editorial1-2-300x172ਤੁਰਕੀ ਦੀਆਂ ਫ਼ੌਜਾਂ ਅਤੇ ਸੀਰੀਅਨ ਬਾਗ਼ੀਆਂ ਦੇ ਗੱਠਜੋੜ ਨੇ ਐਤਵਾਰ ਵਾਲੇ ਦਿਨ ਸੀਰੀਆ-ਤੁਰਕੀ ਬੌਰਡਰ ਦੇ ਨਾਲ ਲਗਦੇ ਇਰਾਕ ਅਤੇ ਸੀਰੀਆ ਦੇ ਸਾਰੇ ਇਲਾਕੇ ਇਸਲਾਮਿਕ ਸਟੇਟ ਤੋਂ ਖ਼ਾਲੀ ਕਰਵਾ ਲਏ। ਇਸ ਤਰ੍ਹਾਂ, ਇਸ ਖ਼ੌਫ਼ਨਾਕ ਅਤਿਵਾਦੀ ਜਥੇਬੰਦੀ ਦੇ ਸੁਪਰੀਮੋ, ਅਬੂ ਬਕਲ ਅਲ-ਬਗ਼ਦਾਦੀ, ਜੋ ਕਿ ਖ਼ੁਦ ਵੀ ਕਾਫ਼ੀ ਅਰਸੇ ਤੋਂ ਅਲੋਪ ਚਲਿਆ ਆ ਰਿਹੈ, ਵਲੋਂ ਸਥਾਪਿਤ ਕੀਤੀ ਗਈ ‘ਖ਼ਿਲਾਫ਼ਤ’ (ਤਥਾਕਥਿਕਤ ਇਸਲਾਮੀ ਸਲਤਨਤ) ਨੂੰ ਬਾਕੀ ਦੇ ਸੰਸਾਰ ਨਾਲੋਂ ਕੱਟ ਦਿੱਤਾ ਗਿਆ ਹੈ, ਅਜਿਹਾ ਦਾਅਵਾ ਸੀ ਤੁਰਕੀ ਦੀ ਸਰਕਾਰੀ ਖ਼ਬਰ ਏਜੰਸੀ ਦਾ। ਦੂਜੇ ਪਾਸੇ, ਸੋਮਵਾਰ ਨੂੰ ਸੀਰੀਅਨ ਹਕੂਮਤ ਪੱਖੀ ਫ਼ੌਜਾਂ ਨੇ ਹਵਾਈ ਹਮਲਿਆਂ ਦੀ ਛੱਤਰੀ ਹੇਠ ਸੀਰੀਆ ਦੇ ਉੱਤਰ ਵਿੱਚ ਪੈਂਦੇ ਇੱਕ ਮਹੱਤਵਪੂਰਨ ਸ਼ਹਿਰ ਅਲੈੱਪੋ ‘ਤੇ ਆਪਣੇ ਹਮਲੇ ਤੇਜ਼ ਕਰਦਿਆਂ ਉਹ ਸਾਰੇ ਇਲਾਕੇ ਮੁੜ ਆਪਣੇ ਕਬਜ਼ੇ ਵਿੱਚ ਲੈ ਲਏ ਜਿਹੜੇ ਪਿਛਲੇ ਮਹੀਨੇ ਉਸ ਤੋਂ ਖੁਸ ਗਏ ਸਨ। ਇਸ ਤੋਂ ਛੁੱਟ, ਉਨ੍ਹਾਂ ਨੇ ਅਲੈੱਪੋ ਸ਼ਹਿਰ ਦੇ ਇਸਲਾਮਿਕ ਸਟੇਟ ਦੇ ਕਬਜ਼ੇ ਹੇਠਲੇ ਇਲਾਕਿਆਂ ਨੂੰ ਵੀ ਘੇਰਾ ਪਾਇਆ ਹੋਇਐ, ਕਹਿਣਾ ਸੀ ਸੀਰੀਅਨ ਸਰਕਾਰੀ ਮੀਡੀਏ ਦਾ।
ਸੋਮਵਾਰ ਨੂੰ ਵੀ ਬਹੁਤ ਵੱਡੀ ਗਿਣਤੀ ਵਿੱਚ ਤੁਰਕੀ ਦੇ ਟੈਂਕ ਸੀਰੀਆ ਦੀ ਸੀਮਾ ਅੰਦਰ ਦਾਖ਼ਲ ਹੋਏ ਅਤੇ ਸੀਮਾ ਦੇ ਨਾਲ ਨਾਲ ਤੁਰਕੀ ਫ਼ੌਜ ਦੀਆਂ ਕਈ ਹੋਰ ਪਲਟੂਨਾਂ ਵੀ ਇਕੱਤਰ ਹੋ ਗਈਆਂ ਹਨ ਜੋ ਕਿ ਕਿਸੇ ਵੇਲੇ ਵੀ ਬੌਰਡਰ ਪਾਰ ਕਰਨ ਲਈ ਤਿਆਰ ਹਨ। ਇਹ ਇੱਕ ਅਜਿਹਾ ਕਦਮ ਹੈ ਜਿਸ ਨੂੰ ਤੁਰਕੀ ਪਿਛਲੇ ਹਫ਼ਤੇ ਸੀਰੀਆ ਵਿੱਚ ਸ਼ੁਰੂ ਕੀਤੀ ਆਪਣੀ ਫ਼ੌਜੀ ਮੁਹਿੰਮ ਦਾ ‘ਅਗਲਾ ਪੜਾਅ’ ਦਸਦਾ ਹੈ। ਤੁਰਕੀ ਦੇ ਟੈਂਕਾਂ ਦੀ ਪਿੱਠ ‘ਤੇ ਹਨ ਹਜ਼ਾਰਾਂ ਦੀ ਗਿਣਤੀ ਵਿੱਚ ਫ਼ਰੀ ਸੀਰੀਅਨ ਆਰਮੀ (FSA) ਦੇ ਜੰਗਜੂ ਜੋ ਕਿ ਇਸਲਾਮਿਕ ਸਟੇਟ ਅਤੇ ਕੁਰਦਿਸ਼ ਪੀਪਲਜ਼ ਪ੍ਰੋਟੈਕਸ਼ਨ ਯੂਨਿਟਸ (YPG), ਦੋਹਾਂ  ਨਾਲ ਲੜਦੇ ਆ ਰਹੇ ਹਨ। ਦੋਹਾਂ, FSA ਤੇ YPG, ਦੀ ਪਿੱਠ ‘ਤੇ ਅਮਰੀਕੀ ਫ਼ੌਜ ਹੈ ਹਾਲਾਂਕਿ ਉਹ ਦੋਹੇਂ ਇੱਕ ਦੂਸਰੇ ਖ਼ਿਲਾਫ਼ ਵੀ ਲੜ ਰਹੇ ਹਨ ਅਤੇ ਇਸਲਾਮਿਕ ਸਟੇਟ ਖ਼ਿਲਾਫ਼ ਵੀ। ਅਮਰੀਕੀ ਸਰਕਾਰ YPG ਨੂੰ ਤਰਜੀਹ ਦਿੰਦੀ ਹੈ ਕਿਉਂਕਿ ਉਹ ਉਸ ਨੂੰ ISIS ਖ਼ਿਲਾਫ਼ ਇੱਕ ਤਾਕਤਵਰ ਤੇ ਕਾਰਾਮਦ ਸ਼ਕਤੀ ਮੰਨਦੀ ਹੈ ਅਤੇ ਇਸਲਾਮਿਕ ਸਟੇਟ ਨੂੰ ਅਮਰੀਕਾ ਆਪਣੀ ਰਾਸ਼ਟਰੀ ਸੁਰੱਖਿਆ ਲਈ ਇੱਕ ਵੱਡਾ ਖ਼ਤਰਾ ਸਮਝਦਾ ਹੈ।
ਜਿਵੇਂ ਅਸੀਂ ਪਿਛਲੇ ਹਫ਼ਤੇ ਅਜੀਤ ਵੀਕਲੀ ਦੇ ਇਨ੍ਹਾਂ ਕਾਲਮਾਂ ਵਿੱਚ ਲਿਖਿਆ ਸੀ, ਅਮਰੀਕਾ ਦੇ ਉੱਪ ਰਾਸ਼ਟਰਪਤੀ ਜੋ ਬਾਇਡਨ ਨੇ ਕੁਰਦੀਆਂ ਦੇ YPG ਜੰਗਜੂਆਂ ਨੂੰ ਪੂਰਬ ਵੱਲ ਨੂੰ ਵਾਪਿਸ ਪਰਤਣ ਦੀ ਅਪੀਲ ਕੀਤੀ ਸੀ ਅਤੇ ਇਹ ਹਿਦਾਇਤ ਵੀ ਕੀਤੀ ਸੀ ਕਿ ਉਹ ਦਰਿਆਏ ਫ਼ਰਾਤ (Euphrates River) ਤੋਂ ਵੀ ਪੂਰਬ ਵੱਲ ਆਪਣੇ ਆਪ ਨੂੰ ਸੀਮਿਤ ਰੱਖਣ। ਸੀਰੀਆ ਵਿੱਚ ISIS ਖ਼ਿਲਾਫ਼ ਲੜਾਈ ਵਿੱਚ ਸੀਰੀਅਨ ਕੁਰਦ ਹੀ ਅਮਰੀਕਾ ਦੇ ਸਭ ਤੋਂ ਪ੍ਰਭਾਵਸ਼ਾਲੀ ਭਾਈਵਾਲ ਹਨ, ਪਰ ਉਨ੍ਹਾਂ ਦਾ ਇੱਕ ਹੋਰ ਮੁੱਖ ਮੰਤਵ ਵੀ ਹੈ … ਅਤੇ ਉਹ ਹੈ ਸੀਰੀਆ ਤੁਰਕੀ ਸੀਮਾ ਦੇ ਨਾਲ ਲਗਦੇ ਸਾਰੇ ਦੇ ਸਾਰੇ ਕੁਰਦੀ ਵਸੋਂ ਵਾਲੇ ਇਲਾਕੇ ਨੂੰ ਆਪਣੇ  ਕਬਜ਼ੇ ਵਿੱਚ ਲੈ ਕੇ ‘ਰੋਜਾਵਾ’ ਨਾਮ ਦਾ ਇੱਕ ਖ਼ੁਦਮੁਖ਼ਤਿਆਰ ਕੁਰਦੀ ਖਿੱਤਾ ਵਸਾਉਣਾ। ਕੁਰਦੀਆਂ ਦੀ ਰੋਜਾਵਾ ਵਸਾਉਣ ਦੀ ਯੋਜਨਾ ਤੁਰਕੀ ਅਤੇ ਸੀਰੀਆ, ਦੋਹਾਂ, ਨੂੰ ਜ਼ਹਿਰ ਲਗਦੀ ਹੈ। ਹਾਲਾਂਕਿ ਸੀਰੀਆ ਵਿੱਚ ਤੁਰਕੀ ਦੇ ਟੈਂਕ ਕੁਝ ਹੱਦ ਤਕ ਇਸਲਾਮਿਕ ਸਟੇਟ ਖ਼ਿਲਾਫ਼ ਵੀ ਲੜ ਰਹੇ ਹਨ, ਪਰ ਇਸ ਬਾਰੇ ਕਿਸੇ ਨੂੰ ਰੱਤੀ ਭਰ ਵੀ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਉਨ੍ਹਾਂ ਦਾ ਪ੍ਰਮੁੱਖ ਨਿਸ਼ਾਨਾ ਸੀਰੀਆ ਵਿੱਚ ਕੁਰਦੀਆਂ ਦੀ ਜਥੇਬੰਦੀ YPG ਹੀ ਹੈ, ਜਿਸ ਨੂੰ ਤੁਰਕੀ ਇੱਕ ਅਤਿਵਾਦੀ ਜਥੇਬੰਦੀ ਕਰਾਰ ਦੇ ਚੁੱਕਾ ਹੈ। ਜਿਵੇਂ ਮੈਂ ਪਿਛਲੇ ਹਫ਼ਤੇ ਵੀ ਲਿਖਿਆ ਸੀ, ਕੁਰਦੀ ਵਸੋਂ ਇੱਕ ਵਾਰ ਫ਼ਿਰ ਇਹ ਮਹਿਸੂਸ ਕਰ ਰਹੀ ਹੈ ਕਿ ਅਮਰੀਕਾ ਨੇ ਉਸ ਨਾਲ ਦੋਗਲੀ ਚਾਲ ਚੱਲ ਕੇ ਉਸ ਨਾਲ ਵਿਸਾਹਘਾਤ ਕੀਤਾ ਹੈ, ਅਤੇ YPG ਦੇ ਖਾੜਕੂਆਂ ਨੇ ਇਸ ਵਾਰ ਇਹ ਪੱਕਾ ਤਹੱਈਆ ਕੀਤਾ ਹੋਇਐ ਕਿ ਉਹ ਆਪਣੇ ਆਖ਼ਰੀ ਸਾਹਾਂ ਤਕ ਤੁਰਕੀ ਨੂੰ ਆਪਣੇ ਇਲਾਕਿਆਂ ‘ਤੇ ਕਬਜ਼ਾ ਕਰਨੋਂ ਰੋਕਣਗੇ।
ਸੀਰੀਅਨ ਬਾਗ਼ੀਆਂ ਨੇ ਚਾਰ ਦਿਨਾਂ ਵਿੱਚ ਹਾਮਾ ਦੇ ਲਾਗੇ ਦੇ 14 ਪਿੰਡ ਆਪਣੇ ਕਬਜ਼ੇ ਵਿੱਚ ਲਏ
ਪਿਛਲੇ ਹਫ਼ਤੇ ਦੇ ਮੰਗਲਵਾਰ ਤੋਂ ਸ਼ੁਕਰਵਾਰ ਦਰਮਿਆਨ, ਸੀਰੀਅਨ ਹਕੂਮਤ ਵਿਰੁੱਧ ਲੜ ਰਹੇ ਬਾਗ਼ੀਆਂ ਨੇ ਸੀਰੀਆ ਦੇ ਹਾਮਾ ਸ਼ਹਿਰ ‘ਤੇ ਸੰਨ 2014 ਤੋਂ ਬਾਅਦ ਦਾ ਆਪਣਾ ਸਭ ਤੋਂ ਵੱਡਾ ਹਮਲਾ ਕਰ ਕੇ ਉਸ ਦੇ ਆਲੇ ਦੁਆਲੇ ਦੇ 14 ਪਿੰਡਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਹਮਲੇ ਦੌਰਾਨ ਬਾਗ਼ੀਆਂ ਉੱਪਰ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਾਦ ਅਤੇ ਰੂਸ ਦੇ ਜਹਾਜ਼ਾਂ ਨੇ ਖ਼ੂਬ ਬੰਬ ਬਰਸਾਏ। ਹਾਮਾ ਸ਼ਹਿਰ ਦੀ ਬਹੁਤ ਜ਼ਿਆਦਾ ਰਣਨੀਤਕ ਅਹਿਮੀਅਤ ਹੈ ਕਿਉਂਕਿ ਇਹ ਬਾਗ਼ੀਆਂ ਦੇ ਕਬਜ਼ੇ ਵਾਲੇ ਇਦਲਿਬ ਪ੍ਰਾਂਤ ਨੂੰ ਸੀਰੀਆ ਦੀ ਰਾਜਧਾਨੀ ਡਮਾਸਕਸ ਨਾਲ ਜੋੜਦੈ। ਪਰ, ਇਸ ਤੋਂ ਛੁੱਟ, ਹਾਮਾ ਸ਼ਹਿਰ ਦੀ ਇੱਕ ਤਰ੍ਹਾਂ ਨਾਲ ਸੰਕੇਤਾਤਮਕ ਮਹੱਤਤਾ ਵੀ ਹੈ ਕਿਉਂਕਿ 2011 ਵਿੱਚ ਅਰਬ ਕ੍ਰਾਂਤੀ ਦੇ ਸ਼ੁਰੂਆਤੀ ਦਿਨਾਂ ਵਿੱਚ ਹਾਮਾ ਹੀ ਉਹ ਸ਼ਹਿਰ ਸੀ ਜਿੱਥੋਂ ਅਸਾਦ ਵਿਰੋਧੀ ਮੁਜ਼ਾਹਰੇ ਸ਼ੁਰੂ ਹੋਏ ਸਨ। ਉਸ ਵਕਤ, ਅਲ-ਅਸਾਦ ਨੇ ਆਪਣੀ ਹਕੂਮਤ ਖ਼ਿਲਾਫ਼ ਪਨਪਣ ਵਾਲੀ ਬਗ਼ਾਵਤ ਨੂੰ ਕੁਚਲਣ ਲਈ ਹਾਮਾ ਸ਼ਹਿਰ ਦੀਆਂ ਰਿਹਾਇਸ਼ੀ ਅਬਾਦੀਆਂ ‘ਤੇ ਰਸਾਇਣਿਕ ਬੰਬਾਂ ਦੀ ਬਰਖਾ ਕਰ ਦਿੱਤੀ ਸੀ ਅਤੇ ਮੁਜ਼ਾਹਰਾਕਾਰੀਆਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ ਦੇ ਦਿੱਤੇ ਸਨ।
ਤੇ ਹਾਮਾ ਉਹ ਸ਼ਹਿਰ ਵੀ ਹੈ ਜਿੱਥੇ ਅਲ-ਅਸਾਦ ਦੇ ਪਿਤਾ ਹਾਫ਼ੇਜ਼ ਅਲ-ਅਸਾਦ ਨੇ ਸੀਰੀਅਨ ਗ੍ਰਹਿਯੁੱਧ ਦਾ ਸਭ ਤੋਂ ਵੱਡਾ ਖ਼ੂੰਨੀ ਕਤਲੇਆਮ ਸਰਅੰਜਾਮ ਦਿੱਤਾ ਸੀ। ਜਿਵੇਂ ਕਿ ਅਜੀਤ ਵੀਕਲੀ ਦੇ ਇਨ੍ਹਾਂ ਕਾਲਮਾਂ ਵਿੱਚ ਅਸੀਂ ਅਤੀਤ ਵਿੱਚ ਵੀ ਲਿਖ ਚੁੱਕੇ ਹਾਂ, ਸੀਰੀਆ ਦੀ ਪੀੜ੍ਹੀਆਂ ਦੀ ਆਖ਼ਰੀ ਜੰਗ ਉੱਥੋਂ ਦਾ ਉਹ ਗ੍ਰਹਿਯੁੱਧ ਸੀ ਜਿਹੜਾ 1982 ਵਿੱਚ ਓਦੋਂ ਆਪਣੇ ਕਲਾਈਮੈਕਸ ਨੂੰ ਛੂਹ ਗਿਆ ਸੀ ਜਦੋਂ ਹਾਮਾ ਵਿੱਚ 1982 ਦਾ ਕਤਲੇਆਮ ਵਾਪਰਿਆ। ਉਸ ਵਕਤ ਹਾਮਾ ਦੇ 400,000 ਦੇ ਕਰੀਬ ਸ਼ਹਿਰੀਆਂ, ਜਿਨ੍ਹਾਂ ਵਿੱਚੋਂ ਬਹੁ ਗਿਣਤੀ ਸੁੰਨੀ ਮੁਸਲਮਾਨਾਂ ਦੀ ਸੀ, ਨੇ ਸੀਰੀਆ ਦੇ ਉਸ ਵਕਤ ਦੇ ਰਾਸ਼ਟਰਪਤੀ ਹਾਫ਼ੇਜ਼ ਅਲ-ਅਸਾਦ, ਮੌਜੂਦਾ ਸੀਰੀਅਨ ਰਾਸ਼ਟਰਪਤੀ ਬਸ਼ਰ ਅਲ-ਅਸਾਦ ਦੇ ਪਿਤਾ, ਖ਼ਿਲਾਫ਼ ਬਗ਼ਾਵਤ ਦਾ ਐਲਾਨ ਕਰ ਦਿੱਤਾ ਸੀ। ਫ਼ਰਵਰੀ 1982 ਵਿੱਚ, ਅਲ-ਅਸਾਦ ਨੇ ਹਾਮਾ ਸ਼ਹਿਰ ਨੂੰ ਮਲਬੇ ਦੇ ਢੇਰ ਵਿੱਚ ਤਬਦੀਲ ਕਰ ਦਿੱਤਾ; 40,000 ਸ਼ਹਿਰੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਅਤੇ 100,000 ਨੂੰ ਸ਼ਹਿਰ ਤੋਂ ਬੇਦਖ਼ਲ ਕਰ ਕੇ। ਆਪਣੇ ਨਾਲ ਜੁੜੇ ਇਸ ਇਤਿਹਾਸ ਕਾਰਨ ਹੀ ਹਾਮਾ ਸ਼ਹਿਰ ਪੂਰੇ ਮਿਡਲ ਈਸਟ ਲਈ ਇੱਕ ਨਿਰਣਾਇਕ ਪਲ ਦੀ ਤਰਜਮਾਨੀ ਕਰਦਾ ਹੈ। ਹਾਮਾ ਦਾ ਕਤਲੇਆਮ ਸ਼ਾਇਦ ਕਿਸੇ ਵੀ ਮਿਡਲ ਈਸਟ ਅਰਬੀ ਹਕੂਮਤ ਵਲੋਂ ਆਪਣੇ ਹੀ ਲੋਕਾਂ ਦਾ ਕੀਤਾ ਗਿਆ ਸਭ ਤੋਂ ਵੱਡਾ ਘਾਣ ਕਿਹਾ ਜਾ ਸਕਦਾ ਹੈ। ਪਰ ਜਦੋਂ ਇੱਕ ਵਾਰ ਹਾਮਾ ਤਬਾਹ ਕਰ ਦਿੱਤਾ ਗਿਆ ਤਾਂ ਫ਼ਿਰ ਹਾਫ਼ੇਜ਼ ਅਲ-ਅਸਾਦ ਦੀ ਸਰਕਾਰ ਵਿਰੁੱਧ ਖੜ੍ਹੀ ਹਰ ਤਰ੍ਹਾਂ ਦੀ ਬਗ਼ਾਵਤ ਦੱਬੀ ਗਈ, ਉਹ ਸੀ ਸੀਰੀਆ ਦੇ ਗ੍ਰਹਿਯੁੱਧ ਦਾ ਕਲਾਈਮੈਕਸ।
ਪਰ ਸੀਰੀਆ ਵਿੱਚ ਅੱਜ ਚੱਲ ਰਹੀ ਜੰਗ ਉਸ ਦੀ ਪੀੜ੍ਹੀਆਂ ਦੀ ਜੰਗ ਨਹੀਂ, ਇਹ ਉਸ ਦੇ ਜਾਗ੍ਰਤੀ ਦੇ ਯੁੱਗ ਦੀ ਜੰਗ ਹੈ, ਅਤੇ ਇਸ ਯੁੱਧ ਦੇ ਕਾਇਦੇ ਸਭ ਤੋਂ ਵੱਖਰੇ ਹਨ। ਅੱਜ ਦੇ ਅਸਾਦ ਵਿਰੋਧੀ ਬਾਗ਼ੀਆਂ ਦੇ ਮਨਾਂ ਵਿੱਚ 1982 ਦੇ ਕਤਲੇਆਮ ਦੀਆਂ ਯਾਦਾਂ ਹਾਲੇ ਤਾਜ਼ੀਆਂ ਹਨ। ਕਈਆਂ ਲਈ ਇਸ ਲਈ ਕਿ ਉਨ੍ਹਾਂ ਨੇ ਉਹ ਦੌਰ ਆਪਣੇ ਪਿੰਡਿਆਂ ‘ਤੇ ਹੰਢਾਇਆ ਹੈ ਜਾਂ ਫ਼ਿਰ ਇਸ ਲਈ ਕਿ ਉਨ੍ਹਾਂ ਨੇ ਆਪਣੇ ਮਾਂ ਬਾਪ ਤੋਂ ਉਸ ਵਕਤ ਦੀਆਂ ਕਹਾਣੀਆਂ ਸੁਣੀਆਂ ਹੋਈਆਂ ਹਨ, ਅਤੇ ਕੋਈ ਵੀ ਅਜਿਹੀ ਸ਼ੈਅ ਨਹੀਂ ਜਿਹੜੀ ਉਨ੍ਹਾਂ ਨੂੰ ਹੁਣ ਰੋਕ ਸਕੇ। ਜੇ ਵੱਡੀ ਤਸਵੀਰ ਦੇਖੀ ਜਾਵੇ ਤਾਂ ਉਹ ਇਹ ਹੈ ਕਿ ਬਾਗ਼ੀਆਂ ਦੇ ਹਾਮਾ ਸ਼ਹਿਰ ‘ਤੇ ਇਸ ਹਾਲੀਆ ਹਮਲੇ ਦਾ ਇੱਕ ਰਣਨੀਤਕ ਉਦੇਸ਼ ਵੀ ਹੈ, ਅਤੇ ਉਹ ਹੈ ਅਸਾਦ ਦੀਆਂ ਫ਼ੌਜਾਂ ਨੂੰ ਦੋ ਪ੍ਰਮੁੱਖ ਸੀਰੀਅਨ ਸ਼ਹਿਰਾਂ ਦੀ ਰਾਖੀ ਦੀ ਲੜਾਈ ਵਿੱਚ ਦੋ ਵੱਖੋ ਵੱਖਰੇ ਮੁਹਾਜ਼ਾਂ ‘ਤੇ ਉਲਝਾਉਣਾ – ਹਾਮਾ ਤੇ ਅਲੈੱਪੋ, ਜਿਸ ਵਿੱਚ ਇਹ ਬਾਅਦ ਵਾਲਾ ਸ਼ਹਿਰ ਉਹੀ ਹੈ ਜਿਸ ਉੱਪਰ ਕਬਜ਼ੇ ਦੀ ਕੋਸ਼ਿਸ਼ ਅਸਾਦ ਦੀਆਂ ਫ਼ੌਜਾਂ ਪਿਛਲੇ ਕਈ ਮਹੀਨਿਆਂ ਤੋਂ ਕਰ ਰਹੀਆਂ ਹਨ। ਅਸਾਦ ਦੀ ਹਕੂਮਤ ਨੇ ਕਈ ਵਾਰ ਇਹ ਦਾਅਵਾ ਕੀਤਾ ਹੈ ਕਿ ਉਹ ਜਿੱਤ ਦੇ ਬਿਲਕੁਲ ਲਾਗੇ ਹੈ, ਪਰ ਬਾਅਦ ਵਿੱਚ ਉਸ ਨੂੰ ਆਪਣੀ ਅਸਫ਼ਲਤਾ ਹੀ ਕਬੂਲਣੀ ਪਈ ਹੈ।
ਬਸ਼ਾਰ ਅਲ-ਅਸਾਦ ਦੀ ਸੀਰੀਅਨ ਫ਼ੌਜ ਇੱਕ ਵਾਰ ਫ਼ਿਰ ਟੁੱਟਣ ਦੀ ਕਗਾਰ ‘ਤੇ
ਸਾਲ 2015 ਦੌਰਾਨ, ਅਸੀਂ ਕਈ ਵਾਰ ਇਨ੍ਹਾਂ ਕਾਲਮਾਂ ਵਿੱਚ ਇਹ ਗੱਲ ਲਿਖੀ ਸੀ ਕਿ ਸੀਰੀਆ ਦੇ ਰਾਸ਼ਟਰਪਤੀ  ਬਸ਼ਰ ਅਲ-ਅਸਾਦ ਦੀ ਫ਼ੌਜ ਲਗਭਗ ਟੁੱਟਣ ਕੰਢੇ ਹੈ, ਖ਼ਾਸਕਰ ਉਸ ਵਕਤ ਜਦੋਂ ਅਲ-ਅਸਾਦ ਦੀ ਫ਼ੌਜ ਨੂੰ ਕਈ ਮੁਹਾਜ਼ਾਂ ‘ਤੇ ਹਾਰ ਦਾ ਮੂੰਹ ਦੇਖਣਾ ਪੈ ਰਿਹਾ ਸੀ ਅਤੇ ਦੂਸਰੇ ਪਾਸੇ ਕਈ ਫ਼ੌਜੀ ਉਸ ਦੀ ਫ਼ੌਜ ‘ਚੋਂ ਭਗੋੜੇ ਹੋ ਰਹੇ ਸਨ। ਅਲ-ਅਸਾਦ ਦੀਆਂ ਫ਼ੌਜਾਂ ਨੂੰ ਟੁੱਟ-ਭੱਜ ਤੇ ਸ਼ਿਕਸਤ ਤੋਂ ਉਸ ਵਕਤ ਰੂਸ ਦੀ ਹਵਾਈ ਅਤੇ ਜ਼ਮੀਨੀ ਮੁਦਾਖ਼ਲਤ, ਇਰਾਨ ਅਤੇ ਹੇਜ਼ਬੋਲਾਹ ਦੇ ਮੁਜਾਹਿਦਾਂ ਨੇ ਰਲ ਕੇ ਬਚਾਇਆ ਸੀ। ਪਰ, ਲਗਦੈ ਕਿ ਅਲ-ਅਸਾਦ ਦੀ ਸਰਕਾਰ ਧੁਰ ਅੰਦਰ ਤਕ ਗਲੀ ਸੜੀ ਪਈ ਹੈ, ਅਤੇ ਰੂਸੀ ਦਖ਼ਲਅੰਦਾਜ਼ੀ ਨੇ ਅਲ-ਅਸਾਦ ਦੀਆਂ ਫ਼ੌਜਾਂ ਨੂੰ ਕੇਵਲ ਆਰਜ਼ੀ ਰਾਹਤ ਹੀ ਦੁਆਈ ਸੀ ਕਿਉਂਕਿ ਉਸ ਦੀਆਂ ਫ਼ੌਜਾਂ ਇੱਕ ਵਾਰ ਫ਼ਿਰ ਖੇਰੂੰ ਖੇਰੂੰ ਹੋਣ ਕੰਢੇ ਪਹੁੰਚ ਗਈਆਂ ਲਗਦੀਆਂ ਹਨ।
ਮਿਡਈਸਟ ਖਿੱਤੇ ਦੀ ਸਿਆਸਤ ਦੇ ਮਾਹਿਰ ਸਕੌਟ ਲੂਕਸ, ਜੋ ਕਿ ਬਰਮਿੰਘਮ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਹਨ, ਨੇ ਇੱਕ ਟੀ.ਵੀ. ਇੰਟਰਵਿਊ ਵਿੱਚ ਸੀਰੀਆ ਦੀ ਫ਼ੌਜ ਦੀ ਰਣਭੂਮੀ ਵਿੱਚ ਮੌਜੂਦਾ ਹਾਲਾਤ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਦਾ ਕਹਿਣਾ ਸੀ ਕਿ ਹਾਮਾ ‘ਤੇ ਹਮਲੇ ਕਾਰਨ ਅਲ-ਅਸਾਦ ਨੂੰ ਆਪਣੀ ਫ਼ੌਜ ਨੂੰ ਦੋ ਹਿੱਸਿਆਂ ਵਿੱਚ ਵੰਡਣ ‘ਤੇ ਮਜਬੂਰ ਹੋਣਾ ਪੈ ਰਿਹੈ। ਉਸ ਵਲੋਂ ਆਪਣੀ ਬਹੁਤੀ ਫ਼ੌਜ ਸੀਰੀਆ ਦੇ ਮਹੱਤਵਪੂਰਨ ਸ਼ਹਿਰ ਅਲੈੱਪੋ ਦੀ ਰੱਖਿਆ ਲਈ ਲਗਾਈ ਗਈ ਹੈ ਅਤੇ ਬਾਕੀ ਦੀ ਫ਼ੌਜ ਹਾਮਾ ਸ਼ਹਿਰ ਨੂੰ ਬਾਗ਼ੀਆਂ ਦੇ ਹੱਲੇ ਤੋਂ ਬਚਾਉਣ ਲਈ: ”ਜੋ ਕੁਝ ਅਸੀਂ ਬੀਤੇ ਦੋ ਹਫ਼ਤਿਆਂ ਤੋਂ ਦੇਖ ਰਹੇ ਹਾਂ ਉਸ ਤੋਂ ਤਾਂ ਜਾਪਦੈ ਕਿ ਅਲ-ਅਸਾਦ ਦੀ ਸਰਕਾਰ ਹਾਮਾ ਸ਼ਹਿਰ ਨੂੰ ਬਾਗ਼ੀਆਂ ਹੱਥ ਗੁਆ ਬੈਠੇਗੀ ਜੋ ਕਿ ਸੀਰੀਆ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ। ਇੱਥੋਂ ਦੀ ਬਹੁ-ਗਿਣਤੀ ਵਸੋਂ ਸਥਾਨਕ ਹਕੂਮਤ ਦੇ ਖ਼ਿਲਾਫ਼ ਹੈ, ਅਤੇ ਉਸ ਲਈ ਅਸਾਦ ਦੀਆਂ ਫ਼ੌਜਾਂ ਧਾੜਵੀਆਂ ਤੋਂ ਵੱਧ ਹੋਰ ਕੁਝ ਵੀ ਨਹੀਂ।
ਅਸਾਦ ਹਕੂਮਤ ਅਲੈੱਪੋ ਦੇ ਤੋਪਖ਼ਾਨੇ ‘ਤੇ ਕਾਬਜ਼ ਹੋਣ ਲਈ ਸਿਰਤੋੜ ਯਤਨ ਕਰ ਰਹੀ ਹੈ ਅਤੇ ਇਸ ਉਦੇਸ਼ ਤਹਿਤ ਉਹ ਰੂਸ ਦੀ ਮਦਦ ਨਾਲ ਅਲੈੱਪੋ ਸ਼ਹਿਰ ‘ਤੇ ਇੱਕ ਤੋਂ ਬਾਅਦ ਇੱਕ ਲਗਾਤਾਰ ਹਮਲੇ ਬੋਲ ਰਹੀ ਹੈ, ਅਤੇ ਹੋ ਸਕਦਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਉਹ ਇੱਥੇ ਕਿਸੇ ਕਿਸਮ ਦੀ ਜਿੱਤ ਦਾ ਦਾਅਵਾ ਕਰਨ ਵਿੱਚ ਕਾਮਯਾਬ ਵੀ ਹੋ ਜਾਵੇ। ਪਰ ਮਸਲਾ ਇਹ ਹੈ ਕਿ ਉਸ ਨੇ ਇਸ ਵਕਤ ਬਹੁਤ ਸਾਰੇ ਮੁਹਾਜ਼ ਖੋਲ੍ਹੇ ਹੋਏ ਹਨ। ਉਸ ਨੂੰ ਨਾ ਸਿਰਫ਼ ਅਲੈੱਪੋ ਦੇ ਫ਼ਰੰਟ ‘ਤੇ ਸਖ਼ਤ ਮੁਕਾਬਲਾ ਕਰਨਾ ਪੈ ਰਿਹੈ ਸਗੋਂ ਹੁਣ ਉਸ ਨੂੰ ਹਾਮਾ ਸ਼ਹਿਰ ਨੂੰ ਵੀ ਬਾਗ਼ੀਆਂ ਦੇ ਹਮਲੇ ਤੋਂ ਬਚਾਉਣਾ ਪੈ ਰਿਹੈ। ਸਾਨੂੰ ਇਹ ਲਗਭਗ ਇੱਕ ਸਾਲ ਪਹਿਲਾਂ ਹੀ ਪਤਾ ਲੱਗ ਗਿਆ ਸੀ। ਜਦੋਂ ਬਾਗ਼ੀਆਂ ਨੇ ਸੀਰੀਆ ਦੇ ਉੱਤਰ ਪੱਛਮ ਵਿੱਚ ਸਥਿਤ ਪੂਰਾ ਇਦਲਿਬ ਪ੍ਰਾਂਤ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਉਸ ਵਕਤ ਵੀ ਸਭ ਨੂੰ ਇਹ ਸਮਝ ਲੱਗ ਰਹੀ ਸੀ ਕਿ ਅਸਾਦ ਦੀ ਫ਼ੌਜ ਕੋਲ ਸਿਪਾਹੀਆਂ ਦੀ ਕਮੀ ਪੈ ਗਈ ਹੈ ਅਤੇ ਰਾਸ਼ਟਰਪਤੀ ਨੇ ਉਸ ਵਕਤ ਖ਼ੁਦ ਇਹ ਗੱਲ ਜਨਤਕ ਤੌਰ ‘ਤੇ ਮੰਨੀ ਵੀ ਸੀ, ਜਿਵੇਂ ਉਹ ਸੀਰੀਆ ਦੇ ਸ਼ਹਿਰੀਆਂ ਨੂੰ ਇਹ ਚੇਤਾਵਨੀ ਦੇ ਰਿਹਾ ਹੋਵੇ ਕਿ ਉਸ ਦੀ ਫ਼ੌਜ ਸ਼ਿਕਸਤ ਦੀ ਕਗਾਰ ‘ਤੇ ਖੜ੍ਹੀ ਹੈ।
ਉਸ ਵਕਤ ਵੀ ਅਸਾਦ ਹਕੂਮਤ ਨੂੰ ਜਿਸ ਚੀਜ਼ ਨੇ ਬਚਾਇਆ ਸੀ ਉਹ ਸੀ ਰੂਸ ਦੀ ਵੱਡੇ ਪੱਧਰ ‘ਤੇ ਸੀਰੀਆ ਦੀ ਜੰਗ ਵਿੱਚ ਐਂਟਰੀ ਜਿਸ ਵਿੱਚ ਉਸ ਵਲੋਂ ਵੱਡੇ ਪੈਮਾਨੇ ‘ਤੇ ਹਵਾਈ ਸਰਗਰਮੀਆਂ, ਇਰਾਨੀਅਨ ਸਪੈਸ਼ਲ ਯੂਨਿਟਸ ਦੀ ਹਮਾਇਤ, ਹੈਜ਼ਬੋਲਾਹ ਜੰਗਜੂਆਂ ਦੀ ਘੁਸਪੈਠ, ਇਰਾਕੀਆਂ ਤੇ ਅਫ਼ਗ਼ਾਨੀਆਂ ਦੇ ਭਾੜੇ ਦੇ ਵਿਦੇਸ਼ੀ ਸੈਨਿਕਾਂ ਦੀ ਮਦਦ, ਆਦਿ ਕਈ ਕੁਝ ਸ਼ਾਮਿਲ ਸੀ। … ਅਸੀਂ ਇਸ ਵਕਤ ਦਰਅਸਲ ਸੀਰੀਆ ਦੀ ਵਾਸਤਵਿਕ ਵੰਡ ਹੁੰਦੀ ਦੇਖ ਰਹੇ ਹਾਂ। ਛੇਤੀ ਹੀ ਤੁਹਾਡੇ ਸਾਹਮਣੇ ਸੀਰੀਆ ਵਿੱਚ ਕੁਰਦੀਆਂ ਦਾ ਆਪਣਾ ਇੱਕ ਖ਼ੁਦਮੁਖ਼ਤਿਆਰ ਇਲਾਕਾ ਹੋਵੇਗਾ ਕਿਉਂਕਿ ਉਹ ਇਸਲਾਮਿਕ ਸਟੇਟ ਨੂੰ ਆਪਣੇ ਕੁਰਦੀ ਕੰਟਰੋਲ ਵਾਲੇ ਇਲਾਕਿਆਂ ਵਿੱਚੋਂ ਖਦੇੜਨ ਵਿੱਚ ਕਾਮਯਾਬ ਰਹੇ ਹਨ। ਉਹ ਬਾਗ਼ੀ ਜਿਨ੍ਹਾਂ ਨੂੰ ਇਸ ਵਕਤ ਤੁਰਕੀ ਫ਼ੌਜੀ ਹਮਾਇਤ ਪ੍ਰਾਪਤ ਹੈ, ਉੱਤਰੀ ਸੀਰੀਆ ਅਤੇ ਉਸ ਦੇ ਉੱਤਰ-ਪੱਛਮ ਦੇ ਹਿੱਸਿਆਂ ‘ਤੇ ਕਾਬਜ਼ ਹੋ ਜਾਣਗੇ। ਹੁਣ ਅਸਾਦ ਹਕੂਮਤ ਸੀਰੀਆ ਵਿੱਚ ਇੱਕ ਰਾਸ਼ਟਰੀ ਸਰਕਾਰ ਦੀ ਹੋਂਦ ਕਾਇਮ ਨਹੀਂ ਰੱਖ ਸਕੇਗੀ। ਉਸ ਕੋਲ ਸਿਰਫ਼ ਇੱਕੋ ਇੱਕ ਰਾਹ ਇਹੀ ਹੈ ਕਿ ਉਹ ਮੈਡੇਟਰੇਨੀਅਨ ਤੋਂ ਲੈ ਕੇ ਹੋਮਜ਼ ਤੇ ਫ਼ਿਰ ਡਮੈਸਕਸ ਤਕ ਦੀ ਇੱਕ ਸਿੱਧੀ ਲਕੀਰ ਉੱਪਰ ਆਪਣਾ ਕਬਜ਼ਾ ਬਣਾਈ ਰੱਖੇ। ਹੁਣ ਰਾਸ਼ਟਰਪਤੀ ਬਸ਼ਰ ਅਲ-ਅਸਾਦ ਪੂਰੇ ਸੀਰੀਆ ‘ਤੇ ਹਕੂਮਤ ਕਰਨ ਬਾਰੇ ਤਾਂ ਨਹੀਂ ਸੋਚ ਸਕਦਾ ਪਰ ਸੀਰੀਆ ਦੇ ਕੁਝ ਹਿੱਸੇ ਨੂੰ ਆਪਣੇ ਕਬਜ਼ੇ ਵਿੱਚ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰ ਸਕਦਾ ਹੈ।

LEAVE A REPLY