ਘੁੱਗੀ ਨੇ ਖੋਲ੍ਹਿਆ ਕਨਵੀਨਰਸ਼ਿਪ ਮਿਲਣ ਦਾ ਰਾਜ਼

3ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਨਵੇਂ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਪਾਰਟੀ ਵੱਲੋਂ ਇੰਨੀ ਵੱਡੀ ਜ਼ਿੰਮੇਵਾਰੀ ਸੌਂਪੇ ਜਾਣ ਦੀ ਉਮੀਦ ਨਹੀਂ ਸੀ। ਗੁਰਪ੍ਰੀਤ ਘੁੱਗੀ ਨੇ ਆਖਿਆ ਕਿ ਉਨ੍ਹਾਂ ਨੂੰ ਮੀਡੀਆ ਤੋਂ ਹੀ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਕਨਵੀਨਰ ਬਣਾ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਪਾਰਟੀ ਨੇ ਜੋ ਜ਼ਿੰਮੇਵਾਰੀ ਉਨ੍ਹਾਂ ਦਿੱਤੀ ਹੈ, ਉਸ ਉੱਤੇ ਉਹ ਖਰਾ ਉੱਤਰਨ ਦੀ ਕੋਸ਼ਿਸ਼ ਕਰਨਗੇ।
ਪਾਰਟੀ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਬਾਰੇ ਬੋਲਦਿਆਂ ਘੁੱਗੀ ਨੇ ਆਖਿਆ ਕਿ ਕੁਝ ਲੋਕ ਨਿੱਜੀ ਫ਼ਾਇਦੇ ਲਈ ਪਾਰਟੀ ਵਿੱਚ ਸ਼ਾਮਲ ਹੁੰਦੇ ਹਨ। ਉਨ੍ਹਾਂ ਨੂੰ ਜਦੋਂ ਕੁਝ ਨਹੀਂ ਮਿਲਦਾ ਤਾਂ ਉਹ ਪਾਰਟੀ ਖ਼ਿਲਾਫ਼ ਝੂਠਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਆਖਿਆ ਕਿ ਸੁੱਚਾ ਸਿੰਘ ਛੋਟੇਪੁਰ ਦੀ ਪੰਜਾਬ ਪਰਿਵਰਤਨ ਯਾਤਰਾ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪਵੇਗਾ।
ਬੀਜੇਪੀ ਦੇ ਸਾਬਕਾ ਆਗੂ ਨਵਜੋਤ ਸਿੰਘ ਸਿੱਧੂ ਦੇ ਨਵੇਂ ਫ਼ਰੰਟ ਦੇ ਮੁੱਦੇ ਉੱਤੇ ਬੋਲਦਿਆਂ ਘੁੱਗੀ ਨੇ ਆਖਿਆ ਕਿ ਇਸ ਦੇ ਆਗੂ ਪੰਜਾਬ ਦੇ ਹਿਤਾਂ ਦੀ ਗੱਲ ਕਰਦੇ ਹਨ ਪਰ ਚੰਗਾ ਹੋਵੇ ਜੇਕਰ ਉਹ ਸੂਬੇ ਲਈ ਕੰਮ ਕਰਨ। ਉਨ੍ਹਾਂ ਆਖਿਆ ਕਿ ਜੇਕਰ ਉਹ ਸਹੀ ਤਰੀਕੇ ਨਾਲ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਵਿਕਲਪ ਆਮ ਆਦਮੀ ਪਾਰਟੀ ਹੈ। ਗੁਰਪ੍ਰੀਤ ਘੁੱਗੀ ਨੇ ਆਖਿਆ ਕਿ ਜਿਸ ਵੀ ਸੀਟ ਉੱਤੇ ਪਾਰਟੀ ਉਨ੍ਹਾਂ ਨੂੰ ਚੋਣ ਲੜਨ ਦੀ ਆਖੇਗੀ, ਉਹ ਉੱਥੋਂ ਚੋਣ ਲੜਨਗੇ। ਗੁਰਪ੍ਰੀਤ ਸਿੰਘ ਘੁੱਗੀ ਦੇ ਇਸ ਬਿਆਨ ਨਾਲ ਸਪਸ਼ਟ ਹੋ ਗਿਆ ਹੈ ਕਿ ਉਹ ਵਿਧਾਨ ਸਭਾ ਚੋਣਾਂ ਲੜਨ ਦੇ ਇੱਛਕ ਹਨ।

LEAVE A REPLY