5ਜਲੰਧਰ – ਦੇਸ਼ ਲਈ ਮਰਨ-ਮਿਟਣ ਦੀ ਗੱਲ ਹੋਵੇ ਜਾਂ ਫਿਰ ਬਹਾਦਰੀ ਦਾ ਮੌਕਾ ਹੋਵੇ, ਪੰਜਾਬ ਦੇ ਲੋਕ ਦੋਵੇਂ ਹੀ ਮਾਮਲਿਆਂ ‘ਚ ਕਾਫੀ ਅੱਗੇ ਰਹੇ ਹਨ। ਦੁਸ਼ਮਣ ਦੀ ਜ਼ਮੀਨ ‘ਤੇ ਜਾ ਕੇ ਉਸ ਦੇ ਦੰਦ ਖੱਟੇ ਕਰ ਕੇ ਬਿਨਾਂ ਕਿਸੇ ਨੁਕਸਾਨ ਦੇ ਆਪਣੀ ਜ਼ਮੀਨ ‘ਤੇ ਵਾਪਸ ਆਉਣ ਦੀ ਜੋ ਕੋਸ਼ਿਸ਼ ਅੱਜਕਲ ਦੇਸ਼ ਭਰ ‘ਚ ਚਰਚਿਤ ਹੈ ਉਸ ਦਾ ਹੀਰੋ ਵੀ ਪੰਜਾਬ ਨਾਲ ਹੀ ਸੰਬੰਧਿਤ ਹੈ। ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ‘ਚ ਅੱਤਵਾਦੀਆਂ ਖਿਲਾਫ ਚੱਲੀ ਸਰਜੀਕਲ ਸਟ੍ਰਾਈਕ ‘ਚ ਫੌਜ ਆਪ੍ਰੇਸ਼ਨ ਡਾਇਰੈਕਟੋਰੇਟ ਦੇ ਡਾਇਰੈਕਟਰ ਜਨਰਲ (ਡੀ. ਜੀ. ਐੱਮ. ਓ) ਲੈ. ਜਨਰਲ ਰਣਬੀਰ ਸਿੰਘ ਪੰਜਾਬ ਦੇ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਕੰਧਾਲਾ ਜੱਟਾਂ ‘ਚ ਹੀ ਪੈਦਾ ਹੋਏ ਹਨ। ਗੜ੍ਹਦੀਵਾਲ ਦੇ ਕੋਲ ਸਥਿਤ ਇਸ ਪਿੰਡ ‘ਚ ਹਰਭਜਨ ਸਿੰਘ ਦੇ ਘਰ ਪੈਦਾ ਹੋਏ ਰਣਬੀਰ ਸਿੰਘ ਬਚਪਨ ਤੋਂ ਹੀ ਹੋਣਹਾਰ ਰਹੇ ਹਨ।
ਰਣਬੀਰ ਸਿੰਘ ਜਦ 3-4 ਸਾਲ ਦੇ ਸਨ ਤਾਂ ਉੁਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ, ਜਿਸ ਦੇ ਬਾਅਦ ਉਨ੍ਹਾਂ ਦਾ ਪਾਲਣ-ਪੋਸ਼ਣ ਉਨ੍ਹਾਂ ਦੇ ਚਾਚਾ ਮਨਮੋਹਨ ਸਿੰਘ ਨੇ ਕੀਤਾ। ਮਨਮੋਹਨ ਸਿੰਘ ਕੋਈ ਆਮ ਵਿਅਕਤੀ ਨਹੀਂ ਸਗੋਂ ਫੌਜ ‘ਚ ਤਾਇਨਾਤ ਰਹਿ ਕੇ ਦੇਸ਼ ਸੇਵਾ ਕਰ ਚੁੱਕੇ ਕਰਨਲ ਮਨਮੋਹਨ ਸਿੰਘ ਹਨ, ਜੋ ਉਪ ਨਿਰਦੇਸ਼ਕ ਸੈਨਿਕ ਭਲਾਈ ਬੋਰਡ ‘ਚ ਉੱਚੇ ਅਹੁਦੇ ‘ਤੇ ਵੀ ਰਹੇ ਹਨ।
ਜਲੰਧਰ ਦੇ ਨਿਵਾਸੀ ਕਰਨਲ (ਰਿਟਾ.) ਮਨਮੋਹਨ ਸਿੰਘ ਦੱਸਦੇ ਹਨ ਕਿ ਅੱਜ ਦੇ ਡੀ. ਜੀ. ਐੱਮ. ਓ. ਰਣਬੀਰ ਸਿੰਘ ਚੌਥੀ ਜਮਾਤ ਤੱਕ ਜਲੰਧਰ ਦੇ ਸੇਂਟ ਜੋਸਫ ਸਕੂਲ ‘ਚ ਪੜ੍ਹੇ, ਜਦਕਿ 5ਵੀਂ ਤੋਂ ਲੈ ਕੇ 10ਵੀਂ ਜਮਾਤ ਉਨ੍ਹਾਂ ਨੇ ਸੈਨਿਕ ਸਕੂਲ ਕਪੂਰਥਲਾ ਤੋਂ ਪੂਰੀ ਕੀਤੀ। ਉਸ ਦੇ ਬਾਅਦ ਉਨ੍ਹਾਂ ਨੂੰ ਭਾਰਤੀ ਫੌਜ ਅਕੈਡਮੀ ‘ਚ ਸਥਾਨ ਮਿਲ ਗਿਆ, ਜਿਥੇ ਉਨ੍ਹਾਂ ਨੂੰ 9 ਡੋਗਰਾ ਰੈਜੀਮੈਂਟ ‘ਚ ਤਾਇਨਾਤ ਕੀਤਾ ਗਿਆ।
ਇਸ ਤੋਂ ਬਾਅਦ ਆਪਣੀ ਮਿਹਨਤ ਦੇ ਦਮ ‘ਤੇ ਰਣਬੀਰ ਸਿੰਘ ਲਗਾਤਾਰ ਅੱਗੇ ਵੱਧਦੇ ਗਏ। ਪਹਿਲਾਂ ਸਕੂਲ, ਫਿਰ ਫੌਜ ਅਕੈਡਮੀ ਅਤੇ ਅੱਗੇ ਜਾ ਕੇ ਫੌਜ ਦੇ ਹਰ ਟੈਸਟ ‘ਚ ਰਣਬੀਰ ਸਿੰਘ ਨੇ ਸਫਲਤਾ ਹਾਸਲ ਕੀਤੀ। ਅੱਜ ਜਦੋਂ ਸਰਜੀਕਲ ਸਟ੍ਰਾਈਕ ਦੇ ਬਾਅਦ ਪੰਜਾਬ ਦਾ ਇਹ ਜਾਂਬਾਜ਼ ਪੂਰੀ ਦੁਨੀਆ ‘ਚ ਛਾਇਆ ਹੋਇਆ ਹੈ ਤਾਂ ਉਨ੍ਹਾਂ ਦੇ ਚਾਚਾ ਕਨਰਲ (ਰਿਟਾ.) ਮਨਮੋਹਨ ਸਿੰਘ ਸੀਨਾ ਚੌੜਾ ਕਰ ਕੇ ਕਹਿੰਦੇ ਹਨ ਕਿ ਰਣਬੀਰ ਦੇਸ਼ ਲਈ ਕੁਝ ਕਰੇਗਾ, ਇਹ ਤਾਂ ਉਹ ਉਸ ਦੇ ਜਜ਼ਬੇ ਤੋਂ ਹੀ ਜਾਣਦੇ ਸਨ।
ਕਾਰਗਿਲ ‘ਚ ‘ਆਪ੍ਰੇਸ਼ਨ ਵਿਜੈ’ ਦੇ ਬਾਅਦ ਸਾਲ 2001 ‘ਚ ਚਲਾਏ ਗਏ ‘ਆਪ੍ਰੇਸ਼ਨ ਪਰਾਕ੍ਰਮ’ ‘ਚ ਮੌਜੂਦਾ ਡੀ. ਜੀ. ਐੱਮ. ਓ. ਰਣਬੀਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਸੀ। ਉਸ ਦੇ ਬਾਅਦ ਸਾਲ 2015 ‘ਚ ਮਿਆਂਮਾਰ ‘ਚ ਚਲਾਏ ਗਏ ਆਪ੍ਰੇਸ਼ਨ ‘ਚ ਵੀ ਭਾਰਤੀ ਫੌਜ ਨਾਲ ਡੀ. ਜੀ. ਐੱਮ. ਓ. ਰਣਬੀਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਡੀ. ਜੀ. ਐੱਮ. ਓ. ਰਣਬੀਰ ਸਿੰਘ ਨੂੰ ਉਨ੍ਹਾਂ ਦੇ ਬਿਹਤਰ ਕੰਮ ਦੇ ਲਈ ਅੱਜ ਤੱਕ 3 ਐਵਾਰਡ ਮਿਲੇ ਹਨ। ਇਨ੍ਹਾਂ ‘ਚ ‘ਅਤਿ-ਵਸ਼ਿਸ਼ਟ ਸੈਨਾ ਮੈਡਲ’, ‘ਯੁੱਧ ਮੈਡਲ’ ਤੇ ‘ਸੈਨਾ ਮੈਡਲ’ ਸ਼ਾਮਿਲ ਹਨ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਇੰਗਲੈਂਡ ‘ਚ ਇਕ ਸਾਲ ਦੀ ਕਾਊਂਟਰ ਇੰਸਰਜੈਂਸੀ ਟ੍ਰੇਨਿੰਗ ਵੀ ਕੀਤੀ ਹੈ। ਡੀ. ਜੀ. ਐੱਮ. ਓ. ਰਣਬੀਰ ਸਿੰਘ ਦੂਜੇ ਅਜਿਹੇ ਅਧਿਕਾਰੀ ਹਨ ਜਿਨ੍ਹਾਂ ਨੂੰ ਟੈਂਕ ਡਵੀਜ਼ਨ ਨੂੰ ਲੀਡ ਕਰਨ ਦਾ ਮੌਕਾ ਮਿਲਿਆ।

LEAVE A REPLY