editorial1ਭਾਰਤੀ ਕੰਟਰੋਲ ਵਾਲੇ ਕਸ਼ਮੀਰ ਦੇ ਇਲਾਕੇ ਵਿੱਚ ਨਿੱਤ ਦਿਨ ਵਾਪਰ ਰਹੀਆਂ ਹਿੰਸਕ ਘਟਨਾਵਾਂ ਨੇ ਭਾਰਤ-ਪਾਕਿ ਸਬੰਧਾਂ ਵਿੱਚ ਹਾਲ ਹੀ ਵਿੱਚ ਕਾਫ਼ੀ ਤਬਦੀਲੀਆਂ ਲਿਆਂਦੀਆਂ ਹਨ ਅਤੇ ਕਸ਼ੀਦਗੀ ਹੈ ਕਿ ਵਧਦੀ ਹੀ ਜਾ ਰਹੀ ਹੈ। ਇਹ ਵੀ ਸਾਫ਼ ਦਿਖ ਰਿਹੈ ਕਿ ਇਹ ਦੋਹੇਂ ਮੁਲਕ, ਜੋ ਕਿ ਇਸ ਵੇਲੇ ਪੀੜ੍ਹੀਆਂ ਦੇ ਸੰਕਟ ਦੇ ਯੁੱਗ ਵਿੱਚੋਂ ਦੀ ਲੰਘ ਰਹੇ ਹਨ, ਇੱਕ ਦੂਸਰੇ ਦੇ ਵਿਰੋਧ ਵਿੱਚ ਰੱਜ ਕੇ ਕੱਟੜਵਾਦੀ, ਰਾਸ਼ਟਰਵਾਦੀ ਅਤੇ ਪੂਰੀ ਤਰ੍ਹਾਂ ਯੁੱਧਪ੍ਰਸਤ ਬਣੇ ਪਏ ਹਨ। ਦੋਹਾਂ ਮੁਲਕਾਂ ਦੀਆਂ ਹਾਲੀਆਂ ਹਰਕਤਾਂ ਤੋਂ ਵੀ ਇਹ ਲਗਭਗ ਸਪੱਸ਼ਟ ਹੋ ਚੁੱਕੈ ਕਿ ਇਨ੍ਹਾਂ ਦਾ ਇਹ ਜੰਗਜੂ ਮਿਜ਼ਾਜ ਜਾਂ ਰਵੱਈਆ ਉਸ ਵੇਲੇ ਤਕ ਜਾਰੀ ਰਹਿਣ ਵਾਲਾ ਹੈ ਜਦੋਂ ਤਕ ਇਸ ਦਾ ਨਤੀਜਾ ਇੱਕ ਭਿਅੰਕਰ ਜੰਗ ਵਿੱਚ ਨਹੀਂ ਨਿਕਲ ਆਉਂਦਾ। ਹੁਣ ਸਵਾਲ ਇਹ ਨਹੀਂ ਰਹਿ ਗਿਆ ਕਿ ਜੰਗ ਹੋਏਗੀ ਜਾਂ ਨਹੀਂ ਸਗੋਂ ਸਵਾਲ ਇਹ ਹੈ ਕਿ ਦੋਹਾਂ ਮੁਲਕਾਂ ਦਰਮਿਆਨ ਇਹ ਜੰਗ ਕਦੋਂ ਹੋਵੇਗੀ! ਦੋਹਾਂ ਪਾਸਿਆਂ ‘ਤੇ ਰਾਸ਼ਟਰਵਾਦ ਦੇ ਉਭਾਰ ਨੂੰ ਦੇਖਦੇ ਹੋਏ ਤਾਂ ਇੰਝ ਹੀ ਲਗਦੈ ਕਿ ਇਹ ‘ਕਦੋਂ’ ਹੁਣ ਕੋਈ ਬਹੁਤੇ ਦੂਰ ਦੇ ਭਵਿੱਖ ਦੀ ਗੱਲ ਨਹੀਂ ਰਹਿ ਗਈ!
ਹਾਲਾਂਕਿ ਦੋਹਾਂ ਮੁਲਕਾਂ ਦੇ ਨੇਤਾਵਾਂ, ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਦਰਮਿਆਨ ਪਿਆਰ ਤਾਂ ਪਹਿਲਾਂ ਵੀ ਕੋਈ ਬਹੁਤਾ ਡੁਲ੍ਹ ਡੁਲ੍ਹ ਨਹੀਂ ਸੀ ਪੈਂਦਾ, ਪਰ ਘੱਟੋ-ਘੱਟ ਉਨ੍ਹਾਂ ਦੋਹਾਂ ਵਲੋਂ ਇੱਕ ਦੂਸਰੇ ਵੱਲ ਦੋਸਤੀ ਦੇ ਹੱਥ ਵਧਾਉਣ ਦੇ ਨਾਟਕ ਤਾਂ ਗਾਹੇ ਬਗ਼ਾਹੇ ਕੀਤੇ ਹੀ ਜਾਂਦੇ ਸਨ। ਹਾਲੇ ਪਿੱਛਲੇ ਸਾਲ ਦਸੰਬਰ ਮਹੀਨੇ ਵਿੱਚ ਤਾਂ ਮੋਦੀ ਨੇ ਉਚੇਚੇ ਤੌਰ ‘ਤੇ ਨਵਾਜ਼ ਸ਼ਰੀਫ਼ ਦੀ ਦੋਹਤੀ ਦੀ ਸ਼ਾਦੀ ਅਤੇ ਨਵਾਜ਼ ਸ਼ਰੀਫ਼ ਦੇ ਜਨਮ ਦਿਨ ਦੇ ਦਿਹਾੜੇ ਦੇ ਮੌਕੇ ‘ਤੇ ਬਿਨਾ ਕਿਸੇ ਨਾਲ ਸਲਾਹ ਕੀਤੇ ਲਾਹੌਰ ਸ਼ਹਿਰ ਵੱਲ ਅਚਾਨਕ ਆਪਣੇ ਜਹਾਜ਼ ਦਾ ਮੂੰਹ ਮੋੜ ਦਿੱਤਾ ਸੀ। ਫ਼ਿਰ 2 ਜਨਵਰੀ ਨੂੰ ਭਾਰਤ ਦੇ ਪਠਾਨਕੋਟ ਸਥਿਤ ਏਅਰ ਬੇਸ ‘ਤੇ ਅਤਿਵਾਦੀ ਹਮਲਾ ਹੋ ਗਿਆ। ਭਾਰਤ ਨੇ ਆਪਣੀ ਤਹਿਕੀਕਾਤ ਕੀਤੀ ਅਤੇ ਪਾਕਿਸਤਾਨ ਦੇ ਸਿਰ ਦੋਸ਼ ਮੜ੍ਹਿਆ। ਪਾਕਿਸਤਾਨ ਨੇ ਆਪਣੀ ਤਹਿਕੀਕਾਤ ਕੀਤੀ, ਅਤੇ ਦਾਅਵਾ ਕੀਤਾ ਕਿ ਭਾਰਤ ਨੇ ਜਨਵਰੀ 2 ਵਾਲਾ ਅਤਿਵਾਦੀ ਹਮਲਾ ਆਪਣੇ ਏਅਰ ਬੇਸ ‘ਤੇ ਖ਼ੁਦ ਹੀ ਕਰਵਾਇਆ ਸੀ ਤਾਂ ਕਿ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੰਚ ‘ਤੇ ਫ਼ਿਰ ਬਦਨਾਮ ਕੀਤਾ ਜਾ ਸਕੇ। ਨਤੀਜਤਨ, ਭਾਰਤ-ਪਾਕਿ ਸ਼ਾਂਤੀ ਵਾਰਤਾ ਅਣਮਿੱਥੇ ਸਮੇਂ ਤਕ ਮੁਲਤਵੀ ਕਰ ਦਿੱਤੀ ਗਈ।
ਇਸ ਸਾਲ, ਜੁਲਾਈ 8 ਤੋਂ ਬਾਅਦ, ਜਦੋਂ ਕਸ਼ਮੀਰ ਦੇ ਇੱਕ ਅਤਿਵਾਦੀ ਸੰਗਠਨ ਦੇ ਆਗੂ ਬੁਰਹਾਨ ਵਾਨੀ ਨੂੰ ਭਾਰਤੀ ਸੁਰੱਖਿਆ ਦਸਤਿਆਂ ਨੇ ਮਾਰ ਗਿਰਾਇਆ ਤਾਂ ਘਾਟੀ ਵਿੱਚ ਤਨਾਅ ਵਧਣਾ ਸ਼ੁਰੂ ਹੋ ਗਿਆ ਅਤੇ ਉਹ ਹਾਲੇ ਤਕ ਠੱਲਣ ਦਾ ਨਾਮ ਨਹੀਂ ਲੈ ਰਿਹਾ। ਵਾਨੀ ਦੀ ਸ਼ਹਾਦਤ ਤੋਂ ਅਗਲੇ ਦਿਨ ਹੀ ਕਸ਼ਮੀਰ ਵਿੱਚ ਭਿਆਨਕ ਦੰਗੇ ਸ਼ੁਰੂ ਹੋ ਗਏ। ਭਾਰਤੀ ਸੁਰੱਖਿਆ ਦਸਤਿਆਂ ਨੇ ਮੁਜ਼ਾਹਰਾਕਾਰੀਆਂ ਨੂੰ ਰਬੜ ਦੀਆਂ ਗੋਲੀਆਂ ਨਾਲ ਖ਼ੂਬ ਦਿਲ ਖੋਲ੍ਹ ਕੇ ਫ਼ੁੰਡਿਆ ਜਿਸ ਕਾਰਨ ਸੈਂਕੜੇ ਲੋਕ ਜਾਂ ਤਾਂ ਮਾਰੇ ਗਏ ਜਾਂ ਸਖ਼ਤ ਜ਼ਖ਼ਮੀ ਹੋ ਗਏ ਜਾਂ ਫ਼ਿਰ ਸਦਾ ਲਈ ਅੰਨ੍ਹੇ। ਅੱਜ ਤੋਂ ਦੋ ਹਫ਼ਤੇ ਪਹਿਲਾਂ, UN ਵਿੱਚ ਆਪਣੇ ਇੱਕ ਭਾਸ਼ਣ ਰਾਹੀਂ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਵਾਦੀ ਵਿੱਚ ਹਿੰਸਾ ਨੂੰ ਹੋਰ ਹੱਲਾਸ਼ੇਰੀ ਦੇਣ ਲਈ ਬੁਰਹਾਨ ਵਾਨੀ ਦੀ ਸ਼ਹਾਦਤ ਨਾਲ ਕਸ਼ਮੀਰੀਆਂ ਨੂੰ ਖ਼ੂਬ ਭੜਕਾਇਆ ਅਤੇ ਭਾਰਤੀ ਕੰਟਰੋਲ ਵਾਲੇ ਕਸ਼ਮੀਰ ਲਈ ਆਜ਼ਾਦੀ ਦੀ ਮੰਗ ਵੀ ਕਰ ਦਿੱਤੀ। ਭਾਰਤ ਦਾ ਦਾਅਵਾ ਹੈ ਪਾਕਿਸਤਾਨ ਜਾਣ ਬੁਝ ਕੇ, ਬਲਦੀ ਉੱਤੇ ਤੇਲ ਪਾਉਣ ਵਾਂਗ, ਵਾਦੀ ਵਿੱਚ ਮੁਸਲਮਾਨਾਂ ਨੂੰ ਭੜਕਾ ਕੇ ਦੰਗੇ ਕਰਵਾ ਰਿਹੈ।
ਵੈਸੇ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਪਾਕਿਸਤਾਨ ਖ਼ਾਸ ਦਿਲਚਸਪੀ ਲੈ ਕੇ ਭਾਰਤੀ ਕਸ਼ਮੀਰ ਵਿੱਚ ਦੰਗੇ ਭੜਕਾ ਰਿਹਾ ਹੈ ਜਾਂ ਨਹੀਂ ਕਿਉਂਕਿ ਕਸ਼ਮੀਰ ਘਾਟੀ ਵਿਚਲੀ ਹਿੰਸਾ ‘ਸ਼ੁੱਧ ਦੇਸੀ ਹਿੰਸਾ’ ਹੈ, ‘ਘਰ ਵਿੱਚ ਪੈਦਾ ਹੋਈ ਹਿੰਸਾ’, ਭਾਵ ਇਹ ਲੋਕਾਂ ਦੇ ਰੋਹ ਵਿੱਚੋਂ ਪਨਪ ਰਹੀ ਹੈ ਨਾ ਕਿ ਸਿਆਸਤਦਾਨਾਂ ਵਲੋਂ ਉਕਸਾਈ ਜਾਂ ਭੜਕਾਈ ਜਾ ਰਹੀ ਹੈ। ਭਾਰਤ ਅਤੇ ਪਾਕਿਸਤਾਨ ਇੱਕ ਵਾਰ ਫ਼ਿਰ ਆਪਣੀਆਂ ਅਤੀਤ ਦੀਆਂ ਪੁਸ਼ਤੈਨੀ ਜੰਗਾਂ ਦੀ ਹਿੰਸਾ ਵੱਲ ਵਾਪਿਸ ਪਰਤ ਰਹੇ ਹਨ, ਗ਼ੁਲਾਮ ਭਾਰਤ ਵਿੱਚ ਬਰਤਾਨਵੀ ਸਾਮਰਾਜਵਾਦ ਖ਼ਿਲਾਫ਼ 1857 ਵਿੱਚ ਭੜਕੀ ਪਹਿਲੀ ਖ਼ੂਨੀ ਕ੍ਰਾਂਤੀ ਅਤੇ 1947 ਦੀ ਭਾਰਤ-ਪਾਕਿ ਵੰਡ ਦੀ ਜੰਗ – ਜਿਸ ਵਿੱਚ ਹਿੰਦੂ, ਸਿੱਖਾਂ ਅਤੇ ਮੁਸਲਮਾਨਾਂ ਨੇ ਦੋ ਵੱਖਰੇ ਰਾਸ਼ਟਰ ਬਣਾਉਣ ਲਈ ਇੱਕ ਦੂਜੇ ਦਾ ਖੁਲ੍ਹ ਕੇ ਵਢਾਂਗਾ ਕੀਤਾ ਸੀ।
ਸਤੰਬਰ 18 ਨੂੰ, ਅਤਿਵਾਦੀਆਂ ਨੇ ਭਾਰਤੀ ਫ਼ੌਜ ਦੇ ਕਸ਼ਮੀਰ ਸਥਿਤ ਉੜੀ ਫ਼ੌਜੀ ਬੇਸ ‘ਤੇ ਧਾਵਾ ਬੋਲ ਦਿੱਤਾ। ਪੰਜ ਘੰਟੇ ਤਕ ਚੱਲੀ ਗੋਲੀਬਾਰੀ ਵਿੱਚ ਘੱਟੋ-ਘੱਟ 17 ਭਾਰਤੀ ਫ਼ੌਜੀ ਮਾਰੇ ਗਏ ਅਤੇ ਨਾਲ ਹੀ ਕੁਝ ਅਤਿਵਾਦੀ ਵੀ। ਕਸ਼ਮੀਰ ਘਾਟੀ ਵਿੱਚ ਅਤਿਵਾਦੀਆਂ ਵਲੋਂ ਪਿੱਛਲੇ ਕਈ ਸਾਲਾਂ ਵਿੱਚ ਕੀਤਾ ਗਿਆ ਇਹ ਸਭ ਤੋਂ ਵੱਡਾ ਮਾਰੂ ਹਮਲਾ ਸੀ। ਫ਼ਿਰ ਪਿੱਛਲੇ ਹਫ਼ਤੇ, ਭਾਰਤ ਨੇ ਪਹਿਲੀ ਵਾਰ ਜਵਾਬੀ ਕਾਰਵਾਈ ਕਰਦੇ ਹੋਏ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਵਿੱਚ ਸੀਮਾ ਤੋਂ ਪਾਰ ਛੁਪੇ ਬੈਠੇ ਅਤਿਵਾਦੀਆਂ ਦੇ ਗੁਪਤ ਠਿਕਾਣਿਆਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ‘ਤੇ ਇੱਕ ਵਿਸ਼ੇਸ਼ ‘ਸਰਜੀਕਲ ਹਮਲਾ’ ਕਰ ਦਿੱਤਾ। ਭਾਰਤ ਦੀ ਇਸ ‘ਸਰਜੀਕਲ ਸਟ੍ਰਾਈਕ’ ਨੇ ਪਾਕਿਸਤਾਨ ਦੀ ਆਮ ਜਨਤਾ ਨੂੰ ਵੀ ਕਾਫ਼ੀ ਖ਼ਫ਼ਾ ਕੀਤਾ ਹੈ ਕਿਉਂਕਿ ਉਹ ਇਸ ਨੂੰ ਭਾਰਤ ਦੀ ਬੁਰਛਾਗ਼ਰਦੀ ਅਤੇ ਉਨ੍ਹਾਂ ਦੀ ਖ਼ੁਦਮੁਖ਼ਤਿਆਰੀ ‘ਤੇ ਹਮਲਾ ਕਰਾਰ ਦੇ ਰਹੀ ਹੈ। ਪਾਕਿਸਤਾਨ ਦੀ ਜਨਤਾ ਭਾਰਤ ਦੀ ਇਸ ਕਾਰਵਾਈ ਦਾ ਕਿਸੇ ਨਾ ਕਿਸੇ ਰੂਪ ਵਿੱਚ ਬਦਲਾ ਜ਼ਰੂਰ ਦੇਖਣਾ ਚਾਹੁੰਦੀ ਹੋਵੇਗੀ।
ਭਾਰਤ ਵਲੋਂ ਸਾਰਕ ਕੌਨਫ਼ਰੈਂਸ ਦਾ ਬਾਇਕੌਟ ਕਰ ਕੇ ਪਾਕਿਸਤਾਨ ਨੂੰ ਅਲੱਗ ਥਲੱਗ ਕਰਨ ਦਾ ਸਫ਼ਲ ਯਤਨ
ਇਸ ਵਕਤ ਪਾਕਿਸਤਾਨੀ ਅਤੇ ਭਾਰਤੀ ਲੋਕ ਬਹੁਤ ਦੁਖੀ ਅਤੇ ਗੁੱਸੇ ਵਿੱਚ ਹਨ। ਉਨ੍ਹਾਂ ਦੇ ਮਨਾਂ ਅੰਦਰ ਰਾਸ਼ਟਰਵਾਦ ਅਤੇ ਕੱਟੜਵਾਦ ਦੀਆਂ ਭਾਵਨਾਵਾਂ ਠਾਠਾਂ ਮਾਰ ਰਹੀਆਂ ਹਨ। ਕਿਉਂਕਿ, ਹੁਣ ਭਾਰਤੀ ਅਧਿਕਾਰੀ ਇਸ ਹਕੀਕਤ ਪ੍ਰਤੀ ਵੀ ਸੁਚੇਤ ਹੁੰਦੇ ਜਾ ਰਹੇ ਹਨ ਕਿ ਦੋਹਾਂ ਮੁਲਕਾਂ ਵਿੱਚੋਂ ਕਿਸੇ ਇੱਕ ਵਲੋਂ ਵੀ ਕਿਸੇ ਕਿਸਮ ਦੀ ਫ਼ੌਜੀ ਕਾਰਵਾਈ ਦੋਹਾਂ ਨਿਊਕਲੀਅਰ ਮੁਲਕਾਂ ਨੂੰ ਜੰਗ ਦੀ ਕਗਾਰ ‘ਤੇ ਲਿਆ ਕੇ ਖੜ੍ਹਾ ਕਰ ਸਕਦੀ ਹੈ, ਭਾਰਤੀ ਅਧਿਕਾਰੀ ਹੁਣ ਉਹ ਢੰਗ ਵੀ ਲੱਭ ਰਹੇ ਹਨ ਜਿਨ੍ਹਾਂ ਨਾਲ ਉਹ ‘ਅਤਿਵਾਦੀ ਰਾਸ਼ਟਰ’ ਪਾਕਿਸਤਾਨ ਨੂੰ ਕੂਟਨੀਤਕ ਪੱਖੋਂ ਅਲੱਗ ਥਲੱਗ ਕਰ ਸਕਣ। ਭਾਰਤੀ ਫ਼ੌਜੀ ਬੇਸ ਉੜੀ ‘ਤੇ ਹੋਏ ਅਤਿਵਾਦੀ ਹਮਲੇ ਤੋਂ ਥੋੜ੍ਹੀ ਦੇਰ ਬਾਅਦ ਹੀ, ਪਰ ਪਾਕਿਸਤਾਨ ਵਿੱਚ ਕੀਤੇ ਗਏ ਆਪਣੇ ਸਰਜੀਕਲ ਹਮਲਿਆਂ ਤੋਂ ਪਹਿਲਾਂ, ਭਾਰਤੀ ਅਧਿਕਾਰੀਆਂ ਨੇ ਪਾਕਿਸਤਾਨੀ ਰਾਸ਼ਟਰ ਨੂੰ ਕੂਟਨੀਤਕ ਤੌਰ ‘ਤੇ ਅਲੱਗ ਥਲੱਗ ਕਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਸੀ।
ਪਾਕਿਸਤਾਨ ਨੇ 9-10 ਨਵੰਬਰ ਨੂੰ 19ਵਾਂ ਸਾਊਥ ਏਸ਼ੀਅਨ ਐਸੋਸੀਏਸ਼ਨ ਫ਼ੌਰ ਰੀਜਨਲ ਕੋਔਪਰੇਸ਼ਨ (ਸਾਰਕ) ਸੰਮੇਲਨ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਕਰਵਾਉਣਾ ਸੀ। ਉੜੀ ਹਮਲੇ ਉਪਰੰਤ ਭਾਰਤੀ ਅਧਿਕਾਰੀਆਂ ਨੇ ਸਾਰਕ ਦਾ ਬਾਇਕੌਟ ਕਰਨ ਦਾ ਮੰਨ ਬਣਾ ਲਿਆ। ਇੱਥੇ ਹੀ ਬਸ ਨਹੀਂ, ਭਾਰਤ ਨੇ ਸਾਰਕ ਮੁਲਕਾਂ ਦੀਆਂ ਸਾਰੀਆਂ ਅੰਬੈਸੀਆਂ ਨਾਲ ਰਾਬਤਾ ਕਰ ਕੇ ਉਨ੍ਹਾਂ ਨੂੰ ਵੀ ਪਾਕਿਸਤਾਨ ਵਿੱਚ ਹੋਣ ਵਾਲੇ ਸਾਰਕ ਸੰਮੇਲਨ ਦਾ ਬਾਇਕੌਟ ਕਰਨ ਲਈ ਕਿਹਾ। ਪਾਕਿਸਤਾਨ ਨੂੰ ਛੱਡ ਕੇ, ਸਾਰੇ ਸਾਰਕ ਮੁਲਕ – ਅਫ਼ਗ਼ਾਨਿਸਤਾਨ, ਬੰਗਲਾਦੇਸ, ਸ੍ਰੀ ਲੰਕਾ, ਭੂਟਾਨ, ਮਾਲਦੀਵਜ਼ ਤੇ ਨੇਪਾਲ – ਸਾਰਕ ਸੰਮੇਲਨ ਦੇ ਬਾਇਕੌਟ ਵਿੱਚ ਸ਼ਾਮਿਲ ਹੋ ਗਏ ਜਿਸ ਕਾਰਨ ਪਾਕਿਸਤਾਨ ਨੂੰ ਉਹ ਮੀਟਿੰਗ ਹੀ ਮੁਲਤਵੀ ਕਰਨੀ ਪੈ ਗਈ। ਸਾਰਕ ਮੁਲਕਾਂ ਨੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹ ਸਭ ਉੜੀ ਹਮਲੇ ਨੂੰ ਲੈ ਕੇ ਬਹੁਤ ਜ਼ਿਆਦਾ ਸ਼ੋਕਗ੍ਰਸਤ ਹਨ, ਅਤੇ ਇਹ ਸਮਾਂ ਕਿਸੇ ਵੀ ਕਿਸਮ ਦੇ ਸਿਖਰ ਸੰਮੇਲਨ ਲਈ ਢੁਕਵਾਂ ਨਹੀਂ। ਸਾਰਕ ਦੀ ਸਥਾਪਨਾ 1985 ਵਿੱਚ ਦੱਖਣੀ ਏਸ਼ੀਆਈ ਖਿੱਤੇ ਦੀ ਤਰੱਕੀ ਅਤੇ ਪ੍ਰਗਤੀ ਹਿੱਤ ਕੀਤੀ ਗਈ ਸੀ, ਪਰ ਇਹ ਪ੍ਰਮੁੱਖ ਤੌਰ ‘ਤੇ ਇਸ ਵਿੱਚ ਅਸਫ਼ਲ ਹੀ ਰਿਹਾ ਹੈ ਕਿਉਂਕਿ ਵਿਸ਼ਵ ਦੇ ਹਰ ਪੰਜ ਲੋਕਾਂ ਪਿੱਛੇ ਇੱਕ ਇਸ ਖਿਤੇ ਵਿੱਚ ਰਹਿੰਦਾ ਹੈ, ਪਰ ਵਿਸ਼ਵ ਦੇ ਹਰ ਪੰਜ ਗ਼ਰੀਬ ਲੋਕਾਂ ਪਿੱਛੇ ਦੋ ਗ਼ਰੀਬ ਇਸ ਖਿੱਤੇ ਵਿੱਚ ਵਸਦੇ ਹਨ।
ਭਾਰਤ ਅਤੇ ਪਾਕਿਸਤਾਨ ਦੀ ਅਗਲੀ ਜੰਗ ਸਿੰਧੂ ਦਰਿਆ ਦੇ ਪਾਣੀ ਦੇ ਅਧਿਕਾਰਾਂ ਨੂੰ ਲੈ ਕੇ!
ਸਿੰਧੂ ਪਾਣੀ ਸੰਧੀ (ਇੰਡਸ ਵਾਟਰ ਟਰੀਟੀ) ਉੱਪਰ ਭਾਰਤ-ਪਾਕਿਸਤਾਨ ਨੇ 1960 ਵਿੱਚ ਦਸਤਖ਼ਤ ਕੀਤੇ ਸਨ ਅਤੇ ਇਸ ਨੂੰ ਇਤਿਹਾਸਕ ਤੌਰ ‘ਤੇ ਇੱਕ ਲਾਜਵਾਬ ਕੂਟਨੀਤਕ ਉਪਲੱਬਧੀ ਮੰਨਿਆ ਜਾਂਦਾ ਹੈ, ਦੋ ਮੁਲਕਾਂ ਦਰਮਿਆਨ ਪਾਣੀਆਂ ਦੀ ਵੰਡ ਲਈ ਇੱਕ ਬਿਹਤਰੀਨ ਸਮਝੌਤਾ। ਵਿਸ਼ਾਲ ਸਿੰਧੂ ਘਾਟੀ ਵਿੱਚੋਂ ਬਹੁਤ ਸਾਰੇ ਦਰਿਆ ਵਹਿੰਦੇ ਹਨ, ਪ੍ਰਮੁੱਖ ਤੌਰ ‘ਤੇ ਭਾਰਤ ਵਲੋਂ ਪਾਕਿਸਤਾਨ ਵੱਲ, ਅਤੇ ਪਾਣੀਆਂ ਦਾ ਇਹ ਸਮਝੌਤਾ ਇਸ ਗੱਲ ਨੂੰ ਕੰਟਰੋਲ ਕਰਦਾ ਹੈ ਕਿ ਕਿਹੜਾ ਮੁਲਕ ਕਿੰਨੇ ਪਾਣੀ ਦਾ ਇਸਤੇਮਾਲ ਕਰ ਸਕਦਾ ਹੈ। ਸਿੰਧੂ ਪਾਣੀ ਸੰਧੀ ਨੇ ਭਾਰਤ ਪਾਕਿਸਤਾਨ ਦਰਮਿਆਨ ਤਿੰਨ ਜੰਗਾਂ ਵੀ ਝੱਲੀਆਂ ਹਨ, ਪਰ ਹੁਣ ਭਾਰਤ ਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਸੰਧੀ ਨੂੰ ਰੱਦ ਕਰ ਕੇ ਪਾਕਿਸਤਾਨ ਦਾ ਪਾਣੀ ਬੰਦ ਕਰਨ ਦੇ ਰੌਂਅ ਵਿੱਚ ਹੈ।
ਜੇਕਰ ਭਾਰਤ ਪਾਣੀ ਦੀ ਸਪਲਾਈ ਪਾਕਿਸਤਾਨ ਪਹੁੰਚਣੋਂ ਰੋਕ ਦਿੰਦਾ ਹੈ ਤਾਂ ਇਹ ਪਾਕਿਸਤਾਨ ਲਈ ਤਬਾਹਕੁੰਨ ਸਾਬਿਤ ਹੋਵੇਗਾ। ਪਰ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਭਾਰਤ ਦੀ ਇਹ ਰਣਨੀਤੀ ਉਸ ਦੇ ਖ਼ੁਦ ਲਈ ਵੀ ਮੁਸੀਬਤਾਂ ਖੜ੍ਹੀਆਂ ਕਰ ਸਕਦੀ ਹੈ ਕਿਉਂਕਿ ਰੋਕਿਆ ਹੋਇਆ ਵਾਧੂ ਪਾਣੀ ਸਿੰਧੂ ਘਾਟੀ ਵਿੱਚ ਵੀ ਹੜ੍ਹ ਲਿਆ ਸਕਦਾ ਹੈ। ਇੱਕ ਪਾਕਿਸਤਾਨੀ ਅਧਿਕਾਰੀ ਅਨੁਸਾਰ, ਭਾਰਤ ਵਲੋਂ ਪਾਣੀ ਦੇ ਪ੍ਰਵਾਹ ਨੂੰ ਰੋਕਣ ਦੀ ਕਿਸੇ ਵੀ ਕਿਸਮ ਦੀ ਕੋਸ਼ਿਸ਼ ਦਾ ਨਤੀਜਾ ਜੰਗ ਜਾਂ ਹੋਰ ਕਿਸੇ ਕਿਸਮ ਦੀ ਦੁਸ਼ਮਣੀ ਵਿੱਚ ਨਿਕਲ ਸਕਦਾ ਹੈ (ਉਸ ਦਾ ਇਸ਼ਾਰਾ ਸ਼ਾਇਦ ਭਾਰਤ ਦੇ ਧੁਰ ਅੰਦਰ ਤਕ ਜਾ ਕੇ ਅਤਿਵਾਦੀ ਹਮਲਿਆਂ ਨੂੰ ਸਰਅੰਜਾਮ ਦੇਣ ਤੋਂ ਸੀ ਜਿਸ ਦਾ ਸੰਕੇਤ ਪਾਕਿਸਤਾਨ ਵਲੋਂ ਇਨ੍ਹਾਂ ਸਰਜੀਕਲ ਹਮਲਿਆਂ ਦੀ ਸਦਾਕਤ ਤੋਂ ਇਨਕਾਰ ਕਰਨ ਤੋਂ ਹੀ ਮਿਲ ਗਿਆ ਸੀ)। ”ਜੇਕਰ ਭਾਰਤ ਸਿੰਧੂ ਸੰਧੀ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ ਤਾਂ ਫ਼ਿਰ ਸਾਡੇ ਜਵਾਬ ਦਾ ਵੀ ਉਹ ਮੁੰਤਜ਼ਿਰ ਰਹੇ!” ਉਸ ਅਧਿਕਾਰੀ ਦਾ ਕਹਿਣਾ ਸੀ।

LEAVE A REPLY