2ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਬੀਤੇ ਦਿਨੀਂ ਕੀਤੇ ਗਏ ਸਰਜੀਕਲ ਸਟ੍ਰਾਈਕ ਲਈ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲੂਟ ਕਰਦਾ ਹਾਂ। ਅੱਜ ਜਾਰੀ ਇਕ ਵੀਡੀਓ ਰਾਹੀਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਭਾਰਤੀ ਦੀ ਸੀਮਾ ਉਤੇ ਸਾਡੇ 19 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਸਾਡੀ ਸੈਨਾ ਨੇ ਬਹੁਤ ਬਹਾਦਰੀ ਨਾਲ ਉਸ ਦਾ ਬਦਲਾ ਲਿਆ ਅਤੇ ਪਾਕਿਸਤਾਨ ਅੰਦਰ ਦਾਖਲ ਹੋ ਕੇ ਉਥੇ ਜਿਹੜੇ ਅੱਤਵਾਦੀ ਕੈਂਪ ਸਨ, ਉਸ ਤੇ ਸਰਜੀਕਲ ਸਟ੍ਰਾਈਕ ਕੀਤਾ।
ਉਹਨਾਂ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਜੀ ਨਾਲ ਸੌ ਮੁੱਦਿਆਂ ‘ਤੇ ਮਤਭੇਦ ਹਨ, ਪਰ ਜੋ ਪ੍ਰਧਾਨ ਮੰਤਰੀ ਨੇ ਇੱਛਾ ਸ਼ਕਤੀ ਦਿਖਾਈ ਹੈ, ਇਸ ਮਾਮਲੇ ਤੇ ਉਸ ਲਈ ਮੈਂ ਉਹਨਾਂ ਨੂੰ ਸਲੂਟ ਕਰਦਾ ਹਾਂ। ਉਹਨਾਂ ਕਿਹਾ ਕਿ ਜਦੋਂ ਤੋਂ ਇਹ ਸਰਜੀਕਲ ਸਟ੍ਰਾਈਕ ਹੋਈ ਹੈ, ਪਾਕਿਸਤਾਨ ਪੂਰੀ ਤਰ੍ਹਾਂ ਨਾਲ ਬੌਖਲਾ ਗਿਆ ਹੈ। ਪਾਕਿਸਤਾਨ ਹੁਣ ਗੰਦੀ ਰਾਜਨੀਤੀ ਤੇ ਉਤਰ ਆਇਆ ਹੈ। ਪਿਛਲੇ ਦੋ ਤਿੰਨ ਦਿਨਾਂ ਵਿਚ ਦੇਖ ਰਹੇ ਹਾਂ ਕਿ ਪਾਕਿਸਤਾਨ ਅੰਤਰਰਾਸ਼ਟਰੀ ਪੱਤਰਕਾਰਾਂ ਨਾਲ ਲੈ ਕੇ ਸਰਹੱਦ ‘ਤੇ ਜਾ ਰਿਹਾ ਹੈ ਅਤੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਰਜੀਕਲ ਸਟ੍ਰਾਈਕ ਤਾਂ ਹੋਈ ਨਹੀਂ ਹੈ। ਦੋ ਦਿਨ ਪਹਿਲਾਂ ਯੂਨਾਈਟਿਡ ਨੇਸ਼ਨ ਨੇ ਬਿਆਨ ਦਿੱਤਾ ਕਿ ਇਸ ਤਰ੍ਹਾਂ ਦੀ ਬਾਰਡਰ ਉਤੇ ਕੋਈ ਹਰਕਤ ਨਹੀਂ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਕੌਮਾਂਤਰੀ ਪੱਧਰ ‘ਤੇ ਭਾਰਤ ਦੀ ਸ਼ਾਖ ਖਰਾਬ ਕਰ ਰਿਹਾ ਹੈ। ਉਹਨਾਂ ਕਿਹਾ ਕਿ ਮੇਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਹੈ ਕਿ ਜਿਵੇਂ ਪ੍ਰਧਾਨ ਮੰਤਰੀ ਤੇ ਸੈਨਾ ਨੇ ਸਭ ਨੇ ਮਿਲ ਕੇ ਪਾਕਿਸਤਾਨ ਨੂੰ ਮਜ਼ਾ ਚਖਾਇਆ ਹੈ, ਇਸ ਤਰ੍ਹਾਂ ਹੀ ਪਾਕਿਸਤਾਨ ਜੋ ਝੂਠਾ ਪ੍ਰਾਪੇਗੰਡਾ ਕਰ ਰਿਹਾ ਹੈ, ਉਸ ਨੂੰ ਵੀ ਬੇਨਕਾਬ ਕਰ ਦਿੱਤਾ ਜਾਵੇ। ਪਾਕਿਸਤਾਨ ਕੌਮਾਂਤਰੀ ਪੱਧਰ ‘ਤੇ ਭਾਰਤ ਨੂੰ ਝੂਠਾ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਨੂੰ ਵੀ ਬੇਨਕਾਬ ਕਰੇ। ਉਹਨਾਂ ਕਿਹਾ ਕਿ ਅਸੀਂ ਸਾਰੇ ਤੁਹਾਡੇ ਨਾਲ ਹਾਂ। ਉਹਨਾਂ ਕਿਹਾ ਕਿ ਦੇਸ਼ ਵਾਸੀਆਂ ਨੂੰ ਇਹ ਅਪੀਲ ਹੈ ਕਿ ਪਾਕਿਸਤਾਨ ਜੋ ਝੂਠਾ ਪ੍ਰਾਪੇਗੰਡਾ ਕਰ ਰਿਹਾ ਹੈ, ਇਸ ‘ਤੇ ਬਿਲਕੁਲ ਵੀ ਯਕੀਨ ਨਾ ਕੀਤਾ ਜਾਵੇ।

LEAVE A REPLY