main-news-300x150ਨਾਥੇ ਅਮਲੀ ਨੂੰ ਸੱਥ ‘ਚ ਆਉਂਦਿਆਂ ਹੀ ਬਾਬੇ ਕਪੂਰ ਸਿਉਂ ਨੇ ਪੁੱਛਿਆ, ”ਕਿਉਂ ਬਈ ਨਾਥਾ ਸਿਆਂ! ਕੱਲ੍ਹ ਕੀ ਬਿੱਲੀ ਛਿੱਕ ਗੀ ਸੀ। ਕੱਲ੍ਹ ਪਤੰਦਰਾ ਆਇਆ ਈ ਨ੍ਹੀ ਤੂੰ। ਗਿਆ ਵਿਆ ਸੀ ਕਿਤੇ ਕੁ ਓਡਾਂ ਦੀ ਥੱਕੀ ਵੀ ਗਧੀ ਆਂਗੂੰ ਘਰੇ ਈ ਲਿਟਿਆ ਪਿਆ ਰਿਹਾ ਸਾਰਾ ਦਿਨ?”
ਸੀਤਾ ਮਰਾਸੀ ਨਾਥੇ ਅਮਲੀ ਦੇ ਬੋਲਣ ਤੋਂ ਪਹਿਲਾਂ ਹੀ ਬੋਲ ਪਿਆ, ”ਛਤਰਧਾਰਾ ਲੈਣ ਗਿਆ ਸੀ ਬਾਬਾ।”
ਛਤਰਧਾਰੇ ਦਾ ਨਾਂ ਸੁਣ ਕੇ ਮਾਹਲਾ ਨੰਬਰਦਾਰ ਮਰਾਸੀ ਵੱਲ ਇੱਕ ਦਮ ਇਉਂ ਝਾਕਿਆ ਜਿਮੇਂ ਬਜਾਰ ‘ਚ ਤੁਰੇ ਜਾਂਦੇ ਸਾਇਕਲ ਦੀ ਟਿਊਬ ਦਾ ਪਟਾਕਾ ਪਏ ਤੋਂ ਸਾਰਾ ਬਜਾਰ ਪਟਾਕੇ ਵਾਲੀ ਥਾਂ ਵੱਲ ਵੇਖਣ ਲੱਗ ਜਾਂਦਾ ਹੁੰਦਾ ਬਈ ਕਿਤੇ ਬੰਦੂਕ ਦਾ ਫ਼ਾਇਰ ਤਾਂ ਨ੍ਹੀ ਹੋ ਗਿਆ। ਨੰਬਰਦਾਰ ਨੇ ਮਰਾਸੀ ਨੂੰ ਪੁੱਛਿਆ, ”ਇਹ ਛਤਰਧਾਰਾ ਕੋਈ ਨਮਾਂ ਨਸ਼ਾ ਚੱਲ ਪਿਆ ਬਈ। ਇਹ ਕੀ ਹੁੰਦਾ ਸੀਤਾ ਸਿਆਂ?”
ਹੋਰ ਤਾਂ ਕੋਈ ਬੋਲਿਆ ਨਾ, ਨਾਥਾ ਅਮਲੀ ਕਹਿੰਦਾ, ”ਫ਼ੀਮ ਨੂੰ ਕਹਿੰਦਾ ਛਤਰਧਾਰਾ ਇਹੇ। ਹੋਰ ਇਹ ਕਿਹੜਾ ਕੋਈ ਜਹਾਜ ਦਾ ਪੁਰਜਾ ਬਈ ਜਿਹੜਾ ਆਪਣੇ ਕੰਮ ਆ ਜੂ। ਤੂੰ ਵੀ ਨੰਬਰਦਾਰਾ ਹਰੇਕ ਗੱਲ ਦੀ ਤਹਿ ਤਕ ਜਾਨੈਂ। ਇਹਦੇ ਵੀ ਕਈ ਨਾਉਂ ਐਂ। ਛਤਰਧਾਰਾ ਵੀ ਕਹਿੰਦੇ ਐ ਇਹਨੂੰ। ਕੋਈ ਨਾਗਣੀ ਕਹਿੰਦਾ। ਕੋਈ ਡੱਬੀ ਕਹਿੰਦਾ। ਆਹ ਆਪਣੇ ਗੁਆੜ ਆਲਾ ਤਾਰਾ ਇਹਨੂੰ ਦਪਹਿਰ ਖਿੜੀਉ ਈ ਦੱਸੂ।”
ਤਾਰੇ ਦਾ ਨਾਂ ਸੁਣ ਕੇ ਬੁੱਘਰ ਦਖਾਣ ਉੱਚੀ ਉੱਚੀ ਹੱਸ ਕੇ ਕਹਿੰਦਾ, ”ਪਿੰਡ ਆਲਿਆਂ ਨੇ ਤਾਹੀਉਂ ਤਾਂ ਤਾਰੇ ਦਾ ਨਾਂ ਦਪਹਿਰ ਖਿੜੀ ਰੱਖਿਆ ਵਿਆ।”
ਸੀਤਾ ਮਰਾਸੀ ਕਹਿੰਦਾ, ”ਦਪਹਿਰ ਖਿੜੀ ਨਾਂ ਤਾਰੇ ਦਾ ਤੂੰ ਈ ਧਰਿਐ, ਪਿੰਡ ਆਲਿਆਂ ਨੇ ਥੋੜ੍ਹੋ ਧਰਿਆ।”
ਬਾਬਾ ਕਪੂਰ ਸਿਉਂ ਕਹਿੰਦਾ, ”ਓ ਛੱਡੋ ਯਾਰ ਤੁਸੀਂ ਆਵਦੀ ਜਿਦ ਜਦਾਈ ਨੂੰ। ਮੀਰ ਤੂੰ ਚੁੱਪ ਕਰ ਯਾਰ। ਬੁੱਘਰ ਸਿਉਂ ਦੱਸੂ ਦਪਹਿਰ ਖਿੜੀ ਬਾਰੇ।”
ਨਾਥਾ ਅਮਲੀ ਬਾਬੇ ਕਪੂਰ ਸਿਉਂ ਨੂੰ ਕਹਿੰਦਾ, ”ਇਹਨੂੰ ਕੀ ਪਤਾ ਬਾਬਾ ਇਨ੍ਹਾਂ ਗੱਲਾਂ ਦਾ ਬੁੱਘਰ ਨੂੰ। ਇਹ ਤਾਂ ਮੈਂ ਦੱਸਦਾਂ ਸੋਨੂੰ ਦਪਹਿਰ ਖਿੜੀ ਬਾਰੇ। ਇਹ ਤਾਂ ਇੱਕ ਦਿਨ ਮੱਘਰ ਚੱਕੀ ਆਲੇ ਦੀ ਮਸ਼ੀਨ ਤੋਂ ਜਦੋਂ ਲੱਛੂ ਬਾਵੇ ਕਾ ਘੁੰਗਰੂ ਆਟਾ ਚੱਕਣ ਗਿਆ ਤਾਂ ਮੱਘਰ ਨੇ ਆਟਾ ਪੀਠਾ ਨਾ। ਘੁੰਗਰੂ ਮੱਘਰ ਨੂੰ ਕਹਿੰਦਾ ‘ਆਹ ਆਟਾ ਕੀਹਦਾ ਪੀਠਾ ਪਿਆ ਮੈਂ ਇਹ ਲੈ ਜਾਨੈ। ਅਕੇ ਮੱਘਰ ਕਹਿੰਦਾ ‘ਇਹ ਤਾਂ ਤਾਰੇ ਦਪਹਿਰ ਖਿੜੀ ਕਾ ਆਟਾ। ਇਹਦਾ ਤਾਰੇ ਦੇ ਨਾਂ ਦਾ ਬਾਬਾ ਓੱਥੋਂ ਈ ਪਤਾ ਲੱਗਿਐ ਲੋਕਾਂ ਨੂੰ। ਘੁੰਗਰੂ ਦਾ ਤਾਂ ਤੈਨੂੰ ਪਤਾ ਈ ਐ ਬਈ ਸਪੀਕਰ ‘ਚ ਹੋਕਾ ਦੇਣ ਦੀ ਲੋੜ ਨ੍ਹੀ ਜੇ ਕੋਈ ਲੌਂਸਮਿੰਟ ਕਰਾਉਣੀ ਹੋਵੇ ਘੁੰਗਰੂ ਨੂੰ ਦੱਸ ਦਿਉ। ਵੱਸ! ਲੋਕਾਂ ਤਕ ਸਾਰੀ ਸ਼ੀਐਡੀ ਪਹੁੰਚ ਜਾਂਦੀ ਐ। ਪਰ ਇਹ ਤਾਰਾ ਫ਼ੀਮ ਨੂੰ ਕਹਿੰਦਾ ਹੁੰਦਾ ਦਪਹਿਰ ਖਿੜੀ। ਤਾਹੀਂ ਇਹਦਾ ਨਾਂਅ ਦਪਹਿਰ ਖਿੜੀ ਪੱਕ ਗਿਆ।”
ਸੀਤਾ ਮਰਾਸੀ ਬਾਬੇ ਕਪੂਰ ਸਿਉਂ ਨੂੰ ਕਹਿੰਦਾ, ”ਤੇ ਆਹ ਹੁਣ ਬਾਬਾ ਲੱਛੂ ਬਾਵੇ ਦੇ ਮੁੰਡੇ ਬਾਰੇ ਵੀ ਲੈ ਲਾ ਪਤਾ ਬਈ ਇਹਨੂੰ ਘੁੰਗਰੂ ਕਾਹਤੋਂ ਕਹਿੰਦੇ ਐ?”
ਬਾਬਾ ਕਹਿੰਦਾ, ”ਦੱਸ ਤਾਂ ਦਿੱਤਾ ਨਾਥਾ ਸਿਉਂ ਨੇ ਬਈ ਖੜਕਦਾ ਬਹੁਤੈ। ਕਹਿਣ ਦਾ ਮਤਬਲ ਐ ਬਈ ਇਹਦੇ ਵੀ ਕੋਈ ਗੱਲ ਨ੍ਹੀ ਪਚਦੀ। ਊਂ ਤਾਂ ਬਾਜਾ ਨਾਉਂ ਐ ਇਹਦਾ।”
ਸੀਤਾ ਮਰਾਸੀ ਬਾਬੇ ਨੂੰ ਕਹਿੰਦਾ, ”ਬਾਜੇ ਘੁੰਗਰੂ ਆਪ ਈ ਸਾਰੇ ਨਾਉਂ ਰਖਾਈ ਫ਼ਿਰਦੈ। ਤੈਨੂੰ ਤਾਂ ਬਾਬਾ ਪਤਾ ਹੋਣਾ ਬਈ ਇਨ੍ਹਾਂ ਦੇ ਦੂਜੇ ਟੱਬਰ ਦੇ ਕੀ ਕੀ ਨਾਉਂ ਐਂ ਭਲਾ?”
ਨਾਥਾ ਅਮਲੀ ਮਰਾਸੀ ਦੀ ਗੱਲ ਸੁਣ ਕੇ ਮਰਾਸੀ ਨੂੰ ਉੱਖੜੀ ਕੁਹਾੜੀ ਵਾਂਗੂੰ ਪੈ ਗਿਆ, ”ਬਾਬਾ ਕੀ ਚੌਂਕੀਂਦਾਰ ਐ ਬਈ ਪਿੰਡ ਦੇ ਜੰਮੇ ਮਰੇ ਲਿਖਦਾ ਫ਼ਿਰਦੈ। ਜੇ ਇਹਦਾ ਨਾਂ ਬਾਜਾ ਘੁੰਗਰੂ ਐ ਤਾਂ ਬਾਕੀ ਦੇ ਟੱਬਰ ਦੇ ਢੋਲਕੀਆਂ ਛੈਣੇ ਨਾਂ ਹੋਣਗੇ। ਊਂ ਤਾਂ ਇਨ੍ਹਾਂ ਦੇ ਸਾਰੇ ਜੀਆਂ ਦੇ ਹਾਸੇ ਮਖੌਲ ਆਲੇ ਈ ਨਾਉਂ ਐ। ਮੇਰਾ ਬਾਬਾ ਦੱਸਦਾ ਹੁੰਦਾ ਸੀ, ਕਹਿੰਦਾ ‘ਲੱਛੂ ਬਾਵੇ ਦੇ ਇੱਕ ਤਾਊ ਦਾ ਨਾਉਂ ਨਾਨਕ ਸੀ। ਲੱਛੂ ਦੀ ਦਾਦੀ ਵਚਾਰੀ ਸਿਧਰੀ ਸੀ। ਅਕੇ ਲੱਛੂ ਦੇ ਤਾਊ ਨਾਨਕ ਨੂੰ ਕਿਤੇ ਮੁੰਡਿਆਂ ਨਾਲ ਖੇਡਦੇ ਨੂੰ ਖਾਸੀ ਵੱਡੀ ਰਾਤ ਪੈ ਗੀ। ਬੁੜ੍ਹੀ ਨੇ ਕਿਹਾ ਬਈ ਕੀ ਗੱਲ ਹੋ ਗੀ ਮੇਰਾ ਪੁੱਤ ਘਰੇ ਨ੍ਹੀ ਆਇਆ, ਉੱਤੋਂ ਅੱਧੀ ਰਾਤ ਹੋਈ ਪਈ ਐ ਗਿਆ ਕਿੱਧਰ’? ਅਕੇ ਬੁੜ੍ਹੀ ਨਾਨਕ ਨੂੰ ਪਿੰਡ ‘ਚ ਭਾਲਣ ਤੁਰ ਪੀ ਰਾਤ ਨੂੰ। ਚੰਦ ਚਾਨਣੀ ਰਾਤ ‘ਚ ਦੂਰ ਤਕ ਬੁੜ੍ਹੀ ਨੂੰ ਕਿਤੇ ਨਾ ਦਿਸੇ। ਅਕੇ ਬੁੜ੍ਹੀ ਰਾਤ ਨੂੰ ਆਂਢੀਆਂ ਗੁਆਂਢੀਆਂ ਦੇ ਬੂਹੇ ਖੜਕਾਅ ਖੜਕਾਅ ਕੇ ਪੁੱਛਦੀ ਫ਼ਿਰੇ ‘ਵੇ ਸਾਡੀ ਪਹਿਲੀ ਪਤਸ਼ਾਹੀ ਨ੍ਹੀ ਵੇਖੀ। ਵੇ ਫ਼ਲਾਣਿਆ, ਸਾਡੀ ਪਹਿਲੀ ਪਾਤਸ਼ਾਹੀ ਦਾ ਤਾਂ ਪਤਾ ਕਰੋ ਕਿੱਥੇ ਗਿਆ? ਲੈ ਦੱਸ ਬਾਬਾ, ਸਿਧਰੀ ਬੁੜ੍ਹੀ ਆਵਦੇ ਮੁੰਡੇ ਨਾਨਕ ਨੂੰ ਈ ਪਹਿਲੀ ਪਾਤਸ਼ਾਹੀ ਦਸਦੀ ਫ਼ਿਰੇ। ਨਾਨਕ ਕਹਿ ਕੇ ਪੁੱਛੇ ਨਾ। ਨਾਉਂ ਲਵੇ ਨਾ ਮੁੰਡੇ ਦਾ ਬਈ ਪਤਾ ਨ੍ਹੀ ਕੀ ਪਰਲੋ ਆ ਜੂ ਜੇ ਮੁੰਡੇ ਨੂੰ ਵੇ ਨਾਨਕਾ ਕਹਿ ਕੇ ਬਲਾ ਲਿਆ ਤਾਂ।”
ਬਾਬਾ ਕਪੂਰ ਸਿਉਂ ਕਹਿੰਦਾ, ”ਓਏ ਇਉਂ ਨ੍ਹੀ ਅਮਲੀਆ ਓਏ। ਉਨ੍ਹਾਂ ਜਮਾਨਿਆਂ ‘ਚ ਗੁਰੂਆਂ ਦੇ ਨਾਂ ਨ੍ਹੀ ਸੀ ਲੈਂਦੇ ਹੁੰਦੇ। ਪਹਿਲੀ ਦੂਜੀ ਤੀਜੀ ਪਾਤਸ਼ਾਹੀ ਕਹਿ ਕੇ ਹੀ ਪੂਜਦੇ ਹੁੰਦੇ ਸੀ ਗੁਰੂਆਂ ਨੂੰ। ਬੁੜ੍ਹੀ ਤਾਂ ਕਰ ਕੇ ਨ੍ਹੀ ਸੀ ਨਾਂ ਲੈਂਦੀ। ਐਨਾ ਡਰ ਹੁੰਦਾ ਸੀ ਗੁਰੂਆਂ ਪੀਰਾਂ ਦਾ। ਹੁਣ ਤਾਂ ਝੂਠ ਤਪਾਨ ਤੋਂ ਬਿਨਾਂ ਰਹਿ ਨ੍ਹੀ ਕੁਸ ਗਿਆ। ਆਹ ਥਾਂ ਥਾਂ ਗੁਰੂ ਗਰੰਥ ਸਾਹਬ ਦੇ ਅੰਗ ਪਾੜ ਪਾੜ ਸਿੱਟੀ ਜਾਂਦੇ ਐ। ਡੁੱਬ ਜੇ ਇਨ੍ਹਾਂ ਦਾ ਬੇੜਾ ਪਾਪੀਆਂ ਦਾ।”
ਸੀਤਾ ਮਰਾਸੀ ਭਾਵਕ ਹੋਏ ਬਾਬੇ ਕਪੂਰ ਸਿਉਂ ਨੂੰ ਟਿੱਚਰ ‘ਚ ਕਹਿੰਦਾ, ”ਫ਼ੇਰ ਤਾਂ ਬਾਬਾ ਇਨ੍ਹਾਂ ਦਾ ਲਾਣਾ ਮੁੱਢ ਤੋਂ ਈ ਗਧੇ ਦੀ ਮੁੰਨੀ ਦੁੰਬ ਅਰਗਾ ਈ ਐ ਹੈਂਅ। ਆਹ ਘੁੰਗਰੂ ਦੇ ਮੁੰਡੇ ਵੀ ਬਾਬਾ ਗੱਭਰੂ ਹੋਏ ਵੇ ਐ। ਉਹ ਤਾਂ ਕੁਸ ਸਿਆਣੇ ਹੋਣਗੇ ਕੁ ਉਹ ਵੀ ਚੜ੍ਹਦੇ ਚੰਦ ਈ ਐ?”
ਨਾਥਾ ਅਮਲੀ ਸੀਤੇ ਮਰਾਸੀ ਦੀ ਗੱਲ ਸੁਣ ਕੇ ਹੱਸ ਕੇ ਕਹਿੰਦਾ, ”ਮੁੰਡੇ ਤਾਂ ਮਰਾਸੀਆਂ ਘੁੰਗਰੂ ਦੇ ਟੱਲੀਆਂ ਈ ਐ। ਜਿੰਨੀਆਂ ਪੁੱਠੀਆਂ ਬਹਿਬਤਾਂ ਘੁੰਗਰ ਦੇ ਮੁੰਡਿਆਂ ‘ਚ ਐ, ਨਹੀਂ ਕਿਸੇ ‘ਚ ਹੋਣੀਆਂ। ਘੁੰਗਰੂ ਦੇ ਵੱਡੇ ਮੁੰਡੇ ਨੇ ਤਾਂ ਆਹ ਪੰਜ ਸੱਤ ਸੈ ਆਲੀ ਕਾਟ੍ਹੋ ਜੀ ਪਿੱਛੇ ਦੱਸ ਹਜਾਰ ਦੀ ਮੱਝ ਈ ਮਾਰ ਲੀ ਕੁੱਟ ਕੁੱਟ ਕੇ।”
ਮਾਹਲਾ ਨੰਬਰਦਾਰ ਕਹਿੰਦਾ, ”ਨਾਲੇ ਕਹਿੰਦੇ ਮੱਝ ਬਮਾਰ ਸੀ ਕਹਿੰਦੇ ਗਲ ਘੋਟੂ ਹੋ ਗਿਆ ਸੀ।”
ਨਾਥਾ ਅਮਲੀ ਕਹਿੰਦਾ, ”ਜਿੰਨੇ ਪੈਸੇ ਘੁੰਗਰੂ ਕਿਆਂ ਨੇ ਗੋਲ਼ੂ ਸਲੋਤਰੀ ਨੂੰ ਮੱਝ ਦੇ ਟੀਕੇ ਟੱਲਿਆਂ ਦੇ ਦਿੱਤੇ ਐ ਓਨੇ ਦੀ ਤਾਂ ਭਾਮੇਂ ਆਹ ਕਾਟ੍ਹੋ ਜੀ ਓ ਈ ਹੋਰ ਲੈ ਲੈਂਦਾ, ਨਾਲੇ ਮੱਝ ਨਾ ਮਰਦੀ।”
ਬਾਬੇ ਕਪੂਰ ਸਿਉਂ ਨੇ ਪੁੱਛਿਆ, ”ਕਾਟ੍ਹੋ ਜੀ ਕਿਹੜੀ ਦੀ ਗੱਲ ਐ ਨਾਥਾ ਸਿਆਂ?”
ਨਾਥਾ ਅਮਲੀ ਕਹਿੰਦਾ, ”ਆਹ ਮਬਲੈਲ ਫ਼ੂਨ ਦੀ ਗੱਲ ਐ ਬਾਬਾ।”
ਮਾਹਲੇ ਨੰਬਰਦਾਰ ਨੇ ਗੱਲ ਵਿੱਚੋਂ ਟੋਕ ਕੇ ਪੁੱਛਿਆ, ”ਇਹ ਮਬਲੈਲ ਫ਼ੂਨ ਦਾ ਮੱਝ ਮਰਨ ਨਾਲ ਕੀ ਤੱਲਕ ਐ ਬਈ?”
ਨਾਥਾ ਅਮਲੀ ਕਹਿੰਦਾ, ”ਸਿਆਪਾ ਤਾਂ ਨੰਬਰਦਾਰਾ ਸਾਰਾ ਮਗਲੈਲ ਫ਼ੂਨ ਤੋਂ ਈ ਪਿਐ। ਇਹਦਾ ਮੁੰਡਾ ਘੁੰਗਰੂ ਦਾ ਕਿਤੇ ਚਾਰ ਜਮਾਤਾਂ ਪੜ੍ਹ ਗਿਆ ਖਾਣੀ ਨਹੀਂ, ਆਵਦੇ ਆਪ ਨੂੰ ਸਤੀਲਦਾਰ ਈ ਸਮਝਦੈ। ਇੱਕ ਉੱਤੋਂ ਲੈ ਲਿਆ ਮਗਲੈਲ ਫ਼ੂਨ। ਇੱਕ ਦਿਨ ਕੀ ਹੋਇਆ ਜਿੱਥੋਂ ਇਹ ਸਿਆਪਾ ਛਿੜਿਐ। ਇਹਤੋਂ ਕਿਤੇ ਘੁੰਗਰੂ ਦੇ ਮੁੰਡੇ ਤੋਂ ਮੱਝ ਨੂੰ ਪੱਠੇ ਪਾਉਂਦੇ ਤੋਂ ਜੇਬ੍ਹ ‘ਚੋਂ ਪੱਠਿਆ ਆਲੀ ਕੂਰਲੀ ‘ਚ ਮਗਲੈਲ ਫ਼ੂਨ ਡਿੱਗ ਪਿਆ। ਮੱਝ ਪੱਠੇ ਖਾਂਦੀ ਖਾਂਦੀ ਨਾਲ ਈ ਮਗਲੈਲ ਫ਼ੂਨ ਨੰਘਾ ਗੀ। ਮੱਝ ਨੇ ਸੋਚਿਆ ਹੋਣੈ ਬਈ ਪਤਾ ਨ੍ਹੀ ਕੀ ਪਸ਼ੌਰੀ ਗੁੜ ਦੀ ਡਲੀ ਆ ਗੀ। ਮੁੰਡੇ ਨੂੰ ਫ਼ੂਨ ਡਿੱਗੇ ਦਾ ਪਤਾ ਨਾ ਲੱਗਿਆ। ਜਦੋਂ ਮੱਝ ਪੱਠੇ ਖਾ ਖੂ ਕੇ ਹਟ ਗੀ ਤਾਂ ਘੁੰਗਰੂ ਦੀ ਬਹੂ ਮੱਝ ਦੀ ਧਾਰ ਚੋਣ ਬਾਲਟੀ ਚੱਕ ਲਿਆਈ। ਜਦੋਂ ਉਹ ਧਾਰ ਕੱਢਣ ਲੱਗ ਗੀ ਤਾਂ ਫ਼ੂਨ ‘ਤੇ ਕਿਸੇ ਦਾ ਫ਼ੂਨ ਆ ਗਿਆ। ਓਧਰ ਤਾਂ ਘੁੰਗਰੂ ਦੀ ਬਹੂ ਧਾਰ ਕੱਢੀ ਜਾਵੇ, ਓਧਰੋਂ ਮੱਝ ਦੇ ਢਿੱਡ ‘ਚ ਫ਼ੂਨ ਬੋਲ ਪਿਆ, ਨਾਲੇ ਫ਼ੂਨ ਘੁਰ-ਘੁਰ ਜੀ ਕਰ ਕੇ ਕੰਬੇ। ਜਦੋਂ ਫ਼ੂਨ ਕੰਬੇ ਤਾਂ ਮੱਝ ਦੇ ਅੰਦਰ ਕੁਤਕਤਾੜੀਆਂ ਹੋਣ, ਮੱਝ ਟੱਪੇ। ਜਿੰਨਾ ‘ਕੁ ਮੱਝ ਨੇ ਦੁੱਧ ਦਿੱਤਾ ਸੀ ਉਹ ਵੀ ਮੱਝ ਟੱਪਦੀ ਤੋਂ ਡੁੱਲ ਗਿਆ। ਜਦੋਂ ਉਹ ਧਾਰ ਕੱਢਣ ਫ਼ੇਰ ਬੈਠੀ, ਫ਼ੂਨ ਫ਼ੇਰ ਘੁਰਰ ਘੁਰਰ ਜੀ ਕਰਨ ਲੱਗ ਪਿਆ। ਮੱਝ ਨੇ ਫ਼ੇਰ ਮਾਰੀ ਸਾਨ੍ਹੀ ਘੋੜੀ ਆਂਗੂੰ ਛਾਲ। ਘੁੰਗਰੂ ਦੀ ਬਹੂ ਕਹਿੰਦੀ ਮੱਝ ‘ਚ ਤਾਂ ਭੂਤ ਆ ਗੀ। ਜਦੋਂ ਮੁੰਡੇ ਨੂੰ ਫ਼ੂਨ ਦਾ ਪਤਾ ਲੱਗਿਆ ਬਈ ਮੇਰਾ ਤਾਂ ਫ਼ੂਨ ਕਿਤੇ ਡਿੱਗ ਪਿਆ। ਉਹ ਫ਼ੂਨ ਭਾਲੀ ਜਾਵੇ। ਫ਼ੂਨ ਮੱਝ ਦੇ ਢਿੱਡ ‘ਚ ਘੁਰਰ ਘੁਰਰ ਕਰੀ ਜਾਵੇ। ਬਾਹਰੋਂ ਕਿਤੇ ਘੁੰਗਰੂ ਆ ਗਿਆ। ਜਦੋਂ ਬਹੂ ਨੇ ਘੁੰਗਰੂ ਨੂੰ ਦੱਸਿਆ ਬਈ ਜਦੋਂ ਮੈਂ ਮੱਝ ਦੀ ਧਾਰ ਕੱਢਣ ਬਹਿਨੀਂ ਆਂ ਤਾਂ ਮੱਝ ‘ਚ ਭੂਤ ਆ ਜਾਂਦੀ ਐ। ਨਾ ਤਾਂ ਮੱਝ ਫ਼ੇਰ ਧਾਰ ਕਢਾਉਂਦੀ ਐ ਤੇ ਨਾ ਹੀ ਟਿੱਕ ਕੇ ਖੜ੍ਹਦੀ ਐ। ਜਦੋਂ ਘੁੰਗਰੂ ਨੇੜੇ ਹੋ ਕੇ ਮੱਝ ਨੂੰ ਵੇਖਣ ਲੱਗਿਆ ਤਾਂ ਮੱਝ ਦੇ ਢਿੱਡ ਫ਼ੂਨ ਫ਼ੇਰ ਬੋਲ ਪਿਆ। ਮੱਝ ਮਾਰ ਕੇ ਛਾਲ ਘੁੰਗਰੂ ‘ਤੇ ਚੜ੍ਹ ਗੀ। ਘੁੰਗਰੂ ਦਾ ਘੁੰਗਰੂ ਖੜਕਾਤਾ। ਉਧਰ ਮੁੰਡਾ ਵੀ ਮੱਝ ਕੋਲ ਆ ਕੇ ਆਵਦੀ ਮਾਂ ਨੂੰ ਕਹਿੰਦਾ ‘ਨੀ ਬੀਬੀਏ! ਮੇਰਾ ਮਗਲੈਲ ਫ਼ੂਨ ਨ੍ਹੀ ਵੇਖਿਆ’। ਜਦੋਂ ਮੁੰਡੇ ਨੇ ਇਹ ਗੱਲ ਕਹੀ ਤਾਂ ਘੁੰਗਰੂ ਨੂੰ ਓਸੇ ਵੇਲੇ ਪਤਾ ਲੱਗ ਗਿਆ ਬਈ ਮਗਲੈਲ ਫ਼ੋਨ ਤਾਂ ਮੱਝ ਖਾ ਗੀ। ਬਈ ਇਹ ਤਾਂ ਮਗਲੈਲ ਫ਼ੂਨ ਬੋਲਦਾ ਢਿੱਡ ‘ਚ। ਘੁੰਗਰੂ ਗੋਲ਼ੂ ਸਲੋਤਰੀ ਨੂੰ ਸੱਦ ਲਿਆਇਆ ਬਈ ਮੱਝ ਦੇ ਢਿੱਡ ‘ਚ ਫ਼ੂਨ ਐਂ ਜਿਹੜਾ ਮੱਝ ਦੇ ਕੁਤਕਤਾੜੀਆਂ ਕੱਢਦੈ। ਗੋਲ਼ੂ ਸਲੋਤਰੀ ਲਾ ਕੇ ਪੰਜ ਛੀ ਸੂਏ, ਆਵਦੀ ਬੋਤਲ ਬਣਾ ਕੇ ਤੁਰ ਗਿਆ। ਮਗਲੈਲ ਫ਼ੂਨ ਨੇ ਕਾਹਦਾ ਨਿਕਲਣਾ ਸੀ। ਜੇ ਤਾਂ ਡੰਗ ਦੋ ਡੰਗ ‘ਡੀਕ ਲੈਂਦੇ ਤਾਂ ਖਾਣੀ ਗੋਹਾ ਕਰਨ ਵੇਲੇ ਮਗਲੈਲ ਫ਼ੂਨ ਆ ਈ ਜਾਂਦਾ, ਜਦੋਂ ਸੂਆ ਲਾਉਣ ਨਾਲ ਨਾ ਗੱਲ ਬਣੀ ਤਾਂ ਘੁੰਗਰੂ ਦਾ ਮੁੰਡਾ ਛੱਲੀਆਂ ਕੁੱਟਣ ਆਲਾ ਟੰਬਾ ਚੱਕ ਲਿਆਇਆ। ਜਦੋਂ ਫ਼ੂਨ ਮੱਝ ਦੇ ਜਿੱਥੇ ਜੇ ਢਿੱਡ ‘ਚ ਬੋਲੇ ਮੁੰਡਾ ਓੱਥੇ ਈ ਖਿੱਚ ਕੇ ਟੰਬਾ ਠੋਕੇ। ਜਿੱਥੇ ਮਗਲੈਲ ਫ਼ੂਨ ਬੋਲੇ, ਦਾੜ ਦੇਣੇ ਟੰਬਾ ਠੋਕਿਆ ਕਰੇ। ਪੰਜਾਂ ਸੱਤਾਂ ਟੰਬਿਆਂ ‘ਚ ਮੱਝ ਦੇ ਥਾਂ ਕਥਾਂਅ ਟੰਬਾ ਵੱਜਣ ਨਾਲ ਮੱਝ ਮਰ ਗੀ। ਮੁੜ ਕੇ ਮਰੇ ਵੇ ਡੰਗਰਾਂ ਆਲੇ ਠੇਕੇਦਾਰ ਨੂੰ ਕਹਿੰਦਾ ਫ਼ਿਰੇ ਬਈ ਮੱਝ ਦੇ ਢਿੱਡ ‘ਚ ਮੇਰਾ ਫ਼ੂਨ ਐ। ਉਨ੍ਹਾਂ ਨੇ ਕਾਹਦਾ ਦੇਣਾ ਸੀ ਬਾਬਾ। ਫ਼ੇਰ ਉਨ੍ਹਾਂ ਨਾਲ ਲੜਿਆ ਫ਼ੂਨ ਪਿੱਛੇ।”
ਬਾਬਾ ਕਪੂਰ ਸਿਉਂ ਕਹਿੰਦਾ, ”ਫ਼ੇਰ ਮਿਲ ਗਿਆ ਸੀ ਕੁ ਨਹੀਂ?”
ਨਾਥਾ ਅਮਲੀ ਕਹਿੰਦਾ, ”ਮਿਲਣਾ ਮਲਾਉਣਾ ਕਿੱਥੋਂ ਸੀ। ਗੱਲ ਤਾਂ ਬਾਬਾ ਇਉਂ ਕਰਦੇ ਐ ਬਈ ਕੰਜਰ ਦੇ ਕਮਲੇ ਨੇ ਆਹ ਕੁੱਤਖਾਨੇ ਪਿੱਛੇ ਮੱਝ ਈ ਮਾਰ ਲੀ। ਨਾਲੇ ਦੁੱਧ ਪੀਣੋ ਗਏ। ਹੋਰ ਕੀਅ੍ਹਾ ਯਾਰ ਕੁੱਤਖਾਨੇ ਈ ਐ ਇਹ ਮਗਲੈਲ ਮੁਗਲੈਲ ਜੇ।”
ਸੀਤਾ ਮਰਾਸੀ ਕਹਿੰਦਾ, ”ਹੁਣ ਢੋਲ ਆਲੇ ਵੀਰੇ ਝਿਉਰ ਤੋਂ ਲੈਂਦੇ ਐ ਦੁੱਧ।”
ਬਾਬਾ ਕਪੂਰ ਸਿਉਂ ਕਹਿੰਦਾ, ”ਹੋਰ ਕੀ ਕਰਨ ਫ਼ੇਰ, ਜਦੋਂ ‘ਲਾਦ ਈ ਘਰ ‘ਚ ਕਮਲੀ ਜੰਮ ਪੇ, ਮਾਂ ਪਿਉ ਕੀ ਕਰੇ। ਚੱਲੋ ਖਾਂ ਯਾਰ ਲੱਛੂ ਬਾਵੇ ਕੋਲੇ ਮੱਝ ਦਾ ਮਸੋਸ ਈ ਕਰਿਆਈਏ। ਫ਼ਿਰ ਵੀ ਸ਼ਰੀਕੇ ‘ਚ ਰਹਿੰਦੈ।”
ਬਾਬੇ ਕਪੂਰ ਸਿਉਂ ਦਾ ਕਹਿਣਾ ਮੰਨ ਕੇ ਸੱਥ ਵਾਲੇ ਸਾਰੇ ਜਣੇ ਬਾਬੇ ਦੇ ਨਾਲ ਲੱਛੂ ਬਾਵੇ ਕੇ ਘਰ ਨੂੰ ਉਨ੍ਹਾਂ ਦੀ ਮੱਝ ਦਾ ਅਫ਼ਸੋਸ ਕਰਨ ਚੱਲ ਪਏ।

LEAVE A REPLY