ਸ਼ੰਘਾਈ—ਕੈਨੇਡੀਅਨ ਸਰਕਾਰ ਚੀਨ ‘ਚ ਸੱਤ ਵਾਧੂ ਵੀਜ਼ਾ ਆਪਲੀਕੇਸ਼ਨ ਸੈਂਟਰ ਖੋਲ੍ਹਣ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਸਰਕਾਰ ਨੇ, ਕੈਨੇਡਾ ਬਾਰੇ ਜਾਨਣ ਦੇ ਚਾਹਵਾਨ ਚੀਨੀ ਸੈਲਾਨੀਆਂ ਦੀ ਵਧਦੀ ਗਿਣਤੀ ਨੂੰ ਧਿਆਨ ‘ਚ ਰੱਖਦਿਆਂ ਕੀਤਾ ਹੈ। ਵੀਰਵਾਰ ਨੂੰ ਇੱਕ ਸਾਂਝੇ ਬਿਆਨ ‘ਚ ਦੋਵਾਂ ਦੇਸ਼ਾਂ ਨੇ ਇਸ ਤਰ੍ਹਾਂ ਦੇ ਕਰਾਰ ਦੀ ਪੁਸ਼ਟੀ ਕੀਤੀ।
ਜਾਣਕਾਰੀ ਮੁਤਾਬਕ ਦੋ ਦਿਨ ਤੋਂ ਟਰੂਡੋ ਬੀਜਿੰਗ ਦੇ ਦੌਰੇ ‘ਤੇ ਹਨ। ਇਨ੍ਹਾਂ ਦਿਨਾਂ ‘ਚ ਟਰੂਡੋ ਨੇ ਚੀਨੀ ਆਗੂਆਂ, ਜਿਨ੍ਹਾਂ ‘ਚ ਰਾਸ਼ਟਰਪਤੀ ਜੀ ਜ਼ਿਨਪਿੰਗ ਤੇ ਪ੍ਰੀਮੀਅਰ ਲੀ ਕੇਕਿਆਂਗ ਵੀ ਸ਼ਾਮਲ ਸਨ, ਨਾਲ ਉੱਚ ਪੱਧਰੀ ਮੁਲਾਕਾਤ ਕੀਤੀ। ਇਸ ਸਮੇਂ ਟਰੂਡੋ ਕਾਰੋਬਾਰੀ ਤੇ ਸੱਭਿਆਚਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਚੀਨ ਦੇ ਦੌਰੇ ‘ਤੇ ਹਨ। ਚੀਨ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਅਰਥਚਾਰਾ ਹੈ ਤੇ ਮੱਧ ਵਰਗ ਦੀ ਸਥਿਤੀ ਵੀ ਇੱਥੇ ਸੁਧਰ ਰਹੀ ਹੈ।
ਵੀਰਵਾਰ ਨੂੰ ਸਰਕਾਰ ਨੇ ਐਲਾਨ ਕੀਤਾ ਕਿ ਕੈਨੇਡੀਅਨ ਤੇ ਚੀਨੀ ਕੰਪਨੀਆਂ ਵੱਲੋਂ 1.2 ਬਿਲੀਅਨ ਡਾਲਰ ਦੇ 56 ਨਵੇਂ ਕਮਰਸ਼ੀਅਲ ਕਾਂਟਰੈਕਟ ਤੇ ਸਮਝੌਤਿਆਂ ‘ਤੇ ਸਹੀ ਪਾਈ ਗਈ। ਇਸ ਤੋਂ ਇਲਾਵਾ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਕੇ ਨਜ਼ਦੀਕੀ ਸੰਬੰਧ ਸਥਾਪਿਤ ਕਰਨਾ ਵੀ ਸਰਕਾਰ ਦੀ ਯੋਜਨਾ ਦਾ ਹਿੱਸਾ ਹੈ। ਚੀਨ ‘ਚ ਕੈਨੇਡੀਅਨ ਸਫੀਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੁਣ ਤੱਕ ਚੀਨੀ ਸੈਲਾਨੀਆਂ ਲਈ ਵੀਜ਼ਾ ਆਫਿਸਿਜ਼ ਸਿਰਫ ਉਨ੍ਹਾਂ ਸ਼ਹਿਰਾਂ ਤੱਕ ਹੀ ਸੀਮਤ ਸਨ, ਜਿੱਥੇ ਕੈਨੇਡਾ ਦੀ ਕੂਟਨੀਤਕ ਪੱਧਰ ‘ਤੇ ਮੌਜੂਦਗੀ ਸੀ।
ਗ੍ਰੇਟ ਵਾਲ ਆਫ ਚਾਈਨਾ ‘ਤੇ ਟਰੂਡੋ ਨਾਲ ਪਹੁੰਚੇ ਗਾਇ ਸੇਂਟ ਜੈਕੁਅਸ ਨੇ ਆਖਿਆ ਕਿ ਦੋਵੇਂ ਦੇਸ਼ ਚੀਨੀ ਦੇ ਨੈਸ਼ਨਲ ਪਾਰਕਾਂ ਦੇ ਵਿਕਾਸ ਲਈ ਸਹਿਯੋਗ ਦੇਣ ਲਈ ਤਿਆਰ ਹਨ ਤੇ ਇਹ ਵੀ ਚੰਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਟਰੂਡੋ ਆਪਣੇ ਚੀਨ ਦੌਰੇ ਦੌਰਾਨ ਇਸ ਦਾ ਪ੍ਰਚਾਰ ਕਰ ਰਹੇ ਹਨ। ਵੀਰਵਾਰ ਸ਼ਾਮ ਨੂੰ ਟਰੂਡੋ ਦੇ ਸ਼ੰਘਾਈ ਦੇ ਦੱਖਣ ਵੱਲ ਰਵਾਨਾ ਹੋਣ ਦੀ ਯੋਜਨਾ ਹੈ।