ਭਗਵੰਤ ਮਾਨ ਦੀ ਜਾਨ ਨੂੰ ਖ਼ਤਰਾ

3ਚੰਡੀਗੜ੍ਹ: ਮਲੋਟ ਵਿੱਚ ਭਗਵੰਤ ਮਾਨ ਦੀ ਚੱਲ ਰਹੀ ਰੈਲੀ ਵਿੱਚ ਕੁਝ ਕਥਿਤ ਅਕਾਲੀ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ‘ਤੇ ਕੀਤੇ ਗਏ ਹਮਲੇ ਤੋਂ ਬਾਅਦ ਭਗਵੰਤ ਮਾਨ ਰੈਲੀਆਂ ਵਿੱਚੋਂ ਗਾਇਬ ਹੋ ਗਏ ਹਨ। ਦਰਅਸਲ ਅੱਜ ਆਮ ਆਦਮੀ ਪਾਰਟੀ ਦੀ ਫਤਹਿਗੜ੍ਹ ਚੂੜੀਆਂ ਵਿੱਚ ਰੈਲੀ ਚੱਲ ਰਹੀ ਹੈ। ਇਸ ਵਿੱਚ ਭਗਵੰਤ ਮਾਨ ਨੇ ਵੀ ਸ਼ਾਮਲ ਹੋਣਾ ਸੀ ਪਰ ਰੈਲੀ ਸ਼ੁਰੂ ਹੋਣ ਤੋਂ ਬਾਅਦ ਵੀ ਭਗਵੰਤ ਰੈਲੀ ਵਿੱਚ ਨਹੀਂ ਪੁੱਜੇ ਹਨ।
ਸੂਤਰਾਂ ਮੁਤਾਬਕ, ਪੰਜਾਬ ਪੁਲਿਸ ਦੇ ਕਿਸੇ ਅਫਸਰ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਸੂਚਿਤ ਕੀਤਾ ਸੀ ਕਿ ਭਗਵੰਤ ਮਾਨ ਦੀ ਜਾਨ ਨੂੰ ਖ਼ਤਰਾ ਹੈ। ਰੈਲੀ ਦੌਰਾਨ ਭਗਵੰਤ ਮਾਨ ‘ਤੇ ਜਾਨਲੇਵਾ ਹਮਲਾ ਹੋ ਸਕਦਾ ਹੈ। ਇਸ ਦੇ ਚੱਲਦੇ ਹੀ ਸ਼ੁੱਕਰਵਾਰ ਨੂੰ ਹੋਣ ਵਾਲੀਆਂ ਭਗਵੰਤ ਮਾਨ ਦੀਆਂ ਤਿੰਨ ਰੈਲੀਆਂ ਕੈਂਸਲ ਕਰ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਸ਼ਨੀਵਾਰ ਨੂੰ ਭਗਵੰਤ ਮਾਨ ਦੀਆਂ ਦੋ ਰੈਲੀਆਂ ਫਾਜ਼ਿਲਕਾ ਤੇ ਮਲੋਟ ਵਿੱਚ ਸਨ।
ਫਾਜ਼ਿਲਕਾ ਵਿੱਚ ਹੀ ਮਾਨ ਦੀ ਰੈਲੀ ਵਿੱਚ ਵੱਡਾ ਇਕੱਠ ਹੋਇਆ ਸੀ ਤੇ ਮਲੋਟ ਵਿੱਚ ਵੀ ਪਰ ਮਾਨ ਜਦੋਂ ਮਲੋਟ ਵਿੱਚ ਰੈਲੀ ਕਰ ਰਹੇ ਸਨ ਤਾਂ ਉਨ੍ਹਾਂ ਦੀ ਰੈਲੀ ਵਿੱਚ ਕੁਝ ਅਕਾਲੀ ਵਰਕਰਾਂ ਨੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਕੁਰਸੀਆਂ, ਇੱਟਾਂ-ਪੱਥਰ ਵੀ ਚਲਾਏ। ਇਹ ਹੀ ਨਹੀਂ ਸਗੋਂ ਇਸ ਝੜਪ ਦੌਰਾਨ ਤਲਵਾਰਾਂ ਵੀ ਚੱਲੀਆਂ ਸਨ। ਇਸ ਦੌਰਾਨ ਕਈ ‘ਆਪ’ ਵਰਕਰ ਜ਼ਖਮੀ ਹੋ ਗਏ ਸਨ। ਇੱਕ ਵਰਕਰ ਦੇ ਸਿਰ ਵਿੱਚ ਤਲਵਾਰ ਲੱਗੀ ਸੀ, ਜਿਸ ਨੂੰ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਸੀ।
ਇਸ ਘਟਨਾ ਤੋਂ ਬਾਅਦ ਭਗਵੰਤ ਮਾਨ ਨੂੰ ਰੈਲੀ ਤੋਂ ਸੁਰੱਖਿਅਤ ਕੱਢ ਲਿਆ ਗਿਆ ਸੀ। ਘਟਨਾ ਤੋਂ ਬਾਅਦ ਭਗਵੰਤ ਮਾਨ ਨੇ ਆਪਣੇ ਫੇਸਬੁੱਕ ‘ਤੇ ਲਾਈਵ ਵੀਡੀਓ ਰਾਹੀਂ ਇਸ ਹਮਲੇ ਦੀ ਜਾਣਕਾਰੀ ਦਿੱਤੀ ਸੀ। ਨਾਲ ਹੀ ਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਹਮਲੇ ਬਾਰੇ ਸੰਕੇਤ ਦੇ ਦਿੱਤੇ ਗਏ ਸਨ। ਮਾਨ ਨੇ ਵੀਡੀਓ ਵਿੱਚ ਮੰਨਿਆ ਹੈ ਕਿ ਇਸ ਦੇ ਚੱਲਦੇ ਹੀ ਉਨ੍ਹਾਂ ਸ਼ੁੱਕਰਵਾਰ ਨੂੰ ਉਨ੍ਹਾਂ ਦੀਆਂ ਤਿੰਨ ਰੈਲੀਆਂ ਕੈਂਸਲ ਕਰ ਦਿੱਤੀਆਂ ਗਈਆਂ ਸਨ।ਪਰ ਦੂਜੇ ਪਾਸੇ ਗੁਰਪ੍ਰੀਤ ਘੁੱਗੀ ਨੇ ਫਤਿਹਗੜ੍ਹ ਚੂੜੀਆਂ ਵਿੱਚ ਰੈਲੀ ਦੌਰਾਣ ਕਿਹਾ ਕਿ ਭਗਵੰਤ ਮਾਨ ਬੀਤੇ ਕੱਲ ਪਾਰਟੀ ਵਰਕਰਾਂ ‘ਤੇ ਹੋਏ ਹਮਲੇ ਦੇ ਮਾਮਲੇ ਵਿੱਚ ਪੁਲਿਸ ਅਫਸਰਾਂ ਨੂੰ ਮਿਲ ਰਹੇ ਹਨ। ਜਿਸ ਕਾਰਨ ਉਹ ਅੱਜ ਰੈਲੀ ਵਿੱਚ ਨਹੀਂ ਆ ਸਕੇ।

LEAVE A REPLY