walia-bigਉਨ ਕਾ ਜੋ ਫ਼ਰਜ਼ ਹੈ,
ਵੋ ਅਹਿਲੇ ਸਿਆਸਤ ਜਾਨੇ
ਮੇਰਾ ਪੈਗ਼ਾਮ ਮੁਹੱਬਤ ਹੈ, ਜਹਾਂ ਤਕ ਪਹੁੰਚੇ
ਜਿਗਰ ਮੁਰਾਦਾਬਾਦੀ ਸ਼ਾਇਦ ਉਕਤ ਸ਼ੇਅਰ ਰਾਹੀਂ ਇਕ ਸ਼ਾਇਰ, ਇਕ ਕਲਾਕਾਰ ਅਤੇ ਇਕ ਅਦਾਕਾਰ ਦਾ ਫ਼ਰਜ਼ ਬਿਆਨ ਕਰ ਰਹੇ ਹਨ ਅਤੇ ਉਹਨਾ ਦਾ ਫ਼ਰਜ਼ ਹੈ ਮੁਹੱਬਤ, ਪ੍ਰੇਮ ਅਤੇ ਭਾਈਚਾਰੇ ਦਾ ਪੈਗ਼ਾਮ ਆਪਣੀ ਸ਼ਾਇਰੀ, ਆਪਣੀ ਅਦਾਕਾਰੀ ਅਤੇ ਆਪਣੀ ਕਲਾਕਾਰੀ ਰਾਹੀਂ ਅਵਾਮ ਦੇ ਦਿਲਾਂ ਤੱਕ ਪਹੁੰਚਾਣਾ। ਆਪਣੀ ਕਲਾ ਦੇ ਸਿਰ ‘ਤੇ ਇਕ ਕਲਾਕਾਰ ਸ਼ੋਹਰਤ ਦੀਆਂ ਬੁਲੰਦੀਆਂ ‘ਤੇ ਪਹੁੰਚ ਜਾਂਦਾ ਹੈ। ਲੋਕ ਉਸਨੂੰ ਮੁਹੱਬਤ ਦਿੰਦੇ ਹਨ, ਪਿਆਰ ਦਿੰਦੇ ਹਨ, ਉਸਦੀ ਦੀਦ ਦੇ ਦੀਵਾਨੇ ਬਣ ਜਾਂਦੇ ਹਨ। ਉਸਨੂੰ ਇਕ ਨਜ਼ਰ ਵੇਖਣ ਲਈ ਉਤਾਵਲੇ ਨਜ਼ਰ ਆਉਂਦੇ ਹਨ। ਅਜਿਹੀ ਸ਼ੋਹਰਤ ਦੀ ਬੁਲੰਦੀ ਉਤੇ ਪੁਜੇ  ਹੋਏ ਕਲਾਕਾਰਾਂ, ਗਾਇਕਾਂ, ਅਦਾਕਾਰਾਂ ਅਤੇ ਖਿਡਾਰੀਆਂ ਉਪਰ ਸਿਆਸਤਦਾਨਾਂ ਦੀ ਅੱਖ ਹੁੰਦੀ ਹੈ। ਕਈ ਵਾਰ ਕਲਾਕਾਰ ਵੀ ਸ਼ੋਹਰਤ ਦੇ ਨਾਲ ਨਾਲ ਸੱਤਾ ਦੀ ਲਾਲਸਾ ਰੱਖਦਾ ਹੈ। ਸ਼ਾਇਦ ਅਜਿਹੇ ਹੀ ਹਾਲਾਤ ਪੰਜਾਬ ਦੇ ਗਾਇਕਾਂ, ਅਦਾਕਾਰਾਂ, ਕਲਾਕਾਰਾਂ ਅਤੇ ਖਿਡਾਰੀਆਂ ਦੇ ਹਨ। ਅੱਜ ਬੜੀ ਤੇਜ਼ੀ ਨਾਲ ਸ਼ੋਹਰਤ ਹਾਸਲ ਕਰਨ ਤੋਂ ਬਾਅਦ ਅਜਿਹੇ ਲੋਕ ਸੱਤਾ ਦੀ ਚਾਹਤ ਵਿੱਚ ਸਿਆਸਤ ਵਿੱਚ ਆ ਰਹੇ ਹਨ।
ਉਂਝ ਕੋਈ ਨਵਾਂ ਵਰਤਾਰਾ ਨਹੀਂ ਸਮੇਂ ਸਮੇਂ ਸਿਆਸੀ ਪਾਰਟੀਆਂ ਕਲਕਾਰਾਂ ਦੀ ਪ੍ਰਸਿੱਧੀ ਨੂੰ ਵਰਤਦੀਆਂ ਰਹੀਆਂ ਹਨ। ਹਿੰਦੋਸਤਾਨ ਦੀ ਰਾਜਨੀਤੀ ਵਿੱਚ ਕਈ ਵੱਡੇ ਨਾਮ ਵਿੱਚਰਦੇ ਰਹੇ ਹਨ, ਜਿਵੇਂ ਅਮਿਤਾਬ ਬਚਨ, ਅਲਾਹਾਬਾਦ ਤੋਂ ਐਮ. ਪੀ. ਰਹੇ। ਰਾਮਾਨੰਦ ਸਾਗਰ ਦੀ ਰਮਾਇਣ ਵਿੱਚ ਰਾਮ ਦਾ ਰੋਲ ਕਰਨ ਵਾਲੇ ਅਰੁਣ ਗੋਇਲ, ਕ੍ਰਿਸ਼ਨ ਦਾ ਰੋਲ ਕਰਨ ਵਾਲੇ ਨਿਤੀਸ਼ ਭਾਰਦਵਾਜ, ਭੱਪੀ ਲਹਿਰੀ, ਚਰਨਜੀਵੀ, ਦਾਰਾ ਸਿੰਘ, ਸੀਤਾ ਦੀ ਭੂਮਿਕਾ ਕਰਨ ਵਾਲੀ ਦੀਪਿਕਾ, ਧਰਮਿੰਦਰ, ਹੇਮਾ ਮਾਲਿਨੀ, ਜਯਾ ਬਚਨ, ਜੈਲਲਿਤਾ, ਜੈਪ੍ਰਦਾ, ਕਿਰਨ ਖੇਰ, ਜਾਵੇਦ ਜਾਫ਼ਰੀ, ਮਿਠੁਨ ਚੱਕਰਵਰਤੀ, ਰੇਖਾ, ਰਾਜ ਬੱਬਰ, ਵਿਨੋਦ ਖੰਨਾ, ਸੱਤਰੂਘਨ ਸਿਨਹਾ, ਮੁਨ ਮੁਨ ਸੇਨ, ਸੰਜੇ ਦੱਤ, ਸ਼ਬਾਨਾ ਆਜਮੀ, ਸਮ੍ਰਿਤੀ ਇਰਾਨੀ, ਸੁਨੀਲ ਦੱਤ ਅਤੇ ਸੁਰੇਸ਼ ਉਬਰਾਏ, ਗੋਵਿੰਦਾ ਆਦਿ। ਪੰਜਾਬ ਦਾ ਪੁੱਤਰ ਧਰਮਿੰਦੀ 14ਵੀਂ ਲੋਕ ਸਭਾ ਵਿੱਚ ਬੀਕਾਨੇਰ ਤੋਂ ਭਾਜਪਾ ਤੋਂ ਮੈਂਬਰ ਪਾਰਲੀਮੈਂਟ ਬਣਿਆ। ਐਨ. ਟੀ. ਰਾਮਾਰਾਓ ਦਾ ਸਾਥੀ ਐਕਟਰ ਬਾਬੂ ਮੋਹਨ ਐਮ. ਐਲ. ਏ. ਰਿਹਾ। ਤੇਲਗੂ ਸਿਨੇਮਾ ਦਾ ਵੱਡਾ ਨਾਮ ਚਿਰਨਜੀਵੀ ਜੋ ਫ਼ਿਲਮ ਐਕਟਰ ਅਤੇ ਡਾਂਸਰ ਹੈ, ਨੇ ਵੀ ਸਿਆਸਤ ਵਿੱਚ ਚੰਗਾ ਨਾਮ ਬਣਾਇਆ। ਉਹ ਟੂਰਿਜ਼ਮ ਦਾ ਰਾਜ ਮੰਤਰੀ ਰਿਹਾ। ਕੇ. ਬੀ. ਗਨੇਸ਼ ਕੁਮਾਰ ਕੇਰਲਾ ਦਾ ਜੰਗਲਾਤ ਮੰਤਰੀ ਰਿਹਾ ਹੈ। ਉਹ ਟੀ. ਵੀ. ਅਤੇ ਫ਼ਿਲਮੀ ਕਲਾਕਾਰ ਹੈ। ਕਾਤਾ ਸਰੀਨਿਵਾਸ ਰਾਮਾ ਤੇਲਗੂ ਸਿਨੇਮਾ ਦਾ ਪ੍ਰਸਿੱਧ ਐਕਟਰ ਆਂਧਰਾ ਪ੍ਰਦੇਸ਼ ਵਿੱਚ ਐਮ. ਐਲ. ਏ. ਹੈ। ਕਮੇਡੀਅਨ ਅਦਾਕਾਰ ਜਾਵੇਦ ਜਾਫ਼ਰੀ ਵੀ ਲਖਨਊ ਤੋਂ ਚੋਣ ਲੜ ਚੁੱਕਿਆ ਹੈ। ਦੱਖਣੀ ਭਾਰਤ ਦੇ ਸਿਨੇਮਾ ਕਲਾਕਾਰ ਸਿਆਸਤ ਵਿੱਚ ਬਹੁਤ ਕਾਮਯਾਬ ਰਹੇ ਹਨ। ਐਨ. ਟੀ. ਰਾਓ ਅਤੇ ਜੈਲਲਿਤਾ ਇਸ ਪੱਖੋਂ ਮਹੱਤਵਪੂਰਨ ਉਦਾਹਰਨਾਂ ਹਨ। ਦੇਸ਼ ਦੀਆਂ ਸਿਆਸੀ ਪਾਰਟੀਆਂ ਵਿੱਚੋਂ ਦੋ ਕੌਮੀ ਪਾਰਟੀਆਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੇ ਫ਼ਿਲਮੀ ਅਤੇ ਗਾਇਕ ਕਲਾਕਾਰਾਂ ਦੀ ਸ਼ੋਹਰਤ ਦਾ ਖੂਬ ਸਿਆਸੀ ਲਾਹਾ ਲਿਆ ਹੈ।
ਫ਼ਿਲਮੀ ਕਲਾਕਾਰਾਂ ਦਾ ਸਿਆਸਤ ਵਿੱਚ ਆਪਣੀ ਸਿਆਸੀ ਭੂਮਿਕਾ ਨਿਭਾਉਣ ਦਾ ਵਰਤਾਰਾ ਵਿਸ਼ਵ ਵਿਆਪੀ ਹੈ। ਕੈਨੇਡਾ ਦੀ ਸਿਆਸਤ ਜਿੱਥੇ ਅੱਜਕਲ੍ਹ ਪੰਜਾਬੀਆਂ ਖਾਸ ਤੌਰ ‘ਤੇ ਸਰਦਾਰਾਂ ਦਾ ਬੋਲਬਾਲਾ ਹੈ, ਉਥੇ ਵੀ ਬਹੁਤ ਸਾਰੇ ਕਲਾਕਾਰ ਸਿਆਸਤਦਾਨ ਰਹੇ ਹਨ। ਐਕਟਰ ਅਤੇ ਗਾੲਕ ਜੀਨ ਲੈਪਉਨਿਟੇ ਲਿਬਰਲ ਪਾਰਟੀ ਵੱਲੋਂ ਐਮ. ਪੀ. ਰਹੇ ਹਨ। ਫ਼ਿਲਮ ਅਭਿਨੇਤਰੀ ਟੀਨਾ ਕੀਪਰ ਵੀ ਐਮ. ਪੀ. ਰਹੀ ਹੈ। ਅਮਰੀਕਾ ਵਿੱਚ ਅਨੇਕਾਂ ਕਲਾਕਾਰਾਂ ਨੇ ਸਿਆਸਤ ਵਿੱਚ ਜ਼ੋਰ ਅਜ਼ਮਾਈ ਕੀਤੀ ਹੈ। ਉਦਾਹਰਣ ਵਜੋਂ ਏ. ਐਲ. ਫ਼ਰੈਂਕਣ ਸੈਨੇਟਰ ਰਹੇ ਹਨ। ਅਰਨੋਲਡ ਕੈਲੇਫ਼ੋਰਨੀਆ ਦੇ ਗਵਰਨਰ ਰਹੇ ਹਨ। ਬੈਨ ਜੋਟਾ     ਕਾਂਗਰਸ ਦੇ ਮੈਂਬਰ ਸਨ ਅਤੇ ਜੌਰਜ ਮਰਫ਼ੀ ਸੈਨੇਟਰ ਰਹੇ ਹਨ। ਬਰਤਾਨੀਆ ਵਿੱਚ ਕਲਾਕਾਰ ਮਾਈਕਲ ਲੇਬਰ ਪਾਰਟੀ ਵੱਲੋਂ ਪਾਰਲੀਮੈਂਟ ਦੇ ਮੈਂਬਰ ਸਨ। ਐਂਡਰਿਊ ਵੀ ਲੇਬਰ ਐਮ. ਪੀ. ਸਨ ਅਤੇ ਜੈਨਸਨ ਨੇ ਵੀ ਲੇਬਰ ਪਾਰਟੀ ਵੱਲੋਂ ਸਿਆਸਤ ਕੀਤੀ। ਸ਼੍ਰੀਲੰਕਾ ਦੇ ਟੀ. ਵੀ. ਅਤੇ ਫ਼ਿਲਮੀ ਕਲਾਕਾਰ ਇਲਗਰਾਂਟੇ ਕੈਬਨਿਟ ਮੰਤਰੀ ਦੇ ਅਹੁਦੇ ਤੱਕ ਪਹੁੰਚੇ। ਵਿਜਾਇ ਕੁਮਾਰਟੁੰਗਾ ਕਲਾਕਾਰ ਹੋਣ ਦੇ ਨਾਲ ਨਾਲ ਸ੍ਰੀਲੰਕਾ ਮਹਜਨਾਂ ਪਾਰਟੀ ਦੇ ਸੰਸਥਾਪਕ ਸਨ। ਜੀਨ ਕੁਮਾਰਟੁੰਗਾ ਵੀ ਕੈਬਨਿਟ ਵਿੱਚ ਸ਼ਾਮਲ ਸਨ। ਇਸ ਤਰ੍ਹਾਂ ਅਦਾਕਾਰ ਕਲਾਕਾਰ ਸ੍ਰੀਲੰਕਾ ਪਾਰਲੀਮੈਂਟ ਵਿੱਚ ਸ਼ਾਮਲ ਰਹੇ। ਫ਼ਿਲਪਾਈਨ ਦੇ 30 ਤੋਂ ਵੱਧ ਕਲਾਕਾਰ ਸਿਆਸਤ ਵਿੱਚ ਸਰਗਰਮ ਹਨ।
ਇਸ ਤਰ੍ਹਾਂ ਪੰਜਾਬ ਦੀ ਸਿਆਸਤ ਵਿੱਚ ਵੀ ਅਨੇਕਾਂ ਗਾਇਕ, ਟੀ. ਵੀ. ਅਤੇ ਫ਼ਿਲਮੀ ਕਲਾਕਾਰ ਆਪਣੀ ਕਿਸਮਤ ਅਜ਼ਮਾਉਣ ਲਈ ਹੱਥ ਪੈਰ ਮਾਰ ਰਹੇ ਹਨ। 75 ਵਰ੍ਹਿਆਂ ਦੇ ਮੁਹੰਮਦ ਸਦੀਕ ਇਹਨਾਂ ਸਭ ਤੋਂ ਸੀਨੀਅਰ ਹਨ। ਉਂਝ ਮੁਹੰਮਦ ਸਦੀਕ ਵਾਂਗ ਕਲੀਆਂ ਦੇ ਬਾਦਸ਼ਾਹ ਕਹਾਉਣ ਵਾਲੇ ਕੁਲਦੀਪ ਮਾਣਕ ਨੇ ਵੀ ਅਸਫ਼ਲ ਚੋਣ ਲੜੀ ਸੀ। ਅਕਾਲੀਆਂ ਦਾ ਰਾਜ ਗਾਇਕ ਅਤੇ ਪਦਮਸ਼੍ਰੀ ਦੀ ਉਪਾਧੀ ਨਾਲ ਸਨਮਾਨਤ ਸੂਫ਼ੀ ਗਾਇਕ ਅੱਜਕਲ੍ਹ ਕਾਂਗਰਸ ਪਾਰਟੀ ਦਾ ਮੈਂਬਰ ਹੈ। ਗੁਰਪ੍ਰੀਤ ਘੁੱਗੀ ਅਤੇ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਟਾਪ ਦੇ ਲੀਡਰ ਹਨ। ਇਹਨਾਂ ਤੋਂ ਇਲਾਵਾ ਬਲਕਾਰ ਸਿੱਧੂ ਵੀ ਆਪ ਦਾ ਮੈਂਬਰ ਰਿਹਾ, ਭਾਵੇਂ ਉਸਨੂੰ ਟਿਕਟ ਦੇ ਕੇ ਵਾਪਸ ਲੈ ਲਿਆ ਗਿਆ ਸੀ। ਜੱਸੀ ਜਸਰਾਜ ਆਪ ਵੱਲੋਂ ਹਰਸਿਮਰਤ ਕੌਰ ਖਿਲਾਫ਼ ਬਠਿੰਡੇ ਤੋਂ ਚੋਣ ਲੜਿਆ ਸੀ। ਕੇ. ਐਸ. ਮੱਖਣ ਬਹੁਜਨ ਸਮਾਜ ਪਾਰਟੀ ਵੱਲੋਂ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਸੀ। ਦਲੇਰ ਮਹਿੰਦੀ ਵੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਇਆ। ਗੁਲ ਪਨਾਗ ਚੰਡੀਗੜ੍ਹ ਤੋਂ ਆਪ ਦੀ ਉਮੀਦਵਾਰ ਸੀ। ਮਿਸ ਪੂਜਾ ਭਾਜਪਾ ਦੀ ਮੈਂਬਰ ਹੈ। ਸਤਵਿੰਦਰ ਬਿੱਟੀ ਕਾਂਗਰਸੀ ਹੈ, ਹਰਭਜਨ ਮਾਨ ਅਕਾਲੀ ਰਿਹਾ ਹੈ ਪਰ ਉਸਨੂੰ ਸਿਆਸਤ ਰਾਸ ਨਹੀਂ ਆਈ। ਬਚਨ ਬੇਦਿਲ ਆਮ ਆਦਮੀ ਪਾਰਟੀ ਵਿੱਚ ਕੰਮ ਕਰ ਰਿਹਾ ਹੈ। ਇਹ ਕੁਝ ਕੁ ਕਲਾਕਾਰ, ਗਾਇਕ ਅਤੇ ਅਦਾਕਾਰਾਂ ਦੇ ਨਾਮ ਹਨ। ਫ਼ਿਰ ਕਿਸੇ ਦਿਨ ਖਿਡਾਰੀਆਂ ਦੀ ਸੂਚੀ ਦੇਵਾਂਗੇ। ਜੋ ਤਾਂ ਸਿਆਸਤ ਨੂੰ ਗੰਭੀਰਤਾ ਨਾਲ ਲੈਂਦੇ ਹਨ ਅਤੇ ‘ਸੇਵਾ’ ਕਰਨ ਗਏ ਹਨ, ਉਹਨਾਂ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਜੋ ਵਕਤੀ ਫ਼ਾਇਦੇ ਲਈ ਅਜਿਹਾ ਕਦਮ ਚੁੱਕਦੇ ਹਨ, ਉਹਨਾਂ ਉਤੇ ਮਿਰਜਾ ਗ਼ਾਲਿਬ ਦਾ ਇਹ ਸ਼ੇਅਰ ਢੁੱਕਦਾ ਹੈ:
ਸਿਆਸਤ ਮੇਂ ਕਭੀ ਦਾਖਿਲ,
ਰਿਆਸਤ ਮੇਂ ਕਭੀ ਸ਼ਾਮਿਲ
ਹਮਾਰਾ ਮੌਲਵੀ ਭੀ ਫ਼ਿਲ-ਮਿਸਲ ਥਾਲੀ ਕਾ ਬੈਂਗਨ ਹੈ
***
‘ਤੈਨੂੰ ਕਾਲਾ ਚਸ਼ਮਾ ਜਚਦਾ ਏ’
9 ਸਤੰਬਰ 2016 ਨੂੰ ਰਿਲੀਜ਼ ਹੋਈ ਹਿੰਦੀ ਫ਼ਿਲਮ ‘ਬਾਰ ਬਾਰ ਦੇਖੋ’ ਦੇ ਪੰਜਾਬੀ ਗਾਣੇ ‘ਤੈਨੂੰ ਕਾਲਾ ਚਸ਼ਮਾ ਜਚਦਾ ਏ, ਜਚਦਾ ਏ ਗੋਰੇ ਮੁਖੜੇ ‘ਤੇ’ ਨੇ ਧੂੰਮ ਮਚਾ ਰੱਖੀ ਹੈ। ਨਿਤਿਆ ਮਹਿਰਾ ਦੀ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਕੈਟਰੀਨਾ ਕੈਫ਼ ਅਤੇ ਸਿਧਾਰਥ ਮਲਹੋਤਰਾ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਫ਼ਿਲਮ ਦੇ ਹਿੱਟ ਗੀਤ ‘ਤੈਨੂੰ ਕਾਲਾ ਚਸ਼ਮਾ ਜਚਦਾ ਏ’ ਨੂੰ ਅਮਰ ਆਰਸ਼ੀ, ਬਾਦਸ਼ਾਹ ਅਤੇ ਨੇਹਾ ਕੱਕੜ ਨੇ ਆਵਾਜ਼ ਦਿੱਤੀ ਹੈ। ਇਸ ਗਾਣੇ ਦੇ ਗੀਤਕਾਰ ਅਮਰੀਕ ਸਿੰਘ ਹਨ। ਅਮਰੀਕ ਨੇ ਇਹ ਗਾਣਾ ਅੱਜ ਤੋਂ 26 ਸਾਲ ਪਹਿਲਾਂ ਲਿਖਿਆ ਸੀ। ਪੁਲਿਸ ਦੇ ਕਰਮਚਾਰੀ ਅਮਰੀਕ ਨੇ ਇਹ ਗਾਣਾ 1990 ਵਿੱਚ ਲਿਖਿਆ ਸੀ। ਅਮਰੀਕ ਇਸ ਗਾਣੇ ਦੀ ਸਿਰਜਣਾ ਸਬੰਧੀ ਇਕ ਦਿਲਚਸਪ ਕਿੱਸਾ ਸੁਣਾਉੇਂਦੇ ਹਨ। ਅਮਰੀਕ ਦਾ ਕਹਿਣਾ ਹੈ ਕਿ 1990 ਵਿੱਚ ਉਸਨੇ ਜਦੋਂ ਇਹ ਗਾਣਾ ਲਿਖਿਆ ਸੀ, ਉਸ ਸਮੇਂ ਉਹ 9ਵੀਂ ਕਲਾਸ ਦਾ ਵਿਦਿਆਰਥੀ ਸੀ। ਇਕ ਦਿਨ ਉਹ ਚੰਡੀਗੜ੍ਹ ਗਿਆ। ਦੋਸਤਾਂ ਨਾਲ ਚੰਡੀਗੜ੍ਹ ਘੁੰਮਦੇ ਹੋਏ ਉਸਨੇ ਇਕ ਖੂਬਸੂਰਤ ਮੁਟਿਆਰ ਨੂੰ ਵੇਖਿਆ  ਜੋ ਕਾਲੇ ਚਸ਼ਮੇ ਵਿੱਚ ਬੇਹੱਦ ਸੋਹਣੀ ਲੱਗ ਰਹੀ ਸੀ। ਉਸਨੇ ਇਹ ਵੀ ਦੇਖਿਆ ਕਿ ਚੰਡੀਗੜ੍ਹ ਪੁਲਿਸ ਦਾ ਇਕ ਸਿਪਾਹੀ ਉਸਨੂੰ ਬਹੁਤ ਗੌਰ ਨਾਲ ਤਾੜ ਰਿਹਾ ਸੀ। ਅਮਰੀਕ ਦੀ ਕਲਮ ਨੇ ਉਸ ਪਲ ਦੀ ਕਲਪਨਾ ਕਰਕੇ ਇਹ ਗਾਣਾ ਸਿਰਜ ਦਿੱਤਾ ਸੀ। ਅਮਰੀਕ ਸ਼ੇਰਾ ਦਾ ਕਹਿਣਾ ਸੀ ਕਿ ਉਸਨੇ ਕਈ ਨਾਮੀ ਗਾਇਕਾਂ ਨੂੰ ਇਸ ਗੀਤ ਨੂੰ ਗਾਉਣ ਦੀ ਬੇਨਤੀ ਕੀਤੀ ਪਰ ਕਿਸੇ ਨੇ ਇਸਨੂੰ ਨਹੀਂ ਗਾਇਆ। ਆਖਿਰ ਅਮਰ ਆਰਸ਼ੀ ਨੇ ਪਹਿਲੀ ਵਾਰ ਇਹ ਗਾਣਾ ਸਟੇਜ ‘ਤੇ ਗਾਇਆ ਸੀ। ਜਿਵੇਂ ਮੱਖਣ ਬਰਾੜ ਦੇ ਗਾਣੇ ‘ਘਰ ਦੀ ਸ਼ਰਾਬ ਹੋਵੇ’ ਨੂੰ ਗੁਰਦਾਸ ਮਾਨ ਦੇ ਬੋਲਾਂ ਨੇ ਦਿਲਾਂ ਵਿੱਚ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹਾ ਦਿੱਤਾ ਸੀ। ਉਸ ਤਰ੍ਹਾਂ ਇਸ ਗਾਣੇ ਨਾਲ ਨਹੀਂ ਵਾਪਰਿਆ। ਉਂਝ 1994 ਵਿੱਚ ਕੇ. ਟ੍ਰੈਗ ਕੰਪਨੀ ਵੱਲੋਂ ਇਹ ਗਾਣਾ ਰਿਕਾਰਡ ਕੀਤਾ ਗਿਆ ਸੀ।
ਪੰਜਾਬ ਪੁਲਿਸ ਦੇ ਜਵਾਨ ਅਮਰੀਕ ਨੇ ਨੌਕਰੀ ਦੇ ਨਾਲ ਨਾਲ ਆਪਣਾ ਗਾਣੇ ਲਿਖਣ ਦਾ ਸ਼ੌਂਕ ਜਾਰੀ ਰੱਖਿਆ। ਪਰ ਕਮਾਲ ਇਹ ਹੈ ਕਿ ਇਸ ਗਾਣੇ ਦੇ ਸਿਰ ‘ਤੇ ਕਰੋੜਾਂ ਰੁਪਏ ਕਮਾਉਣ ਵਾਲੀ ਫ਼ਿਲਮ ਦੇ ਨਿਰਮਾਤਾਵਾਂ ਵੱਲੋਂ ਗੀਤਕਾਰ ਨੂੰ ਸਿਰਫ਼ 11000 ਰੁਪਏ ਹੀ ਦਿੱਤੇ ਗਏ। ਮੀਡੀਆ ਦੀ ਇਕ ਰਿਪੋਰਟ ਮੁਤਾਬਕ ਜਦੋਂ ਅਮਰੀਕ ਨਾਲ ਇਸ ਗਾਣੇ ਦਾ ਐਗਰੀਮੈਂਟ ਹੋਇਆ, ਉਸ ਸਮੇਂ ਅਮਰੀਕ ਨੂੰ ਫ਼ਿਲਮ ਵਿੱਚ ਗਾਉਣ ਵਾਲੇ ਤੱਥ ਨੂੰ ਲੁਕੋ ਕੇ ਰੱਖਿਆ ਗਿਆ। ਉਸਨੂੰ ਆਪਣੇ ਨਾਲ ਹੋਏ ਇਸ ਧੋਖੇ ਦਾ ਦੁੱਖ ਹੈ ਪਰ ਉਹ ਖੁਸ਼ ਹੈ ਕਿ ਉਸਦੀ ਕਲਮ ਨੇ ਉਹ ਗਾਣਾ ਸਿਰਜਿਆ ਹੈ, ਜੋ ਅੱਜ ਹਿੰਦੋਸਤਾਨ ਨੂੰ ਨਚਾ ਰਿਹਾ ਹੈ। ਕਲਾਕਾਰਾਂ ਦੇ ਇਸ ਤਰ੍ਹਾਂ ਦੇ ਧੋਖੇ ਦਾ ਇਹ ਕੋਈ ਨਵਾਂ ਕੇਸ ਨਹੀਂ। ਉਹਨਾਂ ਨਾਲ ਅਜਿਹੇ ਧੋਖੇ ਅਕਸਰ ਹੁੰਦੇ ਵੇਖੇ ਗਏ ਹਨ। ਅਤੇ ਫ਼ਿਲਮ ਨਗਰੀ ਤਾਂ ਅਜਿਹੇ ਧੋਖਿਆਂ ਦਾ ਗੜ੍ਹ ਹੈ। ਖੈਰ, ਪੰਜਾਬੀਆਂ ਨੂੰ ਖੁਸ਼ੀ ਇਸ ਗੱਲ ਦੀ ਵੀ ਹੈ ਕਿ ਬਾਲੀਵੁੱਡ ਵਿੱਚ ਪੰਜਾਬੀ ਗਾਣੇ ਛਾਏ ਹੋਏ ਹਨ।

LEAVE A REPLY