main-news-300x150-1-300x150ਪੰਜਾਬ ਦੇ ਮੌਜੂਦਾ ਹਾਲਾਤ ਬਹੁਤ ਹੀ ਗੁੰਝਲਦਾਰ ਬਣੇ ਹੋਏ ਹਨ, ਅਤੇ ਆਮ ਲੋਕ ਇੱਕ ਵਾਰ ਫ਼ਿਰ ਦੁਬਿਧਾ ਵਿੱਚ ਪਏ ਹੋਏ ਮਹਿਸੂਸ ਕਰ ਰਹੇ ਹਨ। ਬਹੁ ਗਿਣਤੀ ਲੋਕ ਮਨਾਂ ਵਿੱਚ ਇਹ ਖ਼ਦਸ਼ਾ ਬਣਿਆ ਹੋਇਆ ਹੈ ਕਿ ਸ੍ਰ. ਪ੍ਰਕਾਸ਼ ਸਿੰਘ ਬਾਦਲ ਰਾਜਨੀਤੀ ਵਿੱਚ ਬਹੁਤ ਚਤਰ ਚਲਾਕ ਹਨ, ਅਤੇ ਉਹਨਾਂ ਨੇ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਆਉਣ ਵੇਲੇ ਤਕ ਪਤਾ ਨਹੀਂ ਪੰਜਾਬ ਵਿੱਚ ਕੀ ਉੱਥਲ ਪੁੱਥਲ ਕਰਵਾ ਦੇਣੀ ਹੈ। ਇਸ ਦੇ ਵਿੱਚ ਕੋਈ ਝੂਠ ਵੀ ਨਹੀਂ ਕਿਉਂਕਿ ਸ੍ਰ. ਪ੍ਰਕਾਸ਼ ਸਿੰਘ ਬਾਦਲ ਪਿਛਲੇ ਤਕਰੀਬਨ ਚਾਲੀ ਸਾਲਾਂ ਤੋਂ ਸਿੱਖ ਸਿਆਸਤ ਉੱਤੇ ਇੱਕ ਅਮਰ ਵੇਲ ਵਾਂਗੂ ਛਾਏ ਹੋਏ ਹਨ। ਉਹਨਾਂ ਨੂੰ ਇਹ ਸਭ ਭਲੀਪਾਂਤ ਜਾਣਕਾਰੀ ਹੈ ਕਿ ਲੋਕਾਂ ਨੂੰ ਕਿਵੇਂ ਆਪਸ ਵਿੱਚ ਉਲਝਾਉਣਾ ਹੈ, ਲੁੱਟਣ ਕੁੱਟਣ ਤੋਂ ਬਾਅਦ ਮੁੜ ਕਿਵੇਂ ਪੁਚਕਾਰਨਾ ਹੈ। ਇਹ ਉਹਨਾਂ ਦੀ ਜਿੰਦਗੀ ਦਾ ਤੁਜਰਬਾ ਬਣ ਚੁੱਕਾ ਹੈ। ਰਹਿੰਦੀ ਕਸਰ ਬੀਤੇ ਨੌਂ ਸਾਲਾਂ ਦੇ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਨਸ਼ਿਆਂ ਦੇ ਦਰਿਆ ਵਗਾ ਕੇ ਕੱਢ ਦਿੱਤੀ ਹੈ। ਪੰਜਾਬ ਦੀ ਜੁਆਨੀ ਨੂੰ ਨਸ਼ਿਆਂ ਦੇ ਕੋਹੜ ਵਿੱਚ ਗ੍ਰਸਤ ਕਰ ਕੇ ਉਹਨਾਂ ਨੂੰ ਆਪਣੇ ਵਿਰਸੇ ਤੋਂ ਦੂਰ ਕਰਨ ਦੇ ਕੋਝੇ ਯਤਨ ਭਾਵੇਂ ਪੂਰੀ ਤਰਾਂ ਸਫ਼ਲ ਨਹੀ ਹੋ ਸਕੇ ਪਰੰਤੂ ਅਸਫ਼ਲ ਵੀ ਨਹੀ ਸਮਝੇ ਜਾ ਸਕਦੇ। ਪੰਜਾਬ ਦੇ ਹਿਤਾਂ ਦੀ ਕਿਧਰੇ ਵੀ ਗੱਲ ਨਹੀਂ ਹੋ ਰਹੀ। ਹਰ ਪਾਸੇ ਲੋਕਾਂ ਨੂੰ ਭਰਮਾ ਕੇ ਸੱਤਾ ਹਾਸਲ ਕਰਨ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ।
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਦੇ ਕੇਂਦਰ ਵਿੱਚ ਆਪਣੀ ਸਰਕਾਰ ਦੀ ਵੀ ਪਰਵਾਹ ਨਾਂ ਕਰਦਿਆਂ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਦੇ ਪਾਣੀਆਂ ਸਬੰਧੀ ਕੀਤੇ ਹੋਏ ਸਾਰੇ ਸਮਝੌਤਿਆਂ ਨੂੰ ਰੱਦ ਕਰਨ ਵਾਲਾ ਇਤਿਹਾਸਕ ਮਤਾ ਪਾਸ ਕਰ ਕੇ ਪੰਜਾਬ ਦੇ ਲੋਕਾਂ ਦੀ, ਖ਼ਾਸ ਕਰ ਕੇ ਕਿਸਾਨਾਂ ਦੀ, ਹਮਦਰਦੀ ਆਪਣੇ ਨਾਮ ਕਰਵਾ ਲਈ ਸੀ ਜਿਸ ਨੂੰ ਕੇਂਦਰ ਵਿਚਲੀ ਕਾਂਗਰਸ ਸਰਕਾਰ ਨੇ ਵੀ ਚੰਗਾ ਨਹੀਂ ਸੀ ਮੰਨਿਆ। ਨਤੀਜੇ ਵਜੋਂ ਕੈਪਟਨ ਅਮਰਿੰਦਰ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸਾਜਸ਼ੀ ਢੰਗ ਨਾਲ ਹਰਾ ਕੇ ਸ੍ਰ. ਬਾਦਲ ਦੀ ਸਰਕਾਰ ਬਣਵਾ ਦਿੱਤੀ ਗਈ ਤੇ ਕੇਂਦਰ ਦੀ ਕਾਂਗਰਸ ਸਰਕਾਰ ਆਪਣੇ ਕਾਰਜਕਾਲ ਦੌਰਾਨ ਸ੍ਰ. ਬਾਦਲ ‘ਤੇ ਖ਼ਾਸ ਮਿਹਰਬਾਨ ਵੀ ਰਹੀ। ਓਦੋਂ ਤੋਂ ਲੈ ਕੇ ਹੁਣ ਤਕ ਲਗਾਤਾਰ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਨੇ ਮਨਮਾਨੀਆਂ ਵਾਲਾ ਰਵੱਈਆ ਰੱਖਿਆ ਹੈ। ਪੰਜਾਬ ਦਾ ਵਿਕਾਸ ਦੇ ਨਾਮ ‘ਤੇ ਵਿਨਾਸ਼ ਕੀਤਾ ਜਾ ਰਿਹਾ ਹੈ। ਸਿਹਤ ਸਹੂਲਤਾਂ ਦਾ ਦਿਵਾਲਾ ਨਿਕਲ ਚੁੱਕਾ ਹੈ। ਪੰਜਾਬ ਦੇ ਹਰ ਘਰ ਦੇ ਅੰਦਰ ਖ਼ਤਰਨਾਕ ਬਿਮਾਰੀਆਂ ਦਾ ਵਾਸਾ ਹੈ। ਵਿਦਿਆ ਪੱਖੋਂ ਪਛੜਨ ਵਿੱਚ ਸੂਬਾ ਸਰਮਨਾਕ ਹੱਦਾਂ ਪਾਰ ਕਰ ਗਿਆ ਹੈ। ਸਕੂਲਾਂ ਵਿੱਚ ਸਿਖਿਆ ਪਰਾਪਤ ਕਰਨ ਆਉਣ ਵਾਲੇ ਸਿਖਿਆਰਥੀਆਂ ਨੂੰ ਪੜ੍ਹਾਈ ਵਾਲੇ ਪਾਸਿਓਂ ਮੋੜ ਕੇ ਨਸ਼ਿਆਂ ਵਾਲੇ ਰਾਹ ਤੋਰਨ ਦੇ ਵਧੇਰੇ ਯਤਨ ਹੋਏ ਹਨ ਜਿਸ ਦੀ ਬਦੌਲਤ ਅੱਜ ਪੰਜਾਬੀ ਨੌਜਵਾਨ ਵਿਦਿਅਕ ਪੱਖ ਤੋਂ ਮੁੱਖ ਮੋੜ ਕੇ ਨੀਮ ਅਪਰਾਧਕ ਰੁਚੀਆਂ ਰੱਖਣ ਲੱਗ ਪਏ ਹਨ।
ਕੇਂਦਰ ਵਿੱਚ 2014 ਵਿੱਚ ਬਣੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਹਰ ਪੱਖ ਤੋਂ ਗਿਰਾਵਟ ਵੱਲ ਜਾ ਰਹੇ ਪੰਜਾਬੀਆਂ ਦੀ ਇਸ ਕਮਜ਼ੋਰੀ ਦਾ ਫ਼ਾਇਦਾ ਉਠਾਉਂਦਿਆਂ ਸਿੱਖੀ ਨੂੰ ਖ਼ਤਮ ਕਰਨ ਦਾ ਪੱਕਾ ਮਨ ਬਣਾ ਲਿਆ ਹੋਇਆ ਹੈ। ਪੰਜਾਬ ਨੂੰ ਹਰ ਪੱਖ ਤੋਂ ਰਗੜਿਆ ਜਾ ਰਿਹਾ ਹੈ। ਪੰਜਾਬੀ ਬੋਲਦੇ ਇਲਾਕੇ ਪਹਿਲਾਂ ਹੀ ਪੰਜਾਬ ਤੋਂ ਬਾਹਰ ਰੱਖ ਕੇ ਸੂਬੇ ਨੂੰ ਭੁਗੋਲਿਕ ਪੱਖੋਂ ਕਮਜ਼ੋਰ ਕੀਤਾ ਜਾ ਚੁੱਕਾ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਹੁਣ ਤਕ ਝਗੜੇ ਵਿੱਚ ਰੱਖਣ ਤੋਂ ਬਾਅਦ ਹੁਣ ਪੱਕਾ ਹੀ ਖੋਹਣ ਦੀਆਂ ਤਿਆਰੀਆਂ ਵਿੱਢੀਆਂ ਹੋਈਆਂ ਹਨ। ਪੰਜਾਬ ਦੇ ਪਾਣੀ ਪਹਿਲਾਂ ਹੀ ਪੰਜਾਬ ਤੋਂ ਧੱਕੇ ਨਾਲ ਖੋਹ ਕੇ ਦੂਸਰੇ ਰਾਜਾਂ ਨੂੰ ਮੁਫ਼ਤ ਵਿੱਚ ਦਿੱਤੇ ਜਾ ਚੁੱਕੇ ਹਨ ਅਤੇ ਬਚਦੇ ਨਾਂਮਾਤਰ ਪਾਣੀ ਖੋਹਣ ਦੇ ਫ਼ੈਸਲੇ ਨੂੰ ਉਡੀਕਿਆ ਜਾ ਰਿਹਾ ਹੈ। ਪੰਜਾਬ ਦੇ ਪਾਣੀਆਂ ਤੋਂ ਮੁਫ਼ਤ ਤਿਆਰ ਕੀਤੀ ਜਾਂਦੀ ਬਿਜਲੀ ਕੇਂਦਰ ਨੇ ਹੜੱਪ ਲਈ ਤੇ ਪੰਜਾਬ ਦੇ ਪੱਲੇ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਮਹਿੰਗੇ ਭਾਅ ਦੇ ਕੋਲੇ ਨਾਲ ਚੱਲਣ ਵਾਲੇ ਥਰਮਲ ਪਾ ਦਿੱਤੇ ਗਏ ਜਿਹੜੇ ਮਹਿੰਗੇ ਭਾਅ ਦੀ ਬਿਜਲੀ ਤਿਆਰ ਕਰਨ ਦੇ ਨਾਲ ਨਾਲ ਧੂਏਂ ਤੋ ਉਪਜਦੀਆਂ ਬਿਮਾਰੀਆਂ ਤੋਹਫ਼ੇ ਵਿੱਚ ਪੰਜਾਬੀਆਂ ਨੂੰ ਦੇ ਰਹੇ ਹਨ। ਪੰਜਾਬ ਦਾ ਧਰਤੀ ਹੇਠਲਾ ਪਾਣੀ ਪੰਜਾਬ ਸਿਰ ਥੋਪੀ ਗਈ ਬੇਲੋੜੀ ਝੋਨੇ ਦੀ ਫ਼ਸਲ ਨੇ ਲਗਭਗ ਖ਼ਤਮ ਹੀ ਕਰ ਦਿੱਤਾ ਹੈ ਅਤੇ ਬਚਦਾ ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੇ ਜਹਿਰ ਨੇ ਦੂਸ਼ਿਤ ਕਰ ਦਿੱਤੈ।
ਇਸ ਵੇਲੇ ਨਾ ਤਾਂ ਪੰਜਾਬ ਦਾ ਪਾਣੀ ਪੀਣਯੋਗ ਰਿਹਾ ਹੈ ਅਤੇ ਨਾਂ ਹੀ ਉੱਥੋਂ ਦੀ ਹਵਾ ਸਾਹ ਲੈਣ ਦੇ ਯੋਗ। ਹਾਈਬਰਿਡ ਬੀਜਾਂ ਦੇ ਨਾਮ ਥੱਲੇ ਸਬਜ਼ੀਆਂ ਦਾਲਾਂ ਅਤੇ ਅਨਾਜ ਵਿੱਚ ਜਹਿਰ ਰਲਾ ਕੇ ਪੰਜਾਬ ਦੇ ਹਰ ਚੁੱਲ੍ਹੇ ਤਕ ਪਹੁੰਚਾ ਦਿੱਤੀ ਗਈ ਹੈ ਜਿਸ ਨੇ ਪੰਜਾਬ ਦੀਆਂ ਨਸਲਾਂ ਨੂੰ ਤਬਾਹ ਕਰਨਾ ਸੁਰੂ ਕੀਤਾ ਹੋਇਆ ਹੈ। ਉੱਤੋਂ ਮਾਰੂ ਨੀਤੀਆਂ ਕਾਰਨ ਆਰਥਿਕ ਮੰਦਹਾਲੀ ਨੇ ਜਿਉਂਦੇ ਜਾਗਦੇ ਲੋਕਾਂ ਨੂੰ ਮੋਇਆਂ ਸਮਾਨ ਕਰ ਦਿੱਤਾ ਹੈ। ਆਏ ਦਿਨ, ਬਾਹਰਲੇ ਸੂਬਿਆਂ ਨੂੰ ਜਾਂਦੀਆਂ ਨਹਿਰਾਂ ਵਿੱਚ ਡੁੱਬ ਕੇ ਮਰਨ ਵਾਲੇ ਅਭਾਗੇ ਪੰਜਾਬੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਪੰਜਾਬ ਦੀ ਹੋਂਦ ਖ਼ਤਰੇ ਵਿੱਚ ਹੈ। ਪੰਜਾਬੀਅਤ ਮਾਰੀ ਜਾ ਰਹੀ ਹੈ। ਸਿੱਖੀ ਦੀ ਹੋਂਦ ਨੂੰ ਖ਼ਤਮ ਕਰਨ ਦੇ ਨਵੇਂ ਨਵੇਂ ਢੰਗ ਤਰੀਕੇ ਲੱਭੇ ਜਾ ਰਹੇ ਹਨ। ਗੁਰਦੁਆਰਾ ਪ੍ਰਬੰਧ ਸਿੱਖੀ ਦੇ ਦੁਸ਼ਮਣ ਗ਼ੈਰ ਸਿੱਖਾਂ ਦੇ ਹੱਥ ਵਿੱਚ ਹੋਣ ਕਰ ਕੇ ਸਿੱਖੀ ਸਿਧਾਂਤਾਂ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ। ਆਏ ਦਿਨ ਜਗਤ ਗੁਰੂ ਸਹਿਬ ਸ੍ਰੀ ਗੁਰੂ ਗਰੰਥ ਸਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਿੱਚ ਹੋ ਰਿਹਾ ਵਾਧਾ ਆਉਣ ਵਾਲੇ ਮਾੜੇ ਸਮੇਂ ਵੱਲ ਇਸ਼ਾਰਾ ਕਰਦਾ ਪਰਤੀਤ ਹੁੰਦਾ ਹੈ, ਪਰੰਤੂ ਇਸ ਸਭ ਦੇ ਬਾਵਜੂਦ ਪੰਜਾਬ ਦੀ ਸਾਰ ਲੈਣ ਵਾਲਾ ਕੋਈ ਨਹੀਂ।
ਮਰਦੇ ਪੰਜਾਬ ਨੂੰ ਬਚਾਉਣ ਦੀ ਬਜਾਏ ਮਰਨ ਉਪਰੰਤ ਕਬਜ਼ਾ ਜਮਾਉਣ ਬਾਰੇ ਸੋਚਣ ਵਾਲੇ ਭਾਰੂ ਹੋ ਰਹੇ ਹਨ। ਸਿਸਟਮ ਵਿੱਚ ਬਦਲਾਅ ਦੇ ਨਾਮ ‘ਤੇ ਰਾਜਨੀਤੀ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਦਿਲੀ ਵਿਚਲੇ ਮਾਲਕਾਂ ਨੇ ਸੂਬੇ ਦੇ ਹਿਤਾਂ ਦੀ ਰਾਖੀ ਕਰਨ ਦਾ ਵਾਅਦਾ ਕਰਨ ਦੀ ਬਜਾਏ ਪੰਜਾਬ ਦਾ ਦਰਦ ਰੱਖਣ ਵਾਲੇ ਆਗੂਆਂ ਨੂੰ ਚੁਣ ਚੁਣ ਕੇ ਖੂੰਜੇ ਲਾਉਣਾ ਸੁਰੂ ਕਰ ਦਿੱਤਾ ਤਾਂ ਕਿ ਸੂਬੇ ਵਿੱਚ ਸਤਾ ਹਾਸਲ ਕਰਨ ਤੋਂ ਬਾਅਦ ਪੰਜਾਬ ਦੇ ਹਿਤਾਂ ਨੂੰ ਅਣਗੌਲਿਆ ਕਰ ਕੇ ਪਿਛਲੀਆਂ ਰਵਾਇਤੀ ਪਾਰਟੀਆਂ ਦੀ ਤਰ੍ਹਾਂ ਆਪਣੀ ਲੁੱਟ ਨੂੰ ਯਕੀਨੀ ਬਣਾਇਆ ਜਾ ਸਕੇ। ‘ਆਪ’ ਦੀ ਹਾਈਕਮਾਂਡ ਵਲੋਂ ਪਾਰਟੀ ਵਿਚਲੇ ਪੰਜਾਬ ਹਿਤੈਸ਼ੀ ਲੋਕਾਂ ਦੀ ਕੀਤੀ ਜਾ ਰਹੀ ਨਿਸ਼ਾਨਦੇਹੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਕੰਟਰੋਲ ਕਰ ਰਹੇ ਦਿੱਲੀ ਵਾਲੇ ਕਰਿੰਦਿਆਂ ਦੀਆਂ ਸਰਮਨਾਕ ਕਰਤੂਤਾਂ ਨੇ ਕੁਝ ਦਿਨਾਂ ਵਿੱਚ ਹੀ ਇਸ ਪਾਰਟੀ ਦੇ ਅਕਸ ਨੂੰ ਵੱਡੀ ਢਾਹ ਲਾਈ ਹੈ। ਪਾਰਟੀ ਵਿੱਚ ਉੱਠੇ ਜਵਾਰਭਾਟੇ ਨੇ ਲੋਕਾਂ ਵਿੱਚ ਮੁੜ ਦੁਬਿਧਾ ਖੜ੍ਹੀ ਕਰ ਦਿੱਤੀ ਹੈ। ਪੰਜਾਬ ਦੀ ਜਨਤਾ ਨੂੰ ਸ੍ਰ. ਬਾਦਲ ਦੀ ਸਰਕਾਰ ਮੁੜ ਆਉਣ ਦਾ ਡਰ ਸਤਾਉਣ ਲੱਗ ਪਿਆ ਹੈ। ਉਧਰ ਪੰਥਕ ਧਿਰਾਂ ਆਪਸੀ ਪਾਟੋਧਾੜ ਦਾ ਸ਼ਿਕਾਰ ਹੋਣ ਕਰ ਕੇ ਸਤਾ ਹਾਸਲ ਕਰਨ ਤੋਂ ਅਸਮਰੱਥ ਜਾਪਦੀਆਂ ਹਨ। ਜੇ ਇੱਕ ਧਿਰ ਚੋਣਾਂ ਲੜਨ ਦਾ ਐਲਾਨ ਕਰਦੀ ਹੈ ਤਾਂ ਦੂਸਰੀ ਧਿਰ ਚੋਣਾਂ ਨਾ ਲੜਨ ਦਾ ਐਲਾਨ ਕਰ ਕੇ ਦੂਸਰੀ ਨੂੰ ਕਮਜ਼ੋਰ ਕਰਨ ਦਾ ਯਤਨ ਕਰਦੀ ਹੈ।
ਸਿੱਖ ਧਾਰਮਿਕ ਸੰਸਥਾਵਾਂ, ਪਰਚਾਰਕ, ਰਾਗੀ, ਢਾਡੀ ਸਾਬਕਾ ਜਥੇਦਾਰ ਸਹਿਬਾਨ ਅਤੇ ਸਿੱਖ ਵਿਦਵਾਨ ਸਾਰੇ ਹੀ ਹਾਉਮੈ ਦਾ ਸਿਕਾਰ ਹੋ ਕੇ ਮਿਲ ਬੈਠਣ ਤੋਂ ਅਸਮਰੱਥ ਹੋ ਗਏ ਹਨ। ਪੰਥ ਨੂੰ ਇੱਕ ਲੜੀ ਵਿੱਚ ਪਿਰੋਣ ਦੇ ਨਾ ਹੀ ਯਤਨ ਹੋ ਰਹੇ ਹਨ ਅਤੇ ਨਾਂ ਹੀ ਇੱਕ ਲੜੀ ਵਿੱਚ ਪਿਰੋ ਕੇ ਰੱਖਣ ਦੀ ਕਿਸੇ ਵਿੱਚ ਸਮਰੱਥਾ ਹੈ। ਇਸ ਕਾਰਜ ਵਿੱਚ ਕਿਸੇ ਵੀ ਆਗੂ ਦੀ ਦਿਲੀ ਰੁਚੀ ਵੀ ਘੱਟ ਹੀ ਜਾਪਦੀ ਹੈ ਕਿਉਂਕਿ ਏਕਤਾ ਲਈ ਨਿੱਜੀ ਹਾਉਮੈ ਛੱਡਣੀ ਪਵੇਗੀ। ਨਿੱਜੀ ਸੁਆਰਥ ਤਿਆਗਣੇ ਪੈਣਗੇ, ਮਨ ਨੀਵਾਂ ਤੇ ਮੱਤ ਉੱਚੀ ਰੱਖਣੀ ਪਵੇਗੀ, ਪਰ ਅਫ਼ਸੋਸ ਕਿ ਸਿੱਖਾਂ ਦੇ ਆਗੂਆਂ ਨੇ ਗੁਰੂ ਦੀ ਸਿਖਿਆ ਤੋਂ ਉਲਟ ਮਨ ਉੱਚਾ ਤੇ ਮੱਤ ਨੀਵੀਂ ਕਰ ਲਈ ਹੋਈ ਹੈ ਜਿਸ ਕਰ ਕੇ ਕੌਮ ਦੇ ਪੱਲੇ ਖੁਆਰੀਆਂ ਤੋਂ ਸਿਵਾਏ ਕੁਝ ਵੀ ਨਹੀ ਪੈ ਰਿਹਾ। ਸਭ ਤੋ ਵੱਡਾ ਦੁਖਾਂਤ ਇਹ ਹੈ ਕਿ ਸਿੱਖਾਂ ਦੇ ਕੌਮੀ ਘਰ ਖ਼ਾਲਿਸਤਾਨ ਦੀ ਪਰਾਪਤੀ ਲਈ ਜ਼ਿੰਦਗੀ ਭਰ ਸੰਘਰਸ਼ ਕਰਨ ਵਾਲੇ ਪੰਥਕ ਆਗੂ ਵੀ ਕਈ ਧੜਿਆਂ ਵਿੱਚ ਵੰਡੇ ਹੋਏ ਹੋਣ ਦੇ ਨਾਲ ਆਪਸੀ ਏਕਤਾ ਕਰਨ ਨਾਲੋਂ ਇੱਕ ਦੂਜੇ ਨੂੰ ਗ਼ਲਤ ਸਾਬਤ ਕਰਨ ਵਿੱਚ ਜ਼ਿਆਦਾ ਸਮਾਂ ਗੁਆ ਰਹੇ ਹਨ। ਆਪਣਿਆਂ ਦਾ ਸਾਥ ਦੇਣ ਦੀ ਬਜਾਏ ਦਿੱਲੀ ‘ਤੇ ਵੱਧ ਵਿਸ਼ਵਾਸ ਕਰਦੇ ਹਨ। ਜੇਕਰ ਪਰਮਾਤਮਾ ਇਹਨਾਂ ਸਮੁੱਚੀਆਂ ਪੰਥਕ ਧਿਰਾਂ ਨੂੰ ਸੁਮੱਤ ਬਖਸ਼ੇ, ਸਾਰੀਆਂ ਧਿਰਾਂ ਆਪਣੀ ਗ਼ੈਰਤ ਨੂੰ ਪਛਾਣ ਕੇ ਅੱਜ ਦੇ ਹਾਲਾਤ ਨੂੰ ਸਮਝਦੇ ਹੋਏ, ਦਿੱਲੀ ਤੋਂ ਆਸ ਛੱਡ ਕੇ ਇਮਾਨਦਾਰੀ ਨਾਲ ਕੌਮੀ ਨਿਸ਼ਾਨ ਥੱਲੇ ਇਕੱਤਰ ਹੋਣਾ ਸਵੀਕਾਰ ਕਰ ਲੈਣ ਤਾਂ ਅੱਜ ਵੀ ਪੰਜਾਬ ਦੀ ਹੋਣੀ ਬਦਲ ਸਕਦੀ ਹੈ ਤੇ ਨਵਾਂ ਇਤਿਹਾਸ ਰਚਿਆ ਜਾ ਸਕਦਾ ਹੈ।
ਬਘੇਲ ਸਿੰਘ ਧਾਲੀਵਾਲ
011-91-99142-58142

LEAVE A REPLY