Editorial1ਸਿਆਸੀ ਦਬਾਅ ਹੇਠ ਆਖ਼ਿਰਕਾਰ, ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ, ਭਾਰਤ ਵਿੱਚ ਦਨਦਨਾਉਂਦੇ ਫ਼ਿਰਦੇ ਸਵੈਘੋਸ਼ਿਤ ਗਊ ਰਖਿਅਕਾਂ ਦੇ ਅਸਲ ਕਿਰਦਾਰ ਨੂੰ ਲੈ ਕੇ, ਆਪਣੀ ਬੇਸ਼ਰਮ ਚੁੱਪੀ ਤੋੜ ਹੀ ਦਿੱਤੀ, ਪਰ ਅਜਿਹਾ ਓਦੋਂ ਤਕ ਸੰਭਵ ਨਾ ਹੋ ਸਕਿਆ ਜਦੋਂ ਤਕ ਇਨ੍ਹਾਂ ਗਊ ਭਗਤਾਂ ਨੇ ਗੁਜਰਾਤ ਸੂਬੇ ਵਿੱਚ 4 ਮਾਸੂਮ ਦਲਿਤਾਂ ਨੂੰ ਗਊ ਹੱਤਿਆ ਦੇ ਕਥਿਤ ਦੋਸ਼ ਹੇਠ ਕੁੱਟ ਕੁੱਟ ਕੇ ਅੱਧ-ਮੋਇਆ ਨਾ ਕਰ ਦਿੱਤਾ। ਇਸ ਘਟਨਾ ਬਾਰੇ ਤਹਿਕੀਕਾਤ ਤੋਂ ਬਾਅਦ ਇਹੋ ਗੱਲ ਸਾਹਮਣੇ ਆਈ ਹੈ ਕਿ ਉਸ ਵਿਚਾਰੀ ਗਾਂ ਨੂੰ ਤਾਂ ਇੱਕ ਆਦਮਖ਼ੋਰ ਸ਼ੇਰ ਨੇ ਬਿੱਲੇ ਲਗਾਇਆ ਸੀ ਨਾ ਕਿ ਵਿਚਾਰੇ ਦਲਿਤਾਂ ਨੇ! ਬੀਤੇ ਸ਼ਨੀਵਾਰ ਨੂੰ ਇੱਕ ਸਥਾਨਕ ਟਾਊਨ ਹਾਲ ਵਿੱਚ ਹੋਈ ਇੱਕ ਮੀਟਿੰਗ ਵਿੱਚ ਮੋਦੀ ਕੁਰਲਾਇਆ: ”ਮੈਨੂੰ ਉਨ੍ਹਾਂ ਲੋਕਾਂ ‘ਤੇ ਬੜੀ ਖਿੱਝ ਆਉਂਦੀ ਐ ਜਿਹੜੇ ਅੱਜਕੱਲ੍ਹ ਭਾਰਤ ਵਿੱਚ ਗਊ ਰੱਖਿਆ ਮੁਹਿੰਮ ਦੇ ਠੇਕੇਦਾਰ ਬਣੇ ਫ਼ਿਰਦੇ ਨੇ। ਗਊ ਭਗਤੀ ਅਤੇ ਗਊ ਸੇਵਾ ਵਿੱਚ ਬਹੁਤ ਅੰਤਰ ਹੁੰਦੈ। ਮੈਂ ਦੇਖਿਐ ਕਿ ਕੁਝ ਲੋਕ ਰਾਤ ਦੇ ਹਨ੍ਹੇਰੇ ਵਿੱਚ ਤਾਂ ਹਰ ਕਿਸਮ ਦੇ ਘਿਨੌਣੇ ਜੁਰਮਾਂ ਵਿੱਚ ਸ਼ਾਮਿਲ ਰਹਿੰਦੇ ਨੇ ਅਤੇ ਦਿਨ ਦੇ ਵਕਤ ਉਹ ਗਊ ਰਖਿਅਕਾਂ ਦਾ ਭੇਸ ਵਟਾ ਲੈਂਦੇ ਹਨ। ਇਨ੍ਹਾਂ ਬਹਿਰੂਪੀਆਂ ਵਿੱਚੋਂ 70-80 ਪ੍ਰਤੀਸ਼ਤ ਲੋਕ ਅਜਿਹੇ ਵੀ ਹਨ ਜਿਹੜੇ ਖ਼ਾਸ ਕਰ ਕੇ ਸਮਾਜ ਵਿਰੋਧੀ ਕਾਰਵਾਈਆਂ ਵਿੱਚ ਮੁਬਤਿਲਾ ਹਨ ਅਤੇ ਸਿਰਫ਼ ਆਪਣੇ ਪਾਪਾਂ ਨੂੰ ਦੁਨੀਆਂ ਤੋਂ ਛੁਪਾਉਣ ਲਈ ਉਹ ਸਮਾਜਕ ਤੌਰ ‘ਤੇ ਗਊ ਰਖਿਅਕ ਹੋਣ ਦਾ ਨਾਟਕ ਕਰਦੇ ਹਨ। ਜੇਕਰ ਉਹ ਸੱਚਮੁੱਚ ਦੇ ਗਊ ਰਖਿਅਕ ਹੁੰਦੇ ਤਾਂ ਉਨ੍ਹਾਂ ਨੂੰ ਪਤਾ ਹੁੰਦਾ ਕਿ ਵਧੇਰੇ ਗਊਆਂ ਪਲਾਸਟਿਕ, ਗਾਰਬੇਜ, ਦੂਸ਼ਿਤ ਚੀਜ਼ਾਂ, ਆਦਿ ਖਾ ਕੇ ਮਰ ਰਹੀਆਂ ਹਨ ਨਾ ਕਿ ਕੱਸਾਈਆਂ ਵਲੋਂ ਕਤਲ ਕੀਤੇ ਜਾਣ ਕਾਰਨ। ਇਨ੍ਹਾਂ ਗਊ ਰਖਿਅਕਾਂ ਨੂੰ ਗਾਵਾਂ ਨੂੰ ਅਜਿਹੀਆਂ ਹਾਨੀਕਾਰਕ ਚੀਜ਼ਾਂ ਖਾਣ ਤੋਂ ਰੋਕਣ ਲਈ ਕੋਈ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ,” ਮੋਦੀ ਨੇ ਅੱਗੇ ਕਿਹਾ।
ਅੱਜ ਦੇ ਯੁੱਗ ਵਿੱਚ ਸਾਨੂੰ ਵਿਸ਼ਵ ਭਰ ਵਿੱਚ ਅਤੀਤ ਵਿੱਚ ਲੜੀਆਂ ਗਈਆਂ ਜੰਗਾਂ ਦੇ ਪੁਰਾਣੇ ਮੁੱਦਿਆਂ ਨੂੰ ਹੀ ਮੁੜ ਉਭਾਰ ਕੇ ਨਵੀਆਂ ਜੰਗਾਂ ਸ਼ੁਰੂ ਕੀਤੀਆਂ ਜਾਂਦੀਆਂ ਦਿਖਾਈ ਦੇ ਰਹੀਆਂ ਹਨ। ਬੇਸ਼ੱਕ ਉਹ ਸ਼ੀਆ ਸੁੰਨੀ ਦੀ ਆਪਸੀ ਜੰਗ ਹੋਵੇ ਜਾਂ ਕਾਲੇ ਗੋਰੇ ਦੀ; ਇਜ਼ਰਾਇਲ-ਫ਼ਿਲਿਸਤੀਨ ਦਾ ਮੁੱਦਾ ਹੋਵੇ ਜਾਂ ਇਸਾਈਆਂ ਤੇ ਮੁਸਲਮਾਨਾਂ ਦਾ ਆਪਸੀ ਫ਼ੱਡਾ, ਅਸੀਂ ਆਪਣੇ ਆਲੇ ਦੁਆਲੇ ਦੇ ਮਨੁੱਖਾਂ ਨੂੰ ਆਪਣੇ ਪੁਰਾਣੇ ਤੇ ਪੁਸ਼ਤੈਨੀ ਮੁੱਦਿਆਂ ਨਾਲ ਹੀ ਜੂਝਦੇ ਦੇਖਦੇ ਹਾਂ।  ਗਾਂ ਖ਼ਾਣੀ ਹਿੰਦੂ ਧਰਮ ਵਿੱਚ ਤਕਰੀਬਨ ਤਿੰਨ ਹਜ਼ਾਰ ਸਾਲ ਤੋਂ ਵਰਜਿਤ ਚੱਲੀ ਆ ਰਹੀ ਹੈ, ਪਰ ਅਜੋਕੇ ਯੁੱਗ ਵਿੱਚ ਗਊ ਰੱਖਿਆ ਦਾ ਮੁੱਦਾ ਇੱਕ ਵਾਰ ਫ਼ਿਰ ਹਿੰਦੂਤਵ ਜਾਂ ਹਿੰਦੂ ਰਾਸ਼ਟਰਵਾਦ ਦਾ ਇੱਕ ਮਹੱਤਵਪੂਰਨ ਚਿੰਨ੍ਹ ਬਣ ਕੇ ਉਭਰ ਰਿਹਾ ਹੈ ਜਿਸ ਕਾਰਨ ਇਸ ਨੂੰ ਭਾਰਤ ਵਿੱਚ ਕਈ ਵਾਰ ਮੁਸਲਮਾਨਾਂ, ਇਸਾਈਆਂ ਅਤੇ ਦਲਿਤਾਂ ਖ਼ਿਲਾਫ਼ ਹਿੰਸਾ ਫ਼ੈਲਾਉਣ ਲਈ ਇੱਕ ਬਹਾਨੇ ਦੇ ਤੌਰ ‘ਤੇ ਵੀ ਵਰਤਿਆ ਜਾਂਦਾ ਹੈ। ਹਾਲਾਂਕਿ, ਮੋਦੀ ਅਤੇ ਉਸ ਦੀ ਹਿੰਦੂ ਰਾਸ਼ਟਰਵਾਦੀ ਪਾਰਟੀ, ਭਾਰਤੀ ਜਨਤਾ ਪਾਰਟੀ, ਨੇ ਕਦੇ ਸ਼ਰੇਆਮ ਇਨ੍ਹਾਂ ਹਿੰਸਕ ਹਮਲਿਆਂ ਦੀ ਹਮਾਇਤ, ਜਾਂ ਘੱਟੋਘੱਟ ਪ੍ਰਸ਼ੰਸਾ, ਨਹੀਂ ਕੀਤੀ, ਪਰ ਮੋਦੀ ਦੇ ਬੀਤੇ ਸ਼ਨੀਵਾਰ ਦੇ ਇਸ ਬਿਆਨ ਤੋਂ ਪਹਿਲਾਂ ਉਨ੍ਹਾਂ ਦੋਹਾਂ ਨੇ ਕਦੇ ਖੁਲ੍ਹ ਕੇ ਇਸ ਰੁਝਾਨ ਦੀ ਮੁਖ਼ਾਲਫ਼ਤ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਇੱਕ ਤਥਾਕਥਿਤ ਗਊ ਰਖਿਅਕ ਗਰੁੱਪ, ਭਾਰਤੀਯ ਗਊ ਰਕਸ਼ਾ ਦਲ, ਦੇ ਚੇਅਰਮੈਨ ਪਵਨ ਪੰਡਿਤ ਆਪਣੀ ਗਊ ਰੱਖਿਆ ਮੁਹਿੰਮ ਦੇ ਹੱਕ ਵਿੱਚ ਕੁਝ ਇਸ ਤਰ੍ਹਾਂ ਕਹਿੰਦਾ ਸੁਣਾਈ ਦਿੰਦਾ ਹੈ:
”ਅਸੀਂ ਮੁਸਲਮਾਨ ਜਾਂ ਦਲਿਤ ਵਿਰੋਧੀ ਨਹੀਂ। ਅਸੀਂ ਤਾਂ ਇੱਕ ਅਜਿਹਾ ਮਜ਼ਲੂਮ ਭਾਈਚਾਰਾ ਹਾਂ ਜਿਹੜਾ ਆਪਣੀ ਗਾਂ ਨੂੰ ਬਚਾਉਣਾ ਚਾਹੁੰਦੈ ਕਿਉਂਕਿ ਉਹ ਸਾਡੀ ਮਾਂ ਹੈ … ਕਿਉਂਕਿ ਮੇਰੇ ਮਾਤਾ ਪਿਤਾ ਨੇ, ਮੇਰੇ ਧਰਮ ਅਤੇ ਮੇਰੇ ਪਵਿੱਤਰ ਧਰਮ ਗ੍ਰੰਥਾਂ ਨੇ ਮੈਨੂੰ ਇਹੋ ਸਿਖਾਇਐ। … ਭੁੱਲ ਜਾਓ ਇਸ ਗੱਲ ਨੂੰ ਕਿ ਗਊ ਦੀ ਹੱਤਿਆ ਨਾਲ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ; ਇਸ ਗੱਲ ਨੂੰ ਵੀ ਭੁੱਲ ਜਾਓ ਕਿ ਸਾਡੇ ਧਰਮ ਗ੍ਰੰਥ ਗਊ ਹੱਤਿਆ ਨੂੰ ਮਨੁੱਖ ਵਲੋਂ ਕੀਤਾ ਗਿਆ ਸਭ ਤੋਂ ਘਿਨੌਣਾ ਜੁਰਮ ਕਰਾਰ ਦਿੰਦੇ ਹਨ; ਇਹ ਵੀ ਭੁੱਲ ਜਾਵੋ ਕਿ ਭਾਰਤ ਵਿੱਚ ਅਸੀਂ ਬਹੁਗਿਣਤੀ ਵਿੱਚ ਹਾਂ … ਪਰ ਘੱਟੋ-ਘੱਟ, ਗਊ ਨੂੰ ਸਾਡੇ ਪੇਂਡੂ ਭਾਰਤੀ ਅਰਥਚਾਰੇ ਦਾ ਪ੍ਰਮੁੱਖ ਸ੍ਰੋਤ ਤਾਂ ਮੰਨੋ! ਅਤੇ ਫ਼ਿਰ ਵਿਗਿਆਨਕ ਕਾਰਨਾਂ ‘ਤੇ ਵੀ ਇੱਕ ਝਾਤ ਜ਼ਰੂਰ ਮਾਰੋ, ਗਾਂ ਤੋਂ ਪੈਦਾ ਹੋਣ ਵਾਲੇ ਪਦਾਰਥਾਂ ਦਾ ਇਸਤੇਮਾਲ ਕਰਨ ਦੇ ਫ਼ਾਇਦਿਆਂ ਨੂੰ ਤੁਸੀਂ ਕਿਵੇਂ ਨਜ਼ਰਅੰਦਾਜ਼ ਕਰ ਸਕਦੇ ਹੋ – ਬੇਸ਼ੱਕ ਉਹ ਗਾਂ ਦਾ ਦੁੱਧ ਹੋਵੇ, ਮੂਤਰ ਹੋਵੇ ਜਾਂ ਉਸ ਦਾ ਗੋਬਰ? ਇਹ ਸਭ ਕੁਝ ਮੈਂ ਨਹੀਂ ਕਹਿ ਰਿਹਾ, ਇਹ ਦਾਅਵਾ ਤਾਂ ਇੱਕ ਅੰਤਰਰਾਸ਼ਟਰੀ ਰੀਸਰਚ ਦਾ ਹੈ। ਅਮਰੀਕਾ ਵਲੋਂ ਤਾਂ, ਦਰਅਸਲ, ਗਊ ਮੂਤਰ ਦਾ ਪੇਟੈਂਟ ਵੀ ਕਰਵਾਇਆ ਗਿਆ ਦਸਿਆ ਜਾਂਦੈ,” ਪਵਨ ਜੀ ਨੇ ਆਪਣੀ ਸਿਆਣਪ ਝਾੜਦਿਆਂ ਹੋਇਆਂ ਕਿਹਾ।
ਮੌਜੂਦਾ ਹਾਲਾਤ ਤੋਂ ਜੋ ਅੰਦਾਜ਼ਾ ਮੈਂ ਇਨ੍ਹਾਂ ਕਾਲਮਾਂ ਵਿੱਚ ਲਗਾ ਸਕਦਾਂ ਉਹ ਇਹੀ ਹੈ ਕਿ ਅੱਜ ਭਾਰਤ ਤੇ ਪਾਕਿਸਤਾਨ ਅੰਦਰ ਅਤੇ ਉਨ੍ਹਾਂ ਦਰਮਿਆਨ ਜਿਹੋ ਜਿਹੇ ਹਾਲਾਤ ਬਣੇ ਹੋਏ ਹਨ, ਉਨ੍ਹਾਂ ਵਿੱਚ ਨਿਰਸੰਦੇਹ ਇੱਕ ਤਰ੍ਹਾਂ ਦੀ ਸਮਾਨਤਾ ਮੌਜੂਦ ਹੈ। ਭਾਰਤ ਵਿੱਚ, ਹਿੰਦੂ ਰਾਸ਼ਟਰਵਾਦੀ ਕਿਸੇ ਨੂੰ ਵੀ ਇਹ ਕਹਿ ਕੇ ਮਾਰ ਸਕਦੇ ਹਨ ਕਿ ਉਸ ਨੇ ਉਨ੍ਹਾਂ ਦੀ ਗਊ ਮਾਤਾ ਦੀ ਬੇਅਦਬੀ ਕੀਤੀ ਹੈ ਜਦੋਂ ਕਿ ਪਾਕਿਸਤਾਨ ਵਿੱਚ ਕੱਟੜ ਇਸਲਾਮੀ ਕਿਸੇ ‘ਤੇ ਵੀ ਕੁਰਾਨ ਜਾਂ ਅੱਲ੍ਹਾ ਦੀ ਬੇਹੁਰਮਤੀ ਦਾ ਦੋਸ਼ ਲਗਾ ਕੇ ਉਸ ਨੂੰ ਗੱਡੀ ਚਾੜ੍ਹ ਸਕਦੇ ਹਨ।
ਭਾਰਤ ਤੇ ਹਿੰਦੁਸਤਾਨ ਵਿੱਚ ਗਊ ਰੱਖਿਆ ਅਤੇ ਗਊ ਭਗਤੀ ਦਾ ਇਤਿਹਾਸ
ਹਿੰਦੂ ਧਰਮ ਵਿੱਚ ਗਊ ਭਗਤੀ ਦੀ ਸ਼ੁਰੂਆਤ ਦੀ ਕਹਾਣੀ ਤਾਂ ਤਕਰੀਬਨ ਤਿੰਨ ਹਜ਼ਾਰ ਸਾਲ ਤੋਂ ਵੀ ਵੱਧ ਪੁਰਾਣੀ ਹੈ, ਭਾਵ ਇਸ ਰੁਝਾਨ ਦੀਆਂ ਜੜ੍ਹਾਂ ਭਾਰਤ ਦੇ ਵੈਦਿਕ ਕਾਲ ਤਕ ਪਹੁੰਚ ਜਾਂਦੀਆਂ ਹਨ। ਭਾਰਤਵਰਸ਼ ਵਿੱਚ ਉਸ ਵਕਤ ਅਹਿੰਸਾ ਦਾ ਸੰਕਲਪ ਉਭਾਰ ‘ਤੇ ਸੀ, ਅਤੇ ਜੀਵਿਤ ਪ੍ਰਾਣੀਆਂ ਨੂੰ ਕਿਸੇ ਕਿਸਮ ਦਾ ਵੀ ਜਾਨੀ ਨੁਕਸਾਨ ਨਾ ਪਹੁੰਚਾਉਣ ਦੀ ਚਾਹਤ ਨੇ ਗਾਂ ਨੂੰ ਭਾਰਤੀ ਸਮਾਜ ਵਿੱਚ ‘ਅਹਿੰਸਾ’ ਦੇ ਇੱਕ ਚਿੰਨ੍ਹ ਦੇ ਰੂਪ ਵਿੱਚ ਸਥਾਪਿਤ ਕਰ ਦਿੱਤਾ। ਇਸ ਤੋਂ ਇਲਾਵਾ, ਕਿਉਂਕਿ ਉਸ ਦੇ ਦੁੱਧ ਤੋਂ ਪੈਦਾ ਹੋਣ ਵਾਲੇ ਪਦਾਰਥ ਜੀਵਨ ਬਖ਼ਸ਼ਦੇ ਸਨ, ਗਾਂ ਦੀ ਉਪਮਾ ਮਮਤਾ ਜਾਂ ਧਰਤੀ ਮਾਂ ਨਾਲ ਕੀਤੀ ਜਾਣ ਲੱਗੀ। ਮੱਧਕਾਲੀ ਯੁੱਗ ਦੌਰਾਨ, ਖ਼ਾਸਕਰ ਜਦੋਂ ਭਾਰਤ ਵਿੱਚ ਮੁਗ਼ਲਾਂ ਦੀ ਬਾਦਸ਼ਾਹਤ ਸੀ, ਮੁਸਲਮਾਨਾਂ, ਜੋ ਸੂਰਾਂ ਨੂੰ ਪਲੀਤ ਜਾਨਵਰ ਮੰਨਦੇ ਹਨ, ਅਤੇ ਹਿੰਦੂਆਂ, ਜੋ ਕਿ ਗਾਵਾਂ ਦੀ ਪੂਜਾ ਕਰਦੇ ਹਨ ਤੇ ਉਨ੍ਹਾਂ ਨੂੰ ਮਾਂ ਦਾ ਦਰਜਾ ਦਿੰਦੇ ਹਨ, ਦਰਮਿਆਨ ਹਮੇਸ਼ਾ ਤਨਾਅ ਬਣਿਆ ਰਿਹਾ। ਉਸ ਖਿੱਤੇ ਵਿੱਚ ਇਹ ਤਨਾਅ ਉਸ ਵੇਲੇ ਵੀ ਜਾਰੀ ਰਿਹਾ ਜਦੋਂ ਉੱਥੇ ਪੀੜ੍ਹੀਆਂ ਦੀ ਜਾਗ੍ਰਤੀ ਦਾ ਕਾਲ ਚੱਲ ਰਿਹਾ ਸੀ ਅਤੇ ਉਸ ਖਿੱਤੇ ਦੀਆਂ ਪੀੜ੍ਹੀਆਂ ਦੇ ਸੰਕਟ ਦੇ ਯੁੱਗ ਦੌਰਾਨ ਕਈ ਵਾਰ ਇਸ ਤਨਾਅ ਕਾਰਨ ਜੰਗਾਂ ਵੀ ਛਿੜੀਆਂ।
1850ਵਿਆਂ ਵਿੱਚ, ਜਦੋਂ ਉਸ ਖਿੱਤੇ ਵਿੱਚ ਪੀੜ੍ਹੀਆਂ ਦਾ ਸੰਕਟ ਕਾਲ ਚੱਲ ਰਿਹਾ ਸੀ, ਗਊ ਭਗਤੀ ਨੇ ਹੀ ਭਾਰਤ ਦੀ 1857 ਦੀ ਬੇਹੱਦ ਖ਼ੂਨੀ ਕ੍ਰਾਂਤੀ ਨੂੰ ਜਨਮ ਦਿੱਤਾ ਜਿਸ ਨੂੰ ਭਾਰਤ ਦੀ ਬਰਤਾਨੀਆ ਦੇ ਸਾਮਰਾਜ ਖ਼ਿਲਾਫ਼ ਆਜ਼ਾਦੀ ਦੀ ਪਹਿਲੀ ਜੰਗ ਵੀ ਗਰਦਾਨਿਆ ਗਿਆ। 1850ਵਿਆਂ ਵਿੱਚ, ਬਰਤਾਨੀਆ ਦੀ ਈਸਟ ਇੰਡੀਆ ਕੰਪਨੀ, ਜੋ ਕਿ ਉਸ ਵਕਤ ਭਾਰਤ ਦਾ ਨਿਜ਼ਾਮ ਸੰਭਾਲ ਰਹੀ ਸੀ, ਨੇ ਬਰਤਾਨਵੀ ਫ਼ੌਜ ਵਲੋਂ ਵਰਤੀ ਜਾਂਦੀ ਐਨਫ਼ੀਲਡ ਰਾਈਫ਼ਲ ਲਈ ਨਵੀਂ ਤਰ੍ਹਾਂ ਦਾ ਗੋਲੀ ਸਿੱਕਾ ਜਾਰੀ ਕੀਤਾ। ਇਸ ਨਵੇਂ ਕਾਰਤੂਸ ਦੀ ਸੀਲ ਨੂੰ ਪਹਿਲਾਂ ਤੋੜਨਾ ਪੈਂਦਾ ਸੀ ਤਾਂ ਕਿ ਉਸ ਵਿਚਲਾ ਸਾਰਾ ਬਾਰੂਦ ਰਾਈਫ਼ਲ ਦੀ ਨਾਲੀ ਵਿੱਚ ਭਰਿਆ ਜਾ ਸਕੇ, ਅਤੇ ਕਿਉਂਕਿ ਉਨ੍ਹਾਂ ਵੇਲਿਆਂ ਵਿੱਚ ਫ਼ੌਜੀਆਂ ਦੇ ਹੱਥ ਦੂਸਰੇ ਸਾਜ਼ੋ ਸਾਮਾਨ ਨਾਲ ਭਰੇ ਹੁੰਦੇ ਸਨ, ਉਨ੍ਹਾਂ ਕਾਰਤੂਸਾਂ ਦੀ ਸੀਲ ਨੂੰ ਫ਼ੌਜੀਆਂ ਨੂੰ ਆਪਣੇ ਦੰਦਾਂ ਨਾਲ ਤੋੜਨਾ ਪੈਂਦਾ ਸੀ। ਫ਼ਿਰ ਉਸ ਤੋਂ ਬਾਅਦ ਗੋਲੀਆਂ ਨੂੰ ਰਾਈਫ਼ਲਾਂ ਦੇ ਬੈਰਲਾਂ ਹੇਠਾਂ ਧੱਕਿਆ ਜਾਣਾ ਹੁੰਦਾ ਸੀ। ਗੋਲੀਆਂ ਦੇ ਰਾਹ ਨੂੰ ਰੈਲ਼ਾ ਕਰਨ ਲਈ ਕਾਰਤੂਸਾਂ ਨੂੰ ਇੱਕ ਖ਼ਾਸ ਕਿਸਮ ਦੇ ਮਿਸ਼ਰਣ ਵਿੱਚ ਭਿਓਂਇਆ ਜਾਂਦਾ ਸੀ ਜੋ ਕਿ ਬੀਫ਼ ਅਤੇ ਪੋਰਕ (ਜਾਨਵਰ) ਦੀ ਚਰਬੀ ਤੋਂ ਬਣਿਆ ਹੋਇਆ ਦਸਿਆ ਜਾਂਦਾ ਸੀ।
ਇਹ ਕਾਰਤੂਸ ਆਮ ਤੌਰ ‘ਤੇ ਬ੍ਰਿਟਿਸ਼ ਫ਼ੌਜੀਆਂ ਵਲੋਂ ਵਰਤੇ ਜਾਂਦੇ ਸਨ ਅਤੇ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਵਿੱਚੋਂ ਕੁਝ ਕਾਰਤੂਸ ਉਨ੍ਹਾਂ ‘ਸਿਪਾਹੀਆਂ’ (ਭਾਰਤੀ ਫ਼ੌਜੀਆਂ) ਨੂੰ ਵੀ ਜਾਰੀ ਕੀਤੇ ਗਏ ਜਿਹੜੇ ਉਸ ਵਕਤ ਬਰਤਾਨਵੀ ਫ਼ੌਜ ਦੀ ਕਮਾਂਡ ਅਧੀਨ ਸੇਵਾ ਨਿਭਾ ਰਹੇ ਸਨ। ਹੁਣ ਇਸ ਗੱਲ ਨੂੰ ਲੈ ਕੇ ਵੀ ਥੋੜ੍ਹਾ ਜਿਹਾ ਵਿਵਾਦ ਬਣਿਆ ਹੋਇਆ ਹੈ ਕਿ ਜਿਹੜੇ ਕਾਰਤੂਸ ਉਸ ਵਕਤ ਭਾਰਤੀ ਸਿਪਾਹੀਆਂ ਨੂੰ ਜਾਰੀ ਕੀਤੇ ਗਏ ਸਨ ਕੀ ਉਨ੍ਹਾਂ ਨੂੰ ਵੀ ਚਰਬੀ ਨਾਲ ਰੈਲ਼ਾ ਕੀਤਾ ਗਿਆ ਸੀ ਜਾਂ ਨਹੀਂ, ਪਰ ਇਸ ਬਾਰੇ ਕੋਈ ਸ਼ੱਕ ਨਹੀਂ ਕਿ ਇੱਕ ਵਾਰ ਜਦੋਂ ਇਹ ਮਾਮਲਾ ਜਨਤਕ ਹੋ ਗਿਆ ਅਤੇ ਇਸ ਬਾਰੇ ਸ਼ੱਕ ਜ਼ਾਹਿਰ ਕਰ ਦਿੱਤਾ ਗਿਆ, ਭਾਰਤੀ ਸਿਪਾਹੀਆਂ ਦਰਮਿਆਨ ਇਹ ਅਫ਼ਵਾਹ ਜੰਗਲ ਵਿੱਚ ਲੱਗੀ ਕਿਸੇ ਅੱਗ ਵਾਂਗ ਫ਼ੈਲ ਗਈ ਕਿ ਬਰਤਾਨਵੀ ਲੋਕ ਉਨ੍ਹਾਂ ਦੇ ਸ਼ਰੀਰਾਂ ਨੂੰ ਗਊ ਚਰਬੀ ਦਾ ਸੇਵਨ ਕਰਵਾ ਕੇ ਅਪਵਿੱਤਰ ਕਰ ਰਹੇ ਸਨ ਅਤੇ ਉਨ੍ਹਾਂ ਦੀਆਂ ਬਿਰਾਦਰੀਆਂ ਨੂੰ ਤੋੜ ਕੇ ਉਨ੍ਹਾਂ ਦੇ ਜੀਵਨ ਬਰਬਾਦ ਕਰਨ ਦੀ ਸਾਜ਼ਿਸ਼ ਰੱਚ ਰਹੇ ਸਨ। ਦੂਜੇ ਪਾਸੇ, ਮੁਸਲਮਾਨ ਸਿਪਾਹੀ ਇਸ ਗੱਲੋਂ ਖ਼ਫ਼ਾ ਸਨ ਕਿ ਕਾਰਤੂਸਾਂ ਦੇ ਨਾਮ ‘ਤੇ ਉਨ੍ਹਾਂ ਦੇ ਮੂੰਹਾਂ ਵਿੱਚ ਸਿੱਧੇ ਸੂਰ ਪਾਏ ਜਾ ਰਹੇ ਸਨ। ਇਹ ਸਮਾਂ ਭਾਰਤੀ ਉਪ ਮਹਾਂਦੀਪ ‘ਤੇ ਰਹਿ ਰਹੀਆਂ ਪੀੜ੍ਹੀਆਂ ਲਈ ਇੱਕ ਤਰ੍ਹਾਂ ਦਾ ਸੰਕਟ ਕਾਲ ਸੀ ਕਿਉਂਕਿ ਬਰਤਾਨੀਆ ਵਿਰੁੱਧ ਨਫ਼ਰਤ ਅਤੇ ਭਾਰਤੀਆਂ ਦਾ ਰਾਸ਼ਟਰਵਾਦ, ਦੋਹੇਂ ਪਹਿਲਾਂ ਤੋਂ ਹੀ ਆਪਣੇ ਪੂਰੇ ਜੋਬਨ ‘ਤੇ ਸਨ, ਅਤੇ ਚਰਬੀ ਵਾਲੇ ਕਾਰਤੂਸਾਂ ਨੇ ਤਾਂ ਸਿਰਫ਼ ਬਲਦੀ ‘ਤੇ ਤੇਲ ਦਾ ਹੀ ਕੰਮ ਕੀਤਾ ਜਿਸ ਕਾਰਨ ਪੂਰੇ ਭਾਰਤਵਰਸ਼ ਵਿੱਚ ਕਤਲਾਂ ਤੇ ਬਗ਼ਾਵਤਾਂ ਦਾ ਇੱਕ ਅੁਰੱਕ ਸਿਲਸਿਲਾ ਸ਼ੁਰੂ ਹੋ ਗਿਆ। ਤਕਰੀਬਨ ਦੋ ਸਾਲ ਤਕ ਚੱਲੀ 1857 ਦੀ ਜੰਗ ਦੇ ਨਤੀਜੇ ਵੱਜੋਂ ਹਜ਼ਾਰਾਂ ਲੋਕ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ।
ਫ਼ਿਰ ਉਸ ਤੋਂ ਬਾਅਦ, ਜੰਗਾਂ ਦੇ ਅੰਤ ਉਪਰੰਤ, ਭਾਰਤੀ ਉਪ ਮਹਾਂਦੀਪ ਵਿੱਚ ਸਿਹਤਯਾਬੀ ਦੇ ਯੁੱਗ (Recovery Era) ਦੀ ਸ਼ੁਰੂਆਤ ਹੋਈ। ਬਰਤਾਨਵੀ ਭਾਰਤੀ ਸਾਮਰਾਜ ਦਾ ਜਨਮ ਸਾਬਕਾ ਈਸਟ ਇੰਡੀਆ ਕੰਪਨੀ ਤੋਂ ਹੋਇਆ ਸੀ, ਅਤੇ ਭਾਰਤ ਸਿੱਧਾ ਬਰਤਾਨਵੀ ਮਹਾਰਾਣੀ ਦੀ ਹੁਕਮਰਾਨੀ ਅਧੀਨ ਆ ਗਿਆ, ਪਰ ਉਸ ਵਕਤ ਵੀ ਭਾਰਤੀ ਸ਼ਾਹੀ ਰਾਜ ਘਰਾਣਿਆਂ ਨੂੰ ਕਾਫ਼ੀ ਹੱਦ ਤਕ ਖ਼ੁਦਮੁਖ਼ਤਿਆਰੀ ਪ੍ਰਾਪਤ ਸੀ। ਉਸ ਵਕਤ ਭਾਰਤ ਵਿੱਚ ਇੱਕ ਨਵੀਂ ਤਰ੍ਹਾਂ ਦਾ ਸਭਿਆਚਾਰ ਪ੍ਰਫ਼ੁਲਿਤ ਹੋ ਰਿਹਾ ਸੀ ਜਿਸ ਵਿੱਚ ਖ਼ੁਦ ਭਾਰਤੀਆਂ ਵਲੋਂ ਹੀ ਆਪਣੇ ਮੁਲਕ ਵਿੱਚ ਨਵੇਂ ਵਿਸ਼ਵਵਿਦਿਆਲੇ, ਕਾਲਜ, ਸਕੂਲ, ਆਦਿ ਖੋਲ੍ਹੇ ਜਾ ਰਹੇ ਸਨ ਅਤੇ ਭਾਰਤਵਰਸ਼ ਵਿੱਚ ਨਵੀਂਆਂ ਨਵੀਆਂ ਤਕਨੀਕਾਂ ਪੇਸ਼ ਕੀਤੀਆਂ ਜਾ ਰਹੀਆਂ ਸਨ ਜਿਨ੍ਹਾਂ ਵਿੱਚ ਨਵੀਆਂ ਰੇਲਵੇ ਲਾਈਨਾਂ ਵਿਛਾਉਣੀਆਂ, ਸਿੰਚਾਈ ਦੇ ਆਧੁਨਿਕ ਸਾਧਨ ਜੁਟਾਉਣੇ, ਦੂਰ ਸੰਚਾਰ ਦਾ ਇੱਕ ਠੋਸ ਢਾਂਚਾ ਸਥਾਪਿਤ ਕਰਨਾ, ਆਦਿ ਸ਼ਾਮਿਲ ਸਨ। ਆਧੁਨਿਕਤਾ ਦੀ ਇਸ ਸਾਰੀ ਤਰੱਕੀ ਦੇ ਬਾਵਜੂਦ, ਜਿਵੇਂ ਕਿ ਅਜਿਹੀਆਂ ਸਥਿਤੀਆਂ ਵਿੱਚ ਆਮ ਤੌਰ ‘ਤੇ ਹੁਕਮਰਾਨਾਂ ਵਲੋਂ ਕੀਤੇ ਜਾਣ ਦਾ ਰੁਝਾਨ ਹੀ ਹੈ ਤਾਂ ਕਿ ਅਜਿਹੀਆਂ ‘ਮੰਦਭਾਗੀਆਂ’ ਘਟਨਾਵਾਂ ਉਨ੍ਹਾਂ ਦੇ ਰਾਜ ਵਿੱਚ ਮੁੜ ਨਾ ਵਾਪਰ ਸਕਣ, ਬਰਤਾਨਵੀ ਹਕੂਮਤ ਨੇ ਭਾਰਤੀ ਉਪ ਮਹਾਂਦੀਪ ਵਿੱਚ ਉਠਣ ਵਾਲੀ ਵਿਰੋਧ ਦੀ ਹਰ ਆਵਾਜ਼ ਨੂੰ ਜਾਂ ਤਾਂ ਸਦਾ ਲਈ ਦਬਾ ਤੇ ਕੁਚਲ ਦਿੱਤਾ ਜਾਂ ਫ਼ਿਰ ਵਿਰੋਧ ਕਰਨ ਵਾਲਿਆਂ ਨੂੰ ਸਲਾਖ਼ਾਂ ਪਿੱਛੇ ਸੁੱਟ ਦਿੱਤਾ। ਮਜ਼ੇ ਦੀ ਗੱਲ ਤਾਂ ਇਹ ਹੈ ਕਿ 1857 ਦੀ ਕ੍ਰਾਂਤੀ ਤੋਂ ਕਈ ਦਹਾਕਿਆਂ ਬਾਅਦ ਉਸ ਬਾਰੇ ਲਿਖੇ ਜਾਣ ਵਾਲੇ ਇਤਿਹਾਸ ਦੀਆਂ ਸਾਰੀਆਂ ਕਿਤਾਬਾਂ ਵੀ ਕੇਵਲ ਬਰਤਾਨਵੀ ਇਤਿਹਾਸਕਾਰਾਂ ਵਲੋਂ ਹੀ ਲਿਖਿਆ ਗਈਆਂ ਹਨ ਅਤੇ ਇਸ ਸਬੰਧੀ ਭਾਰਤੀ ਲੇਖਕਾਂ ਵਲੋਂ ਲਿਖਿਆ ਹੋਇਆ ਸਾਨੂੰ ਕੁਝ ਵੀ ਪੜ੍ਹਨ ਨੂੰ ਨਹੀਂ ਮਿਲਦਾ।
1857 ਦੀ ਕ੍ਰਾਂਤੀ ਦਾ ਕਿਸੇ ਭਾਰਤੀ ਵਲੋਂ ਲਿਖਿਆ ਗਿਆ ਪਹਿਲਾ ਵੇਰਵਾ ਸਾਨੂੰ ਕੇਵਲ ਮਹਾਂਰਾਸ਼ਟਰ ਤੋਂ ਉਠੇ ਇੱਕ ਨੌਜਵਾਨ ਹਿੰਦੂ ਕਾਰਕੁਨ, ਵੀਰ ਸਰਵਰਕਰ, ਦੀ ਕਿਤਾਬ ‘ਦਾ ਇੰਡੀਅਨ ਵਾਰ ਔਫ਼ ਇੰਡੀਪੈਂਡੈਂਸ-1857’, ਜੋ 1909 ਵਿੱਚ ਛਪੀ ਸੀ, ਵਿੱਚ ਹੀ ਪੜ੍ਹਨ ਨੂੰ ਮਿਲਦਾ ਹੈ। ਉਸ ਵਿੱਚ ਦਰਜ ਇੱਕ ਪੈਰੇ ‘ਤੇ ਜ਼ਰਾ ਗ਼ੌਰ ਫ਼ਰਮਾਓ: ”ਇੰਗਲੈਂਡ ਨੇ ਮਾਸੂਮ ਹਿੰਦੂ ਪਿੰਡ ਵਾਸੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਉਨ੍ਹਾਂ ਨੂੰ ਫ਼ਾਹੇ ਲਗਾਉਣ ਦਾ ਹੁਕਮ ਦੇ ਦਿੱਤਾ ਗਿਆ ਅਤੇ ਫ਼ਿਰ ਉਨ੍ਹਾਂ ਦੇ ਸ਼ਰੀਰਾਂ ਨੂੰ ਸੰਗੀਨਾਂ ਦੀਆਂ ਨੋਕਾਂ ਨਾਲ ਕੋਹਿਆ ਗਿਆ ਅਤੇ ਫ਼ਿਰ, ਹਾਏ ਓਏ ਮੇਰਿਆ ਰੱਬਾ!, ਲੋਹੜਾ ਈ ਆ ਗਿਆ। ਉਨ੍ਹਾਂ ਗੋਰਿਆਂ ਨੇ ਖ਼ੂਨ ਨਾਲ ਲੱਥਪੱਥ ਬੀਫ਼ ਉਨ੍ਹਾਂ ਮਾਸੂਮ ਹਿੰਦੂਆਂ ਦੇ ਮੂੰਹਾਂ ਵਿੱਚ ਪਾ ਦਿੱਤਾ – ਗਾਂ ਦਾ ਖ਼ੂਨ – ਉਨ੍ਹਾਂ ਵਿਚਾਰਿਆਂ ਦੇ ਹਲਕ ਹੇਠਾਂ, ਸੰਗੀਨਾਂ ‘ਤੇ ਪਾ ਪਾ ਕੇ ਧੱਕਿਆ ਗਿਆ – ਅਜਿਹੀ ਬੇਹੁਰਮਤੀ ਨਾਲੋਂ ਤਾਂ ਉਨ੍ਹਾਂ ਨੂੰ ਫ਼ਾਂਸੀ ਹੀ ਦੇ ਦਿੰਦੇ, ਜ਼ਾਲਮੋ! ਜਿਊਂਦਿਆਂ ਹੀ ਕਿਉਂ ਨਾ ਸਾੜ ਦਿੱਤਾ ਉਨ੍ਹਾਂ ਨੂੰ ਤੁਸੀਂ?” ਇਸ ਉਪਰੰਤ, ਨੌਜਵਾਨ ਸਰਵਰਕਰ ਨੂੰ ਰਾਜ ਧ੍ਰੋਅ ਦੇ ਜੁਰਮ ਹੇਠ ਜੇਲ੍ਹ ਭੇਜ ਦਿੱਤਾ ਗਿਆ, ਅਤੇ ਬਾਅਦ ਵਿੱਚ ਉਹ ਇੱਕ ਹਿੰਸਕ ਰਾਸ਼ਟਰਵਾਦੀ ਹਿੰਦੂ ਅਤਿਵਾਦੀ ਬਣ ਕੇ ਲੋਕਾਂ ਸਾਹਮਣੇ ਆਇਆ ਅਤੇ ਉਸ ਨੇ ਜਿਹੜੀ ਹਿੰਦੂਤਵ ਦੀ ਲਹਿਰ ਉਸ ਵਕਤ ਚਲਾਈ ਉਹ ਅੱਜ ਵੀ ਭਾਰਤਵਰਸ਼ ਵਿੱਚ ਪੂਰੀ ਤਰ੍ਹਾਂ ਫ਼ੱਲ ਫੁੱਲ ਰਹੀ ਹੈ।
ਭਾਰਤ ਦੀ ਬਰਤਾਨੀਆ ਵਿਰੁੱਧ ਬਗ਼ਾਵਤ ਤੋਂ ਬਾਅਦ ਦੇ ਸਮੇਂ ਵਿੱਚ, ਜਿਸ ਵਿੱਚ ਉਸ ਖਿੱਤੇ ਦੀਆਂ ਪੀੜ੍ਹੀਆਂ ਦਾ ਜਾਗ੍ਰਤੀ ਅਤੇ ਆਪਸੀ ਵਖਰੇਵੇਂ ਸੁਲਝਾਉਣ ਦਾ ਕਾਲ ਸ਼ਾਮਿਲ ਸਨ, ਦੋ ਹੋਰ ਮਸ਼ਹੂਰ ਸ਼ਖ਼ਸੀਅਤਾਂ ਉਭਰ ਕੇ ਸਾਹਮਣੇ ਆਈਆਂ: ਮਹਾਤਮਾ ਗਾਂਧੀ ਜੋ ਕਿ ਇੱਕ ਸ਼ਾਂਤੀ ਪ੍ਰਚਾਰਕ ਤੇ ਕਾਰਕੁਨ ਸੀ ਅਤੇ ਮੁਹੰਮਦ ਅਲੀ ਜਿਨਾਹ ਜੋ ਕਿ ਬਾਅਦ ਵਿੱਚ ਜਾ ਕੇ ਪਾਕਿਸਤਾਨ ਦਾ ਸੰਸਥਾਪਕ ਬਣਿਆ। ਗਾਂਧੀ ਨੇ ਬਰਤਾਨੀਆ ਖ਼ਿਲਾਫ਼ ਨਾ-ਮਿਲਵਰਤਨ ਦਾ ਸੱਦਾ ਦਿੱਤਾ ਜਿਸ ਵਿੱਚ ਸਿਵਿਲ ਨਾ-ਫ਼ੁਰਮਾਨੀ ਦੀ ਪੁਕਾਰ ਵੀ ਸ਼ਾਮਿਲ ਸੀ। ਭਾਰਤੀ ਉਪ ਮਹਾਂਦੀਪ ਵਿੱਚ ਸ਼ੁਰੂ ਹੋਏ ਜਾਗ੍ਰਤੀ ਯੁੱਗ ਦਾ ਕਲਾਈਮੈਕਸ ਵਾਪਰਿਆ ਅਪ੍ਰੈਲ 10 ਤੋਂ ਅਪ੍ਰੈਲ 12, 1919 ਦਰਮਿਆਨ, ਜਲ੍ਹਿਆਂਵਾਲਾ ਬਾਗ਼ ਜਾਂ ਅੰਮ੍ਰਿਤਸਰ ਦੇ ਘੱਲੂਘਾਰੇ ਦੇ ਰੂਪ ਵਿੱਚ, ਜਿਸ ਦੌਰਾਨ ਬਰਤਾਨਵੀ ਫ਼ੌਜਾਂ ਨੇ ਸ਼ਾਂਤਮਈ ਢੰਗ ਨਾਲ ਗ਼ੁਲਾਮੀ ਦਾ ਵਿਰੋਧ ਕਰ ਰਹੇ 10 ਹਜ਼ਾਰ ਤੋਂ ਵੱਧ ਸਿੱਖ ਮੁਜ਼ਾਹਰਾਕਾਰੀਆਂ ‘ਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਅਤੇ ਸੈਂਕੜਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਘਟਨਾ ਨੇ ਬਰਤਾਨਵੀਆਂ ਅਤੇ ਭਾਰਤੀਆਂ ਨੂੰ ਇਸ ਗੱਲ ਦਾ ‘ਫ਼ੁੱਲ ਐਂਡ ਫ਼ਾਈਨਲ’ ਅਹਿਸਾਸ ਕਰਵਾ ਦਿੱਤਾ ਕਿ ਬਰਤਾਨੀਆ ਨੂੰ ਭਾਰਤੀ ਸਮਾਜ ਦੇ ਹਰ ਖੇਤਰ ਤੋਂ ਆਪਣਾ ਕਬਜ਼ਾ ਪੱਕੇ ਤੌਰ ਅਤੇ ਸਦਾ ਲਈ ਚੁੱਕਣਾ ਪੈਣੈ।
ਭਾਰਤਵਰਸ਼ ਵਿੱਚ, ਹਿੰਦੂ ਰਾਸ਼ਟਰਵਾਦ ਦੇ ਤੌਰ ‘ਤੇ, ਗਊ ਰੱਖਿਆ ਦੀ ਮੁਹਿੰਮ 1882 ਤੋਂ ਹੀ ਇੱਕ ਵਾਰ ਫ਼ਿਰ ਤੋਂ ਸ਼ੁਰੂ ਹੋ ਚੁੱਕੀ ਸੀ, ਅਤੇ ਗਊ ਰੱਖਿਆ ਸੋਸਾਇਟੀਆਂ ਉਸ ਵਕਤ ਤੋਂ ਹੀ ਬਣਨੀਆਂ ਸ਼ੁਰੂ ਹੋ ਗਈਆਂ ਸਨ। ਭਾਰਤ ਦੇ ਬਰਤਾਨੀਆ ਤੋਂ ਆਜ਼ਾਦ ਹੋਣ ਅਤੇ ਇੱਕ ਆਜ਼ਾਦ ਰਾਸ਼ਟਰ ਬਣਨ ਦੇ ਫ਼ੈਸਲੇ ਤੋਂ ਬਾਅਦ ਦੇ ਦਹਾਕਿਆਂ ਦੌਰਾਨ ਭਾਰਤ ਵਿੱਚ ਰਾਸ਼ਟਰਵਾਦੀ ਹੋਣ ਲਈ ਗਊ ਰੱਖਿਅਕ ਜਾਂ ਗਊ ਭਗਤ ਹੋਣਾ ਨਿਹਾਇਤ ਜ਼ਰੂਰੀ ਹੋ ਗਿਆ ਸੀ। 1946 ਵਿੱਚ, ਦੂਸਰੇ ਵਿਸ਼ਵ ਯੁੱਧ ਤੋਂ ਬਾਅਦ, ਸ਼ੁਰੂ ਹੋਣ ਵਾਲੀ ਬਹਿਸ ਪ੍ਰਮੁੱਖ ਤੌਰ ‘ਤੇ ਦੋ ਚੋਣਾਂ ‘ਤੇ ਹੀ ਕੇਂਦ੍ਰਿਤ ਸੀ: ਕੀ ਬਰਤਾਨੀਆ ਦੇ ਭਾਰਤ ਤੋਂ ਪ੍ਰਸਥਾਨ ਤੋਂ ਬਾਅਦ ਉਸ ਸਾਰੇ ਖਿੱਤੇ ਨੂੰ ਇੱਕ ਰਾਸ਼ਟਰ ਬਣਾ ਦਿੱਤਾ ਜਾਵੇ ਜਿਸ ਵਿੱਚ ਮੁਸਲਮਾਨ ਬਹੁਗਿਣਤੀ ਵਾਲੇ ਰਾਜ ਇਸਲਾਮੀ ਕੰਟਰੋਲ ਹੇਠ ਦੇ ਦਿੱਤੇ ਜਾਣ ਅਤੇ ਹਿੰਦੂ ਵਸੋਂ ਵਾਲੇ ਸੂਬੇ ਹਿੰਦੂ ਰਾਸ਼ਟਰਵਾਦੀਆਂ ਦੇ, ਜਾਂ ਫ਼ਿਰ ਕੀ ਉਸ ਖਿੱਤੇ ਵਿੱਚ ਦੋ-ਰਾਸ਼ਟਰੀ ਥਿਊਰੀ ਲਾਗੂ ਕਰ ਦਿੱਤੀ ਜਾਵੇ ਜਿਸ ਤਹਿਤ ਇੱਕ ਇਸਲਾਮੀ ਰਾਸ਼ਟਰ ਸ਼ਾਂਤੀ ਨਾਲ ਇੱਕ ਹਿੰਦੂ ਰਾਸ਼ਟਰ ਦੇ ਸ਼ਾਨਾ-ਬ-ਸ਼ਾਨਾ ਚੱਲੇ? ਜਿਹੜੀ ਦਲੀਲ਼ ਦੀ ਉਸ ਦਿਨ ਜਿੱਤ ਹੋਈ ਉਹ ਇਹ ਸੀ ਕਿ ਮੁਸਲਮਾਨ ਸੂਰਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨ ਵਾਲੇ ਅਤੇ ਹਿੰਦੂ ਕਦੇ ਵੀ ਗਾਵਾਂ ਨਹੀਂ ਖਾਣ ਲੱਗੇ, ਸੋ ਇਹ ਦੋਹੇਂ ਭਾਈਚਾਰੇ ਇਕੱਠੇ ਇੱਕ ਰਾਸ਼ਟਰ ਦੇ ਝੰਡੇ ਹੇਠ ਕਦੇ ਰਹਿ ਹੀ ਨਹੀਂ ਸਕਦੇ। ਅੰਤ ਵਿੱਚ, ਜਿਨਾਹ ਤੇ ਗਾਂਧੀ, ਦੋਹੇਂ ਇਸ ਗੱਲ ‘ਤੇ ਸਹਿਮਤ ਹੋ ਗਏ ਕਿ ਉਸ ਖਿੱਤੇ ਵਿੱਚ ਦੋ ਮੁਲਕ, ਭਾਰਤ ਤੇ ਪਾਕਿਸਤਾਨ, ਬਣਾਉਣੇ ਹੀ ਪੈਣੇ ਹਨ।
1857 ਦੀ ਕ੍ਰਾਂਤੀ ਸਭ ਦੇ ਮਨਾਂ ਵਿੱਚ ਹਾਲੇ ਤਾਜ਼ਾ ਹੀ ਸੀ, ਅਤੇ ਉਸ ਵਕਤ ਸਾਰੇ ਹਲਕੇ ਇਹ ਮੰਨ ਰਹੇ ਸਨ ਕਿ ਇੱਕ ਨਵੀਂ ਜੰਗ ਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਇਹੋ ਹੈ ਕਿ ਬਰਤਾਨਵੀ ਤਖ਼ਤ ਭਾਰਤ ਤੋਂ ਆਪਣਾ ਕਬਜ਼ਾ ਛੱਡ ਦੇਵੇ। ਜੇਕਰ ਬਰਤਾਨੀਆ ਉਸ ਵਕਤ ਭਾਰਤ ਨੂੰ ਆਪਣੇ ਸਾਮਰਾਜ ਦਾ ਹਿੱਸਾ ਬਣਾਈ ਰੱਖਣ ‘ਤੇ ਬਜ਼ਿੱਦ ਰਹਿੰਦਾ ਤਾਂ ਹੋ ਸਕਦਾ ਸੀ ਕਿ ਉੱਥੇ 1857 ਦੀ ਕ੍ਰਾਂਤੀ ਵਰਗੀ ਹੀ ਇੱਕ ਹੋਰ ਵੱਡੀ ਤੇ ਲੰਬੀ ਜੰਗ ਸ਼ੁਰੂ ਹੋ ਜਾਂਦੀ। ਸੋ ਇਹ ਜੰਗ ਉਸ ਵਕਤ ਹੋਣੋਂ ਰੋਕ ਲਈ ਗਈ, ਪਰ ਪੀੜ੍ਹੀਆਂ ਦੇ ਸੰਕਟ ਕਾਲ ਦੌਰਾਨ ਨਵੀਆਂ ਪੀੜ੍ਹੀਆਂ ਦਾ ਉਭਾਰ ਹੁੰਦਾ ਹੈ ਜਿਨ੍ਹਾਂ ਨੂੰ ਅਤੀਤ ਦੀ ਕੋਈ ਵੀ ਯਾਦ ਚੇਤੇ ਨਹੀਂ ਹੁੰਦੀ … ਜੇ ਉਨ੍ਹਾਂ ਅੰਦਰ ਕੁਝ ਵੀ ਹੁੰਦੈ ਤਾਂ ਉਹ ਹੈ ਆਪਣੇ ਕਮਜ਼ੋਰ ਹੋਣ ਦਾ ਅਹਿਸਾਸ ਅਤੇ ਮਨ ਵਿੱਚ ਜੰਗ ਸ਼ੁਰੂ ਕਰਨ ਦੀ ਇੱਛਾ – ਕਿਸੇ ਕਿਸਮ ਦੀ ਵੀ ਜੰਗ। ਸੋ ਅਜਿਹੇ ਹੀ ਵਕਤ ਵਿੱਚ ਭਾਰਤ ਅਤੇ ਪਾਕਿਸਤਾਨ ਹੋਂਦ ਵਿੱਚ ਲਿਆਂਦੇ ਗਏ ਜਿਸ ਦਾ ਨਤੀਜਾ ਮੁਸਲਮਾਨਾਂ ਅਤੇ ਹਿੰਦੂਆਂ ਦਰਮਿਆਨ 1947 ਦੀ ਵੰਡ ਦੀ ਜੰਗ ਦੇ ਰੂਪ ਵਿੱਚ ਦੁਨੀਆਂ ਦੇ ਸਾਹਮਣੇ ਆਇਆ। ਇਹ ਜੰਗ ਸ਼ਾਇਦ 20ਵੀਂ ਸਦੀ ਦੀ ਸਭ ਤੋਂ ਵੱਧ ਲੰਬੀ ਅਤੇ ਸਭ ਤੋਂ ਵੱਧ ਖ਼ੂਨੀ ਜੰਗ ਕਹੀ ਜਾ ਸਕਦੀ ਹੈ ਜੋ ਕਿ 1857 ਦੀ ਕ੍ਰਾਂਤੀ ਦੇ ਖ਼ੂਨ ਖ਼ਰਾਬੇ ਨੂੰ ਵੀ ਸ਼ਾਇਦ ਪਿੱਛੇ ਛੱਡ ਗਈ ਹੋਵੇ। ਉਸ ਵਕਤ ਤੋਂ ਲੈ ਕੇ ਹੁਣ ਤਕ, ਭਾਰਤ ਤੇ ਪਾਕਿਸਤਾਨ ਦਰਮਿਆਨ ਤਿੰਨ ਜੰਗਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਹੀ ਇੱਕ ਸੀ ਬੰਗਾਲ (ਈਸਟ ਪਾਕਿਸਤਾਨ) ਵਿੱਚ ਹੋਈ 1971 ਦੀ ਪੀੜ੍ਹੀਆਂ ਦੇ ਸੰਕਟ ਦੀ ਜੰਗ ਜਿਸ ਤੋਂ ਬਾਅਦ ਬੰਗਲਾਦੇਸ਼ ਹੋਂਦ ਵਿੱਚ ਆਇਆ। ਅੱਜ, ਇੱਕ ਵਾਰ ਫ਼ਿਰ ਭਾਰਤ ਵਿੱਚ ਹਿੰਦੂ ਰਾਸ਼ਟਰਵਾਦ ਸਿਰ ਉਠਾ ਰਿਹੈ, ਅਤੇ ਬੇਸ਼ੱਕ ਜੇ ਹਵਾ ਇਹੋ ਰਹੀ ਤਾਂ ਇਸ ਦੇ ਇਸ ਵਾਰ ਵੀ ਉਹੀ ਨਤੀਜੇ ਨਿਕਲਣਗੇ ਜਿਹੜੇ 1946 ਅਤੇ ਉਸ ਤੋਂ ਪਹਿਲਾਂ 1857 ਵਿੱਚ ਨਿਕਲੇ ਸਨ।

LEAVE A REPLY