gurbachan-300x150ਨਵਾਂ-ਨਵਾਂ ਵਿਆਹ ਹੋਇਆ ਸੀ। ਜੀਤੋ ਹਰ ਵੇਲੇ ਆਪਣੇ ਪ੍ਰਦੇਸੀ ਪ੍ਰੀਤਮ ਦੇ ਖ਼ਿਆਲਾਂ ਵਿੱਚ ਮਸਤ ਹੋਈ ਰਹਿੰਦੀ। ਜਦੋਂ ਫ਼ੌਜੀ ਬਾਰੇ ਉਸ ਦੇ ਕੋਲ ਕੋਈ ਗੱਲ ਕਰਦਾ ਤਾਂ ਉਸ ਨੂੰ ਇੱਕ ਅਵੱਲੀ ਜਿਹੀ ਖ਼ੁਮਾਰੀ ਚੜ੍ਹ ਜਾਂਦੀ। ਉਹ ਖ਼ੁਸ਼-ਖ਼ੁਸ਼ ਫ਼ੌਜੀ ਬਾਰੇ ਗੱਲਾਂ ਕਰਦੀ। ਉਹ ਤਾਂ ਚਾਹੁੰਦੀ ਸੀ, ਕੋਈ ਹਰ ਵੇਲੇ ਫ਼ੌਜੀ ਦੀਆਂ ਹੀ ਗੱਲਾਂ ਕਰਦਾ ਰਹੇ। ਜਦੋਂ ਫ਼ੌਜੀ ਛੁੱਟੀ ਕੱਟਣ ਪਿੰਡ ਆਉਂਦਾ ਤਾਂ ਜੀਤੋ ਨੂੰ ਲਗਦਾ ਜਿਵੇਂ ਸਾਰੇ ਜਹਾਨ ਦੀਆਂ ਖ਼ੁਸ਼ੀਆਂ ਸਿਮਟ ਕੇ ਉਸ ਦੀ ਝੋਲੀ ਆਣ ਪਈਆਂ ਹੋਣ। ਉਹ ਦੇ ਭੋਇੰ ਪੈਰ ਨਾ ਲੱਗਦੇ। ਪਿਆਰੇ ਦੀ ਮਿਲਣ ਦੀ ਖ਼ੁਸ਼ੀ ਵਿੱਚ ਉਸ ਦੇ ਚਿਹਰੇ ਦੀ ਲਾਲੀ ਹੋਰ ਉੱਘੜ ਆਉਂਦੀ ਤੇ ਉਹ ਹੋਰ ਸੋਹਣੀ ਲੱਗਣ ਲੱਗ ਪੈਂਦੀ।
ਪਲੇਠੀ ਦਾ ਮੁੰਡਾ ਹੋ ਗਿਆ ਸੀ ਤੇ ਉਸ ਤੋਂ ਦੋ ਕੁ ਸਾਲ ਬਾਅਦ ਕੁੜੀ। ਗੁਆਂਢਣਾਂ ਉਸ ਦੀ ਕਿਸਮਤ ‘ਤੇ ਖ਼ੁਸ਼ ਹੁੰਦੀਆਂ ਪਰ ਕਈ ਅਜਿਹੀਆਂ ਵੀ ਸਨ ਜਿਨ੍ਹਾਂ ਨੇ ਮੈਲੇ-ਕੁਚੈਲੇ ਕੱਪੜੇ ਪਾਏ ਹੁੰਦੇ, ਲੋਕਾਂ ਦੇ ਘਰੀਂ ਗੋਹਾ-ਕੂੜਾ ਕਰਦੀਆਂ ਨੂੰ ਸਿਰ ਖੁਰਕਣ ਦੀ ਵਿਹਲ ਨਾ ਮਿਲਦੀ, ਉਹ ਉਸ ਦੀ ਕਿਸਮਤ ‘ਤੇ ਸੜਦੀਆਂ। ਜੀਤੋ, ਸਾਫ਼-ਸੁਥਰੇ ਕੱਪੜੇ ਪਾ ਕੇ ਘਰ ਦੇ ਕੰਮਾਂ ‘ਚ ਰੁੱਝੀ ਰਹਿੰਦੀ। ਉਹ ਖ਼ੁਸ਼ ਸੀ ਬਹੁਤ ਖ਼ੁਸ਼। ਡਾਕੀਆ, ਹਰ ਮਹੀਨੇ ਫ਼ੌਜੀ ਵੱਲੋਂ ਭੇਜਿਆ ਮਨੀਆਰਡਰ ਦੇ ਜਾਂਦਾ।
ਪਰ ਹੁਣਜਦੋਂ ਦਾ ਫ਼ੌਜੀ, ਪਤਾ ਨਹੀਂ ਕਿਸ ਤਰ੍ਹਾਂ ਫ਼ੌਜ ‘ਚੋਂ ਨਾਵਾਂ ਕਟਵਾ ਆਇਆ ਸੀ ਤੇ ਲਾਗਲੇ ਪਿੰਡ ਦੀ ਕੁੜੀ ਨਾਲ ਰਹਿਣ ਲੱਗ ਪਿਆ ਸੀ ਤਾਂ ਜੀਤੋ ਲਈ ਜਿਊਣਾ ਮੁਸ਼ਕਲ ਹੋ ਗਿਆ ਸੀ। ਸ਼ਰੀਕਣਾਂ ਗੱਲੀਂ-ਗੱਲੀਂ ਚੋਭਾਂ ਲਾਉਂਦੀਆਂ ਤੇ ਨੱਕ ਚੜ੍ਹਾ-ਚੜ੍ਹਾ ਕੇ ਗੱਲਾਂ ਕਰਦੀਆਂ। ਜੀਤੋ ਦਾ ਤਾਂ ਕਾਲਜਾ ਈ ਪੱਛਿਆ ਜਾਂਦਾ। ਕੋਈ ਪੁੱਛਦੀ
”ਹੈਂ ਨੀ ਜੀਤੋ, ਕੁੜੇ, ਫ਼ੌਜੀ ਉਹਨੂੰ ਕਿਤੇ ਪਹਿਲਾਂ ਈ ਨਾ ਜਾਣਦਾ ਹੋਵੇ?” ਇਹ ਸਭ ਕੁਝ ਸੁਣ ਕੇ ਜੀਤੋ ਦਾ ਦਿਲ ਧਾਹਾਂ ਮਾਰ ਕੇ ਰੋਣ ਨੂੰ ਕਰਦਾ। ਉਹ ਇਸ ਤਰ੍ਹਾਂ ਦੀ ਕਿਸੇ ਵੀ ਗੱਲ ਦਾ ਜਵਾਬ ਨਾ ਦਿੰਦੀ, ਬੱਸ ਚੁੱਪ ਈ ਕਰ ਜਾਂਦੀ। ਕਿਸੇ ਹੱਦ ਤਕ ਉਹ ਵਿਹਲੜ ਔਰਤਾਂ ਕੋਲੋਂ ਕਿਨਾਰਾ ਹੀ ਰੱਖਦੀ।
ਕਈ ਸਿਆਣੀਆਂ ਔਰਤਾਂ ਹਮਦਰਦੀ ਵਜੋਂ ਕਹਿੰਦੀਆਂ
”ਕੁੜੇ, ਬੜਾ ਮਾੜਾ ਕੀਤਾ ਫ਼ੌਜੀ ਨੇ ਤਾਂ ਤੇਰਾ ਨਾ ਸਹੀ, ਘੱਟੋ-ਘੱਟ ਆਪਣੇ ਬੱਚਿਆਂ ਦਾ ਤਾਂ ਸੋਚਦਾ।”
ਤਾਂ ਵੀ ਜੀਤੋ ਚੁੱਪ ਰਹਿੰਦੀ। ਉਸ ਨੇ ਕਦੇ ਵੀ ਆਪਣੇ ਫ਼ੌਜੀ ਬਾਰੇ ਕੋਈ ਮਾੜਾ ਸ਼ਬਦ ਨਹੀਂ ਬੋਲਿਆ ਸੀ ਤੇ ਨਾ ਹੀ ਉਹ ਉਸ ਬਾਰੇ ਅਜਿਹਾ ਕੁਝ ਸੁਣਨਾ ਚਾਹੁੰਦੀ ਸੀ। ਉਸ ਦੇ ਦਿਲ ‘ਚ ਆਪਣੇ ਫ਼ੌਜੀ ਪ੍ਰਤੀ ਹੁਣ ਵੀ ਉਹੀ ਸਤਿਕਾਰ ਅਤੇ ਪਿਆਰ ਸੀ। ਉਸ ਦਾ ਭਰੋਸਾ ਸੀ ਕਿ ਔਰਤ ਆਪਣੇ ਪਤੀਵਰਤਾ ਅਸੂਲਾਂ ਤੋਂ ਨਹੀਂ ਥਿੜਕਣੀ ਚਾਹੀਦੀ। ਪਤੀ ਭਾਵੇਂ ਕਿਹੋ ਜਿਹਾ ਵੀ ਹੋਵੇ, ਆਖ਼ਰ ਪਤੀ ਹੈ ਪਤੀ-ਪ੍ਰਮੇਸ਼ਵਰ।
ਪਿੰਡ ਦੇ ਅਵਾਰਾ ਕਿਸਮ ਦੇ ਮੁੰਡੇ, ਜਿਹੜੇ ਪਹਿਲਾਂ ਕਦੇ ਅੱਖ ਭਰ ਕੇ ਵੇਖਣ ਦੀ ਜ਼ੁਅਰਤ ਨਹੀਂ ਸੀ ਕਰਦੇ, ਹੁਣ ਉਹੀ ਬੂਹੇ ਅੱਗੋਂ ਸੀਟੀਆਂ ਮਾਰ-ਮਾਰ ਕੇ ਲੰਘਦੇ। ਕੋਲੋਂ ਲੰਘਦਿਆਂ ਗੰਦੇ ਤੋਂ ਗੰਦੇ ਮਖੌਲ ਕਰਦੇ। ਪਤੀ ਦੀ ਬੇਵਫ਼ਾਈ ਦੀ ਰੋਲੀ ਦਰਦਾਂ ਮਾਰੀ ਵਿਯੋਗਣ ਜੀਤੋ ਕਿਸੇ ਦੀਆਂ ਵੀ ਭੱਦੀਆਂ ਹਰਕਤਾਂ ਵੱਲ ਧਿਆਨ ਨਹੀਂ ਸੀ ਦਿੰਦੀ। ਦੁੱਖਾਂ ਦੀ ਚੱਕੀ ‘ਚ ਪਿਸਦੀ ਜੀਤੋ ਵੱਲ ਅਣਗਿਣਤ ਗੁਨਾਹਾਂ ਲਿੱਬੜੇ ਹੱਥ ਵਧੇ ਪਰ ਉਹ ਤਾਂ ਆਪਣੀ ਸੱਤਿਆ ‘ਤੇ ਕਾਇਮ ਸੀਆਪਣੇ ਅਸੂਲਾਂ ‘ਤੇ ਅਟੱਲ ਸੀ। ਫ਼ੌਜੀ ਦੇ ਆਉਣ ਦੀ ਉਡੀਕ ਵਿੱਚ ਉਹ ਆਪਣਾ ਪਿਆਰ ਅਤੇ ਆਪਣੇ ਜਜ਼ਬਾਤ ਸਾਂਭ-ਸਾਂਭ ਰੱਖਦੀ ਰਹੀ। ਉਹ ਨੇ ਕਦੇ ਵੀ ਆਪਣੇ ਸਬਰ ਦਾ ਬੰਨ੍ਹ ਉਛਲਣ ਨਹੀਂ ਸੀ ਦਿੱਤਾ। ਉਸ ਨੂੰ ਆਪਣੇ ਫ਼ੌਜੀ ਦੇ ਮੁੜ ਕੇ ਆਉਣ ਦਾ ਪੂਰਾ ਇਤਬਾਰ ਸੀ। ਇਹ ਇਤਬਾਰ ਉਸ ਦੇ ਅੰਤਹਕਰਨ ਵਿੱਚ ਆਸ ਦਾ ਦੀਵਾ ਬਣ ਕੇ ਟਿਮਕਦਾ ਰਿਹਾ। ਹਰ ਵੇਲੇ ਉਹ ਉਸ ਦੀਆਂ ਕੌੜੀਆਂ-ਮਿੱਠੀਆਂ ਯਾਦਾਂ ਵਿੱਚ ਉਲਝੀ ਰਹਿੰਦੀ। ਜੀਤੋ ਆਪਣਾ ਅਤੇ ਬੱਚਿਆਂ ਦਾ ਢਿੱਡ ਭਰਨ ਲਈ ਮਿਹਨਤ-ਮਜ਼ਦੂਰੀ ਕਰਦੀ, ਲੋਕਾਂ ਦਾ ਘਰਾਂ ‘ਚੋਂ ਗੋਹਾ-ਕੂੜਾ ਕਰਦੀ, ਨਰਮੇ-ਕਪਾਹਾਂ ਚੁਗਣ ਜਾਂਦੀ ਸ਼ਾਮਾਂ ਢਲੀਆਂ ਤੋਂ ਘਰ ਮੁੜਦੀ।
ਉਸ ਦਾ ਮੁੰਡਾ ਬਿੱਲੂ ਅੱਠਾਂ-ਦਸਾਂ ਵਰ੍ਹਿਆਂ ਦਾ ਹੋ ਗਿਆ ਸੀ। ਪਹਿਲਾਂ ਤਾਂ ਉਹ ਕਿਸੇ ਦੀਆਂ ਮੱਝਾਂ ਚਾਰਨ ‘ਤੇ ਲੱਗਾ ਰਿਹਾ, ਹੁਣ ਜੀਤੋ ਨੇ ਆਪਣੀ ਕਮਾਈ ਵਿੱਚੋਂ ਦੋ ਬੱਕਰੀਆਂ ਲੈ ਦਿੱਤੀਆਂ। ਬਿੱਲੂ ਸਾਰਾ ਦਿਨ ਦੋਵੇਂ ਬੱਕਰੀਆਂ ਨੂੰ ਖੇਤਾਂ ‘ਚ ਚਾਰਦਾ ਰਹਿੰਦਾ। ਵਾਰੀ-ਵਾਰੀ ਦੋਵੇਂ ਬੱਕਰੀਆਂ ਸੂਅ ਪਈਆਂ। ਦੋਵਾਂ ਨੇ ਦੋ-ਦੋ ਪੱਠਾਂ ਦਿੱਤੀਆਂ। ਛੋਟੀਆਂ ਚਾਰ ਪੱਠਾਂ, ਜੋ ਹੁਣ ਤਕ ਪੂਰੀਆਂ ਬੱਕਰੀਆਂ ਬਣ ਗਈਆਂ ਸਨ, ਦੋਵਾਂ ਨੇ ਇੱਕ-ਇੱਕ ਪੱਠ ਅਤੇ ਇੱਕ-ਇੱਕ ਪਠੋਰਾ ਦਿੱਤਾ। ਇਸ ਤਰ੍ਹਾਂ ਬੱਕਰੀਆਂ ਦਾ ਇਹ ਪਰਿਵਾਰ ਦਿਨੋ-ਦਿਨ ਵਧਦਾ ਗਿਆ। ਜੀਤੋ ਨੇ ਘਰ ਦੇ ਬਾਹਰ ਖੁੱਲ੍ਹੀ ਜਗ੍ਹਾ ਵਿੱਚ ਬੱਕਰੀਆਂ ਲਈ ਵਾੜਾ ਬਣਾ ਲਿਆ ਸੀ। ਜੀਤੋ ਨੇ ਹੁਣ ਲੋਕਾਂ ਦੇ ਕੰਮ ਕਰਨੇ ਛੱਡ ਦਿੱਤੇ ਸਨ। ਘਰ ਦੇ ਰੁਝੇਵੇਂ ਈ ਏਨੇ ਵਧ ਗਏ ਸਨ ਕਿ ਹੋਰ ਕਿਸੇ ਦੇ ਕੰਮ ਦੀ ਫ਼ੁਰਸਤ ਈ ਨਹੀਂ ਸੀ ਮਿਲਦੀ। ਕਦੇ ਕੋਈ ਬੱਕਰੀ ਸੂਈ ਰਹਿੰਦੀਕਦੇ ਕੋਈ ਬੱਕਰੀ ਖ਼ਰੀਦਣ ਆ ਗਿਆ।
ਹੁਣ ਫ਼ਿਰ ਉਹ ਧੋਤੇ ਹੋਏ ਸਾਫ਼ ਕੱਪੜੇ ਪਾਉਣ ਲੱਗ ਪਈ। ਕੰਨਾਂ ਲਈ ਝੁਮਕੇ ਅਤੇ ਬਾਹਵਾਂ ਲਈ ਕੰਗਣੀਆਂ ਬਣਾ ਲਈਆਂ। ਗਰਮੀਆਂ ਲਈ ਪਤਲੇ ਅਤੇ ਸਿਆਲਾਂ ਲਈ ਗਰਮ ਸੂਟ ਬਣਾ ਲਏ। ਕੁੜੀ ਦਿਨੋ-ਦਿਨ ਮੁਟਿਆਰ ਹੁੰਦੀ ਆਉਂਦੀ ਸੀ। ਉਸ ਦੇ ਵਿਆਹ ਦਾ ਫ਼ਿਕਰ ਉਸ ਨੂੰ ਹੁਣ ਤੋਂ ਹੀ ਪੈ ਗਿਆ ਸੀ ਅਤੇ ਉਹ ਹਰ ਲੋੜੀਂਦੀ ਚੀਜ਼ ਉਸ ਦੇ ਲਈ ਬਣਾਉਣ ਲੱਗ ਪਈ ਸੀ।
ਬਿੱਲੂ ਨੇ ਬਾਹਰੋਂ ਈ ਸੌਦਾ ਕਰਕੇ ਇੱਕ ਸੱਜਰ ਸੂਈ ਮੱਝ ਵੀ ਕਿੱਲੇ ਲਿਆ ਬੰਨ੍ਹੀਂ। ਬਿੱਲੂ ਦੇ ਸਾਕ ਲਈ ਦੋ-ਤਿੰਨ ਘਰ ਤਾਂ ਆ ਵੀ ਚੁੱਕੇ ਸਨ ਪਰ ਜੀਤੋ ਨੇ  ‘ਹਾਲੇ ਤਾਂ ਮੁੰਡਾ ਨਿਆਣਾ ਏ’ ਕਹਿ ਕੇ ਟਾਲ ਛੱਡਿਆ। ਉਹ ਤਾਂ ਪਹਿਲਾਂ ਕੁੜੀ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੀ ਸੀ।
ਹੁਣ ਵੀ ਫ਼ੌਜੀ ਦੀ ਯਾਦ ਉਸ ਦੇ ਅੰਦਰ ਹਰ ਵੇਲੇ ਧੁਖਦੀ ਰਹਿੰਦੀ ਅੱਖਾਂ ‘ਚ ਹਰ ਵੇਲੇ ਇੰਤਜ਼ਾਰ ਝਲਕਦਾ ਰਹਿੰਦਾ। ਦੀਦ ਪਿਆਸੇ ਨੈਣਾਂ ਵਿੱਚ ਇੰਤਜ਼ਾਰ ਅਤੇ ਮਿਲਣ ਦੀ ਆਸ ਲਈ ਉਹ ਹਰ ਵੇਲੇ ਸੋਚਦੀ,  ”ਉਹ ਆਵੇਗਾ, ਜ਼ਰੂਰ ਆਵੇਗਾ ਮੇਰਾ ਪਿਆਰ ਇੱਕ ਦਿਨ ਉਸ ਨੂੰ ਜ਼ਰੂਰ ਖਿੱਚ ਲਵੇਗਾ।”
ਉਹ ਕਈ ਵਾਰ ਲੁਕ-ਲੁਕ ਰੋਈ ਸੀ। ਦਿਲ ਵਿੱਚ ਉਬਾਲ ਉੱਠਦਾ, ਅੱਖਾਂ ਉੱਛਲ-ਉੱਛਲ ਆਉਂਦੀਆਂ, ਉਹ ਭਿੱਜੀਆਂ ਪਲਕਾਂ ਪਤੀ ਦੇ ਰਾਹਾਂ ‘ਤੇ ਵਿਛਾਈ ਰੱਖਦੀ।
ਤੇ ਵਰ੍ਹਿਆਂ ਪਿੱਛੋਂ, ਬਸੰਤ ਰੁੱਤ ਦੀ ਇੱਕ ਨਿੱਖਰੀ ਸਵੇਰ, ਫ਼ੌਜੀ ਘਰ ਆ ਗਿਆ। ਪਤੀ ਦੀ ਆਮਦ ਜੀਤੋ ਲਈ ਨਵੀਆਂ ਬਹਾਰਾਂ ਲੈ ਕੇ ਆਈ। ਚਾਅ ਉਸ ਤੋਂ ਸਾਂਭੇ ਨਹੀਂ ਸਨ ਜਾਂਦੇ। ਉਸ ਨੇ ਨਵੀਂ-ਨਕੋਰ ਫ਼ੁੱਲਾਂ ਵਾਲੀ ਚਾਦਰ ਸੰਦੂਕ  ‘ਚੋਂ ਕੱਢ ਕੇ ਮੰਜੇ ‘ਤੇ ਵਿਛਾਈ ਅਤੇ ਬੜੇ ਪਿਆਰ ਨਾਲ ਪਤੀ ਨੂੰ ਬਿਠਾਇਆ।
ਮਨ ਅਨਾਰ ਵਾਂਗ ਖਿੜ ਗਿਆ। ਉਸ ਦੇ ਅੰਦਰ ਇੱਕ ਹੁਲਾਸ ਜਿਹਾ ਭਰ ਗਿਆ। ਚਿਰਾਂ ਤੋਂ ਪਿਲੱਤਣ ਛਾਏ ਚਿਹਰੇ ਉੱਤੇ ਨਿੰਮੀ-ਨਿੰਮੀ ਲਾਲੀ ਉੱਘੜ ਆਈ। ਅੱਖੀਆਂ ਮਧੁਰ ਮਿਲਣ ਦੀ ਮਿੱਠੀ ਖ਼ੁਮਾਰੀ ਨਾਲ ਤਰ ਹੋ ਗਈਆਂ। ਉਸ ਨੇ ਰੱਜ-ਰੱਜ ਕੇ ਚਿਰਾਂ ਵਿਛੁੰਨੇ ਪਤੀ ਦਾ ਦੀਦਾਰ ਕੀਤਾ। ਉਸ ਦੇ ਬੋਲਾਂ ਵਿੱਚੇ ਕੋਈ ਸ਼ਿਕਵਾ ਨਹੀਂ ਸੀ, ਕੋਈ ਗਿਲਾ ਨਹੀਂ ਸੀ ਕਿ ਉਹ ਐਨੇ ਵਰ੍ਹੇ ਕਿਸੇ ਗ਼ੈਰ-ਤੀਵੀਂ ਨਾਲ ਕਿੱਥੇ ਗੁਜ਼ਾਰ ਆਇਆ। ਉਸ ਨੂੰ ਤਾਂ ਖ਼ੁਸ਼ੀ ਸੀ, ਉਸ ਦਾ ਪਤੀ ਮੁੜ ਆਇਆ। ਹਾਂ, ਉਹ ਨੇ ਹੱਸਦਿਆਂ ਤੇ ਮਚਲਦਿਆਂ ਐਨਾ ਜ਼ਰੂਰ ਪੁੱਛਿਆ, ”ਉਸ ਨੂੰ ਕਿੱਥੇ ਛੱਡ ਆਏ ਓ? ਨਾਲ ਈ ਲਈ ਆਉਂਦੇ ਮੈਂ ਵੀ ਦਰਸ਼ਨ ਕਰ ਲੈਂਦੀ ਆਪਣੀ ਭੈਣ ਦੇ।” ਇਹ ਸੁਣ ਕੇ ਫ਼ੌਜੀ ਦਾ ਮੂੰਹ ਕੌੜਾ ਜਿਹਾ ਹੋ ਗਿਆ। ਉਹ ਜੀਤੋ ਤੋਂ ਅੱਖਾਂ ਚੁਰਾ ਕੇ ਤੇ ਪਾਸੇ ਵੱਲ ਮੂੰਹ ਕਰਕੇ ਹੌਲੀ ਜਿਹੀ ਫ਼ੁਸਫ਼ੁਸਾਇਆ, ”ਮਤਲਬ ਦੀ ਨੀਂਹ ‘ਤੇ ਉਸਰੇ ਰਿਸ਼ਤੇ ਮਤਲਬ ਪੂਰਾ ਹੋਣ ਮਗਰੋਂ ਮਿੱਟੀ ਦੇ ਘਰ ਵਾਂਗ ਢਹਿ ਜਾਂਦੇ ਹਨ।” ਤੇ ਜੀਤੋ ਮੁਸਕਰਾ ਰਹੀ ਸੀ।
– ਸੰਤੋਖ ਸਿੰਘ ਭਾਣਾ

LEAVE A REPLY