ਚੰਡੀਗੜ੍ਹ: ਕਾਂਗਰਸ ਪਾਰਟੀ ਦੀ ਸਰਕਾਰ ਬਣਨ ‘ਤੇ ਸੂਬੇ ‘ਚੋਂ ਲਾਲ ਬੱਤੀ ਤੇ ਵੀ.ਆਈ.ਪੀ. ਕਲਚਰ ਖ਼ਤਮ ਕੀਤਾ ਜਾਵੇਗਾ। ਇਸ ਬਾਰੇ ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਵੀ ਪੂਰੀ ਤਰ੍ਹਾਂ ਸਹਿਮਤ ਹਨ। ਇਹ ਗੱਲ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਤੇ ਮੈਨੀਫੈਸਟੋ ਕਮੇਟੀ ਦੇ ਕਨਵੀਨਰ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ।
ਉਨ੍ਹਾਂ ਕਿਹਾ ਕਿ ਹੁਣ ਪੁਰਾਣਾ ਦੌਰ ਜਾ ਚੁੱਕਾ ਹੈ ਤੇ ਲੋਕ ਇਨ੍ਹਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ। ਇਸ ਲਈ ਪੂਰੀ ਰਾਜਨੀਤੀ ‘ਚੋਂ ਇਹ ਸੱਭਿਆਚਾਰ ਖ਼ਤਮ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਚੋਣ ਕਮਿਸ਼ਨ ਨੂੰ ਅਪੀਲ ਕਰਦੇ ਹਨ ਕਿ ਹਰ ਪਾਰਟੀ ਦਾ ਮੈਨੀਫੈਸਟੋ ਕਾਨੂੰਨੀ ਦਸਤਾਵੇਜ਼ ਬਣੇ। ਉਨ੍ਹਾਂ ਕਿਹਾ ਕਿ ਜਿਹੜੀ ਵੀ ਪਾਰਟੀ ਚੋਣ ਮਨੋਰਥ ਪੱਤਰ ਨੂੰ ਲਾਗੂ ਨਾ ਕਰੇ ਉਸ ‘ਤੇ ਕਾਰਵਾਈ ਹੋਵੇ।
ਬਾਦਲ ਨੇ ਕਿਹਾ ਕਿ ਪੰਜਾਬ ਕਾਂਗਰਸ ਨੂੰ ਚੌਥੇ ਫਰੰਟ ਦੇ ਆਉਣ ਨਾਲ ਕੋਈ ਫਰਕ ਨਹੀਂ ਪਵੇਗਾ ਕਿਉਂਕਿ ਕਾਂਗਰਸ ਦਾ ਆਪਣਾ ਵੋਟ ਬੈਂਕ ਹੈ। ਉਨ੍ਹਾਂ ਕਿਹਾ ਲੋਕਤੰਤਰ ‘ਚ ਹਰ ਨਵੀਂ ਪਾਰਟੀ ਦਾ ਸਵਾਗਤ ਹੋਣਾ ਚਾਹੀਦਾ ਹੈ। ਲੋਕਤੰਤਰ ਦੀ ਇਹੀ ਮਜ਼ਬੂਤੀ ਹੈ ਕਿ ਹਰ ਪਾਰਟੀ ‘ਤੇ ਆਪਣੇ ਵਿਚਾਰ ਰੱਖ ਸਕਦਾ ਹੈ।
ਉਨ੍ਹਾਂ ਕਿਹਾ ਕਿ ਉਹ ਚੋਣ ਲੜਨ ਜਾ ਰਹੇ ਹਨ ਤੇ ਪਾਰਟੀ ਜਿਸ ਹਲਕੇ ਤੋਂ ਚੋਣ ਕਹੇਗੀ ਉਹ ਉੱਥੋਂ ਹੀ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦਾ ਬਹੁਤ ਖ਼ਿਲਾਰਾ ਪਿਆ ਹੋਇਆ ਹੈ ਤੇ ਇਸ ਕਰਕੇ ਪੰਜਾਬ ਦਾ ‘ਆਪ’ ਦਾ ਕੁਝ ਨਹੀਂ ਬਣੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੇ ਨਾਲ ਹਨ ਤੇ ਸੂਬੇ ‘ਚ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਬਣੇਗੀ।