ਆਸ਼ਾ ਕੁਮਾਰੀ ਤੇ ਕੈਪਟਨ ਦੀ ਹਾਜ਼ਰੀ ‘ਚ ਚੰਨੀ ਤੇ ਹੰਸ ਆਪਸ ‘ਚ ਉਲਝੇ

5ਚੰਡੀਗੜ੍ਹ  : ਅੱਜ ਪੰਜਾਬ ਕਾਂਗਰਸ ਵਲੋਂ ਐਸ.ਸੀ ਸੈਲ ਦੀ ਕਰਾਈ ਜਾ ਰਹੀ ਕਾਨਫਰੰਸ ਵਿਚ ਉਸ ਸਮੇਂ ਹੰਗਾਮਾ ਮਚ ਗਿਆ, ਜਦੋਂ ਕਾਂਗਰਸ ਵਿਧਾਇਕ ਦਲ ਦੇ ਲੀਡਰ ਚਰਨਜੀਤ ਸਿੰਘ ਚੰਨੀ ਅਤੇ ਸੀਨੀਅਰ ਕਾਂਗਰਸੀ ਲੀਡਰ ਤੇ ਉਘੇ ਗਾਇਕ ਹੰਸ ਰਾਜ ਹੰਸ ਆਪਸ ਵਿਚ ਉਲਝ ਗਏ। ਪੰਗਾ ਉਦੋਂ ਖੜ੍ਹਾ ਹੋਇਆ, ਜਦੋਂ ਸ. ਚੰਨੀ ਨੇ ਆਪਣੇ ਭਾਸ਼ਣ ਦੌਰਾਨ ਇਹ ਕਹਿ ਦਿੱਤਾ ਕਿ ਕਾਂਗਰਸ ਪਾਰਟੀ ਸਾਰੇ ਵਰਗਾਂ ਨੂੰ ਨਾਲ ਲੈ ਕੇ ਚਲਦੀ ਹੈ। ਜਿਸ ‘ਤੇ ਹੰਸ ਰਾਜ ਹੰਸ ਭੜਕ ਗਏ ਤੇ ਸਟੇਜ ‘ਤੇ ਖੜ੍ਹ ਕੇ ਉਚੀ-ਉਚੀ ਕਹਿਣ ਲੱਗ ਪਏ ਕਿ ਸ. ਚੰਨੀ ਝੂਠ ਬੋਲ ਰਹੇ ਹਨ ਕਿਉਂਕਿ ਉਹਨਾਂ ਨੂੰ ਰਾਜ ਸਭਾ ਮੈਂਬਰ ਬਣਾਉਣ ਵੇਲੇ ਇਸ ਕਰਕੇ ਹੀ ਨਾਂਹ ਕੀਤੀ ਗਈ ਸੀ ਕਿ ਉਹ ਬਾਲਮੀਕ ਸਮਾਜ ਨਾਲ ਸਬੰਧ ਰੱਖਦੇ ਹਨ।
ਇਸ ਦੌਰਾਨ ਸ੍ਰੀ ਹੰਸ ਦੇ ਬਾਲਮੀਕ ਵਰਗ ਦੇ ਹਮਾਇਤੀ ਉਹਨਾਂ ਦੇ ਹੱਕ ਵਿਚ ਨਾਅਰੇ ਲਾਉਣ ਲੱਗ ਪਏ, ਜਦੋਂ ਕਿ ਰਵੀਦਾਸ ਵਰਗ ਨਾਲ ਸਬੰਧਤ ਵਰਕਰਾਂ ਨੇ ਵੀ ਆਪਣੇ ਹੱਕ ਵਿਚ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਦੋਨਾਂ ਵਰਗਾਂ ਦੇ ਵਰਕਰ ਆਪਸ ਵਿਚ ਉਲਝਦੇ ਵੀ ਦੇਖੇ ਗਏ।
ਇਸ ਮੌਕੇ ਸਟੇਜ ‘ਤੇ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਸ੍ਰੀਮਤੀ ਆਸ਼ਾ ਕੁਮਾਰੀ ਤੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ ਹੋਰਨਾਂ ਲੀਡਰਾਂ ਸਮੇਤ ਹਾਜ਼ਰ ਸਨ। ਸਾਰੀ ਲੀਡਰਸ਼ਿਪ ਤੇ ਵਰਕਰ ਉਸ ਵੇਲੇ ਹੰਸ ਰਾਜ ਹੰਸ ਦੇ ਇਸ ਅਣਕਿਆਸੇ ਵਤੀਰੇ ਤੋਂ ਹੱਕੇ-ਬੱਕੇ ਰਹਿ ਗਏ ਜਦੋਂ ਗਾਇਕੀ ਵਿਚ ਸੂਫੀ ਗਾਇਕ ਕਹਾਉਣ ਵਾਲੇ ਹੰਸ ਰਾਜ ਹੰਸ ਨਾਅਰੇਬਾਜ਼ੀ ਕਰਦੇ ਹੋਏ ਸਟੇਜ਼ ਤੋਂ ਛਾਲ ਮਾਰ ਕੇ ਥੱਲੇ ਆਪਣੇ ਵਰਕਰਾਂ ਵਿਚ ਚਲੇ ਗਏ।

LEAVE A REPLY