main-news-300x150ਸੱਥ ‘ਚ ਆਉਂਦਿਆ ਹੀ ਬਾਬੇ ਨਾਗਰ ਸਿਉਂ ਨੇ ਸੀਤੇ ਮਰਾਸੀ ਨੂੰ ਪੁੱਛਿਆ, ”ਕਿਉਂ ਬਈ ਮੀਰ! ਆਹ ਤੜਕੇ ਪੁਲਸ ਕੀਹਦੇ ਆ ਗੀ ਅੱਜ। ਕੋਈ ਰੌਲ਼ਾ ਗੌਲਾ ਤਾਂ ਪਿੰਡ ‘ਚ ਸੁਣਿਆ ਨ੍ਹੀ। ਕਿਤੇ ਵੇਹੜੇ ਆਲੇ ਫ਼ੇਰ ਤਾਂ ਨ੍ਹੀ ਲੜ ਪੇ?”
ਬੱਗੜ ਬੁੜ੍ਹੇ ਕਾ ਬੱਲੂ ਬਾਬੇ ਨਾਗਰ ਸਿਉਂ ਨੂੰ ਗੱਲ ਚੱਕ ਕੇ ਕਹਿੰਦਾ, ”ਕੱਲ੍ਹ ਆਥਣੇ ਆਪਣੇ ਪਿੰਡ ਫ਼ੇਰ ਲੜਾਈ ਹੋ ਗੀ ਬਾਬਾ। ਸੁਰਜਨ ਮਿੰਬਰ ਕੇ ਜੱਗੇ ਨੇ ਗੇਲੇ ਰਾਗੀ ਕੇ ਪੀਤੇ ਦੇ ਮੌਰਾਂ ‘ਚ ਮੁੱਛਾਂ ਆਲਾ ਗੰਡਾਸਾ ਠੋਕਿਆ, ਪਰ ਲਹੂ ਨ੍ਹੀ ਨਿੱਕਲਿਆ। ਆਪਣਾ ਅੱਧਾ ਗੁਆੜ ਗੁਪਤੇ ਦੇ ਹੱਥਪਤਾਲ ‘ਚ ਦਾਖਲ ਕਰਾ ਕੇ ਆਇਆ ਪੀਤੇ ਨੂੰ ਰਾਤ।”
ਨਾਥਾ ਅਮਲੀ ਢਿੱਲੀ ਆਵਾਜ਼ ‘ਚ ਬੋਲਿਆਾ, ”ਖ਼ੂਨ ਈ ਨ੍ਹੀ ਹੋਣਾ ਗੇਲੇ ਰਾਗੀ ਦੇ ਮੁੰਡੇ ‘ਚ। ਕੁੱਤੇ ਦੀ ਗਲੱਛ ਕੇ ਸਿੱਟੀ ਲੀਰ ਅਰਗਾ ਤਾਂ ਹੋਇਆ ਪਿਆ ਪੀਤਾ। ਖ਼ੂਨ ਕਿੱਥੋਂ ਹੋਵੇ ਸਰੀਰ ‘ਚ, ਖਾਣਾ ਨ੍ਹੀ ਕੁਸ ਪੀਣਾ ਨ੍ਹੀ। ਜਾਂ ਫ਼ਿਰ ਜੱਗੇ ਨੇ ਗੰਡਾਸਾ ਈ ਪੁੱਠਾ ਮਾਰਿਆ ਹੋਣੈ।”
ਬੁੱਘਰ ਦਖਾਣ ਨੇ ਪੁੱਛਿਆ, ”ਗੰਡਾਸਾ ਮਾਰਿਆ ਕਿੱਥੇ ਸੀ, ਸਿਰ ‘ਚ ਕੁ ਢੂਹੀ ਢਾਹੀ ‘ਚ।”
ਨਾਥਾ ਅਮਲੀ ਬੁੱਘਰ ਦਖਾਣ ਨੂੰ ਕਤਾੜ ਕੇ ਪੈ ਗਿਆ, ”ਤੈਨੂੰ ਦੱਸ ਕੇ ਤਾਂ ਹਟੇ ਆਂ ਬਈ ਮੌਰਾਂ ‘ਚ ਮਾਰਿਆ। ਤੇਰੇ ਆਲਾ ਵੀ ਬੁੱਘਰਾ ਸਰਿਆ ਈ ਪਿਆ। ਕਿਸੇ ਡਮਾਕ ਆਲੇ ਡਾਕਦਾਰ ਤੋਂ ਦੁਆ ਬੂਟੀ ਕਰਾ। ਤੂੰ ਗੱਲ ਨੂੰ ਬਹੁਤ ਛੇਤੀ ਭੁੱਲਦੈਂ।”
ਸੀਤਾ ਮਰਾਸੀ ਅਮਲੀ ਨੂੰ ਕਹਿੰਦਾ, ”ਨਾ ਓਏ ਅਮਲੀਆ ਹਰਖ ਕੇ ਨਾ ਬੋਲ ਇਹਨੂੰ। ਇਹਨੂੰ ਕੀ ਪਤਾ ਬਈ ਮੌਰ ਕੀ ਹੁੰਦੇ ਐ। ਜੇ ਇਹਦੇ ਮੌਰ ਹੋਣ ਤਾਂ ਇਹ ਨਾ ਪੁੱਛੇ। ਮੌਰ ਈ ਨ੍ਹੀ ਇਹਦੇ। ਪੁੱਛੇ ਨਾ ਤਾਂ ਵਚਾਰਾ ਹੋਰ ਕੀ ਕਰੇ।”
ਬਾਬੇ ਨਾਗਰ ਸਿਉਂ ਨੇ ਪੁੱਛਿਆ, ”ਕੀ ਗੱਲ ਹੋ ਗੀ ਬਈ ਓਹਨੇ ਕਾਹਤੋਂ ਮਾਰਿਆ ਗੰਡਾਸਾ?”
ਮਾਹਲਾ ਨੰਬਰਦਾਰ ਕਹਿੰਦਾ, ”ਮੈਂ ਤਾਂ ਸੁਣਿਐ ਨਾਗਰ ਸਿਆਂ ਕੁਕੜੀਆਂ ਪਿੱਛੇ ਲੜ, ਫ਼ੇਰ ਵਾਘਰੂ ਜਾਣਦੈ।”
ਬਾਬੇ ਨਾਗਰ ਸਿਉਂ ਨੇ ਪੁੱਛਿਆ, ”ਕੁਕੜੀਆਂ ਪਿੱਛੇ ਕੁ ਕੁੜੀਆਂ ਪਿੱਛੇ?”
ਨਾਥਾ ਅਮਲੀ ਕਹਿੰਦਾ, ”ਪੀਤੇ ਕਾ ਧਨੌਲੇ ਆਲਾ ਆਇਆ ਵਿਆ ਸੀ ਪ੍ਰਾਹੁਣਾ। ਪੀਤੇ ਕਿਆਂ ਨੇ ਮਾਰ ਲਿਆ ਕੁੱਕੜ। ਕੁੱਕੜ ਦੇ ਖੰਭ ਪੀਤੇ ਕਿਆਂ ਨੇ ਬਾਹਰ ਜੱਗੇ ਕੀ ਰੂੜੀ ‘ਤੇ ਸਿੱਟ ‘ਤੇ। ਜਦੋਂ ਤੜਕੇ ਕਿਤੇ ਜੱਗਾ ਓੱਥੋਂ ਦੀ ਖੇਤ ਨੂੰ ਨੰਘਣ ਲੱਗਿਆ ਤਾਂ ਉਹਨੇ ਵੇਖਿਆ ਬਈ ਆਹ ਖੰਭ ਤਾਂ ਸਾਡੀ ਕੁਕੜੀ ਦੇ ਲੱਗਦੇ ਐ। ਜੱਗਾ ਖੇਤ ਨੂੰ ਜਾਂਦਾ-ਜਾਂਦਾ ਘਰ ਨੂੰ ਮੁੜ ਗਿਆ। ਉਹਨੇ ਘਰੇ ਜਾ ਕੇ ਕੁੱਕੜਾਂ ਨੂੰ ਦਾਣੇ ਪਾ ਕੇ ਕੁੱਕੜ ਖੁੱਡੇ ‘ਚੋਂ ਬਾਹਰ ਕੱਢ ਲੇ। ਦਾਣੇ ਚੁਗਦੇ ਕੁੱਕੜਾਂ ਨੂੰ ਜੱਗਾ ਗਿਣਨ ਲੱਗ ਪਿਆ। ਤੜਕੇ ਦੇ ਖੁੱਡੇ ‘ਚੋਂ ਕੱਢੇ ਵੇ ਕੁੱਕੜ ਜੱਗੇ ਤੋਂ ਆਥਣ ਤਕ ਨਾ ਗਿਣੇ ਗਏ। ਉਧਰ ਸੁਰਜਨ ਮਿੰਬਰ ਜੱਗੇ ਨੂੰ ਹਾਲ ਹਾਲ ਕਰੇ ਬਈ ਪਾਣੀ ਦੀ ਵਾਰੀ ਲਾ ਜਾ ਕੇ। ਜੱਗਾ ਬੈਠਾ ਕੁੱਕੜ ਗਿਣੀ ਜਾਵੇ। ਦਾਣੇ ਚੁਗਦੇ ਚੁਗਦੇ ਕੁੱਕੜ ਕੁਕੜੀਆਂ ਗਾਹਾਂ ਪਛਾਹਾਂ ਹੋਈ ਜਾਣ। ਜੱਗ ਗਿਣਦਾ ਗਿਣਦਾ ਗਿਣਤੀ ਭੁੱਲ ਜਿਆ ਕਰੇ। ਜਦੋਂ ਨੂੰ ਜੱਗਾ ਬਾਰਾਂ ਤੇਰਾਂ ਤਕ ਜਾਇਆ ਕਰੇ ਉਦੋਂ ਨੂੰ ਕੁੱਕੜ ਫ਼ੇਰ ਗਾਹਾਂ ਪਛਾਹਾਂ ਹੋ ਜਿਆ ਕਰਨ। ਜੱਗਾ ਫ਼ੇਰ ਕਦੇ ਬਾਰਾਂ ਤੇਰਾਂ ਤੋਂ ਮੁੜਿਆ ਕਰੇ ਕਦੇ ਅੱਠ ਕੁ ‘ਤੇ ਸੂਈ ਫ਼ਸਾ ਕੇ ਖੜ੍ਹ ਜਿਆ ਕਰੇ। ਓਧਰ ਸੁਰਜਨ ਮਿੰਬਰ ਜੱਗੇ ਨੂੰ ਗਾਲਾਂ ਦੇਵੇ ਬਈ ਕੁੱਕੜਾਂ ਦੇ ਸਰ੍ਹਾਣੇ ਈ ਬੈਠਾਂ ਤੂੰ।”
ਸੀਤਾ ਮਰਾਸੀ ਗੱਲ ਵਿੱਚੋਂ ਟੋਕ ਕੇ ਬੋਲਿਆ, ”ਐਨੇ ਕਿੰਨ੍ਹੇ ਕੁ ਕੁੱਕੜ ਐ ਜੱਗੇ ਦੇ ਰੱਖੇ ਵੇ। ਪੰਦਰਾਂ ਕੁ ਤਾਂ ਕੁਕੜੀਆਂ ਤੇ ਤਿੰਨ ਚਾਰ ਕੁੱਕੜ ਐ। ਸੂਈ ਜੱਗੇ ਦੀ ਫ਼ਸ ਜਾਂਦੀ ਸੀ ਬਾਰਾਂ ਤੇਰਾਂ ‘ਤੇ। ਪੰਜ ਕੁ ਤਾਂ ਜਮਾਤਾਂ ਪੜ੍ਹਿਆ ਵਿਆ ਜੱਗਾ। ਗਿਣਤੀ ਕਰਨ ਨੂੰ ਫ਼ਿਰਦੈ ਪੰਦਰਾਂ ਤਕ ਦੀ।”
ਬਾਬਾ ਨਾਗਰ ਸਿਉਂ ਕਹਿੰਦਾ, ”ਕੁੱਕੜਾਂ ਨੂੰ ‘ਕੱਲੇ ‘ਕੱਲੇ ਨੂੰ ਫ਼ੜ ਕੇ ਖੁੱਡੇ ‘ਚ ਤਾੜ ਦਿੰਦਾ, ਫ਼ੇਰ ਤਾਂ ਕੁੱਕੜ ਗਿਣੇ ਜਾਣੇ ਸੀ। ਦਾਣੇ ਚੁਗਦਿਆਂ ਨੂੰ ਤਾਂ ਸਤੀਲਦਾਰ ਮਨ੍ਹੀ ਗਿਣ ਸਕਦਾ। ਨਾ ਈਂ ਦਾਣੇ ਛੱਡ ਕੇ ਕੁੱਕੜ ਖੁੱਡੇ ‘ਚ ਵੜਨ।”
ਨਾਥਾ ਅਮਲੀ ਮਰਾਸੀ ਨੂੰ ਕਹਿੰਦਾ, ”ਪੰਦਰਾਂ ਕੁੱਕੜ ਕਿਉਂ ਐਂ ਮੀਰ। ਓਨੀ ਕਣਕ ਸਾਰਾ ਟੱਬਰ ਖਾਂਦਾ ਸਾਲ ਭਰ ‘ਚ, ਓਨੀ ਕੁੱਕੜ ਖਾ ਜਾਂਦੇ ਐ। ਚਾਲੀ ਪੰਜਾਹ ਕੁੱਕੜ ਕੁਕੜੀਆਂ ਹੋਣਗੇ।”
ਮਾਹਲਾ ਨੰਬਰਦਾਰ ਕਹਿੰਦਾ, ”ਤੂੰ ਗਾਹਾਂ ਦੱਸ ਅਮਲੀਆ ਬਈ ਜਦੋਂ ਕੁੱਕੜ ਕੁਕੜੀਆਂ ਗਿਣੇ ਨ੍ਹੀ ਗਏ ਤਾਂ ਫ਼ੇਰ ਕਿਮੇਂ ਹੋਈ ਜੱਗੇ ਨਾਲ?”
ਨਾਥਾ ਅਮਲੀ ਕਹਿੰਦਾ, ”ਫ਼ੇ ਕਿਮੇਂ ਹੋਣੀ ਸੀ। ਜਿਮੇਂ ਕਹਿੰਦੇ ਹੁੰਦੇ ਐ, ਅਕੇ ਡਿੱਗੀ ਗਧੇ ਤੋਂ ਗੁੱਸਾ ਘਮਿਆਰ ‘ਤੇ। ਉਹ ਗੱਲ ਜੱਗੇ ਨਾਲ ਹੋਈ। ਓਧਰ ਤਾਂ ਜੱਗੇ ਨੂੰ ਕੁੱਕੜਾਂ ਦਾ ਸੰਸਾ ਵੱਢ-ਵੱਢ ਖਾਵੇ ਬਈ ਪੀਤੇ ਕਿਆਂ ਨੇ ਮੇਰਾ ਕੁੱਕੜ ਚੱਕ ਕੇ ਖਾ ਲਿਆ। ਓਧਰ ਪਿਉ ਦੀ ਲਾਲਾ ਲਾਲਾ ‘ਤੇ ਹਰਖਿਆ ਪਿਆ ਜੱਗਾ ਬਈ ਬੁੜ੍ਹਾ ਐਮੇ ਵਾਧੂ ਈ ਟੱਪੀ ਜਾਂਦਾ ਬਾਂਦਰੀ ਆਂਗੂੰ। ਭੁੱਖੇ ਤਿਹਾਏ ਜੱਗੇ ਨੇ ਸਾਰੀ ਦਿਹਾੜੀ ਕੁੱਕੜ ਗਿਣਨ ‘ਚ ਨੰਘਾ ‘ਤੀ। ਆਥਣ ਤਕ ਕੁੱਕੜ ਮਨ੍ਹਾ ਗਿਣੇ ਗਏ ਤੇ ਪਾਣੀ ਦੀ ਵਾਰੀ ਵੀ ਨੰਘਾ ‘ਤੀ। ਅਖੀਰ ਜੱਗੇ ਨੇ ਨੇਰ੍ਹੇ ਜੇ ਹੋਏ ਕੁੱਕੜ ਤਾਂ ਤਾੜ ‘ਤੇ ਖੁੱਡੇ ‘ਚ, ਪੀਤੇ ਕੇ ਘਰੇ ਜਾ ਕੇ ਪੀਤੇ ਦੇ ਮੌਰਾਂ ‘ਚ ਠੋਕਿਆ ਗੰਡਾਸਾ। ਕਹਿੰਦਾ ‘ਮੇਰਾ ਕੁੱਕੜ ਲਿਆ ਕੇ ਪ੍ਰਾਹੁਣੇ ਨੂੰ ਖੁਆ ਕੇ ਸਾਲਿਆ ਨਾਢੂ ਖਾਂ ਬਣਿਆ ਫ਼ਿਰਦੈਂ ਓਏ। ਕੱਢ ਪੰਜਾਹ ਰਪੀਏ। ਓਥੇ ਕਿਤੇ ਪੀਤੇ ਕੇ ਘਰੇ ਸ਼ਰਾਰਤੀਆਂ ਦਾ ਭੋਡਾ ਸੀ। ਭੋਡੇ ਕੋਲੇ ਵੇਖ ਲਾ ਖੂੰਡਾ ਹੁੰਦਾ। ਉਹਨੇ ਜੱਗੇ ਵੱਲ ਖੂੰਡਾ ਚਲਾਇਆ। ਤਾਂ ਕਰ ਕੇ ਜੱਗਾ ਭੱਜਿਆ ਓਥੋਂ। ਨਹੀਂ ਤਾਂ ਵੀਹਾਂ ਰਪੀਆਂ ਦੇ ਕੁੱਕੜ ਪਿੱਛੇ ਪੀਤੇ ਦੇ ਗੰਗਾ ਫੁੱਲ ਪੈ ਜਾਣੇ ਸੀ। ਆਹ ਗੱਲ ਹੋਈ ਐ ਬਾਬਾ।”
ਬਾਬੇ ਨੇ ਪੁੱਛਿਆ, ”ਆਹ ਭੋਡਾ ਕੀਹਦਾ ਕੁਸ ਐ ਅਮਲੀਆ।”
ਸੀਤਾ ਮਰਾਸੀ ਕਹਿੰਦਾ, ”ਕੈਲੇ ਸ਼ਰਾਰਤੀ ਦੇ ਵੱਡੇ ਮੁੰਡੇ ਦਾ ਨਾਂ ਭੋਡਾ।”
ਨਾਥਾ ਅਮਲੀ ਹੱਸਕੇ ਕਹਿੰਦਾ, ”ਕੱਛੂ ਕੁੰਮਿਆਂ ਦੇ ਵੀ ਵੱਜਦੇ ਐ ਭੋਡੇ ਕੇ ਬਾਬਾ।”
ਬਾਬਾ ਨਾਗਰ ਸਿਉਂ ਹੱਸਕੇ ਕਹਿੰਦਾ, ”ਤੁਸੀਂ ਤਾਂ ਪਤੰਦਰੋ ਨਾਂ ਈ ਬਾਹਲ਼ੇ ਰੱਖੀ ਬੈਠੇ ਐ ਉਨ੍ਹਾਂ ਦੇ। ਟੱਬਰ ‘ਚ ਜੀਅ ਥੋੜੇ ਹੋਣਗੇ ਨਾਂਅ ਪਿੰਡ ਆਲਿਆਂ ਨੇ ਬਾਹਲ਼ੇ ਧਰ ‘ਤੇ।”
ਨਾਥਾ ਅਮਲੀ ਕਹਿੰਦਾ, ”ਜਿਹੇ ਜੇ ਅਗਲਾ ਕੰਮ ਕਰਦਾ ਉਹੋ ਜਾ ਅਗਲੇ ਦਾ ਨਾਂ ਟਿਕ ਜਾਂਦੈ।”
ਮਾਹਲਾ ਨੰਬਰਦਾਰ ਅਮਲੀ ਨੂੰ ਕਹਿੰਦਾ, ”ਇਹ ਭੋਡੇ ਕੇ ਕੱਛੂ ਕੁੰਮਿਆਂ ਦੇ ਕਿਉਂ ਵੱਜਦੇ ਐ ਅਮਲੀਆ?”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਇਨ੍ਹਾਂ ਦੇ ਪੜਦਾਦਿਉਂ ਗਾਹਾਂ ਕਿਸੇ ਵੱਡੇ ਬੁੜ੍ਹੇ ਦੇ ਕੱਛੂ ਕੁੰਮੇ ਰੱਖੇ ਵੇ ਹੋਣੇ ਐਂ। ਪਿੰਡ ਆਲੇ ਕੱਛੂ ਕੁੰਮਿਆਂ ਕਹਿਣ ਲੱਗ ਗੇ ਹੋਣੇ ਐ।”
ਨਾਥਾ ਅਮਲੀ ਬਾਬੇ ਨਾਗਰ ਸਿਉਂ ਨੂੰ ਹੱਸ ਕੇ ਕਹਿੰਦਾ, ”ਭੋਡੇ ਕੇ ਕੱਛੂ ਕੁੰਮਿਆਂ ਦੇ ਕਿਉਂ ਵਜਦੇ ਐ, ਇਹ ਤਾਂ ਬਾਬਾ ਤੈਨੂੰ ਫ਼ੇਰ ਦਸਦੇ ਆਂ, ਪਹਿਲਾਂ ਇਨ੍ਹਾਂ ਦੀ ਭੋਡੇ ਕੀ ਸੋਨੂੰ ਨਮੀਂ ਗੱਲ ਸਣਾਉਣੈ। ਕੇਰਾਂ ਕਹਿੰਦੇ ਜਦੋਂ ਭੋਡੇ ਨੂੰ ਸਾਕ ਕਰਨ ਆਲੇ ਵੇਖਣ ਆਏ, ਉਨ੍ਹਾਂ ਨੇ ਕਿਤੇ ਪਿੰਡ ਦੇ ਬਾਹਰਲੇ ਅੱਡੇ ਤੋਂ ਬੱਸੋਂ ਉਤਰਦਿਆਂ ਨੇ ਈਂ ਕਿਸੇ ਤੋਂ ਪੁੱਛ ਲਿਆ ਬਈ ਅਸੀਂ ਕਰਨੈਲ ਸਿਉਂ ਕੇ ਘਰੇ ਜਾਣੈ।”
ਬੁੱਘਰ ਦਖਾਣ ਅਮਲੀ ਦੀ ਗੱਲ ਕੱਟ ਕੇ ਕਹਿੰਦਾ, ”ਜੀਤੇ ਟਿੱਚਰੀ ਤੋਂ ਪੁੱਛਿਆ ਸੀ। ਉਹਨੇ ਗਾਹਾਂ ਹੋਰ ਈ ਫ਼ੰਮਣ ਪੱਤੀਆਂ ਲਾ ‘ਤੀਆਂ।”
ਬਾਬਾ ਨਾਗਰ ਸਿਉਂ ਬੁੱਘਰ ਨੂੰ ਚੁੱਪ ਕਰਾਉਂਦਾ ਬੋਲਿਆ, ”ਬੁੱਘਰ ਸਿਆਂ ਗੱਲ ਸੁਣਨ ਦੇ ਯਾਰ। ਹਾਂ ਬਈ ਨਾਥਾ ਸਿਆਂ! ਗਾਹਾਂ ਕਿਮੇਂ ਹੋਈ ਫ਼ਿਰ?”
ਅਮਲੀ ਕਹਿੰਦਾ, ”ਜਦੋਂ ਜੀਤੇ ਟਿੱਚਰੀ ਨੂੰ ਪੁੱਛਿਆ ਬਈ ਕਰਨੈਲ ਸਿਉਂ ਕੇ ਘਰੇ ਜਾਣਾ, ਤਾਂ ਜੀਤਾ ਟਿੱਚਰ ‘ਚ ਬੋਲਿਆ, ”ਸਾਡੇ ਪਿੰਡ ਪੰਦਰਾਂ ਕਰਨੈਲ ਐ। ਕੋਈ ਪੁੱਠੇ ਪੈਰਾਂ ਆਲਾ ਵੱਜਦਾ। ਕਿਸੇ ਨੂੰ ਕੱਛੂ ਕੁੰਮਿਆਂ ਆਲਾ ਕੈਲਾ ਕਹਿੰਦੇ ਐ। ਕਿਸੇ ਨੂੰ ਕਰਨੈਲ ਸ਼ਰਾਬੀ ਕੇ ਕਹਿੰਦਾ ਪਿੰਡ, ਪਰ ਹੈ ਅੰਮ੍ਰਿਤਧਾਰੀ ਉਹੋ। ਕਿਸੇ ਕਰਨੈਲ ਕਿਆਂ ਨੂੰ ਪਾਥੀਆਂ ਆਲਿਆਂ ਦਾ ਲਾਣਾ ਕਹਿੰਦੇ ਐ। ਹੁਣ ਤੁਸੀਂ ਦੱਸੋ ਕਿਹੜੇ ਕਰਨੈਲ ਕੇ ਜਾਣੈ’? ਓਧਰੋਂ ਕਿਤੇ ਮੱਦੀ ਵਚੋਲਾ ਆ ਗਿਆ ਜੀਹਨੇ ਇਹ ਦੱਸ ਪਾਈ ਸੀ। ਮੱਦੀ ਉਨ੍ਹਾਂ ਨੂੰ ਬੱਸ ਅੱਡੇ ਤੋਂ ਲੈਣ ਆਉਂਦਾ ਸੀ। ਜਦੋਂ ਬਾਬਾ ਉਨ੍ਹਾਂ ਨੂੰ ਮੱਦੀ ਕੈਲੇ ਕੇ ਘਰੇ ਲਈ ਜਾਂਦਾ ਸੀ ਤਾਂ ਉਨ੍ਹਾਂ ਨੇ ਮੱਦੀ ਨੂੰ ਪੁੱਛਿਆ ਬਈ ਇਹ ਕਿਹੜੇ ਕਰਨੈਲ ਕੇ ਵਜਦੇ ਐ। ਤਾਂ ਮੱਦੀ ਕਹਿੰਦਾ ਇਨ੍ਹਾਂ ਨੂੰ ਕੈਲੇ ਕੱਛੂ ਕੁੰਮਿਆਂ ਆਲੇ ਕਹਿੰਦਾ ਸਾਰਾ ਪਿੰਡ। ਕੈਲੇ ਸ਼ਰਾਰਤੀ ਕੇ ਵੀ ਕਹਿ ਦਿੰਦੇ ਐ। ਜਦੋਂ ਕੈਲੇ ਕੇ ਘਰੇ ਜਾ ਕੇ ਵੜੇ ਤਾਂ ਸਾਕ ਦੀ ਸਾਰੀ ਗੱਲਬਾਤ ਬਾਬਾ ਠੀਕ ਹੋਗੀ। ਫ਼ੇਰ ਪਿੱਛੋਂ ਆਪਸ ਵਿੱਚ ਗੱਲਾਂ ਖੁੱਲ੍ਹੀਆਂ। ਕੈਲਾ ਹਰੇਕ ਨਾਲ ਸਾਰੀ ਗੱਲ ਕਰ ਲੈਂਦਾ ਸੀ ਬਈ ਸਾਨੂੰ ਪਿੰਡ ‘ਚ ਕੀ ਕਹਿੰਦੇ ਐ ਲੋਕ। ਕੈਲਾ ਕੁੜੀ ਆਲਿਆ ਨੂੰ ਕਹਿੰਦਾ ‘ਵੇਖੋ ਸਰਦਾਰ ਜੀ, ਅਸੀਂ ਪਿੰਡ ‘ਚ ਕੱਛੂ ਕੁੰਮਿਆਂ ਆਲੇ ਵਜਦੇ ਆਂ। ਜੇ ਸੋਨੂੰ ਕੋਈ ਇਸ ਤਰਾਂ ਕਹੇ ਤਾਂ ਗੁੱਸਾ ਨਾ ਕਰਿਉ। ਕਿਤੇ ਇਹਦੇ ਪਿੱਛੇ ਸਾਕ ਛੱਡ ਦਿਉਂ’। ਜਿਹੜੇ ਕੁੜੀ ਆਲੇ ਕੈਲੇ ਦੇ ਮੁੰਡੇ ਭੋਡੇ ਨੂੰ ਵੇਖਣ ਆਏ ਸੀ ਉਨ੍ਹਾਂ ‘ਚ ਕੁੜੀ ਦਾ ਪਿਉ ਕਹਿੰਦਾ ‘ਸਾਨੂੰ ਪਿੰਡ ‘ਚ ਡੱਡਾਂ ਆਲੇ ਕਹਿੰਦੇ ਐ ਜੀ, ਤੁਸੀਂ ਵੀ ਨਾ ਕਿਤੇ ਵੱਟ ਕਰ ਜਿਉ ਸਾਡੇ ਬਾਰੇ ਨਾਂ ਸੁਣ ਕੇ। ਦੋਹੇਂ ਬਾਬਾ ਜੁਗ ਨੂੰ ਜੁਗ ਈ ਟੱਕਰ ਗਿਆ।”
ਬਾਬਾ ਨਾਗਰ ਸਿਉਂ ਅਮਲੀ ਨੂੰ ਕਹਿੰਦਾ, ”ਅਮਲੀਆ ਇਹ ਕੱਛੂ ਕੁੰਮਿਆਂ ਆਲੇ ਕਿਉਂ ਵੱਜਦੇ ਐ?”
ਅਮਲੀ ਕਹਿੰਦਾ, ”ਮੇਰਾ ਦਾਦਾ ਦਸਦਾ ਹੁੰਦਾ ਸੀ ਬਾਬਾ। ਕਹਿੰਦਾ ਹੁੰਦਾ ਸੀ ਇਨ੍ਹਾਂ ਦਾ ਵੱਡਾ ਬੁੜ੍ਹਾ ਪਾਖਰ ਸਿਉਂ ਹੁੰਦਾ ਸੀ। ਕਹਿੰਦੇ ਉਹ ਸਿਰੇ ਦਾ ਸ਼ਰਾਰਤੀ ਹੁੰਦਾ ਸੀ ਪਿੰਡ ‘ਚ। ਉਹਨੇ ਕੀ ਕਰਨਾ, ਸਾਉਣ ਮਹੀਨੇ ‘ਚ ਮੀਹਾਂ ਵੇਲੇ ਜਦੋਂ ਕੱਛੂ ਨਿੱਕਲਦੇ ਹੁੰਦੇ ਸੀ, ਉਹ ਫ਼ੜ ਲੈਣੇ ਤੇ ਸਿਵਿਆਂ ‘ਚ ਲਜਾ ਕੇ ਛੱਡ ਦੇਣੇ। ਦੋ ਤਿੰਨ ਕੱਛੂਆਂ ਦੇ ਉੱਤੇ ਆਟੇ ਦੇ ਦੀਵੇ ਬਣਾ ਕੇ ਵਿੱਚ ਪਾ ਕੇ ਸਰੋਂ ਦਾ ਤੇਲ, ਬੱਤੀ ਨੂੰ ਅੱਗ ਲਾ ਕੇ ਦੀਵੇ ਜਗਦੇ ਕਰ ਕੇ ਕੱਛੂ ਛੱਡ ਦੇਣੇ। ਜਦੋਂ ਕੱਛੂਆਂ ਨੇ ਤੁਰਨਾ ਤਾਂ ਨਾਲ ਈ ਜਗਦੇ ਦੀਵੇ ਤੁਰੇ ਫ਼ਿਰਦੇ। ਜਿਹੜਾ ਕੋਈ ਵੇਂਹਦਾ ਤਾਂ ਡਰ ਜਾਂਦਾ ਬਈ ਭੂਤਾਂ ਫ਼ਿਰਦੀਐਂ। ਦੋ ਚਾਰ ਦਿਨਾਂ ਪਿੱਛੋਂ ਇਉਂ ਕਰ ਛੱਡਣਾ। ਇੱਕ ਦਿਨ ਕੋਈ ਘੀਚਰ ਬਿੰਬਰ ਹੁੰਦਾ ਹੋਣਾ ਆਪਣੇ ਪਿੰਡ ‘ਚ ਉਹਨੇ ਕਿਤੇ ਵੇਖ ਲਿਆ ਇਹ ਕੰਮ ਕਰਦੇ ਨੂੰ। ਉਹਨੇ ਕਹਿੰਦੇ ਫ਼ੇਰ ਛਿੱਤਰ ਲਿਆ ਲਾਹ, ਮਾਰ ਮਾਰ ਛਿੱਤਰ ਪਾਖਰ ਦਾ ਸਿਰ ਮੂਹਧੇ ਪਏ ਮੱਘੇ ਅਰਗਾ ਕਰ ‘ਤਾ। ਓਦਣ ਤੋਂ ਉਹਨੂੰ ਪਾਖਰ ਕੱਛੂ ਕੁੰਮਿਆਂ ਆਲਾ ਕਹਿਣ ਲੱਗ ਪਿਆ ਪਿੰਡ। ਕਈ ਪਾਖਰ ਸ਼ਰਾਰਤੀ ਵੀ ਕਹਿੰਦੇ ਸੀ। ਉਹੀ ਅੱਲ ਹੁਣ ਤਕ ਚੱਲੀ ਜਾਂਦੀ ਐ। ਹੁਣ ਕੈਲੇ ਨੂੰ ਕੱਛੂ ਕੁੰਮਿਆਂ ਆਲਾ ਕਹਿੰਦੇ ਐ। ਜਦੋਂ ਕੈਲਾ ਚੱਲ ਗਿਆ, ਉਦੋਂ ਭੋਡੇ ਨੂੰ ਕੱਛੂ ਕੁੰਮੇ ਆਲਾ ਕਹਿਣ ਲੱਗ ਜਾਣਗੇ। ਆਹ ਗੱਲ ਐ ਬਾਬਾ ਕੱਛੂ ਕੁੰਮਿਆਂ ਦੀ।”
ਬਾਬਾ ਕਹਿੰਦਾ, ”ਜਿਹੜੇ ਸਾਕ ਕਰਨ ਆਏ ਸੀ ਡੱਡਾਂ ਆਲੇ, ਉਨ੍ਹਾਂ ਨੂੰ ਡੱਡਾਂ ਆਲੇ ਕਿਉਂ ਕਹਿੰਦੇ ਸੀ?”
ਅਮਲੀ ਕਹਿੰਦਾ, ”ਇਹੋ ਜਾ ਕੁਸ ਉਨ੍ਹਾਂ ਦਾ ਕੋਈ ਵੱਡ ਵਡੇਰਾ ਕਰਦਾ ਹੋਣਾ। ਉਹ ਫੁੱਲ ਝੜੀਆਂ ਨੂੰ ਅੱਗ ਲਾ ਕੇ ਡੱਡਾਂ ਦੀਆਂ ਪੂਛਾਂ ਨੂੰ ਬੰਨ੍ਹ ਦਿੰਦੇ ਹੋਣਗੇ।”
ਸੀਤਾ ਮਰਾਸੀ ਅਮਲੀ ਨੂੰ ਕਹਿੰਦਾ, ”ਡੱਡਾਂ ਦੇ ਕਿਹੜੀਆਂ ਪੂਛਾਂ ਹੁੰਦੀਆਂ ਓਏ?”
ਅਮਲੀ ਮਰਾਸੀ ਨੂੰ ਗੁੱਸੇ ‘ਚ ਭੱਜ ਕੇ ਪੈ ਗਿਆ, ”ਤੇਰੇ ਬਾਹਲ਼ੀ ਵੱਡੀ ਜੀਭ ਲੱਗੀ ਓਏ ਬੋਲਣ ਨੂੰ। ਜਦੋਂ ਬਾਕੀ ਦੀ ਸੱਥ ਚੁੱਪ ਕਰ ਕੇ ਗੱਲ ਸੁਣੀ ਜਾਂਦੀ ਐ, ਤੈਥੋਂ ਨ੍ਹੀ ਚੁੱਪ ਕਰਿਆ ਜਾਂਦਾ। ਵੱਡਾ ਆਇਆ ਇਹੇ ਤੂੰਬੜ ਭੰਨ ਆਲਾ ਮਕੰਦਾ।”
ਅਮਲੀ ਤੇ ਮਰਾਸੀ ਨੂੰ ਚੁੰਝੋ ਚੁੰਝੀ ਹੋਇਆਂ ਸੁਣ ਕੇ ਬਾਬਾ ਨਾਗਰ ਸਿਉਂ ਕਹਿੰਦਾ, ”ਚਲੋ ਓਏ ਉੱਠੋ ਘਰਾਂ ਨੂੰ ਚੱਲੀਏ। ਐਮੇਂ ਲੜੋਂਗੇ ਹੁਣ।”
ਜਿਉਂ ਹੀ ਬਾਬੇ ਨੇ ਨਾਥੇ ਅਮਲੀ ਤੇ ਸੀਤੇ ਮਰਾਸੀ ਨੂੰ ਘੂਰ ਕੇ ਸੱਥ ‘ਚੋਂ ਉਠਾ ਕੇ ਘਰ ਨੂੰ ਤੋਰ ਦਿੱਤਾ ਤਾਂ ਬਾਕੀ ਦੀ ਸੱਥ ਵਾਲੇ ਵੀ ਸੱਥ ‘ਚੋਂ ਉੱਠ ਕੇ ਆਪੋ ਆਪਣੇ ਘਰਾਂ ਨੂੰ ਚੱਲ ਪਏ।

LEAVE A REPLY