dar-300x111-300x111ਪੰਜਾਬ ਵਿੱਚ ਇਕ ਮਿੱਥ ਸੀ ਕਿ ਇਥੇ ਸਿਆਸਤ ਵਿੱਚ ਅਕਾਲੀ ਦਲ ਅਤੇ ਕਾਂਗਰਸ ਤੋਂ ਇਲਾਵਾ ਕੋਈ ਵੀ ਤੀਜੀ ਧਿਰ ਸਥਾਪਤ ਨਹੀਂ ਹੋ ਸਕਦੀ। ਜਿਹੜੀਆਂ ਬਾਕੀ ਦੀਆਂ ਸਿਆਸੀ ਪਾਰਟੀਆਂ ਹਨ ਜਿਵੇਂ ਕਿ ਭਾਜਪਾ, ਬਸਪਾ, ਖੱਬੇ ਪੱਖੀ ਪਾਰਟੀਆਂ ਜਾਂ ਹੋਰ ਅਕਾਲੀ ਦਲ ਕਦੇ ਵੀ ਇਨ੍ਹਾਂ ਪ੍ਰਮੁੱਖ ਪਾਰਟੀਆਂ ਦਾ ਬਦਲ ਨਹੀਂ ਬਣ ਸਕੇ ਅਤੇ ਇਨ੍ਹਾਂ ਦੁਆਰਾ ਅਕਾਲੀ ਦਲ ਜਾਂ ਕਾਂਗਰਸ ਨਾਲ ਗਠਜੋੜ ਕੀਤਾ ਜਾਂਦਾ ਰਿਹਾ ਹੈ ਅਤੇ ਉਹ ਇਨ੍ਹਾਂ ਪਾਰਟੀਆ ਦੇ ਸਹਾਰੇ ਹੀ ਸਿਆਸਤ ਵਿੱਚ ਵਿਚਰਦੀਆਂ ਰਹੀਆਂ ਹਨ। ਤੀਜੀ ਧਿਰ ਦੀ ਸਥਾਪਨਾ ਦੀ ਅਸਫਲਤਾ ਬਾਰੇ ਇਸ ਲਈ ਆਮ ਰਾਏ ਬਣੀ ਹੋਈ ਸੀ ਕਿਉਂਕਿ ਕਈ ਵੱਡੇ ਵੱਡੇ ਸਿਆਸੀ ਆਗੂਆਂ ਨੇ ਆਪਣੀਆਂ ਪਾਰਟੀਆਂ ਬਣਾਉਣ ਦੇ ਯਤਨ ਵੀ ਕੀਤੇ ਅਤੇ ਲੋਕ ਵੀ ਜੁੜੇ ਪਰ ਜਦੋਂ ਵੋਟਾਂ ਪੈਣ ਦਾ ਸਮਾਂ ਆਇਆ ਤਾਂ ਉਨ੍ਹਾਂ ਦਾ ਇਕ ਵੀ ਵਿਧਾਇਕ ਵਿਧਾਨ ਸਭਾ ਵਿੱਚ ਨਹੀਂ ਪੁੱਜਾ। ਇਹ ਦਿਲਚਸਪ ਗੱਲ ਹੈ ਕਿ ਸਮੇਂ ਸਮੇਂ ‘ਤੇ ਆਜ਼ਾਦ ਉਮੀਦਵਾਰ ਜ਼ਰੂਰ ਜਿੱਤਦੇ ਰਹੇ ਹਨ ਜਾਂ ਕੁਝ ਇਕ ਪਾਰਟੀਆਂ ਦੇ ਵਿਧਾਇਕ ਵੀ ਚੁਣੇ ਗਏ ਹਨ ਪਰ ਉਹ ਕਦੇ ਤੀਜੀ ਧਿਰ ਨਹੀਂ ਬਣ ਸਕੇ। ਸ੍ਰ. ਬਲਵੰਤ ਸਿੰਘ ਰਾਮੂਵਾਲੀਆ ਅਤੇ ਸ੍ਰ. ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਵਿੱਚ ਤੀਜਾ ਬਦਲ ਲਿਆਉਣ ਦੀ ਗੰਭੀਰ ਕੋਸ਼ਿਸ਼ ਵੀ ਕੀਤੀ ਪਰ ਉਹ ਅਸਫਲ ਹੋ ਗਏ। ਇਹ ਮਿੱਥ ਉਸ ਸਮੇਂ ਟੁੱਟੀ ਜਦੋਂ ਪੂਰੇ ਦੇਸ਼ ਵਿੱਚ ਲੋਕ ਸਭਾ ਚੋਣਾਂ ਹੋ ਰਹੀਆਂ ਸਨ ਤੇ ਮੋਦੀ ਲਹਿਰ ਜ਼ੋਰਾਂ ‘ਤੇ ਸੀ ਫਿਰ ਵੀ ਆਮ ਆਦਮੀ ਪਾਰਟੀ ਜਿਸ ਦੇ ਹਾਲੇ ਪੰਜਾਬ ਵਿੱਚ ਪੈਰ ਵੀ ਨਹੀਂ ਲੱਗੇ ਸਨ ਤੇ ਲੋਕਾਂ ਨੇ ਆਪ ਮੁਹਾਰੇ ਹੋ ਕੇ ਇਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾਈਆਂ, ਚਾਰ ਪਾਰਲੀਮੈਂਟ ਮੈਂਬਰ ਲੋਕ ਸਭਾ ਵਿੱਚ ਭੇਜੇ।  ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਇਸ ਦੀ ਆਸ ਨਹੀਂ ਸੀ ਅਤੇ ਜਿਹੜੇ ਉਮੀਦਵਾਰ ਚੋਣ ਜਿੱਤੇ ਉਨ੍ਹਾਂ ਨੂੰ ਵੀ ਅਜਿਹਾ ਨਹੀਂ ਲੱਗਦਾ ਸੀ ਕਿ ਉਹ ਚੋਣ ਜਿੱਤ ਜਾਣਗੇ। ਇਸ ਜਿੱਤ ਨੂੰ ਦੇਖਦੇ ਹੋਏ ਆਪ ਦੇ ਲੀਡਰਾਂ ਨੇ ਇਹ ਮਹਿਸੂਸ ਕੀਤਾ ਕਿ ਪੰਜਾਬ ਵਿੱਚ ਪੈਰ ਜਮਾਉਣ ਦਾ ਇਸ ਤੋਂ ਵਧੀਆ ਮੌਕਾ ਹੋਰ ਨਹੀਂ ਹੋ ਸਕਦਾ। ਇਸ ਲਈ ਉਨ੍ਹਾਂ ਪੰਜਾਬ ਵਿੱਚ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਤੱਕ ਕਾਮਯਾਬੀ ਮਿਲਦੀ ਵੀ ਰਹੀ।  ਆਮ ਆਦਮੀ ਪਾਰਟੀ ਦੀ ਕਾਮਯਾਬੀ ਤੋਂ ਰਵਾਇਤੀ ਪਾਰਟੀਆਂ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਡਰ ਵੀ ਰਹੀਆਂ ਸਨ। ਇਸ ਕਾਰਨ ਇਨ੍ਹਾਂ ਦੋਹਾਂ ਪਾਰਟੀਆਂ ਦਾ ਸਾਰਾ ਜ਼ੋਰ ਆਪ ਨੂੰ ਭੰਡਣ ‘ਤੇ ਹੀ ਲੱਗ ਰਿਹਾ ਸੀ। ਇਸ ਵਿਵਹਾਰ ਤੋਂ ਅਜਿਹਾ ਵੀ ਲੱਗ ਰਿਹਾ ਸੀ ਕਿ ਦੋਵੇਂ ਪਾਰਟੀਆਂ ਦੋਸਤਾਨਾ ਮੈਚ ਖੇਡ ਰਹੀਆਂ ਹਨ। ਦੋਹਾਂ ਪਾਰਟੀਆਂ ਦੀ ਇਸ ਹਾਲਤ ਨੂੰ ਦੇਖਦੇ ਹੋਏ ਆਪ ਲੀਡਰਾਂ ‘ਚ ਆਤਮਵਿਸ਼ਵਾਸ ਵੱਧ ਗਿਆ ਅਤੇ ਸਮੇਂ ਦੇ ਨਾਲ-ਨਾਲ ਕੁਝ ਬਹੁਤ ਜ਼ਿਆਦਾ ਹੀ ਵੱਧ ਗਿਆ।  ਉਹ ਦਾਅਵਾ ਕਰਦੇ ਰਹੇ ਕਿ ਉਨ੍ਹਾਂ ਨੇ ਸਰਵੇ ਕਰਵਾਇਆ ਹੈ ਕਿ ਉਹ 117 ਵਿਚੋਂ 100 ਸੀਟਾਂ ‘ਤੇ ਜਿੱਤ ਰਹੇ ਹਨ। ਇਸ ਦਾਅਵੇ ਦਾ ਆਧਾਰ ਕੀ ਹੈ, ਇਸ ਬਾਰੇ ਉਹ ਹਾਲੇ ਵੀ ਜਾਣਕਾਰੀ ਨਹੀਂ ਦਿੰਦੇ ਪਰ ਦਾਅਵਾ ਹਾਲੇ ਵੀ ਕਰੀ ਜਾਂਦੇ ਹਨ।
ਜਿਵੇਂ ਕਿ ਪਹਿਲਾਂ ਲਿਖਿਆ ਹੈ ਕਿ ਆਪ ਲੀਡਰਾਂ ਦਾ ਆਤਮ ਵਿਸ਼ਵਾਸ ਕੁਝ ਜ਼ਿਆਦਾ ਹੀ ਵੱਧ ਗਿਆ, ਇਸ ਕਾਰਨ ਦਿੱਲੀ ਦੀ ਟੀਮ ਇਹ ਸਮਝਦੀ ਸੀ ਕਿ ਉਹ ਜੋ ਕੁਝ ਕਰਦੀ ਹੈ, ਉਸ ਸਭ ਠੀਕ ਹੈ। ਇਸ ਕਾਰਨ ਉਸ ਵਲੋਂ ਗਲਤੀਆਂ ਦਾ ਦੌਰ ਆਰੰਭ ਹੋ ਗਿਆ। ਪਹਿਲਾਂ ਉਸ ਨੇ ਯੂਥ ਮੈਨੀਫੈਸਟੋ ਉਤੇ ਸ੍ਰੀ ਹਰਿਮੰਦਰ ਸਾਹਿਬ ਨਾਲ ਝਾੜੂ ਦੀ ਫੋਟੋ ਲਗਾ ਦਿੱਤੀ। ਅਸ਼ੀਸ਼ ਖੈਤਾਨ ਨੇ ਆਪਣੇ ਮੈਨੀਫੈਸਟੋ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਨਾਲ ਕਰ ਦਿੱਤੀ। ਰਹਿੰਦੀ ਕਸਰ ਉਦੋਂ ਨਿਕਲ ਗਈ ਜਦੋਂ ਅਰਵਿੰਦ ਕੇਜਰੀਵਾਲ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਇਹ ਕਹਿ ਦਿੱਤਾ ਕਿ ਉਸ ਨੂੰ ਮੀਡੀਆ ਸਾਹਮਣੇ ਸੱਚ ਨਹੀਂ ਬੋਲਣਾ ਚਾਹੀਦਾ ਸੀ ਅਤੇ ਇਹ ਕਹਿ ਦੇਣਾ ਚਾਹੀਦਾ ਸੀ ਕਿ ਮੈਨੀਫੈਸਟੋ ਉਸ ਨੂੰ ਦਿਖਾਇਆ ਗਿਆ ਸੀ। ਪਰ ਸ੍ਰ. ਛੋਟੇਪੁਰ ਨੇ ਕਿਹਾ ਕਿ ਜੇਕਰ ਅਜਿਹਾ ਕਰਦਾ ਤਾਂ ਉਸ ਨੂੰ ਸਿੱਖ ਪੰਥ ਵਿਚੋਂ ਕੱਢ ਦੇਣਾ ਸੀ ਤਾਂ ਕੇਜਰੀਵਾਲ ਨੇ ਕਿਹਾ ਕਿ ਤਾਂ ਕੀ ਹੁੰਦਾ ਜੇਕਰ ਉਸ ਨੂੰ ਪੰਥ ਵਿਚੋਂ ਕੱਢਿਆ ਜਾਂਦਾ ਪਰ ਪਾਰਟੀ ਦੀ ਸਾਖ ਤਾਂ ਬਚ ਜਾਂਦੀ। ਆਪ ਦੇ ਲੀਡਰਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਆਪ ਵਿੱਚ ਸ਼ਾਮਿਲ ਨਹੀਂ ਹੋਣ ਦਿੱਤਾ।  ਇਸ ਤੋਂ ਅਗਲੀ ਗਲਤੀ ਇਹ ਕੀਤੀ ਗਈ ਕਿ ਸ੍ਰ. ਛੋਟੇਪੁਰ ਨੂੰ ਇਕ ਸਾਜਿਸ਼ ਤਹਿਤ ਪੰਜਾਬ ਦੇ ਕਨਵੀਨਰ ਦੇ ਅਹੁਦੇ ਤੋਂ ਉਤਾਰ ਦਿੱਤਾ ਗਿਆ।  ਇਸ ਬੇਇੱਜ਼ਤੀ ਤੋਂ ਬਾਅਦ ਆਪ ਪਾਰਟੀ ਦੋਫਾੜ ਹੋ ਗਈ।  ਅੱਜ ਆਪ ਦੇ ਬਹੁਤ ਸਾਰੇ ਲੀਡਰ ਸ੍ਰ. ਛੋਟੇਪੁਰ ਨਾਲ ਖੜ੍ਹੇ ਹਨ ਅਤੇ ਇਨ੍ਹਾਂ ਦੋਹਾਂ ਧੜਿਆਂ ਵਿਚਾਲੇ ਲੜਾਈ ਪੰਜਾਬੀ ਅਤੇ ਗ਼ੈਰ ਪੰਜਾਬੀ ਵਾਲੀ ਹੋ ਗਈ ਹੈ। ਆਪ ਵਾਲੇ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਜਿੰਨੇ ਮਰਜ਼ੀ ਦਾਅਵੇ ਕਰੀ ਜਾਣ ਪਰ ਉਸ ਦਾ ਜਬਰਦਸਤ ਨੁਕਸਾਨ ਹੋ ਚੁੱਕਾ ਹੈ। ਹੁਣ ਆਪ ਨੂੰ ਅਕਾਲੀ ਦਲ ਅਤੇ ਕਾਂਗਰਸ ਨਾਲ ਵੀ ਲੜਨਾ ਪਵੇਗਾ ਅਤੇ ਨਾਲ-ਨਾਲ ਆਪਣਿਆਂ ਦੇ ਨਾਲ ਵੀ ਜੂਝਣਾ ਪਵੇਗਾ।  ਜਦੋਂ ਸ੍ਰ. ਛੋਟੇਪੁਰ ਤੋਂ ਬਾਅਦ ਗੁਰਪ੍ਰੀਤ ਘੁੱਗੀ ਨੂੰ ਪਾਰਟੀ ਦਾ ਕਨਵੀਨਰ ਬਣਾਇਆ ਗਿਆ ਤਾਂ ਦੱਸਿਆ ਜਾਂਦਾ ਹੈ ਕਿ ਸ੍ਰ. ਐਸ. ਐਸ. ਫੂਲਕਾ ਦੇ ਵੀ ਨਰਾਜ਼ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ। ਛਪਾਰ ਮੇਲੇ ਉਤੇ ਐਚ ਐਸ ਫੂਲਕਾ ਨੇ ਸ਼ਕਤੀ ਪ੍ਰਦਰਸ਼ਨ ਕੀਤਾ ਪਰ ਭਗਵੰਤ ਮਾਨ ਗੈਰਹਾਜ਼ਰ ਸਨ। ਆਉਣ ਵਾਲੇ ਸਮੇਂ ਵਿੱਚ ਆਪ ਦੇ ਉਸ ਟੀਚੇ ‘ਤੇ ਪੁੱਜਣ ‘ਤੇ ਇਕ ਤਰ੍ਹਾਂ ਨਾਲ ਪ੍ਰਸ਼ਨਚਿੰਨ ਲੱਗ ਗਏ ਹਨ ਕਿਉਂਕਿ ਮਾਝੇ ਅਤੇ ਦੁਆਬੇ ਖਿੱਤੇ ਵਿੱਚ ਹੁਣ ਇਸ ਪਾਰਟੀ ਦੀ ਪਹਿਲਾਂ ਵਾਲੀ ਗੱਲ ਨਹੀਂ ਰਹੀ। ਇਸ ਦਾ ਪਤਾ ਇਸ ਗੱਲ ਤੋਂ ਵੀ ਲੱਗਦਾ ਹੈ ਕਿ ਜਦੋਂ ਸ੍ਰ. ਘੁੱਗੀ ਕਨਵੀਨਰ ਬਣ ਕੇ ਅੰਮ੍ਰਿਤਸਰ ਪੁੱਜੇ ਤਾਂ ਗਿਣਤੀ ਦੇ ਵਾਲੰਟੀਅਰ ਹੀ ਉਸ ਦੇ ਨਾਲ ਸਨ। ਜਲੰਧਰ ਵਿੱਚ ਵੀ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਜਦੋਂ ਆਪ ਨੇ ਉਮੀਦਵਾਰਾਂ ਦੀਆਂ ਅਗਲੀਆਂ ਲਿਸਟਾਂ ਜਾਰੀ ਕਰਨੀਆਂ ਹਨ ਤਾਂ ਜਿਨ੍ਹਾਂ ਨੂੰ ਟਿੱਕਟਾਂ ਨਹੀਂ ਮਿਲਣਗੀਆਂ ਉਹ ਵੀ ਛੋਟੇਪੁਰ ਨਾਲ ਜੁੜਨਗੇ।
ਅਗਲੀ ਗੱਲ ਚੌਥੇ ਮੋਰਚੇ ਦੀ ਹੈ ਜਿਸ ਦੇ ਪ੍ਰਮੁੱਖ ਨਵਜੋਤ ਸਿੰਘ ਸਿੱਧੂ, ਪ੍ਰਗਟ ਸਿੰਘ ਅਤੇ ਬੈਂਸ ਭਰਾ ਹਨ। ਨਵਜੋਤ ਸਿੰਘ ਸਿੱਧੂ ਦਾ ਪ੍ਰਭਾਵ ਅੰਮ੍ਰਿਤਸਰ ਵਿੱਚ ਹੋ ਸਕਦਾ ਹੈ ਕਿਉਂਕਿ ਉਹ ਉਥੋਂ ਮੈਂਬਰ ਪਾਰਲੀਮੈਂਟ ਚੁਣ ਕੇ ਗਿਆ ਸੀ। ਪ੍ਰਗਟ ਸਿੰਘ ਦਾ ਪ੍ਰਭਾਵ ਆਪਣੇ ਖੇਤਰ ਜਲੰਧਰ ਵਿੱਚ ਹੋ ਸਕਦਾ ਹੈ ਅਤੇ ਬੈਂਸ ਭਰਾਵਾਂ ਦਾ ਲੁਧਿਆਣਾ ਵਿੱਚ ਪਰ ਪੂਰੇ ਪੰਜਾਬ ਵਿੱਚ ਇਨ੍ਹਾਂ ਵਿਚੋਂ ਕਿਸੇ ਲੀਡਰ ਦਾ ਨਹੀਂ ਹੈ। ਵੱਡੀ ਸੰਭਾਵਨਾ ਇਹੀ ਹੈ ਕਿ ਸ੍ਰ. ਛੋਟੇਪੁਰ ਵੀ ਇਸ ਚੌਥੇ ਫਰੰਟ ਨਾਲ ਜੁੜਨਗੇ। ਉਹ ਇਸ ਗੱਲ ਦੇ ਕਈ ਵਾਰ ਸੰਕੇਤ ਵੀ ਦੇ ਚੁੱਕੇ ਹਨ। ਡਾ. ਧਰਮਵੀਰ ਗਾਂਧੀ ਅਤੇ ਸ੍ਰ. ਹਰਿੰਦਰ ਸਿੰਘ ਖਾਲਸਾ ਦੀ ਭਲਾਈ ਵੀ ਇਸੇ ਵਿੱਚ ਹੈ ਕਿ ਉਹ ਇਸ ਫਰੰਟ ਨਾਲ ਮਿਲ ਕੇ ਚੱਲਣ। ਭਾਵੇਂ ਇਹ ਮੰਚ ਕਿੰਨਾ ਵੀ ਸ਼ਕਤੀਸ਼ਾਲੀ ਬਣ ਜਾਵੇ ਪਰ ਅਜਿਹਾ ਨਹੀਂ ਜਾਪਦਾ ਕਿ ਇਹ ਰਵਾਇਤੀ ਪਾਰਟੀਆਂ ਦਾ ਤੋੜ ਬਣ ਸਕੇਗਾ।
ਇਸ ਲਈ ਭਵਿੱਖ ਵਿੱਚ ਤਿਕੋਣੇ ਤੇ ਚਿਕੋਣੇ ਮੁਕਾਬਲਿਆਂ ਦੀ ਸੰਭਾਵਨਾ ਹੈ ਪਰ ਪ੍ਰਮੁੱਖ ਮੁਕਾਬਲਾ ਹੁਣ ਰਵਾਇਤੀ ਪਾਰਟੀਆਂ ਅਕਾਲੀ ਦਲ-ਭਾਜਪਾ ਗਠਜੋੜ ਅਤੇ ਕਾਂਗਰਸ ਵਿਚਾਲੇ ਹੀ ਹੈ। ਕੁਝ ਇਕ ਖੇਤਰਾਂ ਵਿੱਚ ਆਪ ਜਾਂ ਚੌਥਾ ਫਰੰਟ ਪ੍ਰਭਾਵ ਜ਼ਰੂਰ ਪਾ ਸਕਦਾ ਹੈ ਪਰ ਪੂਰੇ ਪੰਜਾਬ ਵਿੱਚ ਨਹੀਂ।
ਆਪ ਅਤੇ ਚੌਥੇ ਫਰੰਟ ਲਈ ਅਗਲੀ ਸਮੱਸਿਆ ਫੰਡ ਦੀ ਵੀ ਰਹੇਗੀ।  ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਕੋਲ ਸਾਰੀਆਂ ਸੀਟਾਂ ਉਤੇ ਉਮੀਦਵਾਰ ਲੜਾਉਣ ਲਈ ਪਾਰਟੀ ਫੰਡ ਜ਼ਰੂਰ ਹੋਵੇਗਾ। ਹੁਣ ਆਪ ਅਤੇ ਚੌਥਾ ਫਰੰਟ ਉਨ੍ਹਾਂ ਨੂੰ ਹੀ ਟਿੱਕਟ ਦੇਵੇਗਾ ਜਿਹੜੇ ਆਪਣੇ ਦਮ ਉਤੇ ਚੋਣ ਲੜ ਸਕਣਗੇ। ਅਜਿਹੇ ਪੈਸੇ ਵਾਲੇ ਉਮੀਦਵਾਰ ਬਹੁਤ ਸਾਰੇ ਮਿਲ ਜਾਣਗੇ ਪਰ ਉਨ੍ਹਾਂ ਦਾ ਲੋਕਾਂ ਵਿੱਚ ਕਿੰਨਾ ਕੁ ਆਧਾਰ ਹੋਵੇਗਾ ਇਹ ਵੀ ਦੇਖਣ ਵਾਲੀ ਗੱਲ ਹੈ।
ਕੁਲ ਮਿਲਾ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਜੇਕਰ ਅਕਾਲੀ ਦਲ ਅਤੇ ਕਾਂਗਰਸ ਕੋਈ ਵੱਡੀ ਗਲਤੀ ਨਹੀਂ ਕਰਦੇ ਤਾਂ ਪ੍ਰਮੁੱਖ ਟਕਰ ਇਨ੍ਹਾਂ ਵਿਚਾਲੇ ਹੀ ਹੈ। ਹੁਣ ਦੇਖਣਾ ਇਹ ਹੈ ਕਿ ਲੜਾਈ ਵਿੱਚ ਇਨ੍ਹਾਂ ਪਾਰਟੀਆਂ ਵਿਚੋਂ ਕਿਹੜਾ ਬਾਜ਼ੀ ਮਾਰਨ ਦੇ ਨਜ਼ਦੀਕ ਪੁੱਜਦਾ ਹੈ।

LEAVE A REPLY