Editorial1ਇਹ ਮਨੁੱਖੀ ਇਤਿਹਾਸ ਦੇ ਮਹਾਨਤਮ ਆਜ਼ਾਦੀ ਸੰਗਰਾਮਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਅਗਸਤ 1947 ਦੀ ਭਾਰਤ ਦੀ ਵੰਡ ਤੋਂ ਪਹਿਲਾਂ ਦੇ ਦਿਨਾਂ ਅਤੇ ਮਹੀਨਿਆਂ ਦੌਰਾਨ, 14 ਮਿਲੀਅਨ ਲੋਕ ਆਪਣੇ ਘਰਾਂ ਤੋਂ ਬੇਘਰ ਹੋਏ ਅਤੇ ਇੱਕ ਨਵੇਂ ਰਾਸ਼ਟਰ, ਪਾਕਿਸਤਾਨ, ਦੇ ਨਿਰਮਾਣ ਲਈ ਦੋ ਮਿਲੀਅਨ ਮਾਸੂਮ ਮੌਤ ਦੇ ਘਾਟ ਉਤਾਰ ਦਿੱਤੇ ਗਏ। ਇਹ ਨਵੀਂ ਸੀਮਾ ਰੇਖਾ ਉਸ ਵੇਲੇ ਦੇ ਇੱਕ ਬਰਤਾਨਵੀ ਵਕੀਲ ਸਰ ਸਾਇਰਿਲ ਰੈਡਕਲਿਫ਼ ਦੇ ਦਿਮਾਗ਼ ਵਲੋਂ ਇੱਕ ਕਾਹਲੀ ਵਿੱਚ ਬਣਾਈ ਗਈ ਯੋਜਨਾ ਸੀ ਜਿਸ ਤਹਿਤ ਭਾਰਤ ਨੂੰ ਧਾਰਮਿਕ ਲੀਹਾਂ ‘ਤੇ ਇਸ ਤਰ੍ਹਾਂ ਵੰਡ ਦਿੱਤਾ ਗਿਆ ਕਿ ਸਦੀਆਂ ਤੋਂ ਦੋਸਤ ਤੇ ਗਵਾਂਢੀ ਚਲਦੇ ਆ ਰਹੇ ਮੁਸਲਮਾਨ, ਹਿੰਦੂ ਤੇ ਸਿੱਖ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਜਾਨਵਰ ਬਣ ਗਏ। ਭਾਰਤ ਪਾਕਿਸਤਾਨ ਦੀ ਵੰਡ ਦਾ ਵਢਾਂਗਾ ਮਨੁੱਖੀ ਇਤਿਹਾਸ ਦੇ ਸਭ ਤੋਂ ਕੋਝੇ ਕਾਰਨਾਮਿਆਂ ਵਿੱਚੋਂ ਇੱਕ ਕਿਹਾ ਜਾ ਸਕਦਾ ਹੈ ਅਤੇ ਸਾਅਦਤ ਹਸਨ ਮੰਟੋ, ਜੋ ਕਿ ਇੱਕ ਮੁਸਲਮਾਨ ਪੱਤਰਕਾਰ, ਲਘੂ ਕਹਾਣੀ ਲੇਖਕ ਅਤੇ ਮੁੰਬਈ ਵਿੱਚ ਰਹਿ ਰਿਹਾ ਇੱਕ ਫ਼ਿਲਮੀ ਪਟਕਥਾ ਲੇਖਕ ਸੀ, ਇਸ ਨੂੰ ਬੇਮਤਲਬ ਦਾ ਬੁੱਧੀਹੀਨ ਪਾਗਲਪਨ ਸੱਦਦਾ ਰਿਹੈ। ਮੰਟੋ ਅਗਸਤ 1947 ਤੋਂ ਪਹਿਲਾਂ ਹੀ ਇੱਕ ਸਥਾਪਿਤ ਲੇਖਕ ਬਣ ਚੁੱਕਾ ਸੀ, ਪਰ ਜਿਹੜੀਆਂ ਕਹਾਣੀਆਂ ਉਸ ਨੇ ਭਾਰਤ ਪਾਕਿਸਤਾਨ ਵੰਡ ਨੂੰ ਲੈ ਕੇ ਲਿਖੀਆਂ ਉਨ੍ਹਾਂ ਨੇ ਸਾਹਿਤ ਜਗਤ ‘ਤੇ ਉਸ ਦੀ ਇੱਕ ਅਮਿਟ ਛਾਪ ਛੱਡੀ। ਹਾਲਾਂਕਿ ਉਸ ਦੀ ਕੰਮ ਕਰਨ ਦੀ ਉਮਰ ਦਾਰੂ ਨੇ ਬਹੁਤ ਹੀ ਜ਼ਿਆਦਾ ਘਟਾ ਦਿੱਤੀ ਸੀ ਅਤੇ ਉਹ 42 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਹੀ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਿਆ, ਮੰਟੋ ਨੇ ਉਰਦੂ ਸਾਹਿਤ ਜਗਤ ਨੂੰ ਲਘੂ ਜਾਂ ਮਿਨੀ ਕਹਾਣੀਆਂ ਦੇ 20 ਸੰਗ੍ਰਹਿ, ਪੰਜ ਰੇਡੀਓ ਡਰਾਮਿਆਂ ਦੇ ਸੰਗ੍ਰਹਿ, ਤਿੰਨ ਨਿਬੰਧ ਸੰਗ੍ਰਹਿ, ਦੋ ਸਕੈੱਚ, ਇੱਕ ਨਾਵਲ ਤੇ ਕੁਝ ਕੁ ਫ਼ਿਲਮੀ ਸਕ੍ਰਿਪਟਸ ਦਿੱਤੀਆਂ।
ਮੰਟੋ ਦੀ ਖ਼ੁਦ ਦੀ ਜ਼ਿੰਦਗੀ ਉਨ੍ਹਾਂ ਕਿਰਦਾਰਾਂ ਦਾ ਇੱਕ ਤਰ੍ਹਾਂ ਨਾਲ ਅਕਸ ਹੀ ਸੀ ਜਿਨ੍ਹਾਂ ਨੂੰ ਉਹ ਆਪਣੀਆਂ ਮਸ਼ਹੂਰ ਮਿੰਨੀ ਕਹਾਣੀਆਂ, ਸਕੈੱਚਾਂ ਤੇ ਆਪਣੇ ਸ਼ਕਤੀਸ਼ਾਲੀ ਗਲਪ ਸਾਹਿਤ (ਉਹ ਸਾਹਿਤ ਜਿਹੜਾ ਕਾਲਪਨਿਕ ਨਾ ਹੋਵੇ ਜਾਂ ਨੌਨ ਫ਼ਿਕਸ਼ਨ ਹੋਵੇ) ਵਿੱਚ ਚਿਤ੍ਰਿਤ ਕਰਦਾ ਸੀ। ਉਹ ਡੂੰਘੀ ਸਿਆਸੀ ਦੂਰਅੰਦੇਸ਼ੀ ਰੱਖਣ ਵਾਲਾ ਇੱਕ ਸੂਝਵਾਨ ਲੇਖਕ ਸੀ, ਅਤੇ ਉਸ ਦੀ ਇਹ ਸਮਝ ਉਸ ਦੀਆਂ ਲਿਖਤਾਂ ਵਿੱਚੋਂ ਬੜੀ ਢੀਠਤਾ ਨਾਲ ਝਲਕਦੀ ਰਹਿੰਦੀ ਸੀ। ਉਸ ਦੀਆਂ ਕਹਾਣੀਆਂ ਪਾਕਿਸਤਾਨੀ ਸਮਾਜ ਵਿਚਲੇ ਵਿਰੋਧਾਭਾਸ ਨੂੰ ਵੀ ਬਾਖ਼ੂਬੀ ਚਿਤ੍ਰਤ ਕਰਦੀਆਂ ਰਹਿੰਦੀਆਂ ਸਨ ਕਿਉਂਕਿ ਮੰਟੋ ਖ਼ੁਦ ਵੀ ਹਰ ਕਿਸਮ ਦੇ ਦੋਗਲੇਪਨ ਤੋਂ ਪਰਹੇਜ਼ ਰਖਦਾ ਸੀ ਅਤੇ ਆਪਾ-ਵਿਰੋਧੀ ਸੋਚ ਦਾ ਉਹ ਕਦੇ ਵੀ ਹਾਮੀ ਨਹੀਂ ਸੀ ਰਿਹਾ। ਉਦਾਹਰਣ ਦੇ ਤੌਰ ‘ਤੇ, ਮੰਟੋ ਨੇ ਇੱਕ ਭਵਿੱਖ ਦਰਸ਼ੀ ਵਾਂਗ 1950ਵਿਆਂ ਵਿੱਚ ਬਹੁਤ ਹੀ ਵਿਅੰਗਮਈ ਢੰਗ ਨਾਲ ਇਹ ਦਸ ਦਿੱਤਾ ਸੀ ਕਿ ਧਰਮ ਨੂੰ ਆਧਾਰ ਬਣਾ ਕੇ ਸਥਾਪਿਤ ਕੀਤੀ ਜਾਣ ਵਾਲੀ ਪਾਕਿਸਤਾਨੀ ਰਿਆਸਤ ਵਿੱਚ ਧਰਮ ਦੀ ਅੱਗੇ ਜਾ ਕੇ ਕੀ ਦੁਰਦਸ਼ਾ ਹੋਣ ਵਾਲੀ ਹੈ, ਪਾਕਿਸਤਾਨ ਦੀ ਉਸ ਤਰਸਯੋਗ ਹਾਲਤ ਲਈ ਸੰਯੁਕਤ ਰਾਜ ਅਮਰੀਕਾ ਕਿੰਨਾ ਜ਼ਿੰਮੇਵਾਰ ਹੋਵੇਗਾ ਅਤੇ ਹਿੰਦੁਸਤਾਨ ਨਾਲ ਪਾਕਿਸਤਾਨ ਦੇ ਕਿਹੋ ਜਿਹੇ ਸਬੰਧ ਹੋਣਗੇ। ਉਦਾਹਰਣ ਦੇ ਤੌਰ ‘ਤੇ, ਮੰਟੋ ਦੇ ‘ਲੈਟਰਜ਼ ਟੂ ਅੰਕਲ ਸੈਮ’ (1812 ਤੋਂ ਵਿਸ਼ਵ ਸਾਹਿਤ ਵਿੱਚ ਕਈ ਵਾਰ ਅਮਰੀਕਾ ਨੂੰ ਪਿਆਰ ਨਾਲ ਅੰਕਲ ਸੈਮ ਕਹਿ ਕੇ ਬੁਲਾਇਆ ਜਾਂਦਾ ਹੈ ਸੋ ਅਮਰੀਕਾ ਦੇ ਨਾਮ ਖ਼ੁਲ੍ਹੇ ਖ਼ਤ) ਨੂੰ ਹੀ ਲੈ ਲਓ, ਇਹ ਚਿੱਠੀਆਂ 1950ਵਿਆਂ ਦੇ ਸ਼ੁਰੂ ਵਿੱਚ ਉਸ ਵੇਲੇ ਲਿਖੀਆਂ ਗਈਆਂ ਸਨ ਜਦੋਂ ਪਾਕਿਸਤਾਨ ਦੀ ਵਿਦੇਸ਼ ਨੀਤੀ ਦੀ ਰੂਪ ਰੇਖਾ ਉੱਥੋਂ ਦੀ ਗ਼ੈਰ-ਸੰਵਿਧਾਨਕ ਸਰਕਾਰ ਵਲੋਂ ਹਾਲੇ ਤਿਆਰ ਹੀ ਕੀਤੀ ਜਾ ਰਹੀ ਸੀ। ਹਾਲਾਂਕਿ ਇਹ ਚਿੱਠੀਆਂ ਕਾਫ਼ੀ ਚੁਭਵੇਂ ਤੇ ਵਿਅੰਗਾਤਮਕ ਅੰਦਾਜ਼ ਵਿੱਚ ਲਿਖੀਆਂ ਗਈਆਂ ਸਨ, ਪਰ ਇਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਸਾਨੂੰ ਇਹ ਭਲੀ ਪ੍ਰਕਾਰ ਸਮਝ ਆ ਜਾਂਦਾ ਹੈ ਕਿ ਇਨ੍ਹਾਂ ਰਾਹੀਂ ਮੰਟੋ ਵਲੋਂ ਉਸ ਵਕਤ ਦੇ ਪਾਠਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਮੌਜੂਦਾ ਇਤਿਹਾਸ, ਸਿਆਸਤ, ਸਭਿਆਚਾਰ ਅਤੇ ਅੰਤਰਰਾਸ਼ਟਰੀ ਸਬੰਧਾਂ ਦਾ ਭਾਰਤ ਪਾਕਿਸਤਾਨ ਸਮੇਤ ਪੂਰੇ ਵਿਸ਼ਵ ਉੱਪਰ ਆਉਣ ਵਾਲੇ ਸਮੇਂ ਵਿੱਚ ਕੀ ਅਸਰ ਪੈ ਸਕਦਾ ਹੈ।
ਸਾਅਦਤ ਹਸਨ ਮੰਟੋ ਦਾ ਜਨਮ ਉਸ ਵਕਤ ਪ੍ਰਮੁੱਖ ਤੌਰ ‘ਤੇ ਸਿੱਖ ਵਸੋਂ ਵਾਲਾ ਇਲਾਕਾ ਸਮਝੇ ਜਾਂਦੇ ਲੁਧਿਆਣਾ ਸ਼ਹਿਰ ਵਿੱਚ ਇੱਕ ਮੱਧ ਵਰਗੀ ਮੁਸਲਮਾਨ ਪਰਿਵਾਰ ਦੇ ਘਰ 1912 ਵਿੱਚ ਹੋਇਆ। ਉਹ ਹਾਲੇ ਮਸਾਂ 20 ਕੁ ਵਰ੍ਹਿਆਂ ਦਾ ਵੀ ਨਹੀਂ ਹੋਣਾ ਕਿ ਉਸ ਨੇ ਰੂਸੀ, ਫ਼ਰਾਂਸੀਸੀ ਅਤੇ ਅੰਗ੍ਰੇਜ਼ੀ ਮਿੰਨੀ ਕਹਾਣੀਆਂ ਦਾ ਉਰਦੂ ਵਿੱਚ ਤਰਜਮਾ ਕਰਨਾ ਸ਼ੁਰੂ ਕਰ ਦਿੱਤਾ, ਅਤੇ ਪੱਛਮੀ ਲੇਖਕਾਂ ਦੀਆਂ ਲਿਖਤਾਂ ਨੂੰ ਪੜ੍ਹਦਾ ਪੜ੍ਹਦਾ ਹੀ ਉਹ ਖ਼ੁਦ ਵੀ ਵਧੀਆ ਮਿੰਨੀ ਕਹਾਣੀਆਂ ਲਿਖਣ ਦਾ ਵਲ਼ ਸਿੱਖ ਗਿਆ। ਉਹ ਆਮ ਤੌਰ ‘ਤੇ ਪੂਰੀ ਦੀ ਪੂਰੀ ਕਹਾਣੀ ਇੱਕ ਹੀ ਬੈਠਣੀ ਵਿੱਚ ਲਿਖ ਮਾਰਦਾ, ਉਸ ਨੂੰ ਆਪਣੀਆਂ ਕਹਾਣੀਆਂ ਬਹੁਤ ਹੀ ਘੱਟ ਦਰੁੱਸਤ ਕਰਨ ਦੀ ਲੋੜ ਪੈਂਦੀ, ਅਤੇ ਉਸ ਦੀਆਂ ਕਹਾਣੀਆਂ ਦੇ ਪਾਤਰ ਸਮਾਜ ਵਲੋਂ ਹਾਸ਼ੀਏ ‘ਤੇ ਧੱਕੇ ਗਏ ਲੋਕ ਹੁੰਦੇ ਅਤੇ ਵਿਸ਼ੇ ਉਨ੍ਹਾਂ ਲੋਕਾਂ ਦੇ ਰੋਜ਼ਮੱਰਾ ਦੇ ਮਸਲੇ। ਇਤਿਹਾਸਕਾਰ ਆਇਸ਼ਾ ਜਲਾਲ (ਜੋ ਕਿ ਮੰਟੋ ਦੀ ‘ਗਰੈਂਡ’ ਭਤੀਜੀ ਹੈ) ਮੰਟੋ ‘ਤੇ ਅੰਗ੍ਰੇਜ਼ੀ ਭਾਸ਼ਾ ਵਿੱਚ ਲਿਖੀ ਆਪਣੀ ਕਿਤਾਬ ‘ਦਾ ਪਿਟੀ ਔਫ਼ ਪਾਰਟੀਸ਼ਨ’ (ਵੰਡ ਦੀ ਸ਼ਰਮ) ਵਿੱਚ ਲਿਖਦੀ ਹੈ: ”ਬੇਸ਼ੱਕ ਉਹ ਵੇਸਵਾਵਾਂ ਬਾਰੇ ਲਿਖ ਰਿਹਾ ਹੋਵੇ, ਉਨ੍ਹਾਂ ਦੇ ਦਲ਼ਾਲਾਂ ਬਾਰੇ ਜਾਂ ਅਪਰਾਧੀਆਂ ਬਾਰੇ, ਮੰਟੋ ਨੇ ਆਪਣੇ ਪਾਠਕਾਂ ‘ਤੇ ਹਮੇਸ਼ਾ ਇਹੋ ਪ੍ਰਭਾਵ ਛਡਣਾ ਚਾਹਿਐ ਕਿ ਇਹ ਬਦਨਾਮ ਲੋਕ ਵੀ ਮਨੁੱਖ ਹੀ ਹੁੰਦੇ ਨੇ, ਸ਼ਾਇਦ ਉਨ੍ਹਾਂ ਤੋਂ ਕਿਤੇ ਬਿਹਤਰ ਮਨੁੱਖ ਜਿਹੜੇ ਆਪਣੇ ਪਾਪਾਂ, ਆਪਣੀਆਂ ਊਣਤਾਈਆਂ ਨੂੰ ਦੋਗਲੇਪਨ ਦੇ ਪਰਦੇ ਪਿੱਛੇ ਲੁਕਾਉਂਦੇ ਫ਼ਿਰਦੇ ਨੇ।”
ਉਸ ਦੀ ਇੱਕ ਕਹਾਣੀ ਹੈ ‘ਬੂ’ ਜਿਹੜੀ ਕਿ ਇੱਕ ਵੇਸਵਾ ਅਤੇ ਇੱਕ ਅਮੀਰਜ਼ਾਦੇ, ਜੋ ਕਿ ਵੇਸਵਾ ਦੀਆਂ ਕੱਛਾਂ ‘ਚੋਂ ਆਉਣ ਵਾਲੀ ਬਦਬੂ ਦਾ ਸ਼ੁਦਾਈ ਹੋ ਗਿਆ ਸੀ, ਦਰਮਿਆਨ ਜਿਸਮਾਨੀ ਸਬੰਧਾਂ ਦੀ ਕਹਾਣੀ ਹੈ। ਇਸ ਕਹਾਣੀ ਦੀ ਪ੍ਰਕਾਸ਼ਨਾ ਤੋਂ ਬਾਅਦ ਮੰਟੋ ਦਾ ਪਹਿਲੀ ਵਾਰ ਬਰਤਾਨਵੀ ਕਾਨੂੰਨ ਨਾਲ ਪੇਚਾ ਪਿਆ ਅਤੇ ਉਸ ‘ਤੇ ਅਸ਼ਲੀਲਤਾ ਦਾ ਚਾਰਜ ਲੱਗਾ ਪਰ ਸਜ਼ਾ ਨਾ ਹੋਈ। ”ਮੰਟੋ ਦੀਆਂ ਕਹਾਣੀਆਂ ਆਪਣੇ ਵਕਤ ਦਾ ਇਨਕਲਾਬੀ ਸਾਹਿਤ ਹਨ,” ਲਿਖਣਾ ਹੈ ਲੇਖਕ ਤੇ ਅਕਾਦਮਿਕ ਪ੍ਰੀਤੀ ਤਨੂਜਾ ਦਾ। ”ਮੰਟੋ ਆਪਣੀਆਂ ਕਹਾਣੀਆਂ ਵਿੱਚ ਇਹ ਗੱਲ ਪ੍ਰਵਾਨ ਤੇ ਚਿਤ੍ਰਿਤ ਕਰਨੋਂ ਕਦੇ ਝਿਝਕਦਾ ਨਹੀਂ ਕਿ ਔਰਤ ਦੀਆਂ ਵੀ ਜਿਸਮਾਨੀ ਲੋੜਾਂ ਹੁੰਦੀਆਂ ਨੇ ਅਤੇ ਉਸ ਦੀਆਂ ਇਨ੍ਹਾਂ ਲੋੜਾਂ ਦਾ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਉਹ ਪ੍ਰੇਮ ਕਿਸ ਨੂੰ ਕਰਦੀ ਹੈ।” ਮੰਟੋ ਦੀ ਕਹਾਣੀ ‘ਮਾਈ ਨੇਮ ਇਜ਼ ਰਾਧਾ’ ਵਿੱਚ ਇੱਕ ਮਰਦ ਕਿਰਦਾਰ ਦਾ ਇੱਕ ਔਰਤ ਵਲੋਂ ਬਲਾਤਕਾਰ ਕਰ ਦਿੱਤਾ ਜਾਂਦਾ ਹੈ; ‘ਠੰਡਾ ਗੋਸ਼ਤ’ ਵਿੱਚ ਇੱਕ ਸਿੱਖ ਬੰਦੇ ਨੂੰ ਘਰ ਵਾਪਿਸ ਪਰਤਣ ‘ਤੇ ਉਸ ਦੀ ਪਤਨੀ ਛੁਰਾ ਮਾਰ ਕੇ ਇਸ ਲਈ ਮਾਰ ਦਿੰਦੀ ਹੈ ਕਿਉਂਕਿ ਉਹ ਵਾਪਸੀ ਉਪਰੰਤ ਇੱਕ ਲਾਸ਼ ਨਾਲ ਬਲਾਤਕਾਰ ਕਰਨ ਦਾ ਆਪਣਾ ਅਪਰਾਧ ਕਬੂਲ ਕਰ ਲੈਂਦਾ ਹੈ। ਮੰਟੋ ਨੂੰ ਪੜ੍ਹਨ ਤੋਂ ਬਾਅਦ ਸਾਨੂੰ ਅਹਿਸਾਸ ਹੁੰਦਾ ਹੈ ਕਿ ਸਾਹਿਤ ਦਾ ਕੰਮ ਹਮੇਸ਼ਾ ਮਾਪਦੰਡਾਂ ਅਤੇ ਮਰਿਆਦਾਵਾਂ ਦੀ ਪਾਲਣਾ ਕਰਨਾ ਨਹੀਂ ਹੁੰਦਾ। ਹਮੇਸ਼ਾ ਸਲੀਕੇਦਾਰ ਕਹਾਣੀਆਂ ਸੁਣਾਉਣਾ ਹੀ ਸਾਹਿਤ ਦਾ ਫ਼ਰਜ਼ ਨਹੀਂ।
ਮੰਟੋ ਬੜੀ ਬੇਰਹਿਮੀ ਨਾਲ ਵੰਡ ਦੇ ਖ਼ਿਲਾਫ਼ ਸੀ, ਅਤੇ ਉਹ ਨਵੇਂ ਬਣਨ ਵਾਲੇ ਮੁਲਕ ਪਾਕਿਸਤਾਨ ਵਿੱਚ ਪ੍ਰਵਾਸ ਕਰਨ ਦੀ ਗੱਲ ਸਿਰਿਓਂ ਹੀ ਨਕਾਰ ਦਿੰਦਾ। ਇੱਕ ਸ਼ਾਮ ਮੰਟੋ ਆਪਣੇ ਕੁਝ ਸਹਿਕਰਮੀ ਹਿੰਦੂ ਦੋਸਤਾਂ ਨਾਲ ਉਸੇ ਅਖ਼ਬਾਰ ਦੇ ਦਫ਼ਤਰ ਵਿੱਚ ਬੈਠਾ ਦਾਰੂ ਪੀ ਰਿਹਾ ਸੀ ਜਿੱਥੇ ਉਹ ਸਾਰੇ ਕੰਮ ਕਰਦੇ ਸਨ ਕਿ ਉਨ੍ਹਾਂ ਵਿੱਚੋਂ ਇੱਕ ਨੇ ਮਦਹੋਸ਼ੀ ਦੇ ਆਲਮ ਵਿੱਚ ਉਂਝ ਹੀ ਟਿੱਪਣੀ ਕਰ ਮਾਰੀ ਕਿ ਜੇਕਰ ਉਹ ਸਾਰੇ ਦੋਸਤ ਨਾ ਹੁੰਦੇ ਤਾਂ ”ਅੱਜ ਉਸ ਹੱਥੋਂ ਮੰਟੋ ਮਾਰਿਆ ਜਾਣਾ ਸੀ”। ਬੱਸ ਫ਼ਿਰ ਕੀ ਸੀ, ਆ ਦੇਖਿਆ ਨਾ ਤਾ, ਅਗਲੇ ਹੀ ਦਿਨ ਮੰਟੋ ਨੇ ਆਪਣੇ ਬੈਗ਼ ਪੈਕ ਕੀਤੇ ਅਤੇ ਪਰਿਵਾਰ ਸਮੇਤ ਉਹ ਲਾਹੌਰ ਪਹੁੰਚ ਗਿਆ, ਅਤੇ ਫ਼ਿਰ ਇੱਥੇ ਹੀ ਮੰਟੋ ਨੇ ਆਪਣੀਆਂ ਉਹ ਕਹਾਣੀਆਂ ਰਚੀਆਂ ਜਿਨ੍ਹਾਂ ਵਿੱਚ ਉਸ ਨੇ ਵੰਡ ਦੀਆਂ ਬੇਰਹਿਮੀਆਂ ਅਤੇ ਬੇਹੂਦਗੀਆਂ ਦੇ ਪਾਠਕਾਂ ਨੂੰ ਮੁੜ ਦਰਸ਼ਨ ਕਰਵਾਏ। ਮੰਟੋ ਦੀ ਇੱਕ ਬਹੁਤ ਹੀ ਮਕਬੂਲ ਹੋਈ ਕਹਾਣੀ ‘ਟੋਬਾ ਟੇਕ ਸਿੰਘ’ ਵਿੱਚ ਇੱਕ ਹਿੰਦੂ ਅਤੇ ਇੱਕ ਸਿੱਖ ਪਾਗਲ ਨੂੰ ਜਦੋਂ ਪਾਕਿਸਤਾਨ ਦੇ ਇੱਕ ਪਾਗਲਖ਼ਾਨੇ ਤੋਂ ਹਿੰਦੁਸਤਾਨ ਸ਼ਿਫ਼ਟ ਕੀਤਾ ਜਾ ਰਿਹਾ ਹੁੰਦਾ ਹੈ ਤਾਂ ਸਿੱਖ ਪਾਗਲ ਵੰਡ ਤੋਂ ਇੰਨਾ ਦੁਖੀ ਹੋ ਜਾਂਦਾ ਹੈ ਕਿ ਉਹ ਹਿੰਦ-ਪਾਕਿ ਬੌਰਡਰ ‘ਤੇ ਹੀ ਖੜ੍ਹ ਜਾਂਦੈ … ”ਇਹ ਨਾ ਕਹੋ ਕਿ ਇੱਕ ਲੱਖ ਹਿੰਦੂ ਤੇ ਇੱਕ ਲੱਖ ਮੁਸਲਮਾਨ ਮਾਰੇ ਗਏ ਹਨ ਸਗੋਂ ਇਹ ਆਖੋ ਕਿ ਦੋ ਲੱਖ ਮਾਸੂਮ ਮਨੁੱਖ ਬੇਸ਼ਰਮੀ ਨਾਲ ਕਤਲ ਕਰ ਦਿੱਤੇ ਗਏ ਹਨ,” ਮੰਟੋ ਨੇ ਲਿਖਿਆ।
ਜਿਵੇਂ ਮੈਂ ਉੱਪਰ ਜ਼ਿਕਰ ਕੀਤਾ ਸੀ, 1950ਵਿਆਂ ਦੇ ਸ਼ੁਰੂ ਵਿੱਚ ਮੰਟੋ ਨੇ ਕਈ ਸਾਰੇ ਨਿਬੰਧ ਲਿਖੇ ਜਿਨ੍ਹਾਂ ਦਾ ਸਿਰਲੇਖ ਸੀ ‘ਲੈਟਰਜ਼ ਟੂ ਅੰਕਲ ਸੈਮ’। ਉਹ ਚਿੱਠੀਆਂ ਇੱਕ ਤਰ੍ਹਾਂ ਨਾਲ ਇਸ ਗੱਲ ਦੀ ਹੀ ਭਵਿੱਖਬਾਣੀ ਸਨ ਕਿ ਪਾਕਿਸਤਾਨ ਦੀ ਅੰਦਰੂਨੀ ਅਤੇ ਬਹਿਰੂਨੀ (ਵਿਦੇਸ਼ ਨੀਤੀ) ਸਿਆਸਤ ਦਾ ਊਠ ਆਉਣ ਵਾਲੇ ਸਮੇਂ ਵਿੱਚ ਕਿਸ ਕਰਵਟ ਬੈਠ ਸਕਦਾ ਹੈ। 1954 ਵਿੱਚ ਲਿਖੇ ਇੱਕ ਖ਼ਤ ਵਿੱਚ ਮੰਟੋ ਲਿਖਦੈ ਕਿ ਅਮਰੀਕਾ ਨਿਰਸੰਦੇਹ ਪਾਕਿਸਤਾਨ ਨਾਲ ਭਵਿੱਖ ਵਿੱਚ ਫ਼ੌਜੀ ਮੁਆਹਿਦੇ ਕਰੇਗਾ ਕਿਉਂਕਿ ਉਸ ਨੂੰ ਨਿਸ਼ਚਿਤ ਰੂਪ ਵਿੱਚ ਇਸ ਨਵੀਂ ਬਣੀ ਵਿਸ਼ਵ ਦੀ ਸਭ ਤੋਂ ਵੱਡੀ ਇਸਲਾਮਿਕ ਸਲਤਨਤ ਦੀ ਦਿਆਨਤਦਾਰੀ ‘ਤੇ ਸ਼ੱਕ ਹੈ, ਤੇ ਹੋਵੇ ਵੀ ਕਿਉਂ ਨਾ? ਆਖ਼ਿਰ ਰੂਸ ਦੇ ਕੌਮਿਉਨਿਜ਼ਮ ਦਾ ਅਮਰੀਕਾ ਕੋਲ ਸਾਡੇ ਮੁੱਲ੍ਹੇ ਹੀ ਤਾਂ ਇਕਲੌਤਾ ਅਤੇ ਬਿਹਤਰੀਨ ਤੋੜ ਹਨ! ਜੇਕਰ ਫ਼ੌਜੀ ਇਮਦਾਦ ਸ਼ੁਰੂ ਹੋ ਗਈ ਤਾਂ ਫ਼ਿਰ ਸ਼ੁਰੂਆਤ ਸਾਨੂੰ ਇਨ੍ਹਾਂ ਮੁੱਲਿਆਂ ਨੂੰ ਹਥਿਆਰਬੰਦ ਕਰਨ ਤੋਂ ਹੀ ਕਰਨੀ ਪੈਣੀ ਹੈ।” ਇੱਕ ਹੋਰ ਨਿਬੰਧ, ‘ਬਾਏ ਗੌਡਜ਼ ਗ੍ਰੇਸ’ (ਰੱਬ ਦੇ ਫ਼ਜ਼ਲ ਨਾਲ), ਵਿੱਚ ਉਹ ਪਾਕਿਸਤਾਨ ਦੀ ਭਵਿੱਖਬਾਣੀ ਇੱਕ ਅਜਿਹੇ ਰਾਸ਼ਟਰ ਦੇ ਤੌਰ ‘ਤੇ ਕਰਦੈ ਜਿੱਥੇ, ਸੰਗੀਤ ਤੇ ਕਲਾ ਤੋਂ ਲੈ ਕੇ ਸਾਹਿਤ ਤੇ ਕਵਿਤਾ ਤਕ, ਹਰ ਸ਼ੈਅ ‘ਤੇ ਸੈਂਸਰਸ਼ਿਪ ਹੋਵੇਗੀ। ”ਉਸ ਨੇ ਇਸ ਗੱਲ ਦੀ ਬਹੁਤ ਪਹਿਲਾਂ ਭਵਿੱਖਬਾਣੀ ਕਰ ਦਿੱਤੀ ਸੀ ਕਿ ਪਾਕਿਸਤਾਨ ਕਿਸ ਰਾਹ ‘ਤੇ ਚੱਲੇਗਾ, ਪਰ ਮੇਰਾ ਫ਼ਿਰ ਵੀ ਖ਼ਿਆਲ ਹੈ ਕਿ ਅਜੋਕੇ ਪਾਕਿਸਤਾਨ ਦੀ ਹਾਲਤ ਦੇਖ ਕੇ ਤਾਂ ਅੱਜ ਖ਼ੁਦ ਮੰਟੋ ਵੀ ਭੈਅਭੀਤ ਹੋ ਗਿਆ ਹੁੰਦਾ,” ਲਿਖਣਾ ਸੀ ਜਲਾਲ ਦਾ। ”ਜੋ ਕੁਝ ਪਾਕਿਸਤਾਨ ਵਿੱਚ ਪਿੱਛਲੇ 35 ਵਰ੍ਹਿਆਂ ਦੌਰਾਨ ਵਾਪਰਿਐ, ਉਸ ਨੂੰ ਦੇਖਣ ਉਪਰੰਤ, ਇਸ ਸਭ ਦਾ ਉਹ ਖ਼ੁਦ ਸਾਰਿਆਂ ਤੋਂ ਵੱਡਾ ਆਲੋਚਕ ਹੁੰਦਾ।”
ਜੇਕਰ ਉਸ ਦੇ ਹਾਸਰਸ ਨੂੰ ਇੱਕ ਪਾਸੇ ਵੀ ਰੱਖ ਦੇਈਏ, ਮੰਟੋ ਸ਼ਾਇਦ ਪਹਿਲਾ ਅਜਿਹਾ ਨਰੀਖਕ ਹੋਇਆ ਹੋਵੇਗਾ ਜਿਸ ਨੇ 1950ਵਿਆਂ ਤੇ 60ਵਿਆਂ ਤੋਂ ਲੈ ਕੇ ਅਫ਼ਗ਼ਾਨਿਸਤਾਨ ਵਿੱਚ ਸੋਵੀਅਤ ਯੂਨੀਅਨ ਖ਼ਿਲਾਫ਼ ਜੰਗ ਸ਼ੁਰੂ ਕਰਨ ਅਤੇ ਫ਼ਿਰ ਖਿੱਤੇ ਵਿੱਚ ਵੱਧ ਰਹੇ ਕੌਮਿਊਨਿਸਟ ਪ੍ਰਭਾਵ ਨੂੰ ਨੱਥ ਪਾਉਣ ਲਈ ਇਸਲਾਮੀ ਫ਼ੌਜੀਆਂ ਨੂੰ ਹੱਲਾਸ਼ੇਰੀ ਦੇਣ ਤਕ ਦੀ ਅਮਰੀਕਾ ਦੀ ਤਬਾਹਕੁੰਨ ਵਿਦੇਸ਼ ਨੀਤੀ ਦੇ ਨਤੀਜਿਆਂ ਦਾ ਅੰਦਾਜ਼ਾ ਬਹੁਤ ਪਹਿਲਾਂ ਹੀ ਲਗਾ ਲਿਆ ਸੀ। ਅਮਰੀਕਾ ਵਲੋਂ ਸ਼ੁਰੂ ਕੀਤੀ, ਤੇ ਮੰਟੋ ਵਲੋਂ ਕਿਆਸੀ ਗਈ, ਇਸ ਪ੍ਰਕਿਰਿਆ ਨੇ ਆਪਣਾ ਪੂਰਾ ਚੱਕਰ ਐਬਟਾਬਾਦ ਵਿੱਚ ਮੁੱਲ੍ਹਾ ਓਸਾਮਾ ਬਿਨ ਲਾਦੇਨ ਦੀ ਅਚਾਨਕ ਹੋਈ ਹਲਾਕਤ ‘ਤੇ ਜਾ ਕੇ ਮੁਕੰਮਲ ਕੀਤਾ। ਕਿਹਾ ਜਾ ਸਕਦਾ ਹੈ ਕਿ ਮੰਟੋ ਨੇ ਅਮਰੀਕਾ ਪਾਕਿਸਤਾਨ ਦੇ ਰਿਸ਼ਤੇ ਵਿੱਚ ਘੁਲਣ ਵਾਲੇ ਜ਼ਹਿਰ ਦਾ ਅੰਦਾਜ਼ਾ ਉਨ੍ਹਾਂ ਦੇ ਰਿਸ਼ਤੇ ਦੀ ਬੁਨਿਆਦ ਦੇ ਖੋਖਲੇਪਨ ਅਤੇ ਉਪਯੋਗਤਾਵਾਦ ਨੂੰ ਦੇਖਦੇ ਹੋਏ ਉਸ ਵਕਤ ਹੀ ਲਗਾ ਲਿਆ ਸੀ ਜਿਸ ਵਕਤ ਉਹ ਬੁਨਿਆਦ ਹਾਲੇ ਰੱਖੀ ਹੀ ਜਾ ਰਹੀ ਸੀ। ਅੱਜ ਦੀਆਂ ਅਖ਼ਬਾਰਾਂ ਅਤੇ ਟੀ.ਵੀ. ਨਿਊਜ਼ ਚੈਨਲਾਂ ਦੀਆਂ ਸੁਰਖ਼ੀਆਂ ਮੰਟੋ ਦੇ ਉਸੇ ਖ਼ਦਸ਼ੇ ਦੀ ਜਿਊਂਦੀ ਤਸਵੀਰ ਹਨ। ਆਪਣੇ ਇੱਕ ਨਿਬੰਧ ‘ਸੇਵ ਇੰਡੀਆ ਫ਼ਰੌਮ ਇਟਸ ਲੀਡਰਜ਼’ (ਭਾਰਤ ਨੂੰ ਉਸ ਦੇ ਲੀਡਰਾਂ ਤੋਂ ਬਚਾਓ) ਵਿੱਚ ਉਸ ਨੇ ਨਰੇਂਦਰ ਮੋਦੀ, ਨਵਾਜ਼ ਸ਼ਰੀਫ਼, ਆਸਿਫ਼ ਜ਼ਰਦਾਰੀ, ਤਾਹਿਰੁਲ ਕਾਦਰੀ, ਅਤੇ ਇੱਥੋਂ ਤਕ ਕਿ, ਚਮਤਕਾਰੀ ਇਮਰਾਨ ਖ਼ਾਨ ਜਿਹੇ ਮੌਕਾਪ੍ਰਸਤ ਲੀਡਰਾਂ ਦੇ ਉਭਾਰ ਦੀ ਭਵਿੱਖਬਾਣੀ ਵੀ ਬਾਖ਼ੂਬੀ ਕੀਤੀ ਸੀ।
ਮੰਟੋ ਵਲੋਂ ਲਿਖਿਆ ਭਾਵਨਾਤਮਕ ਪੱਖੋਂ ਸਭ ਤੋਂ ਸ਼ਕਤੀਸ਼ਾਲੀ ਨਿਬੰਧ ਸ਼ਾਇਦ ‘ਬਾਏ ਗੌਡਜ਼ ਗ੍ਰੇਸ’ ਹੀ ਸੀ ਜਿਸ ਵਿੱਚ ਉਹ ਇੱਕ ਅਜਿਹੇ ਭਵਿੱਖ ਦੀ ਕਲਪਨਾ ਕਰਦਾ ਹੈ ਜਿਸ ਵਿੱਚ ਪਾਕਿਸਤਾਨ ਅੰਦਰ ਹਰ ਸ਼ੈਅ ਉੱਪਰ, ਸੰਗੀਤ ਤੇ ਕਲਾ ਤੋਂ ਲੈ ਕੇ ਸਾਹਿਤ ਤਕ, ਅਖ਼ਬਾਰਾਂ ਅਤੇ, ਇੱਥੋਂ ਤਕ ਕਿ, ਪਾਕਿਸਤਾਨ ਦੇ ਰਾਸ਼ਟਰੀ ਕਵੀ ਅਲਾਮਾ ਇਕਬਾਲ ‘ਤੇ ਵੀ ਪਾਬੰਦੀ ਆਇਦ ਕਰ ਦਿੱਤੀ ਜਾਵੇਗੀ, ਸਭ ਕੁਝ ਬੈਨ ਕਰ ਦਿੱਤਾ ਜਾਵੇਗਾ ਤਾਂ ਕਿ ਉਹ ਮੁੱਲ੍ਹੇ ਪਵਿੱਤਰ ਲੋਕਾਂ ਲਈ ਇੱਕ ਖ਼ਾਸ ਸਥਾਨ, ਭਾਵ ਪਾਕਿਸਤਾਨ, ਸਿਰਜ ਸਕਣ। ਸਾਹਿਤ ਸਮਾਜਾਂ ਨੂੰ ਬਦਲ ਤਾਂ ਨਹੀਂ ਸਕਦਾ, ਜਿਵੇਂ ਕਿ ਕਈ ਵਾਰ ਭਾਵਨਾਤਮਕ ਵਹਿਣ ਵਿੱਚ ਵਹਿ ਕੇ ਇਸ ਤੋਂ ਆਸ ਕਰ ਲਈ ਜਾਂਦੀ ਹੈ, ਪਰ ਇਹ ਤਾਕਤਵਰਾਂ ਦੇ ਮੂੰਹ ‘ਤੇ ਸੱਚ ਬੋਲ ਕੇ ਸਮਾਜਾਂ ਨੂੰ ਸ਼ੀਸ਼ਾ ਜ਼ਰੂਰ ਦਿਖਾ ਸਕਦੈ। ਜਦੋਂ ਸੈਂਸਰਸ਼ਿਪ ਲਾਗੂ ਕਰ ਦਿੱਤੀ ਜਾਂਦੀ ਹੈ ਤਾਂ ਸਾਹਿਤ ਸਮਾਜ ਦਾ ਚਿਹਰਾ ਬਣਨਾ ਛੱਡ ਕੇ ਸ਼ਕਤੀਸ਼ਾਲੀ ਸੱਤਾਧਾਰੀ ਦਾ ਸੇਵਕ ਬਣ ਜਾਂਦਾ ਹੈ। ਮੰਟੋ ਦਾ ਜੀਵਨ ਅਤੇ ਕੰਮ 1950ਵਿਆਂ ਦੇ ਪਾਕਿਸਤਾਨੀ ਸਮਾਜ ਦੇ ਵਿਰੋਧਾਭਾਸੀ ਰਵੱਈਏ ਦਾ ਹੀ ਅਕਸ ਸਨ, ਅਤੇ ਸੱਤਾਧਾਰੀ ਉੱਚ ਵਰਗ ਨੇ ਅਦਾਲਤਾਂ ਦਾ ਇਸਤੇਮਾਲ ਕਰ ਕੇ ਉਸ ਨੂੰ ਚੁੱਪ ਕਰਾਉਣ ਦੀ ਬਹੁਤ ਵਾਹ ਲਗਾਈ, ਪਰ ਉਹ ਉਸ ਦੇ ਪਾਠਕਾਂ ਅਤੇ ਪ੍ਰਸ਼ੰਸਕਾਂ ਨੂੰ ਖ਼ਾਮੋਸ਼ ਨਾ ਕਰ ਸਕੇ, ਅਤੇ ਜਿਹੜੇ ਵਿਰੋਧਾਭਾਸਾਂ ਦੀ ਗੱਲ ਮੰਟੋ ਉਸ ਵਕਤ ਕਰਿਆ ਕਰਦਾ ਸੀ ਉਹ ਅੱਜ ਕਿਤੇ ਵੱਧ ਪ੍ਰਚੰਡ ਰੂਪ ਵਿੱਚ ਸਾਡੇ ਸਾਹਮਣੇ ਪੇਸ਼ ਹੋ ਰਹੇ ਹਨ। ਮੰਟੋ ਦੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਵਿੱਚ ਉਸ ਦੀ ਪੀੜਤ ਹੋਂਦ ਅਤੇ ਉਸ ਦੀ ਬੇਵਕਤੀ ਮੌਤ ਵਿੱਚ ਸਾਹਿਤਕ ਆਲੋਚਕਾਂ ਨੇ ਵੀ ਆਪਣਾ ਯੋਗਦਾਨ ਖ਼ੂਬ ਪਾਇਆ।
ਮੰਟੋ ਦੀ ਬਗ਼ਾਵਤ ਦਾ ਆਖ਼ਰੀ ਕਾਰਜ ਸਾਨੂੰ ਦੇਖਣ ਨੂੰ ਮਿਲਿਆ ਉਸ ਦੀ ਰਚਨਾਤਮਕ ਕਿਸਮ ਦੀ ਖ਼ੁਦਕੁਸ਼ੀ ਵਿੱਚ – 42 ਵਰ੍ਹਿਆਂ ਦੀ ਉਮਰ ਵਿੱਚ ਸ਼ਰਾਬ ਪੀ ਪੀ ਕੇ ਖ਼ੁਦ ਹੀ ਆਪਣੇ ਆਪ ਨੂੰ ਮੌਤ ਦੇ ਦੇਣੀ ਅਤੇ ਆਪਣੇ ਮਕਬਰੇ ਲਈ ਇਬਾਰਤ ਵੀ ਖ਼ੁਦ ਹੀ ਤਜਵੀਜ਼ ਕਰ ਜਾਣੀ: ”ਆਹ ਦਬਿਆ ਪਿਆ ਜੇ ਤੁਹਾਡਾ ਸਾਅਦਤ ਹਸਨ ਮੰਟੋ, ਕਹਾਣੀਆਂ ਰਚਣ ਦੀ ਕਲਾ ਦੀ ਸਾਰੀ ਖ਼ੁਫ਼ੀਆ ਜਾਣਕਾਰੀ ਆਪਣੀ ਛਾਤੀ ਵਿੱਚ ਲੁਕੋਈ। ਇੱਥੇ ਮਣਾਂ ਮੂੰਹੀਂ ਮਿੱਟੀ ਹੇਠ ਮਰਿਆ ਪਿਆ ਵੀ ਇਹੀ ਸੋਚੀ ਜਾਂਦੈ ਕਿ ਵੱਡਾ ਲਘੂ ਕਹਾਣੀ ਲੇਖਕ ਕੌਣ ਹੋਇਐ: ਉਹ ਖ਼ੁਦ ਜਾਂ ਉਹ ਖ਼ੁਦਾ?”

LEAVE A REPLY