ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਸੁੱਚਾ ਸਿੰਘ ਛੋਟੇਪੁਰ ਨੂੰ ਹਟਾਏ ਜਾਣ ਤੋਂ ਬਾਅਦ ਹੋਏ ਭਾਰੀ ਨੁਕਸਾਨ ਦੀ ਪਵਾਹ ਨਾ ਕਰਦੇ ਹੋਏ ਅਗਲੇ ਹਫ਼ਤ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦੀਆਂ ਤਿਆਰੀਆਂ ਬੜੇ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਲੀਡਰਾਂ ਦਾ ਵਿਚਾਰ ਹੈ ਕਿ ਜਦੋਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਪੰਜਾਬ ਆਉਣਗੇ ਤਾਂ ਪਿਛਲੇ ਦਿਨਾਂ ‘ਚ ਹੋਏ ਨੁਕਸਾਨ ਦੀ ਭਰਪਾਈ ਆਪਣੇ ਆਪ ਹੋ ਜਾਵੇਗੀ।
ਪ੍ਰਾਪਤ ਜਾਣਕਾਰ ਅਨੁਸਾਰ ਪਾਰਟੀ 11 ਸਤੰਬਰ ਨੂੰ ਮੋਗਾ ਵਿਖੇ ਵਿਸ਼ਾਲ ਇਕੱਠ ਕਰਕੇ ਇਸ ਰੈਲੀ ਨੂੰ ਇਤਿਹਾਸਕ ਬਣਾਉਣਾ ਚਾਹੁੰਦੀ ਹੈ। ਇਸ ਦਿਨ ਕੇਜਰੀਵਾਲ ਕਿਸਾਨ ਮੈਨੀਫੈਸਟੋ ਜਾਰੀ ਕਰਨਗੇ, ਜਿਸ ਮੌਕੇ ਹੋਏ ਭਾਰੀ ਇਕੱਠ ਤੋਂ ਉਹ ਆਪਣੇ ਵਿਰੋਧੀਆਂ ਦਾ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕਰਨਗੇ, ਜੋ ਕਹਿ ਰਹੇ ਹਨ ਕਿ ਹੁਣ ਆਮ ਆਦਮੀ ਪਾਰਟੀ ਦਾ ਪੰਜਾਬ ਵਿਚ ਆਧਾਰ ਖ਼ਤਮ ਹੋ ਰਿਹਾ ਹੈ। ਆਮ ਆਦਮੀ ਪਾਰਟੀ ਦਾ ਮੋਗਾ ਰੈਲੀ ਵਿਚ 50-60 ਹਜ਼ਾਰ ਵਰਕਰਾਂ ਦਾ ਇਕੱਠ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਸ ਸਬੰਧੀ ਸਭ ਛੋਟੇ-ਵੱਡੇ ਲੀਡਰਾਂ ਨੂੰ ਵੱਧ ਤੋਂ ਵੱਧ ਵਲੰਟੀਅਰਾਂ ਨੂੰ ਮੋਗੇ ਪਹੁੰਚਾਉਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।