ਸਿੱਧੂ ਦੇ ਫਰੰਟ ਨੂੰ ਭਾਜਪਾ ਦਾ ਅਸ਼ੀਰਵਾਦ ਹਾਸਿਲ : ਕੈਪਟਨ ਅਮਰਿੰਦਰ

amrinder1ਐਸ.ਸੀ ਭਲਾਈ ਸਕੀਮਾਂ ਦਾ ਫਾਇਦਾ ਕ੍ਰਿਸ਼ਚਿਅਨ ਸਮਾਜ ਤੱਕ ਪਹੁੰਚਾਉਣ ਦਾ ਕੀਤਾ ਵਾਅਦਾ
ਅਜਨਾਲਾ (ਅੰਮ੍ਰਿਤਸਰ)  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਬਣਾਏ ਪ੍ਰਸਤਾਵਿਤ ਚੌਥੇ ਫਰੰਟ ਨੂੰ ਮਹੱਤਵਹੀਣ ਦੱਸਦਿਆਂ ਖਾਰਿਜ਼ ਕਰਦਿਆਂ ਕਿਹਾ ਹੈ ਕਿ ਇਹ ਭਾਜਪਾ ਵੱਲੋਂ ਹੀ ਪ੍ਰਸਤਾਵਿਤ ਪ੍ਰਤੀਤ ਹੁੰਦਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਚਾਰ ਲੋਕ ਇਕ ਸਿਆਸੀ ਪਾਰਟੀ ਨਹੀਂ ਬਣਾ ਸਕਦੇ, ਜਿਸਦੀ ਲੋੜ ਜ਼ਿਆਦਾ ਹੁੰਦੀ ਹੈ। ਇਹ ਚਾਰ ਲੋਕਾਂ ਦੀ ਟੋਂਗਾ ਪਾਰਟੀ ਪ੍ਰਤੀਤ ਹੁੰਦੀ ਹੈ, ਜਿਸਦੇ ਅੱਗੇ ਦੋ ਲੋਕ ਤੇ ਪਿੱਛੇ ਦੋ ਲੋਕ ਬੈਠੇ ਹਨ, ਜਿਨ੍ਹਾਂ ਨਾਲ ਕੋਈ ਪ੍ਰਭਾਵ ਨਹੀਂ ਪੈਣ ਵਾਲਾ। ਹਾਲਾਂਕਿ ਇਕ ਸਿਆਸੀ ਪਾਰਟੀ ਬਣਾਉਣ ਲਈ ਇਨ੍ਹਾਂ ਦਾ ਸਵਾਗਤ ਹੈ, ਜੋ ਇਨ੍ਹਾਂ ਦਾ ਲੋਕਤਾਂਤਰਿਕ ਅਧਿਕਾਰ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕ੍ਰਿਸ਼ਚਿਅਨਾਂ ਤੇ ਹੋਰਨਾਂ ਘੱਟ ਗਿਣਤੀਆਂ ਨਾਲ ਪੱਖਪਾਤ ਖਤਮ ਕਰਨ ਦਾ ਵਾਅਦਾ ਕਰਦਿਆਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਤੋਂ ਸਾਰੇ ਧਰਮਾਂ ਦੀ ਸਮਾਨਤਾ ‘ਤੇ ਵਿਸ਼ਵਾਸ ਕੀਤਾ ਹੈ ਅਤੇ ਸਾਰਿਆਂ ਨੂੰ ਜਾਤ, ਨਸਲ ਜਾਂ ਧਰਮ ਦੇ ਭੇਦਭਾਵ ਬਗੈਰ ਬਰਾਬਰ ਦੇ ਮੌਕੇ ਦਿੱਤੇ ਜਾਣਗੇ।
ਇਥੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵੱਲੋਂ ਅਯੋਜਿਤ ਕ੍ਰਿਸ਼ਚਿਅਨ ਭਾਈਚਾਰੇ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਵਾਅਦਾ ਕੀਤਾ ਕਿ ਕਾਂਗਰਸ ਪਾਰਟੀ ਦੇ ਪੰਜਾਬ ਦੀ ਸੱਤਾ ‘ਚ ਆਉਣ ‘ਤੇ ਦਲਿਤ ਅਤੇ ਪਿਛੜੇ ਵਰਗਾਂ ਨੂੰ ਮਿੱਲਣ ਵਾਲੀਆਂ ਸਾਰੀਆਂ ਭਲਾਈ ਸਕੀਮਾਂ, ਜਿਵੇਂ ਸ਼ਗਨ ਸਕੀਮ ਜਾਂ ਫ੍ਰੀ ਬਿਜਲੀ ਆਦਿ ਨੂੰ ਕ੍ਰਿਸ਼ਚਿਅਨ ਸਮਾਜ ਨੂੰ ਵੀ ਦਿੱਤਾ ਜਾਵੇਗਾ।
ਕੈਪਟਨ ਅਮਰਿੰਦਰ ਨੇ ਸਵੀਕਾਰ ਕੀਤਾ ਕਿ ਪੰਜਾਬ ‘ਚ ਕ੍ਰਿਸ਼ਚਿਅਨ ਸਮਾਜ ਪਿੱਛੇ ਰਹਿ ਗਿਆ ਹੈ ਅਤੇ ਇਨ੍ਹਾਂ ਨੂੰ ਬਣਦਾ ਸਨਮਨ ਦੇਣ ਲਈ ਵਿਸ਼ੇਸ਼ ਕਦਮ ਚੁੱਕੇ ਜਾਣ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਨੇ ਪੱਖਪਾਤ ਖਤਮ ਕਰਨ ਦਾ ਵਾਅਦਾ ਕੀਤਾ ਤੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਇਸ ਦੇਸ਼ ਦੇ ਨਾਗਰਿਕਾਂ ਵਜੋਂ ਸੱਭ ਕੁਝ ਮਿਲੇਗਾ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸਮਾਜ ਵੱਲੋਂ ਇਕ ਮੰਗ ਪੱਤਰ ਵੀ ਸਵੀਕਾਰ ਕੀਤਾ, ਜਿਸਨੂੰ ਸੀਨੀਅਰ ਪਾਰਟੀ ਆਗੂ ਤੇ ਪ੍ਰਦੇਸ਼ ਕਾਂਗਰਸ ਜਨਰਲ ਸਕੱਤਰ ਸਲਾਮਤ ਮਸੀਹ ਨੇ ਸਟੇਜ ਉਪਰ ਪੜ੍ਹਿਆ। ਉਨ੍ਹਾਂ ਨੇ ਕਿਹਾ ਕਿ ਹਰੇਕ ਮੰਗ ਨੂੰ ਚੋਣ ਮੈਨਿਫੈਸਟੋ ‘ਚ ਸ਼ਾਮਿਲ ਕੀਤਾ ਜਾਵੇਗਾ ਅਤੇ ਸਰਕਾਰ ਬਣਨ ਤੋਂ ਬਾਅਦ ਹਰੇਕ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ।
ਇਸ ਲੜੀ ਹੇਠ ਸੂਬਾ ਵਿਧਾਨ ਸਭਾ ‘ਚ ਕ੍ਰਿਸ਼ਚਿਅਨ ਸਮਾਜ ਦੀ ਨੁਮਾਇੰਦਗੀ ਪੁਖਤਾ ਕਰਨ ਲਈ ਵਿਸ਼ੇਸ਼ ਉਪਾਅ ਹੇਠ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਵਿਧਾਨ ਸਭਾ ‘ਚ ਇਕ ਕਾਨੂੰਨ ਪਾਸ ਕਰੇਗੀ, ਜਿਹੜਾ ਛੱਤੀਸਗੜ੍ਹ ਸੂਬੇ ਦੇ ਅਧਾਰ ‘ਤੇ ਵਿਧਾਨ ਸਭਾ ‘ਚ ਸਮਾਜ ਦੇ ਇਕ ਮੈਂਬਰ ਦੀ ਨੁਮਾਇੰਦਗੀ ਤੈਅ ਕਰੇਗਾ। ਜਿਹੜਾ ਪੰਜਾਬ ‘ਚ ਕ੍ਰਿਸ਼ਚਿਅਨ ਸਮਾਜ ਨੂੰ ਪੇਸ਼ ਆਉਂਦੇ ਵੱਡੇ ਪੱਧਰ ‘ਤੇ ਪੱਖਪਾਤ ਨੂੰ ਖਤਮ ਕਰੇਗਾ।
ਇਸ ਦੌਰਾਨ ਆਪ ਦੇ ਦਾਅਵਿਆਂ ਕਿ ਉਸਦਾ ਮੁਕਾਬਲਾ ਅਕਾਲੀ ਦਲ ਨਾਲ ਹੈ, ਨਾ ਕਿ ਕਾਂਗਰਸ ਨਾਲ, ਬਾਰੇ ਟਿੱਪਣੀ ਮੰਗੇ ਜਾਣ ‘ਤੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਸਚਮੁੱਚ ਦੂਜੇ ਨੰਬਰ ਲਈ ਇਨ੍ਹਾਂ ਦੋਨਾਂ ਵਿਚਾਲੇ ਮੁਕਾਬਲਾ ਹੈ, ਕਿਉਂਕਿ ਅਸੀਂ ਇਨ੍ਹਾਂ ਤੋਂ ਅੱਗੇ ਹਾਂ ਅਤੇ ਇਨ੍ਹਾਂ ‘ਚੋਂ ਕੋਈ ਵੀ ਸਾਡੇ ਮੁਕਾਬਲੇ ‘ਚ ਨਹੀਂ ਖੜ੍ਹਦਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਬਣਾਉਣ ਦੀ ਗੱਲ ਦੂਰ ਦੀ ਹੈ, ਆਪ ਇਕ ਵੀ ਸੀਟ ਨਹੀਂ ਜਿੱਤ ਪਾਵੇਗੀ।
ਭਗਵੰਤ ਮਾਨ ਬਾਰੇ ਉਨ੍ਹਾਂ ਨੇ ਕਿਹਾ ਕਿ ਉਸਦੀ ਸੋਚ ਬਾਰੇ ਉਨ੍ਹਾਂ ਨੂੰ ਕੋਈ ਅੰਦਾਜ਼ਾ ਨਹੀਂ ਹੈ। ਹਾਲਾਂਕਿ, ਉਹ ਇਹ ਜ਼ਰੂਰ ਕਹਿਣਾ ਚਾਹੁਣਗੇ ਕਿ ਇਸ ਜ਼ਮੀਨ ਦੇ ਪੁੱਤਰ ਪੰਜਾਬੀ ਆਪ ਆਗੂਆਂ ‘ਚ ਵੱਡੇ ਪੱਧਰ ‘ਤੇ ਆਤਮ ਵਿਸ਼ਲੇਸ਼ਣ ਜ਼ਾਰੀ ਹੈ ਕਿ ਉਨ੍ਹਾਂ ‘ਤੇ ਦੂਜਿਆਂ ਵੱਲੋਂ ਸ਼ਾਸਨ ਕੀਤਾ ਜਾ ਰਿਹਾ ਹੈ ਅਤੇ ਉਹ ਇਨ੍ਹਾਂ ਖਿਲਾਫ ਖੜ੍ਹੇ ਹੋ ਰਹੇ ਹਨ। ਸ਼ਾਇਦ ਭਗਵੰਤ ਮਾਨ ਵੀ ਇਹੋ ਮਹਿਸੂਸ ਕਰ ਰਹੇ ਹੋਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਪ੍ਰਚਾਰ ਕਮੇਟੀ ਦੀ ਚੇਅਰਪਰਸਨ ਅੰਬਿਕਾ ਸੋਨੀ, ਏ.ਆਈ.ਸੀ.ਸੀ ਪੰਜਾਬ ਮਾਮਲਿਆਂ ਲਈ ਇੰਚਾਰਜ਼ ਆਸ਼ਾ ਕੁਮਾਰੀ, ਏ.ਆਈ.ਸੀ.ਸੀ ਸਕੱਤਰ ਹਰੀਸ਼ ਕੁਮਾਰ, ਐਮ.ਪੀ ਪ੍ਰਤਾਪ ਸਿੰਘ ਬਾਜਪਾ, ਹਰਪ੍ਰਤਾਪ ਅਜਨਾਲਾ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁੱਖ ਸਰਕਾਰੀਆ, ਗੁਰਜੀਤ ਓਜਲਾ, ਸਲਾਮਤ ਮਸੀਹ, ਸੋਨੂੰ ਜਫਰ, ਇਬ੍ਰਾਹਿਮ ਇਰਸ਼ਾਦ ਵੀ ਮੌਜ਼ੂਦ ਰਹੇ।

LEAVE A REPLY