇ ਆ ਜਾਂਦਾ ਹੈ। ਮੌਸਮ ਜਿਹਾ ਜਿਹਾ ਵੀ ਹੋਵੇ ਜ਼ਿੰਦਗੀ ਚਲਦੀ ਰਹਿੰਦੀ ਹੈ। ਅਸੀਂ ਘਰ ਪਹੁੰਚੇ। ਇਹ ਗੱਲ ਮੈਂ ਪਹਿਲਾਂ ਹੀ ਆਪਣੀ ਪਤਨੀ ਨੁੰ ਸਮਝਾ ਚੁੱਕਾ ਸੀ ਕਿ ਜਾਣ ਸਾਰ ਨਹਾ ਕੇ ਜਿਸਨੁੰ ਇੱਥੇ ਸ਼ਾਵਰ ਲੈਣਾ ਕਹਿੰਦੇ ਹਨ, ਹੀ ਪੋਤੇ ਨੂੰ ਚੁੱਕਦਾ ਹੈ। ਅਸੀਂ ਉਵੇਂ ਹੀ ਕੀਤਾ। ਪੋਤੇ ਨੂੰ ਚੁੱਕ ਕੇ ਥਕਾਵਟ ਲਹਿਰ ਗਈ।
ਫ਼ੇਸਬੁੱਕ ‘ਤੇ ਮੈਂ ਕੈਨੇਡਾ ਪਹੁੰਚਣ ਦੀ ਖਬਰ ਅਤੇ ਆਪਣਾ ਕੈਨੇਡਾ ਦਾ ਨੰਬਰ ਪਾ ਦਿੱਤਾ ਸੀ। ਅਜੇ ਮੈਨੂੰ ਕੈਨੇਡਾ ਪਹੁੰਚੇ ਨੂੰ ਤੀਜਾ ਦਿਨ ਹੀ ਹੋਇਆ ਸੀ ਕਿ ਮੈਨੁੰ ਕਵਿੰਦਰ ਚਾਂਦ ਦਾ ਫ਼ੋਨ ਆਇਆ।
”ਬਾਬਿਓ ਵੈਲਕਮ, ਸਾਡੇ ਵੱਲ ਕਦੋਂ ਆ ਰਹੇ ਹੋ” ਕਵਿੰਦਰ ਚਾਂਦ ਮੇਰਾ ਮਿੱਤਰ ਹੈ, ਪਟਿਆਲਵੀ ਹੈ, ਪੰਜਾਬੀ ਦਾ ਵਧੀਆ ਸ਼ਾਇਰ ਹੈ। ਪਟਿਆਲੇ ਨਾਲੋਂ ਮੋੜ ਤੋੜ ਕੇ ਬੱਚਿਆਂ ਕੋਲ ਸਰੀ ਆ ਕੇ ਵੱਸ ਗਿਆ ਹੈ।
”ਬਣਾਉਂਦੇ ਹਾਂ ਕੋਈ ਪ੍ਰੋਗਰਾਮ, ਅਜੇ ਤਾਂ ਇੱਥੇ ਹੀ ਕੈਂਪ ਲਾ ਰਿਹਾ ਹਾਂ। ਗਰੀਬ ਕੁੜੀਆਂ ਦੇ ਵਿਆਹ ਕਰ ਰਿਹਾ ਹਾਂ। ਮੇਰਾ ਜਵਾਬ ਸੀ।
ਦੋ ਅਕਤੂਬਰ ਨੂੰ ਪੰਜਾਬ ਭਵਨ ਦਾ ਉਦਘਾਟਨ ਹੈ, ਤੁਸੀਂ ਆਉਣਾ ਹੈ। ਆਹ ਲੋ, ਸੁੱਖੀ ਭਾਜੀ ਨਾਲ ਕਰੋ ਗੱਲ। ਚਾਂਦ ਨੇ ਫ਼ੋਨ ਸੁੱਖੀ ਬਾਠ ਨੂੰ ਫ਼ੜਾ ਦਿੱਤਾ ਅਤੇ ਸੁੱਖੀ ਬਾਠ ਨੇ ਮੈਨੂੰ ਪੰਜਾਬ ਭਵਨ ਦੇ ਉਦਘਾਟਨੀ ਸੈਸ਼ਨ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਸੱਦਾ ਦਿੱਤਾ।
ਸੁੱਖੀ ਬਾਠ ਨੂੰ ਦੋ ਕੁ ਮਹੀਨੇ ਪਹਿਲਾਂ ਮੈਂ ਪਟਿਆਲਾ ਵਿਖੇ ਮਿਲਿਆ ਸੀ। ਪੰਜਾਬ ਵਿੱਚ ਸੁੱਖੀ ਬਾਠ ਗਰੀਬ ਘਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਕਰਨ ਬਾਰੇ ਖਬਰਾਂ ਮੈਂ ਸੁਣੀਆਂ ਹੋਈਆ ਸਨ। ਅਜਿਹੇ ਸਮਾਜ ਸੇਵੀ ਨੂੰ ਮੈਂ ਆਪਣੇ ਪੱਤਰਕਾਰੀ ਦੇ ਵਿਦਿਆਰਥੀਆਂ ਦੇ ਰੂਬਰੂ ਕਰਨਾ ਚਾਹੁੰਦਾ ਸੀ। ਕਾਵਿੰਦਰ ਚਾਂਦ ਦੇ ਮਿੱਤਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਗਲੋਬਲ ਪੰਜਾਬ ਫ਼ਾਊਂਡੇਸ਼ਨ ਚੈਪਟਰ ਦੇ ਪ੍ਰਧਾਨ ਡਾ. ਪਰਮਜੀਤ ਕੱਟੂ ਵੱਲੋਂ ਪ੍ਰਬੰਧਕੀ ਜ਼ਿੰਮੇਵਾਰੀਆਂ ਸੰਭਾਲੀਆਂ ਗਈਆਂ ਅਤੇ ਪ੍ਰੋਗਰਾਮ ਤਹਿ ਹੋ ਗਿਆ ਸੀ। ਮੇਰੇ ਤਿੰਨ ਦਹਾਕਿਆਂ ਤੋਂ ਵੀ ਪੁਰਾਣੇ ਪੱਤਰਕਾਰ ਮਿੱਤਰ ਅਤੇ ਟਾਈਮ ਟੀ. ਵੀ. ਚੜ੍ਹਦੀਕਲਾ ਦੇ ਮਾਲਕ ਜਗਜੀਤ ਸਿੰਘ ਦਰਦੀ ਦਾ ਫ਼ੋਨ ਆਇਆ ਕਿ ਸੁੱਖੀ ਬਾਠ ਆਏ ਹੋਏ ਹਨ। ਅਸੀਂ ਸਾਰੇ ਤੁਹਾਨੂੰ ਮਿਲਣ ਆ ਰਹੇ ਹਾਂ। ਇਉਂ ਸਾਡੀ ਪਹਿਲੀ ਮੁਲਾਕਾਤ ਹੋਈ ਸੀ। ਸੁੱਖੀ ਬਾਠ ਦੇ ਆਉਣ ਤੋਂ ਪਹਿਲਾਂ ਮੈਂ ਯੂ.ਟਿਊਬ ‘ਤੇ ਸੁੱਖੀ ਬਾਠ ਦੇ ਕੰਮਾਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਬ ਕੀਤੀ ਤਾਂ ਬਾਠ ਦੇ ਕੰਮਾਂ ਤੋਂ ਪ੍ਰਭਾਵਿਤ ਹੋਇਆ। ਉਹ ਆਏ ਵਰ੍ਹੇ ਆ ਕੇ ਸੁੱਖੀ ਫ਼ਾਊਂਡੇਸ਼ਨ ਵੱਲੋਂ ਅੱਖਾਂ ਦੇ ਕੈਂਪ ਲਗਾਉਂਦੇ ਹਨ।
ਸੋ, ਇਹ ਮੇਰੀ ਪਹਿਲੀ ਮੁਲਾਕਾਤ ਸੀ। ਮੈਨੂੰ ਸੁਖੀ ਪਿਆਰਾ ਇਨਸਾਨ ਲੱਗਿਆ। ਕੋਈ ਵਲ-ਸਲ ਨਹੀਂ, ਕੋਈ ਹਉਮੈ ਨਹੀਂ। ਮੇਰੀ ਵਿਦਿਆਰਥੀਆਂ ਸਾਹਮਣੇ ਖੁੱਲ੍ਹ ਕੇ ਆਪਣੇ ਸੰਘਰਸ਼ ਦੇ ਦਿਨਾਂ ਦੀ ਗੱਲ ਕੀਤੀ ਅਤੇ ਫ਼ਿਰ ਕਿਵੇਂ ਉਹ ਸਫ਼ਲਤਾ ਦੀਆਂ ਪੌੜੀਆਂ ਚੜ੍ਹਿਆ, ਬਾਰੇ ਦਿਲਚਸਪ ਗੱਲਾਂ ਕੀਤੀਆਂ। ਮੇਰੇ ਸਮੇਤ ਸਾਰੇ ਸਰੋਤੇ ਪ੍ਰਭਾਵਿਤ ਸਨ।
ਦੋ ਅਕਤੂਬਰ ਨੂੰ ਮੇਰਾ ਐਡਮਿੰਟਨ ਜਾਣ ਦਾ ਪ੍ਰੋਗਰਾਮ ਸੀ। ਉਥੋਂ ਦੇ ਮੀਡੀਆ ਕਰਮੀਆਂ ਦੇ ਸੱਦੇ ‘ਤੇ ਟ੍ਰਿਬਿਊਨ ਦੇ ਐਡੀਟਰ ਹਰੀਸ਼ ਖਰੇ ਆ ਰਹੇ ਸਨ। ਮੈਂ ਹਰੀਸ਼ ਖਰੇ ਦੀਆਂ ਲਿਖਤਾਂ ਦਾ ਕਾਇਲ ਹਾਂ ਅਤੇ ਮੈਂ ਐਡਮਿੰਟਨ ਦੇ ਮਿੱਤਰਾਂ ਨੂੰ ਮਿਲਣ ਦਾ ਵੀ ਚਾਹਵਾਨ ਸੀ। ਪਰ ਸੁੱਖੀ ਬਾਠ ਦੇ ਸੱਦੇ ਨੇ ਮੇਰਾ ਪ੍ਰੋਗਰਾਮ ਬਦਲ ਦਿੱਤਾ। ਦੂਜੇ ਪਾਸੇ ਸ਼ਾਇਰ ਚਾਂਦ ਵਰਗੇ ਮਿੱਤਰ ਵੀ ਤਾਂ ਆਵਾਜ਼ਾਂ ਮਾਰ ਰਹੇ ਸਨ। ਸੱਦੀ ਹੋੲ. ਮਿੱਤਰਾਂ ਦੀ ਪੈਰੀ ਜੁੱਤੀ ਨਾ ਪਾਵਾਂ। ਮੈਂ ਇਕ ਅਕਤੂਬਰ ਨੂੰ ਵੈਨਕੂਵਰ ਪਹੁੰਚ ਗਿਆ। ਏਅਰਪੋਰਟ ‘ਤੇ ਲੈਣ ਲਈ ਸੁੱਖੀ ਬਾਠ ਦਾ ਕੁੜਮ ਬਲਵੀਰ ਢੱਡ ਖੜ੍ਹਾ ਸੀ। ਅਜੇ ਅਸੀਂ ਜਾਣ ਪਛਾਣ ਹੀ ਕਰ ਰਹੇ ਸੀ ਕਿ ਸੁਖਮੰਦਰ ਬਰਾੜ ਭਗਤਾ ਭਾਈਕਾ ਮੈਨੂੰ ਲੱਭਦਾ ਲੱਭਦਾ ਪਹੁੰਚ ਗਿਆ। ਭਗਤਾ ਭਾਈਕਾ ਵੀ ਅਜੀਤ ਵੀਕਲੀ ਦਾ ਕਾਲਮ ਨਵੀਸ ਹੈ, ਉਸਦਾ ਕਾਲਮ ਪਿੰਡ ਦੀ ਸੱਥ ਵਿੱਚੋਂ ਬਹੁਤ ਮਕਬੂਲ ਹੈ। ਭਗਤਾ ਭਾਈ ਕਾ ਨੂੰ ਆਪਣੇ ਆਉਣ ਦੀ ਖਬਰ ਦੇ ਚੁੱਕਾ ਸਾਂ। ਉਧਰ ਸੁੱਖੀ ਬਾਠ ਦੇ ਘਰ ਲੱਗੀ ਮਹਿਫ਼ਲ ਵਿੱਚ ਗੁਰਭਜਨ ਗਿੱਲ, ਬਲਜੀਤ ਬੱਲੀ, ਸਤਿਵੀਰ ਸਿੰਘ ਦਰਦੀ ਦਿੱਲੀ ਤੋਂ ਆਇਆ ਅੰਮ੍ਰਿਤਪਾਲ ਅਤੇ ਹੋਰ ਮਿੱਤਰ ਇੰਤਜ਼ਾਰ ਕਰ ਰਹੇ ਸਨ। ਸੁਖਮੰਦਰ ਸਿੰਘ ਬਰਾੜ ਦੇ ਮੋਹ ਨੂੰ ਵੇਖ ਕੇ ਮੇਰੇ ਵਾਂਗ ਹੀ ਬਲਵੀਰ ਦੀ ਦੁਬਿਧਾ ਸੀ। ਮੈਂ ਕਿਹਾ ਨੈਤਿਕਤਾ ਤਾਂ ਇਹ ਮੰਗ ਕਰਦੀ ਹੈ ਕਿ ਮੈਂ ਬਰਾੜ ਸਾਹਿਬ ਨਾਲ ਜਾਵਾਂ। ਮੇਰੀ ਇਹ ਗੱਲ ਬਲਵੀਰ ਢੱਡ ਨੇ ਖੁਸ਼ੀ ਖੁਸ਼ੀ ਪ੍ਰਵਾਨ ਕਰ ਲਈ। ਅਸੀਂ ਏਅਰਪੋਰਟ ਤੋਂ ਚੱਲ ਕੇ ਭਗਤਾ ਭਾਈਕੇ ਦੇ ਨਿਵਾਸ ਮਿਸ਼ਨ ਵਿਖੇ ਪਹੁੰਚ ਗਏ। ਮਿਸ਼ਨ ਬ੍ਰਿਟਿਸ਼ ਕੋਲੰਬੀਆ ਦੇ ਦੇ ਸ਼ਹਿਰ ਐਬਸਫ਼ੋਰਡ ਤੋਂ ਅਗਲਾ ਸ਼ਹਿਰ ਹੈ ਜੋ ਵੈਨਕੂਵਰ ਅਤੇ ਸਰੀ ਦੇ ਮੁਕਾਬਲੇ ਬਹੁਤ ਸ਼ਾਂਤ ਅਤੇ ਰਮਣੀਕ ਹੈ। ਇੱਥੇ ਵੀ ਪੰਜਾਬੀ ਵੱਡੀ ਗਿਣਤੀ ਵਿੱਚ ਵੱਸ ਗਏ ਹਨ। ਗੁਰੂ ਘਰ ਹੈ, ਦਸਮੇਸ਼ ਪਬਲਿਕ ਸਕੂਲ ਹੈ, ਗੱਲ ਕੀ ਸਿੰਘਾਂ ਨੇ ਝੰਡੇ ਗੱਡ ਦਿੱਤੇ ਹਨ।
ਸੁਖਮੰਦਰ ਬਰਾੜ ਦੇ ਘਰ ਪਹੁੰਚ ਕੇ ਖਾਣੇ ਦੇ ਟੇਬਲ ‘ਤੇ ਸੁਖਮੰਦਰ ਸਿੰਘ ਦੀ ‘ਪਿੰਡ ਦੀ ਸੱਥ’ ਦੀ ਚਰਚਾ ਹੁੰਦੀ ਰਹੀ। ਬਰਾੜ ਦਾ ਪਿੰਡ ਭਗਤਾ ਭਾਈਕਾ ਕੋਟਕਪੁਰੇ ਦੇ ਲਾਗੇ ਸਥਿਤ ਹੈ। ਕਹਿੰਦੇ ਹਨ ਕਿ ਇਸ ਪਿੰਡ ਦੇ ਇਸ ਸਿਰ ਉਤੇ ਭਾਈ ਭਗਤੂ ਦਾ ਹੱਥ ਹੈ ਅਤੇ ਇਹ ਵੀ ਕਥਾ ਇਸ ਪਿੰਡ ਵਿੱਚ ਭੂਤਾਂ ਨੇ ਖੂਹ ਉਸਾਰਿਆ ਸੀ। ਇਸ ਪਿੰਡ ਭਾਈ ਭਗਤਾ ਦੀ ਸੱਥ ਦੇ ਪਾਤਰਾਂ ਦੇ ਖੂਬਸੂਰਤ ਸੰਵਾਦਾਂ ਨੇ ਸੁਖਮੰਦਰ ਬਰਾੜ ਇਕ ਵਿਲੱਖਣ ਕਿਸਮ ਦੀ ਸ਼ੈਲੀ ਦਾ ਮਾਲਕ ਬਣਾ ਦਿੱਤਾ। ਇਉਂ ਸੁਖਮੰਦਰ ਸਿੰਘ ਬਰਾੜ ਦੀਆਂ ਕਿਤਾਬਾਂ ਅਤੇ ਕਾਲਮ ਦੀ ਚਰਚਾ ਕਰਦੇ ਕਰਦੇ ਪਤਾ ਨਹੀਂ ਲੱਗਾ ਕਦੋਂ ਸੌਣ ਦਾ ਵਕਤ ਆ ਗਿਆ।
ਦੋ ਅਕਤੂਬਰ ਨੂੰ ਇਕ ਵਜੇ ਪੰਜਾਬ ਭਵਨ ਦਾ ਉਦਘਾਟਨ ਸੀ। ਜਦੋਂ ਅਸੀਂ 12ਕੁ ਵਜੇ ਸੁੱਖੀ ਬਾਠ ਮੋਟਰਜ਼ ਦੇ ਇਕ ਬਣੇ ਸਟੂਡੀਓ ਸੈਵਨ ਪਹੁੰਚੇ ਤਾਂ ਖੂਬ ਰੌਣਕਾਂ ਸਨ। ਇਉਂ ਸਟੂਡੀਓ ਸੈਵਨ ਹੁਣ ਪੰਜਾਬ ਭਵਨ ਵਿੱਚ ਤਬਦੀਲ ਹੋ ਚੁੱਕਾ ਸੀ। 15453 ਫ਼ਰੇਜ਼ਰ ਹਾਈਵੇ, ਸਰੀ ਵਿਖੇ ਸਥਿਤ ਇਸ ਪੰਜਾਬ ਭਵਨ ਦੇ ਅੰਦਰ ਅਤੇ ਬਾਹਰ ਲੇਖਕਾਂ, ਸ਼ਾਇਰਾਂ, ਕਲਾਕਾਰਾਂ, ਮੀਡੀਆ ਕਰਮੀਆਂ ਅਤੇ ਹੋਰ ਸਿਰਮੌਰ ਵਿਅਕਤੀਆਂ ਦਾ ਜਿਵੇਂ ਮੇਲਾ ਹੀ ਲੱਗਿਆ ਹੋਹਿਆ ਸੀ। ਸੱਚਮੁਚ ਹੀ ਪੰਜਾਬ ਭਵਨ ਦੇ ਉਦਘਾਟਨੀ ਸੱਦਾ ਪੱਤਰ ਦੇ ਸ਼ਬਦ ‘ਵਿਸ਼ਵ ਪੰਜਾਬੀ ਭਾਈਚਾਰੇ ਦਾ ਸਾਂਝਾ ਘਰ, ਸੰਗੀਤ, ਸਾਹਿਤ, ਕਲਾ, ਵਿਰਾਸਤ, ਸਿਹਤ, ਮਨੁੱਖਤਾ ਅਤੇ ਇਨਸਾਨੀ ਭਾਈਚਾਰੇ ਦਾ ਪ੍ਰਤੀਕ’ ਪੰਜਾਬ ਭਵਨ ਕੈਨੇਡਾ, ਪੜ੍ਹਨ ਵਾਲੇ ਦੇ ਦਿਲ ਵਿੱਚ ਧੂਹ ਪਾਉਂਦੇ ਸਨ। ਮੈਂ ਅਜੇ ਕਾਰ ਵਿੱਚੋਂ ਉਤਰਿਆ ਹੀ ਸੀ ਕਿ ਗੁਰਭਜਨ ਗਿੱਲ ਉਡ ਕੇ ਮਿਲਿਆ ”ਭਰਾ, ਰਾਤ ਕਿੱਥੇ ਰਹਿ ਗਿਆ, ਅਸੀਂ ਉਡੀਕਦੇ ਰਹੇ”। ਇਸ ਤਰ੍ਹਾਂ ਦੇ ਬੋਲ ਬਲਜੀਤ ਬੱਲੀ ਅਤੇ ਸਤਿਵੀਰ ਦਰਦੀ ਦੇ ਮੂੰਹੋਂ ਵੀ ਨਿਕਲੇ ਸਨ। ਸੁੱਖੀ ਬਾਠ ਨੇ ਹੱਸਦੇ ਹੋਏ ਕਿਹਾ ਕਿ ਇਹ ਜਦੋਂ ਬੰਦੇ ਨੂੰ ਏਅਰਪੋਰਟ ਤੋਂ ਦੋ-ਦੋ, ਤਿੰਨ-ਤਿੰਨ ਬੰਦੇ ਚੁੱਕਣ ਜਾਣ ਤਾਂ ਸਮਝੋ ਬੰਦਾ ਕੋਈ ਖਾਸ ਹੈ, ਵਾਹਵਾ ਪਾਪੂਲਰ ਹੈ। ਇਉਂ ਹੱਸਦੇ ਹਸਾਉਂਦੇ ਮੈਂ ਹਾਜ਼ਰ ਦੋਸਤਾਂ ਨੂੰ ਮਿਲਣ ਲੱਗਾ। ਜਰਨੈਲ ਸਿੰਘ ਆਰਟਿਸਟ, ਬਖਸ਼ਿੰਦਰ, ਜਰਨੈਲ ਸੇਖਾ, ਗੁਰਵਿੰਦਰ ਧਾਲੀਵਾਲ, ਹਰਜਿੰਦਰ ਥਿੰਦ, ਦਵਿੰਦਰ ਬੈਨੀਪਾਲ, ਮਾਸਟਰ ਅਮਰੀਕ ਸਿੰਘ, ਹਰਚੰਦ ਸਿੰਘ ਬਾਗਡੀ, ਮੋਹਨ ਗਿੱਲ, ਕਾਵਿੰਦਰ ਚਾਂਦ ਅਤੇ ਜਸਵੀਰ ਰੋਮਾਨਾ ਅਾਿਦ ਮਿੱਤਰਾਂ ਨੁੰ ਮਿਲ ਕੇ ਰੂਹ ਗਦ-ਗਦ ਹੋ ਰਹੀ ਸੀ। ਇੱਥੇ ਹੀ ਮੈਨੂੰ ਮੇਰਾ ਬੀ. ਏ. ਦਾ ਜਮਾਤੀ ਪ੍ਰੋ. ਪ੍ਰਿਥੀਪਾਲ ਸਿੰਘ ਸੋਹੀ ਮਿਲਿਆ ਜੋ ਅੱਜਕਲ੍ਹ ਟੀ. ਵੀ. ਚੈਨਲ ਪ੍ਰਾਈਮ ਏਸ਼ੀਆ ਵਿੱਚ ਹੋਸਟ ਹੈ। ਸੋਹੀ ਸਾਹਿਬ ਸਰਕਾਰੀ ਕਾਲਜ ਦੀ ਪ੍ਰੋਫ਼ੈਸਰੀ ਨੂੰ ਛੱਡ ਕੇ ਕੈਨੇਡਾ ਆਉਣ ਨੂੰ ਤਰਜੀਹ ਦਿੱਤੀ ਸੀ। ਅੱਜ ਉਸਨੇ ਬੀ. ਸੀ. ਦੇ ਮੀਡੀਆ ਵਿੱਚ ਚੰਗਾ ਨਾਮ ਬਣਾ ਲਿਆ ਸੀ। ਇਸ ਗੱਲ ਦੀ ਮੈਨੂੰ ਤਸੱਲੀ ਭਰੀ ਖੁਸ਼ੀ ਸੀ। ਸੁੱਖੀ ਬਾਠ ਸਭ ਮਹਿਮਾਨਾਂ ਨੂੰ ਚਾਹ ਨਿਬੇੜ ਕੇ ਹਲ ਵਿੱਚ ਬੈਠਣ ਦਾ ਸੱਦਾ ਦੇ ਰਿਹਾ ਸੀ ਤਾਂ ਕਿ ਪ੍ਰੋਗਰਾਮ ਸ਼ੁਰੂ ਕੀਤਾ ਜਾ ਸਕੇ।

LEAVE A REPLY