ਬਾਦਲ ਵੱਲੋਂ ਜੰਗੀ ਯਾਦਗਾਰ ਦੇ ਉਦਘਾਟਨ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ

7ਚੰਡੀਗੜ੍ਹ  : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ 23 ਅਕਤੂਬਰ, 2016 ਨੂੰ ਦੇਸ਼ ਨੂੰ ਸਮਰਪਿਤ ਕੀਤੀ ਜਾ ਰਹੀ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਅਤੇ ਮਿਊਜ਼ਿਅਮ (ਪੀ.ਐਸ.ਡਬਲਯੂ.ਐਚ.ਐਮ.ਐਮ) ਦੇ ਉਦਘਾਟਨ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ।
ਸ. ਬਾਦਲ ਨੇ ਅੱਜ ਸਵੇਰੇ ਆਪਣੇ ਨਿਵਾਸ ਸਥਾਨ ਉੱਤੇ ਇਸ ਵੱਡੇ ਸਮਾਰੋਹ ਨੂੰ ਆਯੋਜਿਤ ਕਰਵਾਉਣ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਬਾਰੇ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਿਸ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਏਅਰ ਚੀਫ ਮਾਰਸ਼ਲ ਅਰਜਨ ਸਿੰਘ, ਫੌਜ ਦੇ ਕੁਝ ਸਾਬਕਾ ਮੁਖੀ ਅਤੇ ਵੱਡੀ ਗਿਣਤੀ ਉੱਚ ਫੌਜੀ ਅਧਿਕਾਰੀ ਇਸ ਸਮਾਰੋਹ ਵਿਚ ਹਿੱਸਾ ਲੈਣਗੇ। ਇਨ੍ਹਾਂ ਤੋਂ ਇਲਾਵਾ ਸਿੱਖ ਪਾਇਨੀਅਰ ਦੇ ਯੂ.ਕੇ. ਦੇ ਸਹਿ-ਟਰੱਸਟੀ ਅਤੇ ਸਿੱਖ ਰੈਜੀਮੈਂਟਲ ਐਸੋਸੀਏਸ਼ਨ ਦੇ ਸ੍ਰੀ ਹਾਈ ਮੈਕੇਅ, ਦੂਜੀ ਸੰਸਾਰ ਜੰਗ ਤੋਂ ਪਹਿਲਾਂ ਅਤੇ ਬਾਅਦ ਵਿਚ ਕਵੈਲਰੀ ਦੇ ਕਰਨਲ ਟੌਮ ਕੌਨਵੇਅ ਅਤੇ ਛਤਰੀ ਮੈਮੋਰੀਅਲ ਗਰੁੱਪ, ਬ੍ਰਿਘਟੋਨ ਦੇ ਸ੍ਰੀ ਦਵਿੰਦਰ ਢਿੱਲੋਂ ਵੀ ਹਾਜ਼ਰ ਹੋਣਗੇ। ਮੀਟਿੰਗ ਵਿਚ ਇਹ ਵੀ ਦੱਸਿਆ ਗਿਆ ਕਿ ਇਸ ਸਮਾਰੋਹ ਵਿਚ 20 ਹਜ਼ਾਰ ਦੇ ਕਰੀਬ ਸਾਬਕਾ ਫੌਜੀਆਂ/ਵਿਧਵਾਵਾਂ ਦੇ ਪਹੁੰਚਣ ਦੀ ਉਮੀਦ ਹੈ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸ ਪ੍ਰੈਪਰੇਟਰੀ ਅਕੈਡਮੀ ਅਤੇ ਮਾਈ ਭਾਗੋ ਆਰਮਡ ਫੋਰਸ ਪ੍ਰੈਪਰੇਟਰੀ ਅਕੈਡਮੀ ਦੇ ਵਿਦਿਆਰਥੀ ਵੀ ਇਸ ਜੰਗੀ ਯਾਦਗਾਰ ਦੇ ਉਦਘਾਟਨੀ ਸਮਾਰੋਹ ਵਿਚ ਹਿੱਸਾ ਲੈਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਇਕ ਅਤਿਆਧੁਨਿਕ ਪ੍ਰਾਜੈਕਟ ਹੈ ਜੋ 130 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਵਿਚ ਮਹਾਨ ਪੰਜਾਬ ਦੇ 2,000 ਸਾਲ ਦੇ ਇਤਿਹਾਸ ਨੂੰ ਮੂਰਤੀਮਾਨ ਕੀਤਾ ਜਾਵੇਗਾ। ਸ. ਬਾਦਲ ਨੇ ਕਿਹਾ ਕਿ ਇਹ ਯਾਦਗਾਰ ਦੇਸ਼ ਦੀ ਸੇਵਾ ਕਰਨ ਵਾਲੇ ਹਥਿਆਰਬੰਦ ਸੈਨਾਵਾਂ ਦੇ ਉਨ੍ਹਾਂ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਹੋਵੇਗੀ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣਾ ਬਲਿਦਾਨ ਦਿੱਤਾ ਹੈ।
ਇਸ ਮੌਕੇ ਹਾਜ਼ਰ ਹੋਰਨਾਂ ਵਿਚ ਕੈਬਨਿਟ ਮੰਤਰੀ ਸ੍ਰੀ ਜਨਮੇਜਾ ਸਿੰਘ ਸੇਖੋਂ, ਵਿਸ਼ੇਸ਼ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ੍ਰੀ ਕੇ.ਜੇ.ਐਸ. ਚੀਮਾ, ਡਾਇਰੈਕਟਰ ਸੈਨਿਕ ਭਲਾਈ ਬ੍ਰਿਗੇਡੀਅਰ ਜੇ.ਐਸ. ਅਰੋੜਾ, ਚੇਅਰਮੈਨ-ਕਮ-ਐਮ.ਡੀ. ਪਾਵਰਕੌਮ ਸ੍ਰੀ ਕੇ.ਡੀ. ਚੌਧਰੀ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਵਰੁਣ ਰੁਜਮ, ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਸ੍ਰੀਮਤੀ ਸੋਨਾਲੀ ਗਿਰੀ, ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਡਾ. ਸੇਨੂ ਦੁੱਗਲ ਸ਼ਾਮਲ ਸਨ।

LEAVE A REPLY