ਪੰਜਾਬ ਕਾਂਗਰਸ ਦੇ ਵਿਧਾਇਕਾਂ ਦਾ ਧਰਨਾ ਬੁੱਧਵਾਰ ਤੱਕ ਜਾਰੀ ਰਹੇਗਾ : ਚੰਨੀ

7ਚੰਡੀਗੜ੍ਹ : ਪੰਜਾਬ ਕਾਂਗਰਸ ਵਿਧਾਈ ਪਾਰਟੀ ਆਗੂ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ ਕਿ ਬੀਤੀ ਸ਼ਾਮ ਤੋਂ ਸ਼ੁਰੂ ਹੋਇਆ ਪਾਰਟੀ ਵਿਧਾਇਕਾਂ ਵੱਲੋਂ ਵਿਧਾਨ ਸਭਾ ਦੇ ਹਾਲ ‘ਚ ਧਰਨਾ ਇਤਿਹਾਸ ਬਣਾਉਂਦਿਆਂ ਹੋਇਆਂ ਬੁੱਧਵਾਰ ਤੱਕ ਜ਼ਾਰੀ ਰਹੇਗਾ।
ਇਸ ਲੜੀ ਹੇਠ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਊਸ ਨੂੰ ਖਾਲ੍ਹੀ ਕਰਨ ਸਬੰਧੀ ਅਪੀਲ ਨੂੰ ਪੂਰੀ ਤਰ੍ਹਾਂ ਖਾਰਿਜ਼ ਕਰਦਿਆਂ ਚੰਨੀ ਨੇ ਕਿਹਾ ਕਿ ਬਾਦਲ ਨੇ ਬਗੈਰ ਕਿਸੇ ਪ੍ਰਸਤਾਅ ਖਾਲ੍ਹੀ ਹੱਥ ਕਾਂਗਰਸੀ ਵਿਧਾਇਕਾਂ ਨਾਲ ਸੰਪਰਕ ਕੀਤਾ ਹੈ। ਬਾਦਲ ਵੱਲੋਂ ਵਿਧਾਇਕਾਂ ਨੂੰ ਮਿੱਲਣ ਲਈ ਅੱਜ ਵਿਧਾਨ ਸਭਾ ‘ਚ ਆਉਣਾ ਸਿਰਫ ਇਕ ਸਿਆਸੀ ਸਟੰਟ ਸੀ, ਜੋ ਸਿਰਫ ਫੋਟੋ ਖਿਚਾਉਣ ਦਾ ਇਕ ਮੌਕਾ ਸੀ। ਮੁੱਖ ਮੰਤਰੀ ਇਕ ਸਰਕਾਰੀ ਫੋਟੋਗ੍ਰਾਫਰ ਨਾਲ ਆਏ ਸਨ, ਪਰ ਵਰਤਮਾਨ ਮੁੱਦਿਆਂ ‘ਤੇ ਚਰਚਾ ਲਈ ਕਿਸੇ ਵੀ ਪ੍ਰਸਤਾਅ ਤੋਂ ਬਗੈਰ। ਉਨ੍ਹਾਂ ਦੀ ਅਪੀਲ ਵੀ ਸਿਰਫ ਜੁਬਾਨੀ ਹਮਦਰਦੀ ਤੋਂ ਇਲਾਵਾ ਕੁਝ ਨਹੀਂ ਸੀ। ਕਾਂਗਰਸ ਪਾਰਟੀ ਨੇ ਕੱਲ੍ਹ ਪੰਜਾਬ ਦੇ ਮੌਜ਼ੂਦਾ ਮੁੱਦਿਆਂ ‘ਤੇ ਚਰਚਾ ਕਰਨ ਲਈ ਅਤੇ ਸੁਖਬੀਰ ਸਿੰਘ ਬਾਦਲ ਤੇ ਬਿਕ੍ਰਮ ਮਜੀਠੀਆ ਨੂੰ ਉਨ੍ਹਾਂ ਦੀ ਪੰਜਾਬ ‘ਚ ਕਥਿਤ ਤੌਰ ‘ਤੇ ਗੈਰ ਕਾਨੂੰਨੀ ਖੁਦਾਈ ਤੇ ਨਸ਼ਿਆਂ ਦੇ ਵਪਾਰ ਲਈ ਤੁਰੰਤ ਗ੍ਰਿਫਤਾਰੀ ਸਬੰਧੀ ਆਪਣੀਆਂ ਮੰਗਾਂ ਨੂੰ ਦੁਹਰਾਇਆ। ਇਸ ਸਬੰਧ ‘ਚ ਬੀਤੇ ਦਿਨ ਡੀ.ਜੀ.ਪੀ ਨੂੰ ਸ਼ਿਕਾਇਤ ਦਿੱਤੀ ਗਈ ਸੀ।
ਉਨ੍ਹਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵਿਰੋਧੀ ਧਿਰ ਦੇ ਹਮਲੇ ਤੋਂ ਇੰਨੀ ਡਰੀ ਹੋਈ ਹੈ ਕਿ ਉਨ੍ਹਾਂ ਵੱਲੋਂ ਬੀਤੇ ਦਿਨ ਹਾਊਸ ‘ਚ ਲਿਆਉਂਦਿਆਂ ਗਿਆ ਅਵਿਸ਼ਵਾਸ਼ ਪ੍ਰਸਤਾਅ ਜਾਣਬੁਝ ਕੇ ਗੈਰ ਲੋੜੀਂਦੀਆਂ ਅੜਚਨਾਂ ਪਾ ਕੇ ਰੋਕ ਦਿੱਤਾ ਗਿਆ। ਜਦੋਂ ਉਨ੍ਹਾਂ ਨੇ ਬਾਦਲ ਪਰਿਵਾਰ ਵੱਲੋਂ ਲੁੱਟ ਦਾ ਜ਼ਿਕਰ ਕੀਤਾ, ਤਾਂ ਖਜ਼ਾਨਾ ਬ੍ਰਾਂਚ ਨੇ ਪਹਿਲੀ ਲਾਈਨ ਤੋਂ ਹੀ ਅੜਚਨਾਂ ਪੈਦਾ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਉਨ੍ਹਾਂ ਨੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਬੁੱਧਵਾਰ ਨੂੰ ਹਾਊਸ ਦੀ ਮੀਟਿੰਗ ਹੋਣ ‘ਤੇ ਚਰਚਾ ਜ਼ਾਰੀ ਰੱਖਣ ਦੇਣ ਦੀ ਅਪੀਲ ਕੀਤੀ ਹੈ, ਕਿਉਂਕਿ ਉਹ ਲੋਕਾਂ ਦੇ ਨੁਮਾਇੰਦੇ ਹਨ ਅਤੇ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਚੁੱਕਣਾ ਸਾਡੀ ਡਿਊਟੀ ਹੈ।
ਉਨ੍ਹਾਂ ਨੇ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਸਰ੍ਹੇਆਮ ਲੋਕਤੰਤਰ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਰੌਲਾ ਪਾਉਣ ਦਾ ਇਸ਼ਾਰਾ ਕੀਤਾ, ਤਾਂ ਜੋ ਵਿਰੋਧੀ ਧਿਰ ਦੇ ਮੈਂਬਰ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਨਾ ਚੁੱਕ ਸਕਣ।
ਚੰਨੀ ਨੇ ਅਥਾਰਿਟੀਆਂ ਵੱਲੋਂ ਸੀਨੀਅਰ ਪਾਰਟੀ ਵਿਧਾਇਕਾਂ ਨੂੰ ਅੱਜ ਸਵੇਰੇ ਵਿਧਾਨ ਸਭਾ ‘ਚ ਨਾ ਵੜ੍ਹਨ ਦੇਣ ਦੀ ਨਿੰਦਾ ਕਰਦਿਆਂ ਇਸਨੂੰ ਉਨ੍ਹਾਂ ਦੇ ਲੋਕਤਾਂਤਰਿਕ ਅਧਿਕਾਰਾਂ ਦਾ ਘਾਣ ਦੱਸਿਆ। ਉਨ੍ਹਾਂ ਨੇ ਸਿੱਧੇ ਤੌਰ ‘ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਚੰਡੀਗੜ੍ਹ ਪੁਲਿਸ ਨਾਲ ਮਿੱਲ ਕੇ ਸੀਨੀਅਰ ਵਿਧਾਇਕਾਂ ਨੂੰ ਵਿਧਾਨ ਸਭਾ ‘ਚ ਵੜਨ ਤੋਂ ਰੋਕਣ ਦਾ ਦੋਸ਼ ਲਗਾਇਆ।
ਉਨ੍ਹਾਂ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਖਜ਼ਾਨਾ ਬੈਂਚਾਂ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਅਵਿਸ਼ਵਾਸ ਪ੍ਰਸਤਾਅ ‘ਤੇ ਬੋਲਣ ਦੀ ਇਜ਼ਾਜ਼ਤ ਨਹੀਂ ਦਿੱਤੀ। ਉਨ੍ਹਾਂ ਨੇ ਕਿਹਾ ਕਿ ਲੋਕ ਫਰਵਰੀ 2017 ਦੀਆਂ ਚੋਣਾਂ ‘ਚ ਇਨ੍ਹਾਂ ਖਿਲਾਫ ਅਵਿਸ਼ਵਾਸ ਪ੍ਰਸਤਾਅ ਲਿਆਉਣਗੇ।
ਚੰਨੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨਾਲ ਤਿੰਨ ਵਾਰ ਫੋਨ ‘ਤੇ ਗੱਲਬਾਤ ਕੀਤੀ। ਪਾਰਟੀ ਜਨਰਲ ਸਕੱਤਰ ਆਸ਼ਾ ਕੁਮਾਰੀ ਤੇ ਸਕੱਤਰ ਹਰੀਸ਼ ਚੌਧਰੀ ਨੇ ਵੀ ਚੰਨੀ ਨਾਲ ਗੱਲ ਕੀਤੀ।

LEAVE A REPLY