dar-300x111-300x111ਚੰਡੀਗੜ੍ਹ: ਆਮ ਆਦਮੀ ਪਾਰਟੀ ਵਿੱਚ ਜਿਸ ਪ੍ਰਕਾਰ ਸੂਬਾ ਇਕਾਈ ਦੇ ਕਨਵੀਨਰ ਸ੍ਰ. ਸੁੱਚਾ ਸਿੰਘ ਛੋਟੇਪੁਰ ਦੀ ਫ਼ਜ਼ੀਹਤ ਹੋ ਰਹੀ ਹੈ ਉਸ ਨੂੰ ਦੇਖਦੇ ਹੋਏ ਇਸ ਆਗੂ ਵਲੋਂ ਆਪਣੇ ਨਵੇਂ ਸਿਆਸੀ ਭਵਿੱਖ ਲਈ ਨਵੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਹਾਲਾਂਕਿ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸ੍ਰ. ਛੋਟੇਪੁਰ ਦੀ ਇਸ ਹਾਲਾਤ ਨੂੰ ਦੇਖਦੇ ਹੋਏ ਕਾਂਗਰਸ ਵਿੱਚ ਆਉਣ ਦਾ ਸੱਦਾ ਦਿੱਤਾ ਹੈ, ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਸੂਤਰਾਂ ਨੇ ਦੱਸਿਆ ਹੈ ਕਿ ਛੋਟੇਪੁਰ ਅਕਾਲੀ ਲੀਡਰਸ਼ਿਪ ਦੇ ਸੰਪਰਕ ਵਿੱਚ ਹਨ। ਇਥੇ ਇਹ ਗੱਲ ਦੱਸਣਯੋਗ ਹੈ ਕਿ ਸਿਆਸਤ ਵਿੱਚ ਦੋਸਤ ਅਤੇ ਦੁਸ਼ਮਣ ਵਿਚਾਲੇ ਇੱਕ ਵਾਲ ਜਿੰਨਾਂ ਹੀ ਫ਼ਾਸਲਾ ਹੁੰਦਾ ਹੈ।
ਸ੍ਰ. ਛੋਟੇਪੁਰ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਸਥਾਪਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਉਹ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਲੋਕ ਸਭਾ ਦੀ ਚੋਣ ਵੀ ਲੜ ਚੁੱਕੇ ਹਨ, ਪਰ ਉਨ੍ਹਾਂ ਦਾ ਪਿਛੋਕੜ ਅਕਾਲੀ ਦਲ ਦਾ ਹੈ। ਉਹ ਭਾਵੇਂ ਕਿ ਸ੍ਰ. ਸਿਮਰਨਜੀਤ ਸਿੰਘ ਮਾਨ ਦੇ ਨਜ਼ਦੀਕੀ ਰਹੇ, ਪਰ ਉਹ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਵੀ ਨਜ਼ਦੀਕੀ ਰਹੇ ਹਨ। ਪਿਛਲੇ ਦਿਨੀਂ ਆਮ ਆਦਮੀ ਪਾਰਟੀ ਨੇ ਜਿਹੜੀਆਂ ਉਮੀਦਵਾਰਾਂ ਦੀਆਂ ਦੋ ਲਿਸਟਾਂ ਜਾਰੀ ਕੀਤੀਆਂ ਉਨ੍ਹਾਂ ਵਿੱਚ ਇੱਕ ਵਾਰ ਫ਼ਿਰ ਉਨ੍ਹਾਂ ਦੇ ਸਮਰਥਕਾਂ ਜਾਂ ਖ਼ੁਦ ਛੋਟੇਪੁਰ ਨੂੰ ਵੀ ਮਹੱਤਵ ਨਹੀਂ ਦਿੱਤਾ ਗਿਆ। ਇਸ ਕਾਰਨ ਸ੍ਰ. ਛੋਟੇਪੁਰ ਦਾ ਧੜਾ ਇਸ ਸਮੇਂ ਆਮ ਆਦਮੀ ਪਾਰਟੀ ਤੋਂ ਪੂਰੀ ਤਰ੍ਹਾਂ ਨਾਲ ਨਾਰਾਜ਼ ਹੈ। ਕੋਈ ਵੀ ਮਹੱਤਵਪੂਰਨ ਸਮਾਗਮ ਹੋਵੇ ਉਸ ਵਿੱਚ ਛੋਟੇਪੁਰ ਨਹੀਂ ਪੁੱਜ ਰਹੇ। ਦੋਨੋਂ ਲਿਸਟਾਂ ਜਾਰੀ ਹੋਣ ਮੌਕੇ ਵੀ ਉਹ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ। ਪਹਿਲੀ ਲਿਸਟ ਜਾਰੀ ਹੋਣ ਉਪਰੰਤ ਜਦੋਂ ਉਨ੍ਹਾਂ ਦੇ ਸਮਰਥਕਾਂ ਨੂੰ ਤਰਜੀਹ ਨਹੀਂ ਦਿੱਤੀ ਗਈ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਹਿਮਾਚਲ ਤੋਂ ਵਾਪਸ ਆਉਣਗੇ ਤਾਂ ਉਹ ਉਨ੍ਹਾਂ ਨਾਲ ਉਮੀਦਵਾਰਾਂ ਦੀ ਲਿਸਟ ਦੇ ਸਬੰਧ ਵਿੱਚ ਗੱਲਬਾਤ ਕਰਨਗੇ, ਪਰ ਕੇਜਰੀਵਾਲ ਨੇ ਛੋਟੇਪੁਰ ਨੂੰ ਗੱਲਬਾਤ ਲਈ ਨਹੀਂ ਸੱਦਿਆ। ਆਮ ਆਦਮੀ ਪਾਰਟੀ ਵਲੋਂ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਛੋਟੇਪੁਰ ਦੇ ਵਤੀਰੇ ਨੂੰ ਦੇਖਦੇ ਹੋਏ ਉਨ੍ਹਾਂ ਖ਼ਿਲਾਫ਼ ਅਨੁਸਾਸ਼ਨੀ ਕਾਰਵਾਈ ਵੀ ਹੋ ਸਕਦੀ ਹੈ। ਹਾਲਾਂਕਿ ਛੋਟੇਪੁਰ ਨੇ ਇਹ ਵੀ ਕਿਹਾ ਹੈ ਕਿ ਉਹ ਪਾਰਟੀ ਤੋਂ ਅਸਤੀਫ਼ਾ ਨਹੀਂ ਦੇਣਗੇ, ਪਰ ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਉਤਪੰਨ ਹੋ ਰਹੀਆਂ ਹਨ ਉਨ੍ਹਾਂ ਨੂੰ ਦੇਖਦੇ ਹੋਏ ਅਜਿਹਾ ਹੀ ਜਾਪਦਾ ਹੈ ਕਿ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਵਲੋਂ ਸ੍ਰ. ਛੋਟੇਪੁਰ ਖ਼ਿਲਾਫ਼ ਇੱਕ ਵੱਡੀ ਸਾਜਿਸ਼ ਚੱਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ‘ਤੇਲ ਦੇਖੋ, ਤੇਲ ਦੀ ਧਾਰ ਦੇਖੋ’ ਵਾਲੀ ਨੀਤੀ ਅਪਨਾ ਰਿਹਾ ਹੈ, ਅਤੇ ਉਸ ਵਲੋਂ ਹੁਣ ਪ੍ਰਸਥਿਤੀਆਂ ਦਾ ਲਾਭ ਹਾਸਲ ਕਰਨ ਦੇ ਲਈ ਵਿਉਂਤਬੰਦੀਆਂ ਕੀਤੀਆਂ ਜਾ ਰਹੀਆਂ ਹਨ। ਇਹੀ ਕਾਰਨ ਹੈ ਕਿ ਉਸ ਦੁਆਰਾ ਛੋਟੇਪੁਰ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਇਸ ਨਾਲ ਆਮ ਆਦਮੀ ਪਾਰਟੀ ਨੂੰ ਵੱਡੇ ਪੱਧਰ ‘ਤੇ ਨੁਕਸਾਨ ਹੋ ਸਕਦਾ ਹੈ।

LEAVE A REPLY