2ਸ਼ਿਮਲਾ  :  ਹਿਮਾਚਲ ਪ੍ਰਦੇਸ਼ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਸਾਰੀਆਂ 68 ਸੀਟਾਂ ‘ਤੇ ਚੋਣ ਲੜੇਗੀ। ਪਾਰਟੀ ਦੇ ਕੌਮੀ ਬੁਲਾਰੇ ਅਤੇ ਹਿਮਾਚਲ ਦੇ ਇੰਚਾਰਜ ਸੰਜੇ ਸਿੰਘ ਨੇ ਇਥੇ ਪੱਤਰਕਾਰਾਂ ਨਾਲ ਐਲਾਨ ਕੀਤਾ ਕਿ ਪਾਰਟੀ ਸਭ 68 ਹਲਕਿਆਂ ‘ਚ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਉਨ੍ਹਾਂ ਕਿਹਾ ਕਿ ਹਿਮਾਚਲ ‘ਚ ਸਿਰਫ 2 ਹੀ ਵੱਡੀਆਂ ਪਾਰਟੀਆਂ ਭਾਜਪਾ ਤੇ ਕਾਂਗਰਸ ਹਨ ਪਰ ਹੁਣ ਹਿਮਾਚਲ ਦੀਆਂ ਅਸੰਬਲੀ ਚੋਣਾਂ ਦੌਰਾਨ ਲੋਕਾਂ ਸਾਹਮਣੇ ਆਮ ਆਦਮੀ ਪਾਰਟੀ ਇਕ ਈਮਾਨਦਾਰ ਬਦਲ ਪੇਸ਼ ਕਰੇਗੀ।
ਸੰਜੇ ਸਿੰਘ ਨੇ ਕਿਹਾ ਕਿ ਚੋਣਾਂ ਦੀਆਂ ਤਿਆਰੀਆਂ ਤੋਂ ਪਹਿਲਾਂ ਹਿਮਾਚਲ ‘ਚ ਪਾਰਟੀ ਦਾ ਇਕ ਮਜ਼ਬੂਤ ਸੰਗਠਨ ਖੜ੍ਹਾ ਕੀਤਾ ਜਾਏਗਾ। ਇਸ ਮੰਤਵ ਲਈ ਸੂਬੇ ਭਰ ‘ਚ 10 ਲੱਖ ਤੋਂ ਵੱਧ ਵਿਅਕਤੀਆਂ ਨੂੰ ਜੋੜਨ ਦਾ ਨਿਸ਼ਾਨਾ ਰੱਖਿਆ ਗਿਆ ਹੈ। ਬੂਥ, ਬਲਾਕ, ਵਿਧਾਨ ਸਭਾ ਹਲਕਾ, ਜ਼ਿਲਾ ਤੇ ਸੂਬਾ ਪੱਧਰ ‘ਤੇ ਕਮੇਟੀਆਂ ਗਠਿਤ ਕੀਤੀਆਂ ਜਾਣਗੀਆਂ। ਉਨ੍ਹਾਂ ਮੁੱਖ ਮੰਤਰੀ ਵੀਰਭੱਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜਿਸ ਸੂਬੇ ‘ਚ ਮੁੱਖ ਮੰਤਰੀ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹੋਣ, ਉਥੋਂ ਦੇ ਲੋਕ ਕਿਵੇਂ ਖੁਸ਼ਹਾਲ ਹੋ ਸਕਦੇ ਹਨ। ਸੰਜੇ ਸਿੰਘ ਨੇ ਸਰਜੀਕਲ ਸਟ੍ਰਾਈਕ ਲਈ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਪਰ ਨਾਲ ਹੀ ਕਾਲੇ ਧਨ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਯੂ. ਪੀ. ‘ਚ ਪਾਰਟੀ ਵਲੋਂ ਚੋਣਾਂ ਲੜਨ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਅਜੇ ਇਸ ਸਬੰਧੀ ਕੋਈ ਫੈਸਲਾ ਨਹੀਂ ਲਿਆ ਗਿਆ।

LEAVE A REPLY