Editorial1ਜੀ ਬਿਲਕੁਲ ਹੈ, ਪਰ ਜ਼ਰੂਰੀ ਨਹੀਂ ਕਿ ਇਹ ਉਹ ਹੋਵੇ ਜੋ ਤੁਸੀਂ ਸੋਚਦੇ ਹੋ। ਜਦੋਂ ਮੇਰੇ ਦੋਸਤ ਮੈਨੂੰ ਇਹ ਸਵਾਲ ਪੁੱਛਦੇ ਹਨ ਤਾਂ ਉਹ ਦਰਅਸਲ ਇਹ ਪੁੱਛ ਰਹੇ ਹੁੰਦੇ ਹਨ ਕਿ ”ਕੀ ਇਸ ਸੰਸਾਰ ਦਾ ਕੋਈ ਸਿਰਜਣਹਾਰਾ ਹੈ, ਕੋਈ ਸੂਝਵਾਨ ਰਚੇਤਾ?” ਇਹ ਉਹ ਵੇਲਾ ਹੁੰਦੈ ਜਦੋਂ ਮੈਂ ਆਪਣਾ ਦਾਰੂ ਦਾ ਇੱਕ ਪੈੱਗ ਪਾ ਕੇ ਉਨ੍ਹਾਂ ਨੂੰ ਕਹਿਨਾਂ, ”ਚਲੋ ਯਾਰੋ, ਕਰੀਏ ਫ਼ਿਰ ਖੇਡ ਸ਼ੁਰੂ!” ਫ਼ਿਰ ਮੈਨੂੰ ਆਸਤਿਕਾਂ ਅਤੇ ਨਾਸਤਿਕਾਂ ਦਰਮਿਆਨ ਚੁੰਝ ਚਰਚਾ ਦਾ ਆਨੰਦ ਮਾਣਨ ਦਾ ਮੌਕਾ ਮਿਲਦੈ। ਸਾਡੇ ਪ੍ਰਤੱਖ ਤੌਰ ‘ਤੇ ਮਹੱਤਵਹੀਣ ਧਰਤੀ ਅਤੇ ਸੂਰਜ, ਅਣਜਾਣੇ ਜਾਂ ਅਣਗਾਹੇ ਸਥਾਨਾਂ ‘ਤੇ ਜੀਵਨ ਦੀ ਸਪੱਸ਼ਟ ਅਣਹੋਂਦ ਅਤੇ ਇਸ ਜਹਾਨ ਤੋਂ ਬਿਹਤਰ ਜਹਾਨ ਦੀ ਸਾਡੀ ਬੇਕਾਰ ਦੀ ਤਲਾਸ਼, ਇਹ ਸਭ ਕੁਝ ਸਾਨੂੰ ਸਾਰਿਆਂ ਨੂੰ ਭਲੀ ਪ੍ਰਕਾਰ ਦਿਖਾਈ ਦਿੰਦਾ ਹੈ। ਇੱਕ ਧਿਰ ਨੂੰ ਇਹ ਕਿਸੇ ਸਿਰਜਣਹਾਰੇ ਦੀ ਹੋਂਦ ਦਾ ਸਬੂਤ ਲਗਦੈ; ਦੂਸਰੀ ਇਸ ਦਾ ਤਰਜਮਾ ਇੱਕ ਮਹਾਨ ਮੌਕੇ ਦੇ ਤੌਰ ‘ਤੇ ਕਰਦੀ ਹੈ; ਅਤੇ ਕੋਈ ਹੋਰ, ਬਹੁਪਰਤੀ ਸੰਸਾਰ ਦੀ ਹੋਂਦ ਵਿੱਚ ਵਿਸ਼ਵਾਸ ਰੱਖਣ ਵਾਲੀ ਧਿਰ ਕਹਿੰਦੀ ਹੈ ਕਿ ਇਹ ਤਾਂ ਕੁਦਰਤੀ ਵਰਤਾਰਾ ਹੈ ਕਿ ਕੋਈ ਵੀ ਸੰਸਾਰ ਜਿਸ ਵਿੱਚ ਜ਼ਿੰਦਗੀ ਪਨਪ ਸਕਦੀ ਹੋਵੇ, ਉਹ ਉਸ ਜ਼ਿੰਦਗੀ ਨੂੰ ਕਾਇਮ ਰੱਖਣ ਦੇ ਕਾਬਿਲ ਹੋਵੇਗਾ ਹੀ। ਇਸ ਬਹਿਸ ਵਿੱਚ ਰੁਝੀਆਂ ਹੋਈਆਂ ਸਾਰੀਆਂ ਹੀ ਧਿਰਾਂ ਆਮ ਤੌਰ ‘ਤੇ ਸਰਬ ਪ੍ਰਵਾਨਿਤ ‘ਦਾ ਬਿੱਗ ਬੈਂਗ ਥਿਊਰੀ’ ਜਾਂ ‘ਮਹਾਂ-ਵਿਸਫ਼ੋਟ ਦੇ ਸਿਧਾਂਤ’, ਜਿਸ ਤੋਂ ਬਾਅਦ ਸਾਡੀ ਇਹ ਧਰਤੀ ਹੋਂਦ ਵਿੱਚ ਆਈ ਮੰਨੀ ਜਾਂਦੀ ਹੈ, ਨੂੰ ਸਮਝਦੀਆਂ ਹਨ। ਇੱਕ ਪੱਖ ਇਸ ‘ਮਹਾਂ ਵਿਸਫ਼ੋਟ’ ਨੂੰ ਵੀ ਕਿਸੇ ਸਿਰਜਣਹਾਰੇ ਦੀ ਹੋਂਦ ਦਾ ਸੰਕੇਤ ਮੰਨਦੈ ਅਤੇ ਨਤੀਜਤਨ ਉਸ ਨੂੰ ਇਸ ਦੀ ਹੋਂਦ ਵਿੱਚ ਮਕਸਦ ਵੀ ਦਿਖਾਈ ਦਿੰਦੈ; ਦੂਜਾ ਪੱਖ ਇਸ ਦਾ ਅਰਥ ਇਹ ਕੱਢਦੈ ਕਿ ਸਬੂਤਾਂ ਦੇ ਮੱਦੇ ਨਜ਼ਰ ਇਸ ਸਭ ਲਈ ਕਿਸੇ ਵੀ ਰਚੇਤਾ ਦੇ ਹੋਣ ਦੀ ਕੋਈ ਲੋੜ ਨਹੀਂ ਦਿਖਾਈ ਦਿੰਦੀ।
ਜੇਕਰ ਜੀਵਨ ਦਾ ਅੰਤ ਕਬਰ ਜਾਂ ਮਿੱਟੀ ਵਿੱਚ ਹੀ ਹੋਣੈ ਤਾਂ ਫ਼ਿਰ ਸਾਡੇ ਜਿਊਣ ਦਾ ਕੋਈ ਸਾਰਥਕ ਮਕਸਦ ਹੋ ਹੀ ਨਹੀਂ ਸਕਦਾ। ਇਸ ਤੋਂ ਛੁੱਟ, ਜੇਕਰ ਸਾਡੇ ਜੀਵਨ ਦਾ ਅੰਤ ਮੌਤ ਦੇ ਰੂਪ ਵਿੱਚ ਨਾ ਵੀ ਹੋਣਾ ਹੁੰਦਾ ਤਾਂ ਵੀ ਰੱਬ ਤੋਂ ਬਿਨਾਂ ਸਾਡੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਹੋ ਸਕਦਾ ਕਿਉਂਕਿ ਫ਼ਿਰ ਬੰਦਾ ਅਤੇ ਸ੍ਰਿਸ਼ਟੀ, ਦੋਹੇਂ ਕੇਵਲ ਇੱਕ ਦੁਰਘਟਨਾ ਦੀ ਉਪਜ ਹੀ ਕਹੇ ਜਾਣਗੇ। ਰੱਬ ਦੇ ਬਿਨਾਂ ਇਹ ਸੰਸਾਰ ਕਿਸੇ ਬ੍ਰਹਿਮੰਡੀ ਦੁਰਘਟਨਾ ਦਾ ਨਤੀਜਾ ਹੀ ਹੈ, ਇੱਕ ਕੁਦਰਤੀ ਵਿਸਫ਼ੋਟ ਦਾ। ਇਸ ਦੀ ਹੋਂਦ ਪਿੱਛੇ ਕੋਈ ਅਜਿਹਾ ਖ਼ਾਸ ਸੋਚਿਆ ਹੋਇਆ ਕਾਰਨ ਨਹੀਂ ਦਿਖਾਈ ਦਿੰਦਾ। ਰਿਹਾ ਬੰਦੇ ਦਾ ਸਵਾਲ ਤਾਂ ਉਹ ਕੁਦਰਤ ਦਾ ਇੱਕ ਕ੍ਰਿਸ਼ਮਾ ਹੀ ਹੈ; ਛੇ ਤੱਤਾਂ + ਸਮਾਂ + ਮੌਕੇ ਦਾ ਰਲ਼ ਕੇ ਰਚਿਆ ਹੋਇਆ ਇੱਕ ਪਦਾਰਥ। ਇਨਸਾਨ ਕੂੜੇ ਦਾ ਇੱਕ ਅਜਿਹਾ ਢੇਰ ਹੈ ਜਿਹੜਾ ਵਕਤ ਦੇ ਨਾਲ ਨਾਲ ਵਿਵੇਕ ਵਿੱਚ ਵਿਕਸਿਤ ਹੋ ਚੁੱਕੈ। ਮਨੁੱਖੀ ਜ਼ਿੰਦਗੀ ਦਾ ਉਸ ਤੋਂ ਵੱਧ ਕੋਈ ਮਕਸਦ ਨਹੀਂ ਜਿੰਨਾ ਕੀੜੇ ਮਕੋੜਿਆਂ ਜਾਂ ਕੁੱਤੇ ਬਿੱਲੀਆਂ ਦੀਆਂ ਜ਼ਿੰਦਗੀਆਂ ਦਾ ਹੁੰਦਾ ਹੈ ਕਿਉਂਕਿ ਇਹ ਸਾਰੇ ਹੀ ਮੌਕੇ ਅਤੇ ਲੋੜ ਦੇ ਅੰਨੇ ਸੁਮੇਲ ਦਾ ਨਤੀਜਾ ਹਨ। ਰੱਬ ਵਿਹੂਣੇ ਸੰਸਾਰ ਦੀ ਹਕੀਕਤ ਇਹ ਹੈ ਕਿ ਰੱਬ ਤੋਂ ਬਿਨਾਂ ਇੱਥੇ ਕੋਈ ਉਮੀਦ ਬਾਕੀ ਨਹੀਂ ਰਹੇਗੀ ਅਤੇ ਇਸ ਦੇ ਹੋਣ ਦਾ ਕੋਈ ਠੋਸ ਕਾਰਨ ਜਾਂ ਮਕਸਦ ਵੀ ਨਹੀਂ ਹੋਵੇਗਾ। ਅਤੇ ਜੋ ਕੁਝ ਮਨੁੱਖਤਾ ਲਈ ਸਾਂਝੇ ਤੌਰ ‘ਤੇ ਸੱਚ ਹੈ, ਉਹੀ ਸਾਡੇ ਸਾਰਿਆਂ ਲਈ ਨਿੱਜੀ ਤੌਰ ‘ਤੇ ਵੀ ਸੱਚ ਹੈ; ਅਸੀਂ ਸਾਰੇ ਹੀ ਇਸ ਧਰਤੀ ‘ਤੇ ਬਿਨਾਂ ਕਿਸੇ ਮਕਸਦ ਦੇ ਤੁਰੇ ਫ਼ਿਰਦੇ ਹਾਂ।
ਪਰ ਮੈਂ ਕਦੇ ਕਦੇ ਸੋਚਦਾ ਹੁੰਦਾਂ ਕਿ ਕੀ ਇਸ ‘ਮਕਸਦ’ ਦੇ ਸਵਾਲ ਨੂੰ ਵਿਚਾਰਨ ਦਾ ਕੋਈ ਹੋਰ, ਵੱਖਰਾ ਨਜ਼ਰੀਆ ਵੀ ਹੋ ਸਕਦੈ! ਮੈਂ ਇਹ ਵੀ ਸੋਚਦਾਂ ਕਿ ਕੀ ਅਸੀਂ ਇਸ ਸਵਾਲ ਨੂੰ ਕਿਸੇ ਸਿਆਣੇ ਸਿਰਜਣਹਾਰੇ ਦੀ ਹੋਂਦ ਜਾਂ ਅਣਹੋਂਦ ਨੂੰ ਵਿਚਾਰੇ ਬਿਨਾਂ ਵੀ ਵਿਚਾਰ ਸਕਦੇ ਹਾਂ ਜਾਂ ਨਹੀਂ। ਅਜਿਹੇ ਕਿਸੇ ਸਿਰਜਣਹਾਰੇ ਜਾਂ ਰਚੇਤਾ ਦੇ ਬਿਨਾਂ ਵੀ ਕੀ ਇਸ ਸੰਸਾਰ ਦਾ ਕੋਈ ਮਕਸਦ ਜਾਂ ਉਦੇਸ਼ ਹੋ ਸਕਦੈ? ਅਤੇ ਉਨ੍ਹਾਂ ਲੋਕਾਂ ਲਈ ਜਿਹੜੇ ਕਿਸੇ ਰੱਬ ਜਾਂ ਸਿਰਜਣਹਾਰੇ ਦੀ ਹੋਂਦ ਨੂੰ ਨਹੀਂ ਮੰਨਦੇ, ਇਸ ਸੰਸਾਰ ਦਾ ਕੀ ਮਕਸਦ ਹੋਵੇਗਾ? ਇਨ੍ਹਾਂ ਸਵਾਲਾਂ ਦਾ ਜਵਾਬ ਥੋੜ੍ਹਾ ਇਸ ਗੱਲ ‘ਤੇ ਵੀ ਨਿਰਭਰ ਕਰਦੈ ਕਿ ਤੁਸੀਂ ‘ਸ੍ਰਿਸ਼ਟੀ’ ਨੂੰ ਕਿਵੇਂ ਪ੍ਰਭਾਸ਼ਿਤ ਕਰਦੇ ਹੋ। ਜੇਕਰ ਤੁਹਾਡੀ ਨਜ਼ਰ ਵਿੱਚ ਸ੍ਰਿਸ਼ਟੀ ਦਾ ਮਤਲਬ ਸਾਰੀ ਸ੍ਰਿਸ਼ਟੀ ਅਤੇ ਉਸ ਦਾ ਹਰ ਇੱਕ ਭਾਗ ਅਤੇ ਸੈਕਸ਼ਨ ਹੈ ਤਾਂ ਇਹ ਇੱਕ ਬਹੁਤ ਹੀ ਮੁਸ਼ਕਿਲ ਸਵਾਲ ਬਣ ਜਾਵੇਗਾ ਕਿਉਂਕਿ ਫ਼ਿਰ ਤੁਹਾਨੂੰ ਇਸ ਸ੍ਰਿਸ਼ਟੀ ਦੇ ਹਰ ਇੱਕ ਭਾਗ ਵਿੱਚ ਮਤਲਬ ਢੂੰਢਣਾ ਪੈਣੈ। ਪਰ, ਜੇ ਇਸ ਸ੍ਰਿਸ਼ਟੀ ਦੇ ਕਿਸੇ ਵੀ ਭਾਗ ਦੇ ਮਕਸਦ ਦੀ ਕੋਈ ਕੀਮਤ ਹੈ ਤਾਂ ਫ਼ਿਰ ਇਹ ਸਿਰਫ਼ ਜ਼ਿੰਦਗੀ ਦੇ ਕਿਸੇ ਵੀ ਹਿੱਸੇ ਵਿੱਚੋਂ ਮਕਸਦ ਲੱਭਣ ਦਾ ਹੀ ਕਾਰਜ ਹੋਣਾ ਚਾਹੀਦੈ। ਘੱਟੋ ਘੱਟ ਮੈਂ ਤਾਂ ਉਪਰੋਕਤ ਸਵਾਲ ਦਾ ਤਰਜਮਾ ਕੁਝ ਇੰਝ ਹੀ ਕਰਦਾ ਹਾਂ।
ਜਿਵੇਂ ਮੈਂ ਉੱਪਰ ਅਰਜ਼ ਕੀਤੀ ਸੀ, ਜੋ ਕੁਝ ਸਾਡੀ ਸ੍ਰਿਸ਼ਟੀ ਅਤੇ ਮਨੁੱਖੀ ਨਸਲ ਬਾਰੇ ਸਾਂਝੇ ਤੌਰ ‘ਤੇ ਸੱਚ ਹੈ ਉਹੀ ਸਾਡੇ ਲਈ ਨਿੱਜੀ ਤੌਰ ‘ਤੇ ਵੀ ਸਹੀ ਹੈ ਕਿਉਂਕਿ ਅਸੀਂ ਮਨੁੱਖ ਆਪਣੇ ਖ਼ਾਨਦਾਨੀ ਵਿਰਸੇ ਦਾ, ਆਪਣੇ ਆਲੇ ਦੁਆਲੇ ਦਾ ਅਤੇ ਆਪਣੀ ਪਰਵਰਿਸ਼ ਦੇ ਮਿਸ਼ਰਣਾਂ ਦਾ ਨਤੀਜਾ ਹੁੰਦੇ ਹਾਂ। ਅਸੀਂ ਇੱਕ ਤਰ੍ਹਾਂ ਨਾਲ ਆਪਣੇ ਜਨੈਟਿਕਸ ਅਤੇ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਦਰਮਿਆਨ ਹੋ ਰਹੀ ਰੱਸਾ ਕਸ਼ੀ ਦਾ ਸ਼ਿਕਾਰ ਹੁੰਦੇ ਹਾਂ। ਮਨੋਵਿਗਿਆਨੀ ਸਿਗਮੁੰਡ ਫ਼ਰਿਊਡ ਦੇ ਪੈਰੋਕਾਰ ਸਾਨੂੰ ਦਸਦੇ ਹਨ ਕਿ ਸਾਡੇ ਐਕਸ਼ਨ ਸਾਡੀਆਂ ਕਈ ਤਰ੍ਹਾਂ ਦੀਆਂ ਦਬੀਆਂ ਕੁਚਲੀਆਂ ਕਾਮੁਕ ਬਿਰਤੀਆਂ ਦਾ ਨਤੀਜਾ ਹਨ। ਸਮਾਜਸ਼ਾਸਤਰੀ ਬੀ. ਐੱਫ਼. ਸਕਿਨਰ ਨੂੰ ਪੜ੍ਹਨ ਵਾਲੇ ਇਹ ਬਹਿਸ ਕਰਦੇ ਹਨ ਕਿ ਸਾਡੀਆਂ ਸਾਰੀਆਂ ਚੋਣਾਂ ਸਾਡੀ ਪਰਵਰਿਸ਼ ਜਾਂ ਟ੍ਰੇਨਿੰਗ ਵਲੋਂ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ, ਅਤੇ ਸਾਡੀ ਆਜ਼ਾਦੀ ਸਿਰਫ਼ ਸਾਡਾ ਭਰਮ ਹੈ। ਜੇਕਰ ਰੱਬ ਦੀ ਕੋਈ ਹੋਂਦ ਨਹੀਂ ਤਾਂ ਫ਼ਿਰ ਅਸੀਂ ਕੇਵਲ ਕੁਦਰਤ ਦਾ ਅਜਿਹਾ ਗਰਭਪਾਤ ਹਾਂ ਜਿਸ ਨੂੰ ਇਸ ਮਕਸਦ ਰਹਿਤ ਸੰਸਾਰ ਵਿੱਚ ਮਕਸਦ ਰਹਿਤ ਜੀਵਨ ਗੁਜ਼ਾਰਨ ਲਈ ਭੇਜ ਦਿੱਤਾ ਗਿਆ ਹੈ। ਸੋ ਜੇਕਰ ਰੱਬ ਦੀ ਕੋਈ ਹੋਂਦ ਨਹੀਂ ਤਾਂ ਇਸ ਦਾ ਅਰਥ ਇਹ ਹੋਇਆ ਕਿ ਬੰਦੇ ਅਤੇ ਸ੍ਰਿਸ਼ਟੀ ਦੀ ਹੋਂਦ ਦਾ ਵੀ ਕੋਈ ਮਕਸਦ ਨਹੀਂ ਕਿਉਂਕਿ ਹਰ ਸ਼ੈਅ ਦਾ ਅੰਤ ਮੌਤ ਹੈ ਅਤੇ ਮੌਤਾਂ ਕਦੇ ਵੀ ਮਕਸਦ ਨਹੀਂ ਹੋਇਆ ਕਰਦੀਆਂ। ਮਨੁੱਖ ਦੀ ਹੋਂਦ ਦਾ ਵੀ ਕੋਈ ਮਕਸਦ ਨਹੀਂ ਕਿਉਂਕਿ ਉਹ ਸਿਰਫ਼ ਸਬੱਬ ਨਾਲ ਅੰਨ੍ਹੇਵਾਹ, ਬਿਨਾ ਕਿਸੇ ਠੋਸ ਸੋਚ ਦੇ, ਪੈਦਾ ਹੋਇਆ ਫ਼ਾਲਤੂ ਦਾ ਪਦਾਰਥ ਹੀ ਹੈ।
ਮੇਰੇ ਇਸ ਸੰਪਾਦਕੀ ਨੋਟ ਦੇ ਸ਼ੁਰੂ ਵਿੱਚ ਪੁੱਛੇ ਗਏ ਸਵਾਲ ਦਾ ਜਵਾਬ ਇਸ ਗੱਲ ‘ਤੇ ਵੀ ਨਿਰਭਰ ਕਰਦਾ ਹੈ ਕਿ ਲਫ਼ਜ਼ ‘ਮਕਸਦ’ ਦਾ ਤੁਹਾਡੇ ਨਜ਼ਦੀਕ ਕੀ ਅਰਥ ਹੈ। ਮੈਨੂੰ ਇਹ ਸਵਾਲ ਕਿ ”ਕੀ ਇਸ ਸੰਸਾਰ ਦਾ ਕੋਈ ਮਕਸਦ ਹੈ” ਇਸ ਛੁਪੇ ਹੋਏ ਸਵਾਲ ਦੀ ਪ੍ਰੋਕਸੀ ਹੀ ਲਗਦਾ ਹੈ ਕਿ ”ਕੀ ਇਸ ਸ੍ਰਿਸ਼ਟੀ ਦਾ ਕੋਈ ਸਰਬ ਕਲਾ ਭਰਪੂਰ, ਸੂਝਵਾਨ ਸਿਰਜਣਹਾਰਾ ਮੌਜੂਦ ਹੈ” ਕਿਉਂਕਿ ਲੋਕ ਅਕਸਰ ਮਕਸਦ ਦੀ ਪਰਿਭਾਸ਼ਾ ‘ਇਰਾਦੇ’ ਦੇ ਰੂਪ ਵਿੱਚ ਹੀ ਦਿੰਦੇ ਹਨ। ਜੇਕਰ ਮਕਸਦ ਇੱਕ ਇਰਾਦਾ ਹੈ ਅਤੇ ਜੇਕਰ ਵਾਕਈ ਇਸ ਸ੍ਰਿਸ਼ਟੀ ਦੀ ਸਿਰਜਣਾ ਪਿੱਛੇ ਕੋਈ ਖ਼ਾਸ ਇਰਾਦਾ ਕੰਮ ਕਰ ਰਿਹਾ ਸੀ ਤਾਂ ਫ਼ਿਰ ਇਹ ਇਰਾਦਾ ਕੀਤਾ ਕਿਸ ਨੇ ਸੀ? ਇਸ ਤਰ੍ਹਾਂ ਅਸੀਂ ਇੱਕ ਵਾਰ ਫ਼ਿਰ ਸਿਰਜਣਹਾਰੇ ਦੇ ਸਵਾਲ ‘ਤੇ ਹੀ ਵਾਪਿਸ ਪਹੁੰਚ ਜਾਂਦੇ ਹਾਂ। ਪਰ, ਇੱਕ ਹੋਰ ਤਰ੍ਹਾਂ ਦਾ ਮਕਸਦ ਪੂਰੇ ਸੰਸਾਰ ਵਿੱਚ ਮਨੁੱਖੀ ਜੀਵਨ ‘ਤੇ ਘਾਤ ਲਗਾਈ ਬੈਠਾ ਹੈ। ਮਨੁੱਖੀ ਜੀਵਨ ਦਾ ਮਕਸਦ ਹੈ ਇਸ ਬਿਲਕੁਲ ਹੀ ਬੇਤੁਕੇ ਸੰਸਾਰ ਦੀ ਕੋਈ ਤੁਕ ਬਣਾਉਣ ਦੀ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ। ਕੀ ਤੁਹਾਨੂੰ ਉਨ੍ਹਾਂ ਵਿਕਲਪਾਂ ਦੇ ਪਰਿਣਾਮਾਂ ਦੀ ਗੰਭੀਰਤਾ ਦਾ ਕੋਈ ਅੰਦਾਜ਼ਾ ਵੀ ਹੈ ਜਿਹੜੇ ਸਾਡੇ ਸਾਹਮਣੇ ਮੌਜੂਦ ਹਨ? ਕਿਉਂਕਿ ਜੇਕਰ ਰੱਬ ਮੌਜੂਦ ਹੈ ਤਾਂ ਮਨੁੱਖ ਲਈ ਉਮੀਦ ਵੀ ਮੌਜੂਦ ਹੈ। ਪਰ ਜੇ ਰੱਬ ਦੀ ਕੋਈ ਹੋਂਦ ਨਹੀਂ ਤਾਂ ਜੋ ਕੁਝ ਵੀ ਸਾਡੇ ਕੋਲ ਬਚੇਗਾ ਉਹ ਹੈ ਘੋਰ ਨਿਰਾਸ਼ਾ ਅਤੇ ਅੰਧਕਾਰ। ਕੀ ਤੁਹਾਨੂੰ ਇਹ ਸਮਝ ਲੱਗ ਗਈ ਹੈ ਕਿ ਕਿਉਂ ਰੱਬ ਦੀ ਹੋਂਦ ਦਾ ਸਵਾਲ ਮਨੁੱਖ ਲਈ ਇੰਨਾ ਮਹੱਤਵਪੂਰਨ ਹੈ? ਜਿਵੇਂ ਇੱਕ ਲੇਖਕ ਨੇ ਇੱਕ ਜਗ੍ਹਾ ਬਹੁਤ ਖ਼ੂਬ ਲਿਖਿਐ, ”ਜੇਕਰ ਰੱਬ ਦੀ ਮੌਤ ਹੋ ਗਈ ਤਾਂ ਸਮਝੋ ਕਿ ਇਨਸਾਨ ਵੀ ਮਰ ਗਿਆ!” ਬਦਕਿਸਮਤੀ ਨਾਲ, ਮਨੁੱਖੀਜਾਤੀ ਹਾਲੇ ਤਕ ਇਸ ਤੱਥ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕੀ। ਉਹ ਇਂਝ ਹੀ ਕਾਰਜਸ਼ੀਲ ਹੈ ਜਿਵੇਂ ਕਿ ਰੱਬ ਦੀ ਅਣਹੋਂਦ ਸਾਬਿਤ ਕਰ ਕੇ ਵੀ ਉਸ ਲਈ ਕੁਝ ਨਹੀਂ ਬਦਲੇਗਾ।
ਮੇਰੀ ਜਾਚੇ, ਉਪਰੋਕਤ ਸਵਾਲ ਦੇ ਸੰਦਰਭ ਵਿੱਚ, ਸ਼ਬਦ ‘ਮਕਸਦ’ ਇੱਥੇ ‘ਅਰਥ’ ਦਾ ਪਰਾਇਵਾਚੀ ਹੈ, ਪਰ ਇਸ ਦਾ ਮਤਲਬ ਕਿਸੇ ਸਥਿਤੀ ਜਾਂ ਹਾਲਤ ਨੂੰ ਸਿਰਜਣ ਦਾ ਇਰਾਦਾ ਨਾ ਹੋ ਕੇ ਉਸ ਦਾ ਤਜਰਬਾ ਹਾਸਿਲ ਕਰਨ ਦੀ ਪ੍ਰਕਿਰਿਆ ਹੈ। ਅਸੀਂ ਇਹ ਤਜਰਬਾ ਕਿਸੇ ਮਨੁੱਖੀ ਤ੍ਰਾਸਦੀ ਦੇ ਵਾਪਰਣ ਤੋਂ ਬਾਅਦ ਹਾਸਿਲ ਕਰਦੇ ਹਾਂ। ਅਸੀਂ ਅਜਿਹੀ ਸਥਿਤੀ ਵਿੱਚ ਕਈ ਵਾਰ ਘਟਨਾ ਦੇ ਵਾਪਰਣ ਪਿੱਛੇ ਛੁਪੇ ਹੋਏ ਇਰਾਦੇ ਬਾਰੇ ਵੀ ਸਵਾਲ ਕਰਦੇ ਹਾਂ। ਅਜਿਹਾ ਕਿਉਂ ਵਾਪਰਿਆ? ਇਸ ਤ੍ਰਾਸਦੀ ਦਾ ਕੀ ਮਕਸਦ ਸੀ? ਅਜਿਹੇ ਸਵਾਲਾਂ ਦੇ ਜਵਾਬ ਅਕਸਰ ਨਦਾਰਦ ਹੀ ਹੁੰਦੇ ਹਨ। ਇਸ ਦੀ ਬਜਾਏ, ਕਿਸੇ ਹਾਦਸੇ ਨੂੰ ਭੁਲਾ ਕੇ ਜੀਵਨ ਵਿੱਚ ਅੱਗੇ ਵਧਣ ਦਾ ਇੱਕ ਹਿੱਸਾ ਤਾਂ ਹੈ ਇਹ ਨਾ ਪੁੱਛਣਾ ਕਿ ਕੋਈ ਤ੍ਰਾਸਦੀ ਕਿਉਂ ਵਾਪਰੀ ਅਤੇ ਇਹ ਸੋਚਣਾ ਹੈ ਕਿ ਅਸੀਂ ਇਸ ਅਫ਼ਸੋਸਨਾਕ, ਖ਼ੌਫ਼ਨਾਕ, ਅਣਚਾਹੀ ਸਥਿਤੀ ਨੂੰ ਆਪਣੇ ਭਲੇ ਲਈ ਕਿਵੇਂ ਵਰਤਣੈ। ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਅਸੀਂ ਇਸ ਵਿੱਚੋਂ ਕੁਝ ਚੰਗਾ ਕਿਵੇਂ ਹਾਸਿਲ ਕਰ ਸਕਦੇ ਹਾਂ? ਅਸੀਂ ਇਹ ਕਿਵੇਂ ਸੁਨਿਸ਼ਚਿਤ ਕਰ ਸਕਦੇ ਹਾਂ ਕਿ ਇੰਝ ਦੁਬਾਰਾ ਕਦੇ ਨਾ ਵਾਪਰੇ?
ਆਪਣੀ ਪ੍ਰਤੀਕਿਰਿਆ ਵਿੱਚ ਉੱਪਰ ਬਿਆਨ ਕੀਤੀ ਗਈ ਸੂਖਮ ਤਬਦੀਲੀ ਲਿਆ ਕੇ ਅਸੀਂ ਕਿਸੇ ਵੀ ਸਥਿਤੀ ਨੂੰ ਅਰਥ ਦੇ ਸਕਦੇ ਹਾਂ ਜਾਂ ਜੇ ਮੈਨੂੰ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਅਸੀਂ ਉਸ ਨੂੰ ਮਕਸਦ ਵੀ ਦੇ ਸਕਦੇ ਹਾਂ। ਅਸੀਂ ਇਸ ਗੱਲ ਨੂੰ ਲੈ ਕੇ ਅਸਹਿਮਤ ਤਾਂ ਹੋ ਸਕਦੇ ਹਾਂ ਕਿ ਉਸ ਸਥਿਤੀ ਨੂੰ ਸਿਰਜਿਆ ਗਿਆ ਸੀ ਜਾਂ ਉਸ ਨੂੰ ਕਿਸੇ ਨੇ ਕਿਸੇ ਖ਼ਾਸ ਇਰਾਦੇ ਤਹਿਤ ਪੈਦਾ ਕੀਤਾ ਸੀ, ਪਰ ਸਾਨੂੰ ਇਹ ਭਲੀ ਪ੍ਰਕਾਰ ਪਤੈ ਕਿ ਅਸੀਂ ਕਿਸੇ ਵੀ ਸਥਿਤੀ ਨੂੰ ਉਸ ਦੇ ਵਾਪਰਣ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਨਾਲ ਅਰਥ ਦੇ ਸਕਦੇ ਹਾਂ। ਅਮਰੀਕਾ ਦੀ ਜੌਰਜਟਾਊਨ ਯੂਨੀਵਰਸਿਟੀ ਦੇ ਰੀਸਰਚ ਪ੍ਰੋਫ਼ੈਸਰ ਜੌਹਨ ਹੌਓਟ ‘ਮਕਸਦ’ ਨੂੰ ”ਬਿਨਾ ਸ਼ੱਕ ਅਤੇ ਪੱਕੇ ਤੌਰ ‘ਤੇ ਕੁਝ ਨਾ ਕੁਝ ਚੰਗਾ ਕਰਦੇ ਰਹਿਣਾ” ਗਰਦਾਨਦੇ ਹਨ। ਇਸ ਪਰਿਭਾਸ਼ਾ ਦੀ ਸਭ ਤੋਂ ਚੰਗੀ ਚੀਜ਼ ਇਹ ਹੈ ਕਿ ਅਜਿਹਾ ਮਕਸਦ ਜਾਣਬੁਝ ਕੇ ਕਿਸੇ ਚੰਗੀ ਚੀਜ਼ ਦੀ ਸਿਰਜਣਾ ਲਈ ਪੈਦਾ ਕੀਤਾ ਜਾ ਸਕਦਾ ਹੈ। ਇਸ ਤੋਂ ਵੀ ਵੱਧ ਮਹੱਤਵਪੂਰਨ ਤੱਥ ਇਹ ਹੈ ਕਿ ਇਹ ਵਰਤਾਰਾ ਕਿਸੇ ਦੁਰਘਟਨਾ ਦੇ ਵਾਪਰਣ ਦੇ ਨਤੀਜੇ ਵਜੋਂ ਸਾਡੇ ਪ੍ਰਤੀਕਰਮ ਅਤੇ ਉਸ ਨੂੰ ਅਰਥ ਤੇ ਮਕਸਦ ਦੇਣ ਦੇ ਸਾਡੇ ਇਮਾਨਦਾਰ ਐਕਸ਼ਨ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ।
ਜਦੋਂ ਮੈਂ ਇਸ ਸ੍ਰਿਸ਼ਟੀ ਦੇ ਮਕਸਦ ਨੂੰ ਲੈ ਕੇ ਇਸ ਤਰ੍ਹਾਂ ਸੋਚਦਾਂ ਤਾਂ ਮੇਰਾ ਜਵਾਬ ਹਾਂ ਦੇ ਰੂਪ ਵਿੱਚ ਹੀ ਸਾਹਮਣੇ ਆਉਂਦੈ … ਇਸ ਸ੍ਰਿਸ਼ਟੀ ਦਾ ਕੋਈ ਨਾ ਕੋਈ ਮਕਸਦ ਤਾਂ ਜ਼ਰੂਰ ਰਿਹਾ ਹੋਵੇਗਾ। ਇਹ ਸਾਨੂੰ ਉਸ ਵਕਤ ਦਿਖਾਈ ਦਿੰਦਾ ਹੈ ਜਦੋਂ ਅਸੀਂ ਦੁਖਦਾਈ ਜੰਗਾਂ ਨੂੰ ਲੋਕਾਂ ਅਤੇ ਸਮਾਜਾਂ ਦਰਮਿਆਨ ਸੁਲਾਹ ਕਰਾਉਣ ਲਈ ਇੱਕ ਮਾਧਿਅਮ ਦੇ ਤੌਰ ‘ਤੇ ਵਰਤਦੇ ਹਾਂ। ਇਸ ਦਾ ਮਕਸਦ ਸਾਨੂੰ ਓਦੋਂ ਵੀ ਸਪੱਸ਼ਟ ਦਿਖਾਈ ਦਿੰਦੈ ਜਦੋਂ ਖੋਜਕਾਰੀ ਉਮੰਗਾਂ ਨਾਲ ਓਤਪੋਤ ਵਿਗਿਆਨੀ ਸਾਡੇ ਸੰਸਾਰ ਦੇ ਰਹੱਸਾਂ ਤੋਂ ਪਰਦਾ ਉਠਾ ਕੇ ਸਾਡੀ ਸ੍ਰਿਸ਼ਟੀ ਦੇ ਉਨ੍ਹਾਂ ਰਹੱਸਾਂ ਨੂੰ ਵੀ ਮਕਸਦ ਦਿੰਦੇ ਹਨ। ਇਸ ਨੂੰ ਓਦੋਂ ਹੋਰ ਵੀ ਵੱਡਾ ਮਕਸਦ ਮਿਲਦਾ ਹੈ ਜਦੋਂ ਕੁਦਰਤੀ ਕਰੋਪੀਆਂ ਤੋਂ ਬਾਅਦ ਲੋਕ ਇਹ ਸਮਝ ਜਾਂਦੇ ਹਨ ਕਿ ਉਨ੍ਹਾਂ ਲਈ ਸਭ ਤੋਂ ਵੱਧ ਕੀਮਤੀ ਸ਼ੈਅ ਕਿਹੜੀ ਹੈ ਅਤੇ ਭਵਿੱਖ ਵਿੱਚ ਜਾਨਾਂ ਬਚਾਉਣ ਲਈ ਉਹ ਅਣਦੇਖੀਆਂ ਆਫ਼ਤਾਂ ਲਈ ਪਹਿਲਾਂ ਤੋਂ ਹੀ ਤਿਆਰ ਹੋ ਜਾਂਦੇ ਹਨ। ਮੈਂ ਪਿੱਛਲੇ ਕੁਝ ਕੁ ਹਫ਼ਤਿਆਂ ਤੋਂ ਵਿਸ਼ਵਾਸ ਤੇ ਵਿਗਿਆਨ ਬਾਰੇ ਲਿਖ ਰਿਹਾਂ ਨਾ ਕਿ ਧਰਮ ਤੇ ਵਿਗਿਆਨ ਬਾਰੇ, ਉਸ ਦਾ ਇੱਕ ਵੱਡਾ ਕਾਰਨ ਤਾਂ ਇਹ ਵੀ ਹੈ ਕਿ ਕੁਝ ਲੋਕਾਂ ਦਾ ਧਰਮ ਵਿੱਚ ਵਿਸ਼ਵਾਸ ਹੁੰਦੈ ਅਤੇ ਕੁਝ ਦਾ ਨਹੀਂ, ਪਰ ਯਕੀਨ ਹਰ ਮਨੁੱਖ ਦੇ ਹਮੇਸ਼ਾ ਅੰਗ ਸੰਗ ਰਹਿੰਦੈ। ਅਸੀਂ ਸਾਰੇ ਆਪਣਾ ਜੀਵਨ, ਖ਼ੁਦ ਵਲੋਂ ਤਿਆਰ ਕੀਤੀਆਂ ਜਾਂ ਸਮਾਜ ਵਲੋਂ ਸਾਨੂੰ ਸੌਂਪੀਆਂ ਕਦਰਾਂ ਕੀਮਤਾਂ ਜਾਂ ਸਿਖਾਈ ਗਈ ਜੀਵਨਜਾਚ ਦੇ ਆਧਾਰ ‘ਤੇ ਹੀ ਜਿਊਂਦੇ ਹਾਂ, ਬੇਸ਼ੱਕ ਉਹ ਕਦਰਾਂ ਕੀਮਤਾਂ ਅਸੀਂ ਧਰਮ ਤੋਂ ਗ੍ਰਹਿਣ ਕੀਤੀਆਂ ਹੋਣ ਜਾਂ ਆਪਣੇ ਕਿਸੇ ਇਖ਼ਲਾਕੀ ਢਾਂਚੇ ਤੋਂ ਜਾਂ ਫ਼ਿਰ ਕਿਤੋਂ ਹੋਰੋਂ। ਅਸੀਂ ਸਾਰੇ ਹੀ ਕਿਸੇ ਨਾ ਕਿਸੇ ਸ਼ੈਅ ਜਾਂ ਵਿਚਾਰ ਵਿੱਚ ਵਿਸ਼ਵਾਸ ਰੱਖਦੇ ਹਾਂ। ਵਿਸ਼ਵਾਸ ਕਰਨਾ ਇਨਸਾਨੀ ਫ਼ਿਤਰਤ ਦਾ ਅਟੁੱਟ ਹਿੱਸਾ ਹੈ। ਰੱਬ ਦੀ ਹੋਂਦ ਵਿੱਚ ਨਾ ਵਿਸ਼ਵਾਸ ਕਰਨਾ ਵੀ ਇੱਕ ਤਰ੍ਹਾਂ ਦਾ ਵਿਸ਼ਵਾਸ ਹੀ ਤਾਂ ਹੈ।
ਇਸ ਹਫ਼ਤੇ ਦੀ ਗੱਲਬਾਤ ਨੂੰ ਇੱਥੇ ਹੀ ਖ਼ਤਮ ਕਰਦਿਆਂ ਮੈਂ ਇੰਨਾ ਹੀ ਕਹਿਣਾ ਚਾਹਾਂਗਾ ਕਿ ਜਦੋਂ ਅਸੀਂ ਉਹ ਸਵਾਲ ਪੁੱਛਣੇ ਸ਼ੁਰੂ ਕਰ ਦਿੰਦੇ ਹਾਂ ਜਿਹੜੇ ਕਿਸੇ ਧਰਮ ‘ਤੇ ਆਧਾਰਿਤ ਨਹੀਂ ਹੁੰਦੇ ਸਗੋਂ ਜਿਹੜੇ ਸਾਡੀ ਸੱਚੀ ਅਤੇ ਇਮਾਨਦਾਰ ਜੀਵਨਜਾਚ ਤੋਂ ਪੈਦਾ ਹੁੰਦੇ ਹਨ ਤਾਂ ਅਸੀਂ ਮਕਸਦਾਂ ਦੀ ਇੱਕ ਸਾਂਝੀ ਧਰਾਤਲ ‘ਤੇ ਕਦਮ ਰੱਖਣਾ ਸ਼ੁਰੂ ਕਰ ਦਿੰਦੇ ਹਾਂ। ਸ਼ਾਇਦ ਮਹੱਤਵਪੂਰਨ ਸਵਾਲ ਇਹ ਨਹੀਂ ਕਿ ਇਸ ਸੰਸਾਰ, ਇਸ ਸ੍ਰਿਸ਼ਟੀ ਦੀ ਰਚਨਾ ਪਿੱਛੇ ਇਰਾਦਤਨ ਕੋਈ ਮਕਸਦ ਰੱਖਿਆ ਗਿਆ ਸੀ ਜਾਂ ਨਹੀਂ। ਸ਼ਾਇਦ ਮਹੱਤਵਪੂਰਨ ਸਵਾਲ ਇਹ ਹੈ ਕਿ ਜਿਹੜਾ ਸੰਸਾਰ ਸਾਡੇ ਕੋਲ ਮੌਜੂਦ ਹੈ ਕੀ ਅਸੀਂ ਉਸ ਵਿੱਚ ਕੋਈ ਮਕਸਦ ਫ਼ੂਕ ਸਕਦੇ ਹਾਂ ਜਾਂ ਨਹੀਂ? ਅਸੀਂ ਇਹ ਮਕਸਦ ਉਸ ਵਿੱਚ ਭਰਨਾ ਚਾਹੁੰਦੇ ਹਾਂ ਜਾਂ ਨਹੀਂ। ਜਦੋਂ ਅਸੀਂ ਆਪਣੇ ਆਪ ਨੂੰ ਇਹ ਸਵਾਲ ਪੁੱਛਦੇ ਹਾਂ ਤਾਂ ਅਸੀਂ ਇੱਕ ਸਾਂਝੀ ਧਰਤੀ ‘ਤੇ ਕਦਮ ਰੱਖਦੇ ਹਾਂ ਅਤੇ ਇੱਕ ਦੂਸਰੇ ਦੇ ਸਾਂਝੇ ਭਲੇ ਲਈ ਕਦਮ ਚੁੱਕਦੇ ਵੀ ਹਾਂ!

LEAVE A REPLY