ਕੇਂਦਰੀ ਕੈਬਨਿਟ ਦਾ ਇਤਿਹਾਸਕ ਫੈਸਲਾ – ਰੇਲ ਬਜਟ ਦਾ ਆਮ ਬਜਟ ਵਿਚ ਰਲੇਵਾਂ

01ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਇਤਿਹਾਸਕ ਫੈਸਲਾ ਲੈਂਦੇ ਹੋਏ 92 ਸਾਲ ਤੋਂ ਚਲੀ ਆ ਰਹੀ ਰੇਲ ਬਜਟ ਪੇਸ਼ ਕਰਨ ਦੀ ਪ੍ਰੰਪਰਾ ਨੂੰ ਖਤਮ ਕਰ ਦਿੱਤਾ ਹੈ| ਇਹ ਫੈਸਲਾ ਦਿੱਲੀ ਵਿਖੇ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਵਿਚ ਲਿਆ ਗਿਆ| ਕੈਬਨਿਟ ਨੇ ਰੇਲ ਬਜਟ ਨੂੰ ਆਮ ਬਜਟ ਵਿਚ ਮਿਲਾਉਣ ਦੇ ਫੈਸਲੇ ਤੇ ਆਪਣੀ ਮੋਹਰ ਲਗਾ ਦਿੱਤੀ| ਹੁਣ ਅਗਲੇ ਸਾਲ ਤੋਂ ਸਿਰਫ ਇਕ ਬਜਟ ਸੰਸਦ ਵਿਚ ਪੇਸ਼ ਕੀਤਾ ਜਾਵੇਗਾ ਅਤੇ ਹੁਣ ਅਲੱਗ ਰੇਲ ਬਜਟ ਪੇਸ਼ ਕਰਨ ਦੀ ਜਰੂਰਤ ਨਹੀਂ ਹੈ|
ਇਹ ਵਰਣਨਯੋਗ ਹੈ ਕਿ 1924 ਤੋਂ ਸੰਸਦ ਵਿਚ ਆਮ ਬਜਟ ਤੋਂ ਇਲਾਵਾ ਰੇਲ ਬਜਟ ਪੇਸ਼ ਕੀਤਾ ਜਾ ਰਿਹਾ ਹੈ| ਹੁਣ 2017 ਵਿਚ ਸਿਰਫ ਆਮ ਬਜਟ ਹੀ ਸੰਸਦ ਵਿਚ ਪੇਸ਼ ਕੀਤਾ ਜਾਵੇਗਾ|
ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਕੈਬਨਿਟ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਆਮ ਬਜਟ ਵਿਚ ਰੇਲ ਬਜਟ ਦੀ ਅਹਿਮੀਅਤ ਨੂੰ ਬਰਕਰਾਰ ਰੱਖਿਆ ਜਾਵੇਗਾ| ਪ੍ਰਧਾਨ ਮੰਤਰੀ ਵਲੋਂ 15 ਅਗਸਤ 2016 ਦੇ ਮੌਕੇ ਤੇ ਆਪਣੇ ਭਾਸ਼ਣ ਦੌਰਾਨ ਆਜ਼ਾਦੀ ਘੁਲਾਟੀਆਂ ਦੀ ਪੈਨਸ਼ਨ ਵਧਾਉਣ ਦੇ ਕੀਤੇ ਐਲਾਨ ਨੂੰ ਵੀ ਕੇਂਦਰੀ ਕੈਬਨਿਟ ਨੇ ਪ੍ਰਵਾਨ ਕਰ ਲਿਆ ਹੈ| ਆਜ਼ਾਦੀ ਘੁਲਾਟੀਆਂ ਨੂੰ ਮੁਢਲੀ ਪੈਨਸ਼ਨ 20 ਫੀਸਦੀ ਵਧਾ ਕੇ ਦਿੱਤੀ ਜਾਵੇਗੀ, ਜਦੋਂ ਕਿ ਭੱਤੇ ਅਲੱਗ ਹੋਣਗੇ|

LEAVE A REPLY