2ਇਸਲਾਮਾਬਾਦ— ਅੱਤਵਾਦ ਦਾ ਗੜ੍ਹ ਬਣ ਚੁੱਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਆਪਣੇ ਹੀ ਘਰ ‘ਚ ਘਿਰਦੇ ਜਾ ਰਹੇ ਹਨ। ਹੁਣ ਉਨ੍ਹਾਂ ਦੀ ਕੁਰਸੀ ‘ਤੇ ਖਤਰਾ ਮੰਡਰਾਉਣ ਲੱਗਾ ਹੈ। ਪਾਕਿਸਤਾਨ ਨੈਸ਼ਨਲ ਅਸੈਂਬਲੀ ਦੇ ਸਪੀਕਰ ਸਾਦਿਕ ਨੇ ਉਨ੍ਹਾਂ ਨੂੰ ਅਯੋਗ ਕਰਾਰ ਦੇਣ ਸਬੰਧੀ ਪਟੀਸ਼ਨ ਚੋਣ ਕਮਿਸ਼ਨ ਕੋਲ ਭੇਜ ਦਿੱਤੀ ਹੈ।
ਸਾਦਿਕ ਨੇ ਸ਼ਨੀਵਾਰ ਨੂੰ ਦੱਸਿਆ ਕਿ ਪਨਾਮਾ ਲੀਕ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੇ ਕੇਂਦਰੀ ਚੋਣ ਕਮਿਸ਼ਨ ਨੂੰ ਪਟੀਸ਼ਨ ਭੇਜਣ ਦਾ ਫੈਸਲਾ ਕੀਤਾ ਹੈ। ਕ੍ਰਿਕਟਰ ਤੋਂ ਨੇਤਾ ਬਣੇ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਨੇ ਇਹ ਪਟੀਸ਼ਨ 15 ਅਗਸਤ ਨੂੰ ਦਿੱਤੀ ਸੀ। ਨੈਸ਼ਨਲ ਅਸੈਂਬਲੀ ‘ਚ ਪਾਰਟੀ ਦੇ ਉਪ ਨੇਤਾ ਸ਼ਾਹ ਮਹਿਮੂਦ ਕੁਰੈਸ਼ੀ, ਸ਼ੀਰੀਨ ਮਾਜਰੀ ਅਤੇ ਸੀਨੀਅਰ ਨੇਤਾ ਆਰਿਫ ਅਲਵੀ ਨੇ ਸਾਦਿਕ ਨੂੰ ਉਨ੍ਹਾਂ ਦੇ ਦਫਤਰ ‘ਚ ਜਾ ਕੇ ਪਟੀਸ਼ਨ ਸੌਂਪੀ ਸੀ।
ਪਨਾਮਾ ਪੇਪਰ ਲੀਕ ਦੇ ਮੱਦੇਨਜ਼ਰ ਪਾਰਟੀ ਨੇ ਸੰਵਿਧਾਨ ਦੀ ਧਾਰਾ 62 ਅਤੇ 63 ਦਾ ਹਵਾਲਾ ਦਿੰਦੇ ਹੋਏ ਸ਼ਰੀਫ ਨੂੰ ਸਦਨ ਦੀ ਮੈਂਬਰੀ ਤੋਂ ਅਯੋਗ ਕਰਾਰ ਕਰਨ ਦੀ ਮੰਗ ਕੀਤੀ ਸੀ। ਪਟੀਸ਼ਨ ਚੋਣ ਕਮਿਸ਼ਨ ਨੂੰ ਭੇਜੇ ਜਾਣ ਤੋਂ ਇਕ ਦਿਨ ਪਹਿਲਾਂ ਹੀ ਇਮਰਾਨ ਨੇ ਲਾਹੌਰ ‘ਚ ਸ਼ਰੀਫ ਦੇ ਘਰ ਕੋਲ ਇਕ ਵੱਡੀ ਰੈਲੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਇਸੇ ਸਾਲ ਅਪ੍ਰੈਲ ‘ਚ ਪਨਾਮਾ ਪੇਪਰ ਲੀਕ ਦਸਤਾਵੇਜ਼ਾਂ ‘ਚ ਦੁਨੀਆ ਭਰ ਦੇ ਇਕ ਕਰੋੜ ਤੋਂ ਵਧ ਲੋਕਾਂ ਦੀ ਗੈਰ ਕਾਨੂੰਨੀ ਜਾਇਦਾਦਾਂ ਦੀ ਜਾਣਕਾਰੀ ਸਾਹਮਣੇ ਆਈ ਸੀ। ਇਸ ਮੁਤਾਬਕ ਸ਼ਰੀਫ ਦੇ 2 ਮੁੰਡੇ ਅਤੇ ਕੁੜੀ ਦੀਆਂ ਬ੍ਰਿਟੇਨ ‘ਚ ਜਾਇਦਾਦਾਂ ਹਨ। ਇਨ੍ਹਾਂ ਜਾਇਦਾਦਾਂ ਦਾ ਵੇਰਵਾ ਸ਼ਰੀਫ ਨੇ ਚੋਣਾਂ ਸਮੇਂ ਆਪਣੀ ਪਰਿਵਾਰਕ ਜਾਇਦਾਦਾਂ ‘ਚ ਨਹੀਂ ਦਿੱਤਾ ਸੀ। ਜਿਸ ਨੂੰ ਲੈ ਕੇ ਨਵਾਜ਼ ‘ਤੇ ਦਬਾਅ ਬਣਿਆ ਹੋਇਆ ਹੈ।

LEAVE A REPLY